ਕਾਂਡ 9
1 “ਇਸਰਾਏਲ ਦੇ ਲੋਕੋ, ਸੁਣੋ! ਤੁਸੀਂ ਅੱਜ ਯਰਦਨ ਨਦੀ ਦੇ ਪਾਰ ਜਾਵੋਂਗੇ। ਤੁਸੀਂ ਉਸ ਧਰਤੀ ਉੱਤੇ ਉਨ੍ਹਾਂ ਕੌਮਾਂ ਨੂੰ ਬਾਹਰ ਕਢਣ ਲਈ ਜਾਵੋਂਗੇ ਜਿਹੜੀਆਂ ਤੁਹਾਡੇ ਨਾਲੋਂ ਵੱਡੀਆਂ ਅਤੇ ਤਾਕਤਵਰ ਹਨ। ਉਨ੍ਹਾਂ ਦੇ ਸ਼ਹਿਰ ਵੱਡੇ ਹਨ ਅਤੇ ਉਨ੍ਹਾਂ ਦੀਆਂ ਕੰਧਾਂ ਅਕਾਸ਼ ਨੂੰ ਛੂਹਦੀਆਂ ਹਨ!
2 ਉਥੋਂ ਦੇ ਲੋਕ ਲੰਮੇ ਅਤੇ ਮਜ਼ਬੂਤ ਹਨ। ਉਹ ਅਨਾਕੀ ਹਨ। ਤੁਸੀਂ ਉਨ੍ਹਾਂ ਬਾਰੇ ਜਾਣਦੇ ਹੋ। ਤੁਸੀਂ ਇਹ ਕਥਨ ਸੁਣਿਆ, ‘ਕੋਈ ਵੀ ਕਦੇ ਵੀ ਅਨਾਕੀਆਂ ਦੇ ਵਿਰੁੱਧ ਜਿੱਤ ਨਹੀਂ ਸਕਦਾ।’
3 ਪਰ ਤੁਸੀਂ ਯਕੀਨ ਕਰ ਸਕਦੇ ਹੋ ਕਿ ਇਹ ਯਹੋਵਾਹ, ਤੁਹਾਡਾ ਪਰਮੇਸ਼ੁਰ ਹੈ, ਜਿਹੜਾ ਤੁਹਾਡੇ ਸਾਮ੍ਹਣੇ ਉਸ ਅੱਗ ਵਾਂਗ ਦਰਿਆ ਪਾਰ ਕਰੇਗਾ, ਜੋ ਤਬਾਹ ਕਰ ਦਿੰਦੀ ਹੈ! ਯਹੋਵਾਹ ਉਨ੍ਹਾਂ ਕੌਮਾਂ ਨੂੰ ਤਬਾਹ ਕਰ ਦੇਵੇਗਾ। ਉਹ ਉਨ੍ਹਾਂ ਨੂੰ ਤੁਹਾਡੇ ਸਾਮ੍ਹਣੇ ਹਰਾਵੇਗਾ। ਤੁਸੀਂ ਉਨ੍ਹਾਂ ਕੌਮਾਂ ਨੂੰ ਬਾਹਰ ਕਢ ਦਿਉਂਗੇ ਅਤੇ ਉਨ੍ਹਾਂ ਨੂੰ ਤੇਜ਼ੀ ਨਾਲ ਤਬਾਹ ਕਰ ਦਿਉਂਗੇ। ਯਹੋਵਾਹ ਨੇ ਇਕਰਾਰ ਕੀਤਾ ਕਿ ਅਜਿਹਾ ਵਾਪਰੇਗਾ।
4 “ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਲਈ ਉਨ੍ਹਾਂ ਕੌਮਾਂ ਨੂੰ ਬਾਹਰ ਭਜਾ ਦੇਵੇਗਾ। ਪਰ ਕਦੇ ਵੀ ਇਹ ਨਾ ਸੋਚੋ, ‘ਯਹੋਵਾਹ ਸਾਨੂੰ ਇਸ ਧਰਤੀ ਉੱਤੇ ਰਹਿਣ ਲਈ ਇਸ ਵਾਸਤੇ ਲਿਆਇਆ ਕਿਉਂਕਿ ਅਸੀਂ ਇੰਨੇ ਚੰਗੇ ਲੋਕ ਹਾਂ!’ ਇਹ ਕਾਰਣ ਨਹੀਂ ਹੈ! ਯਹੋਵਾਹ ਨੇ ਉਨ੍ਹਾਂ ਕੌਮਾਂ ਨੂੰ ਇਸ ਲਈ ਬਾਹਰ ਧਕਿਆ ਕਿਉਂਕਿ ਉਹ ਬੁਰੀਆਂ ਸਨ - ਇਸ ਲਈ ਨਹੀਂ ਕਿ ਤੁਸੀਂ ਚੰਗੇ ਸੀ।
5 ਤੁਸੀਂ ਉਨ੍ਹਾਂ ਦੀ ਧਰਤੀ ਲੈਣ ਲਈ ਜਾ ਰਹੇ ਹੋ, ਪਰ ਇਸ ਲਈ ਨਹੀਂ ਕਿਉਂਕਿ ਤੁਸੀਂ ਚੰਗੇ ਹੋ ਅਤੇ ਠੀਕ ਢੰਗ ਨਾਲ ਜਿਉਂਦੇ ਹੋ। ਤੁਸੀਂ ਉਥੇ ਜਾ ਰਹੇ ਹੋ, ਅਤੇ ਯਹੋਵਾਹ, ਤੁਹਾਡਾ ਪਰਮੇਸ਼ੁਰ, ਉਨ੍ਹਾਂ ਲੋਕਾਂ ਨੂੰ ਬਾਹਰ ਧੱਕ ਰਿਹਾ ਹੈ ਕਿਉਂਕਿ ਉਨ੍ਹਾਂ ਨੇ ਬਦੀ ਦਾ ਜੀਵਨ ਜੀਵਿਆ ਅਤੇ ਯਹੋਵਾਹ ਚਾਹੁੰਦਾ ਹੈ ਕਿ ਉਹ ਉਸ ਇਕਰਾਰ ਦੀ ਪਾਲਣਾ ਕਰੇ ਜਿਹੜਾ ਉਸਨੇ ਤੁਹਾਡੇ ਪੁਰਖਿਆਂ - ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਕੀਤਾ ਸੀ।
6 ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਉਹ ਚੰਗੀ ਧਰਤੀ ਰਹਿਣ ਲਈ ਦੇ ਰਿਹਾ ਹੈ ਪਰ ਤੁਹਾਨੂੰ ਜਾਣ ਲੈਣਾ ਚਾਹੀਦਾ ਹੈ ਕਿ ਇਹ ਇਸ ਲਈ ਨਹੀਂ ਕਿ ਤੁਸੀਂ ਚੰਗੇ ਹੋ ਸੱਚ ਤਾਂ ਇਹ ਹੈ ਕਿ ਤੁਸੀਂ ਬਹੁਤ ਜ਼ਿੱਦੀ ਲੋਕ ਹੋ।
7 “ਇਹ ਨਾ ਭੁੱਲੋ ਕਿ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ ਨੂੰ ਮਾਰੂਥਲ ਅੰਦਰ ਗੁੱਸੇ ਕਰ ਲਿਆ ਸੀ। ਤੁਸੀਂ ਉਸ ਦਿਨ ਤੋਂ ਯਹੋਵਾਹ ਦਾ ਹੁਕਮ ਮੰਨਣ ਤੋਂ ਇਨਕਾਰ ਕੀਤਾ ਹੈ ਜਿਸ ਦਿਨ ਤੁਸੀਂ ਮਿਸਰ ਦੀ ਧਰਤੀ ਤੋਂ ਬਾਹਰ ਆਏ ਅਤੇ ਇਸ ਥਾਂ ਪਹੁੰਚੇ।
8 ਤੁਸੀਂ ਯਹੋਵਾਹ ਨੂੰ ਹੇਰੋਬ ਪਰਬਤ (ਸੀਨਈ) ਉੱਤੇ ਨਾਰਾਜ਼ ਕੀਤਾ। ਯਹੋਵਾਹ ਇੰਨਾ ਜ਼ਿਆਦਾ ਨਾਰਾਜ਼ ਸੀ ਕਿ ਤੁਹਾਨੂੰ ਤਬਾਹ ਕਰ ਸਕਦਾ ਸੀ।
9 ਮੈਂ ਪਰਬਤ ਉੱਪਰ ਚਪਟੀਆਂ ਸ਼ਿਲਾਵਾ ਲੈਣ ਲਈ ਗਿਆ ਯਹੋਵਾਹ ਨੇ ਜਿਹੜਾ ਇਕਰਾਰ ਤੁਹਾਡੇ ਨਾਲ ਕੀਤਾ ਸੀ ਉਹ ਇਨ੍ਹਾਂ ਸ਼ਿਲਾਵਾਂ ਉੱਤੇ ਲਿਖਿਆ ਹੋਇਆ ਸੀ। ਮੈਂ
40 ਦਿਨਾਂ ਅਤੇ
40 ਰਾਤਾਂ ਪਰਬਤ ਉੱਤੇ ਰੁਕਿਆ। ਮੈਂ ਨਾ ਭੋਜਨ ਖਾਧਾ ਨਾ ਪਾਣੀ ਪੀਤਾ।
10 ਯਹੋਵਾਹ ਨੇ ਮੈਨੂੰ ਪੱਥਰ ਦੀਆਂ ਦੋ ਸ਼ਿਲਾਵਾ ਦਿੱਤੀਆਂ। ਯਹੋਵਾਹ ਨੇ ਉਨ੍ਹਾਂ ਪੱਥਰਾਂ ਉੱਤੇ ਆਪਣੀਆਂ ਹੀ ਉਂਗਲਾ ਨਾਲ ਹੁਕਮ ਲਿਖੇ ਜਿਹੜੇ ਉਸਨੇ ਅੱਗ ਵਿੱਚੋਂ ਕਹੇ ਸਨ, ਜਦੋਂ ਅਸੀਂ ਪਰਬਤ ਉੱਤੇ ਇਕਠੇ ਹੋਏ ਸਾਂ।
11 “ਇਸ ਲਈ
40 ਦਿਨਾਂ ਅਤੇ
40 ਰਾਤਾਂ ਤੋਂ ਬਾਦ ਮੈਨੂੰ ਯਹੋਵਾਹ ਨੇ ਦੋਵੇਂ ਸ਼ਿਲਾਵਾਂ ਦੇ ਦਿੱਤੀਆਂ - ਇਕਰਾਰਨਾਮੇ ਦੀਆਂ ਸ਼ਿਲਾਵਾਂ।
12 ਫ਼ੇਰ ਯਹੋਵਾਹ ਨੇ ਮੈਨੂੰ ਆਖਿਆ, ‘ਉੱਠ ਖੜਾ ਹੋ ਅਤੇ ਛੇਤੀ ਨਾਲ ਇਥੋਂ ਹੇਠਾਂ ਚਲਾ ਜਾ। ਜਿਨ੍ਹਾਂ ਲੋਕਾਂ ਨੂੰ ਤੂੰ ਮਿਸਰ ਤੋਂ ਬਾਹਰ ਲਿਆਇਆ ਸੀ ਉਨ੍ਹਾਂ ਨੇ ਆਪਣੇ-ਆਪ ਨੂੰ ਬਰਬਾਦ ਕਰ ਲਿਆ ਹੈ। ਉਹ ਮੇਰੇ ਹੁਕਮਾ ਨੂੰ ਮੰਨਣ ਤੋਂ ਇੰਨੀ ਛੇਤੀ ਪਲਟ ਗਏ ਹਨ! ਉਨ੍ਹਾਂ ਨੇ ਸੋਨਾ ਪਿਘਲਾਕੇ ਇੱਕ ਮੂਰਤੀ ਬਣਾ ਲਈ ਹੈ।
13 “ਯਹੋਵਾਹ ਨੇ ਮੈਨੂੰ ਇਹ ਵੀ ਆਖਿਆ, ‘ਮੈਂ ਵੇਖਿਆ ਕਿ ਇਹ ਲੋਕ ਬੜੇ ਜ਼ਿੱਦੀ ਹਨ।’
14 ਇਸ ਲਈ ਮੈਨੂੰ ਇਨ੍ਹਾਂ ਲੋਕਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਲੈਣ ਦੇ, ਤਾਂ ਜੋ ਫ਼ੇਰ ਕਦੇ ਵੀ ਕੋਈ ਉਨ੍ਹਾਂ ਦੇ ਨਾਵਾਂ ਨੂੰ ਚੇਤੇ ਨਹੀਂ ਕਰੇਗਾ। ਫ਼ੇਰ ਮੈਂ ਤੇਰੇ ਵਿੱਚੋਂ ਇੱਕ ਹੋਰ ਕੌਮ ਦੀ ਸਾਜਣਾ ਕਰਾਂਗਾ ਜਿਹੜੀ ਇਨ੍ਹਾਂ ਲੋਕਾਂ ਨਾਲੋਂ ਵਧੇਰੇ ਮਹਾਨ ਅਤੇ ਤਾਕਤਵਰ ਹੋਵੇਗੀ।’
15 “ਫ਼ੇਰ ਮੈਂ ਪਿਛੇ ਮੁੜ ਪਿਆ ਅਤੇ ਪਰਬਤ ਤੋਂ ਹੇਠਾ ਆ ਗਿਆ। ਪਰਬਤ ਨੂੰ ਅੱਗ ਲਗੀ ਹੋਈ ਸੀ ਅਤੇ ਇਕਰਾਰਨਾਮੇ ਦੇ ਦੋਵੇਂ ਪੱਥਰ ਮੇਰੇ ਹੱਥਾਂ ਵਿੱਚ ਸਨ।
16 ਮੈਂ ਨਜ਼ਰ ਮਾਰੀ ਅਤੇ ਦੇਖਿਆ ਕਿ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਖਿਲਾਫ਼ ਪਾਪ ਕੀਤਾ ਸੀ। ਮੈ ਉਹ ਵਛਾ ਦੇਖਿਆ ਜਿਸਨੂੰ ਤੁਸੀਂ ਪਿਘਲੇ ਹੋਏ ਸੋਨੇ ਨਾਲ ਬਣਾਇਆ ਸੀ। ਤੁਈਂ ਕਿੰਨੀ ਛੇਤੀ ਯਹੋਵਾਹ ਦਾ ਹੁਕਮ ਮਨਣਾ ਛੱਡ ਦਿੱਤਾ ਹੈ!
17 ਇਸ ਲਈ ਮੈਂ ਪੱਥਰ ਦੀਆਂ ਦੋਵੇਂ ਸ਼ਿਲਾਵਾਂ ਲਈਆਂ ਅਤੇ ਤੁਹਾਡੀਆਂ ਅਖਾਂ ਦੇ ਸਾਮ੍ਹਣੇ ਉਨ੍ਹਾਂ ਨੂੰ ਟੁਕੜੇ ਕਰਦਿਆਂ ਹੋਇਆਂ, ਆਪਣੇ ਹੱਥਾਂ ਵਿੱਚੋਂ ਪਰੇ ਸੁੱਟ ਦਿੱਤਾ।
18 ਫ਼ੇਰ ਮੈਂ
40 ਦਿਨ ਅਤੇ
40 ਰਾਤਾ ਯਹੋਵਾਹ ਅੱਗੇ ਧਰਤੀ ਉੱਤੇ ਪਿਆ ਰਿਹਾ, ਜਿਵੇਂ ਮੈਂ ਪਹਿਲਾਂ ਕੀਤਾ ਸੀ। ਮੈਂ ਖਾਣਾ-ਪੀਣਾ ਬੰਦ ਕਰ ਦਿੱਤਾ। ਇਹ ਮੈਂ ਇਸ ਵਾਸਤੇ ਕੀਤਾ ਕਿਉਂਕਿ ਤੁਸਾਂ ਬਹੁਤ ਗੰਭੀਰ ਪਾਪ ਕੀਤਾ ਸੀ। ਤੁਸੀਂ ਉਹ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਬਦ ਸੀ ਅਤੇ ਤੁਸੀਂ ਉਸਨੂੰ ਕਰੋਧਵਾਨ ਕਰ ਦਿੱਤਾ।
19 ਮੈਂ ਯਹੋਵਾਹ ਦੇ ਕਰੋਧ ਤੋਂ ਭੈਭੀਤ ਸਾਂ। ਉਹ ਇੰਨਾ ਕਰੋਧਵਾਨ ਸੀ ਕਿ ਤੁਹਾਨੂੰ ਤਬਾਹ ਕਰ ਸਕਦਾ ਸੀ। ਪਰ ਯਹੋਵਾਹ ਨੇ ਇੱਕ ਵਾਰ ਫ਼ੇਰ ਮੈਨੂੰ ਸੁਣਿਆ।
20 ਯਹੋਵਾਹ ਹਾਰੂਨ ਨਾਲ ਬਹੁਤ ਨਾਰਾਜ਼ ਸੀ - ਇੰਨਾ ਕਿ ਉਸਨੂੰ ਤਬਾਹ ਕਰ ਸਕਦਾ ਸੀ। ਪਰ ਇੱਕ ਵਾਰ ਫ਼ੇਰ ਯਹੋਵਾਹ ਨੇ ਮੇਰੀ ਗੱਲ ਸੁਣੀ।
21 ਮੈਂ ਉਹ ਭਿਆਨਕ ਚੀਜ਼, ਵੱਛੇ ਨੂੰ ਲਿਆ ਜਿਹੜਾ ਤੁਸੀਂ ਬਣਾਇਆ ਸੀ - ਅਤੇ ਇਸਨੂੰ ਅੱਗ ਵਿੱਚ ਸਾੜ ਦਿੱਤਾ। ਮੈਂ ਇਸਦੇ ਛੋਟੇ-ਛੋਟੇ ਟੁਕੜੇ ਕਰ ਦਿੱਤੇ ਅਤੇ ਉਨ੍ਹਾਂ ਨੂੰ ਗਰਦ ਵਿੱਚ ਮਿਲਾ ਦਿੱਤਾ। ਫ਼ੇਰ ਮੈਂ ਉਸ ਗਰਦ ਨੂੰ ਹੇਠਾ ਦਰਿਆ ਵਿੱਚ ਸੁੱਟ ਦਿੱਤਾ ਜੋ ਪਰਬਤ ਤੋਂ ਹੇਠਾਂ ਰੁਢ਼ ਗਈ।
22 “ਤਬਏਰਾਹ, ਮਸ੍ਸਾਹ ਅਤੇ ਕਿਬਰੋਥ-ਹਤ੍ਤਆਵਾਹ ਵਿਖੇ ਵੀ ਤੁਸੀਂ ਯਹੋਵਾਹ ਨੂੰ ਬਹੁਤ ਨਾਰਾਜ਼ ਕੀਤਾ।
23 ਅਤੇ ਜਦੋਂ ਯਹੋਵਾਹ ਨੇ ਤੁਹਾਨੂੰ ਕਾਦੇਸ਼-ਬਰਨੇਆ ਛੱਡ ਜਾਣ ਲਈ ਆਖਿਆ ਸੀ ਤੁਸੀਂ ਉਸਦਾ ਹੁਕਮ ਨਹੀਂ ਮੰਨਿਆ। ਉਸਨੇ ਆਖਿਆ ਸੀ, ‘ਉੱਤੇ ਜਾਓ ਅਤੇ ਉਸ ਧਰਤੀ ਉੱਤੇ ਕਬਜ਼ਾ ਕਰ ਲਵੋ ਜਿਹੜੀ ਮੈਂ ਤੁਹਾਨੂੰ ਦੇ ਰਿਹਾ ਹਾਂ।’ ਪਰ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦਾ ਹੁਕਮ ਮੰਨਣ ਤੋਂ ਇਨਕਾਰ ਕੀਤਾ ਤੁਸੀਂ ਉਸ ਉੱਤੇ ਯਕੀਨ ਨਹੀਂ ਕੀਤਾ ਤੁਸੀਂ ਉਸਦਾ ਆਦੇਸ਼ ਨਹੀਂ ਸੁਣਿਆ।
24 ਉਹ ਸਾਰਾ ਸਮਾਂ ਜਦੋਂ ਤੋਂ ਮੈਂ ਤੁਹਾਨੂੰ ਜਾਣਦਾ ਹਾਂ, ਤੁਸੀਂ ਯਹੋਵਾਹ ਦਾ ਹੁਕਮ ਮੰਨਣ ਤੋਂ ਇਨਕਾਰ ਕੀਤਾ ਹੈ।
25 “ਇਸ ਲਈ ਮੈਂ ਯਹੋਵਾਹ ਅੱਗੇ
40 ਦਿਨ ਅਤੇ
40 ਰਾਤਾ ਧਰਤੀ ਉੱਤੇ ਪਿਆ ਰਿਹਾ ਕਿਉਂਕਿ ਯਹੋਵਾਹ ਨੇ ਆਖਿਆ ਸੀ ਕਿ ਉਹ ਤੁਹਾਨੂੰ ਤਬਾਹ ਕਰ ਦੇਵੇਗਾ।
26 ਮੈਂ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਅਤੇ ਆਖਿਆ: ‘ਯਹੋਵਾਹ ਮੇਰੇ ਸੁਆਮੀ, ਆਪਣੇ ਹੀ ਲੋਕਾਂ ਨੂੰ ਤਬਾਹ ਨਾ ਕਰ! ਤੂੰ ਉਨ੍ਹਾਂ ਨੂੰ ਛੁਟਕਾਰਾ ਦਿਵਾਇਆ ਅਤੇ ਉਨ੍ਹਾਂ ਨੂੰ ਆਪਣੀ ਮਹਾਨ ਤਾਕਤ ਅਤੇ ਸ਼ਕਤੀ ਨਾਲ ਮਿਸਰ ਵਿੱਚੋਂ ਬਾਹਰ ਲਿਆਂਦਾ।
27 ਆਪਣੇ ਸੇਵਕਾਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨੂੰ ਯਾਦ ਕਰ। ਇਨ੍ਹਾਂ ਲੋਕਾਂ ਦੇ ਜ਼ਿਦ੍ਦੀਪਨ, ਬਦ-ਰਾਹਾਂ ਅਤੇ ਪਾਪਾਂ ਦੇ ਖਿਲਾਫ਼ ਨਾ ਪਰਤ।
28 ਜੇ ਤੁਸੀਂ ਆਪਣੇ ਲੋਕਾਂ ਨੂੰ ਸਜ਼ਾ ਦੇਵੋਂਗੇ ਤਾਂ ਮਿਸਰੀ ਲੋਕ ਕਹਿਣਗੇ, “ਯਹੋਵਾਹ ਆਪਣੇ ਲੋਕਾਂ ਨੂੰ ਉਸ ਧਰਤੀ ਉੱਤੇ ਨਹੀਂ ਲੈ ਜਾ ਸਕਿਆ ਜਿਸਦਾ ਉਸਨੇ ਉਨ੍ਹਾਂ ਨਾਲ ਇਕਰਾਰ ਕੀਤਾ ਸੀ ਅਤੇ ਉਸਨੇ ਉਨ੍ਹਾਂ ਨਾਲ ਨਫ਼ਰਤ ਕੀਤੀ। ਇਸ ਲਈ ਉਹ ਉਨ੍ਹਾਂ ਨੂੰ ਮਾਰ ਮੁਕਾਉਣ ਲਈ ਮਾਰੂਥਲ ਵਿੱਚ ਲੈ ਗਿਆ।”
29 ਪਰ ਉਹ ਤਾਂ ਤੁਹਾਡੇ ਬੰਦੇ ਹਨ ਯਹੋਵਾਹ। ਉਹ ਤੁਹਾਡੇ ਹੀ ਹਨ ਤੁਸੀਂ ਉਨ੍ਹਾਂ ਨੂੰ ਆਪਣੀ ਮਹਾਨ ਸ਼ਕਤੀ ਅਤੇ ਤਾਕਤ ਨਾਲ ਮਿਸਰ ਤੋਂ ਬਾਹਰ ਲਿਆਏ।’