ਕਾਂਡ 10
1 “ਉਸ ਵਕਤ, ਯਹੋਵਾਹ ਨੇ ਮੈਨੂੰ ਆਖਿਆ, ‘ਤੂੰ ਪਹਿਲਾਂ ਵਰਗੀਆਂ ਪੱਥਰ ਦੀਆਂ ਦੋ ਹੋਰ ਸ਼ਿਲਾਵਾ ਕੱਟਕੇ ਮੇਰੇ ਕੋਲ ਪਰਬਤ ਉੱਤੇ ਆਵੀਂ। ਇੱਕ ਲੱਕੜੀ ਦਾ ਸੰਦੂਕ ਵੀ ਬਣਾਵੀ।
2 ਮੈਂ ਉਨ੍ਹਾਂ ਸ਼ਿਲਾਵਾਂ ਉੱਤੇ ਉਹੀ ਸ਼ਬਦ ਲਿਖਾਂਗਾ ਜਿਹੜੇ ਪਹਿਲੀਆਂ ਸ਼ਿਲਾਵਾਂ ਉੱਤੇ ਲਿਖੇ ਸਨ - ਉਹ ਸ਼ਿਲਾਵਾ ਜਿਹੜੀਆਂ ਤੂੰ ਭੰਨ ਦਿੱਤੀਆਂ। ਫ਼ੇਰ ਤੂੰ ਉਨ੍ਹਾਂ ਸ਼ਿਲਾਵਾਂ ਨੂੰ ਸੰਦੂਕ ਵਿੱਚ ਰੱਖ ਦੇਵੀ।’
3 “ਫ਼ੇਰ ਮੈਂ ਸ਼ਿੱਟੀਮ ਦੀ ਲੱਕੜ ਦਾ ਇੱਕ ਸੰਦੂਕ ਬਣਾਇਆ ਅਤੇ ਪਹਿਲਾਂ ਵਰਗੀਆਂ ਪੱਥਰ ਦੀਆਂ ਦੋ ਸ਼ਿਲਾਵਾ ਤਿਆਰ ਕੀਤੀਆਂ ਫ਼ੇਰ ਮੈਂ ਪੱਥਰ ਦੀਆਂ ਉਨ੍ਹਾਂ ਦੋ ਸ਼ਿਲਾਵਾਂ ਨੂੰ ਆਪਣੇ ਹੱਥਾਂ ਵਿੱਚ ਲੈਕੇ ਪਰਬਤ ਉੱਤੇ ਚਲਿਆ ਗਿਆ।
4 ਯਹੋਵਾਹ ਨੇ ਉਨ੍ਹਾਂ ਸ਼ਿਲਾਵਾਂ ਉੱਤੇ ਉਹੀ ਸ਼ਬਦ ਲਿਖੇ ਜਿਵੇਂ ਕਿ ਉਸਨੇ ਪਹਿਲਾਂ ਲਿਖੇ ਸਨ। ਉਹ ਉਹੀ ਦਸ ਹੁਕਮ ਹਨ ਜਿਹੜੇ ਉਸਨੇ ਅੱਗ ਵਿੱਚੋਂ ਤੁਹਾਨੂੰ ਆਖੇ ਸਨ, ਜਦੋਂ ਤੁਸੀਂ ਪਰਬਤ ਕੋਲ ਇਕਠੇ ਹੋਏ ਸੀ। ਫ਼ੇਰ ਯਹੋਵਾਹ ਨੇ ਪੱਥਰ ਦੀਆਂ ਦੋਵੇਂ ਸ਼ਿਲਾਵਾਂ ਮੈਨੂੰ ਦੇ ਦਿੱਤੀਆਂ।
5 ਮੈਂ ਪਰਬਤ ਉੱਪਰੋਂ ਹੇਠਾਂ ਉਤਰ ਆਇਆ। ਮੈਂ ਸ਼ਿਲਾਵਾਂ ਉਸ ਸੰਦੂਕ ਵਿੱਚ ਰੱਖ ਦਿੱਤੀਆਂ ਜਿਹੜਾ ਮੈਂ ਬਣਾਇਆ ਸੀ ਯਹੋਵਾਹ ਨੇ ਮੈਨੂੰ ਇਨ੍ਹਾਂ ਨੂੰ ਉਥੇ ਰੱਖਣ ਦਾ ਆਦੇਸ਼ ਦਿੱਤਾ ਸੀ ਅਤੇ ਇਹ ਸ਼ਿਲਾਵਾ ਹਾਲੇ ਵੀ ਸੰਦੂਕ ਵਿੱਚ ਹਨ।”
6 (ਇਸਰਾਏਲ ਦੇ ਲੋਕ ਯਆਕਾਨ ਦੇ ਖੂਹਾਂ ਤੋਂ ਮੋਸੇਰਾਹ ਨੂੰ ਚੱਲ ਪਏ। ਓਥੇ ਹਾਰੂਨ ਦਾ ਦੇਹਾਂਤ ਹੋ ਗਿਆ ਅਤੇ ਉਹ ਦਫ਼ਨਾਇਆ ਗਿਆ। ਹਾਰੂਨ ਦੇ ਪੁੱਤਰ ਅਲਆਜ਼ਾਰ ਨੇ ਹਾਰੂਨ ਦੀ ਥਾਂ ਤੇ ਜਾਜਕ ਵਜੋਂ ਸੇਵਾ ਕੀਤੀ।
7 ਫ਼ੇਰ ਇਸਰਾਏਲ ਦੇ ਲੋਕ ਮੋਸੇਰਾਹ ਤੋਂ ਗੁਦਗੋਦਾਹ ਚਲੇ ਗਏ। ਅਤੇ ਉਹ ਗੁਦਗੋਦਾਹ ਤੋਂ ਨਦੀਆਂ ਦੀ ਧਰਤੀ ਯਾਟਬਾਤਾਹ ਚਲੇ ਗਏ।
8 ਉਸ ਸਮੇਂ ਯਹੋਵਾਹ ਨੇ ਲੇਵੀ ਦੇ ਪਰਿਵਾਰ-ਸਮੂਹ ਨੂੰ ਉਸਦੇ ਖਾਸ ਕੰਮ ਲਈ ਹੋਰਨਾਂ ਪਰਿਵਾਰ-ਸਮੂਹਾਂ ਨਾਲੋਂ ਵੱਖ ਕੀਤਾ। ਉਨ੍ਹਾਂ ਦੇ ਜ਼ਿਂਮੇ ਯਹੋਵਾਹ ਦੇ ਇਕਰਾਰਨਾਮੇ ਵਾਲੇ ਸੰਦੂਕ ਨੂੰ ਚੁੱਕੇ ਲਿਜਾਣ ਦਾ ਕੰਮ ਸੀ। ਉਹ ਯਹੋਵਾਹ ਦੇ ਸਨਮੁਖ ਜਾਜਕਾਂ ਦੀ ਸੇਵਾ ਵੀ ਕਰਦੇ ਸਨ। ਅਤੇ ਉਨ੍ਹਾਂ ਦਾ ਕੰਮ ਯਹੋਵਾਹ ਦੇ ਨਾਮ ਉੱਤੇ ਲੋਕਾਂ ਨੂੰ ਅਸੀਸ ਦੇਣਾ ਵੀ ਸੀ। ਉਹ ਅੱਜ ਵੀ ਇਹ ਖਾਸ ਕੰਮ ਕਰਦੇ ਹਨ।
9 ਇਹੀ ਕਾਰਣ ਹੈ ਕਿ ਲੇਵੀਆਂ ਨੂੰ ਹੋਰਨਾ ਪਰਿਵਾਰ-ਸਮੂਹਾਂ ਵਾਂਗ ਧਰਤੀ ਦਾ ਹਿੱਸਾ ਨਹੀਂ ਮਿਲਿਆ। ਲੇਵੀਆਂ ਕੋਲ ਆਪਣੇ ਹਿੱਸੇ ਵਜੋਂ ਯਹੋਵਾਹ ਹੈ। ਇਸੇ ਦਾ ਹੀ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਉਨ੍ਹਾਂ ਨਾਲ ਇਕਰਾਰ ਕੀਤਾ ਸੀ।)
10 “ਮੈਂ ਪਹਿਲਾਂ ਵਾਂਗ ਪਰਬਤ ਉੱਤੇ
40 ਦਿਨ ਅਤੇ
40 ਰਾਤਾ ਠਹਿਰਿਆ। ਯਹੋਵਾਹ ਨੇ ਵੀ ਉਸ ਵੇਲੇ ਮੇਰੀ ਬੇਨਤੀ ਸੁਣੀ। ਯਹੋਵਾਹ ਨੇ ਤੁਹਾਨੂੰ ਤਬਾਹ ਨਾ ਕਰਨ ਦਾ ਫ਼ੈਸਲਾ ਕਰ ਲਿਆ।
11 ਯਹੋਵਾਹ ਨੇ ਮੈਨੂੰ ਆਖਿਆ, ‘ਜਾ ਅਤੇ ਲੋਕਾਂ ਦੀਉਨ੍ਹਾਂ ਦੇ ਸਫ਼ਰ ਵਿੱਚ ਅਗਵਾਈ ਕਰ। ਉਹ ਉਸ ਧਰਤੀ ਉੱਤੇ ਜਾਕੇ ਰਹਿਣਗੇ ਜਿਸਦਾ ਮੈਂ ਉਨ੍ਹਾਂ ਦੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ।’
12 “ਹੁਣ, ਇਸਰਾਏਲ ਦੇ ਲੋਕੋ, ਸੁਣੋ! ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਥੋਂ ਕੀ ਚਾਹੁੰਦਾ ਹੈ? ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਉਸਤੋਂ ਡਰੋ, ਅਤੇ ਉਸਦੇ ਹੁਕਮਾਂ ਉੱਤੇ ਚੱਲੋ, ਅਤੇ ਉਸਨੂੰ ਪਿਆਰ ਕਰੋ, ਅਤੇ ਆਪਣੇ ਪੂਰੇ ਦਿਲੋਂ ਅਤੇ ਆਪਣੀ ਪੂਰੀ ਰੂਹ ਨਾਲ ਉਸਦੀ ਸੇਵਾ ਕਰੋ।”
13 ਇਸ ਲਈ ਯਹੋਵਾਹ ਦੇ ਨੇਮ ਅਤੇ ਆਦੇਸ਼ ਮੰਨੋ ਜਿਹੜੇ ਮੈਂ ਅੱਜ ਤੁਹਾਨੂੰ ਦੇ ਰਿਹਾ ਹਾਂ। ਇਹ ਕਾਨੂੰਨ ਅਤੇ ਹੁਕਮ ਤੁਹਾਡੇ ਆਪਣੇ ਭਲੇ ਲਈ ਹਨ।
14 ਹਰ ਸ਼ੈਅ ਯਹੋਵਾਹ, ਤੁਹਾਡੇ ਪਰਮੇਸ਼ੁਰ ਦੀ ਹੈ। ਆਕਾਸ਼, ਉੱਚੇ ਤੋਂ ਉੱਚੇ ਅਕਾਸ਼ ਵੀ ਯਹੋਵਾਹ ਦੇ ਹਨ। ਧਰਤੀ ਅਤੇ ਇਸਦੀ ਹਰ ਸ਼ੈਅ ਯਹੋਵਾਹ, ਤੁਹਾਡੇ ਪਰਮੇਸ਼ੁਰ ਦੀ ਹੈ।
15 ਯਹੋਵਾਹ ਤੁਹਾਡੇ ਪੁਰਖਿਆਂ ਨਾਲ ਬਹੁਤ ਪਿਆਰ ਕਰਦਾ ਸੀ। ਉਹ ਉਨ੍ਹਾਂ ਨੂੰ ਇੰਨਾ ਪਿਆਰ ਕਰਦਾ ਸੀ ਕਿ ਉਸਨੇ ਤੁਹਾਨੂੰ, ਉਨ੍ਹਾਂ ਦੇ ਉੱਤਰਾਧਿਕਾਰੀਆਂ ਨੂੰ, ਆਪਣੇ ਬੰਦਿਆਂ ਵਜੋਂ ਚੁਣਿਆ। ਉਸਨੇ ਕਿਸੇ ਹੋਰ ਕੌਮ ਦੀ ਬਜਾਇ ਤੁਹਾਡੀ ਚੋਣ ਕੀਤੀ। ਅਤੇ ਤੁਸੀਂ ਅਜੇ ਵੀ ਉਸਦੇ ਚੁਣੇ ਹੋਏ ਬੰਦੇ ਹੋ।
16 “ਆਪਣੇ ਦਿਲਾਂ ਦੀ ਚਮੜੀ ਦੀ ਸੁੰਨਤ ਕਰੋ, ਅਤੇ ਜ਼ਿੱਦੀ ਹੋਣਾ ਬੰਦ ਕਰੋ।
17 ਕਿਉਂਕਿ ਯਹੋਵਾਹ, ਤੁਹਾਡਾ ਪਰਮੇਸ਼ੁਰ ਹੈ। ਉਹ ਪਰਮੇਸ਼ੁਰਾਂ ਦਾ ਪਰਮੇਸ਼ੁਰ ਹੈ ਅਤੇ ਪ੍ਰਭੂਆਂ ਦਾ ਪ੍ਰਭੂ ਹੈ। ਉਹ ਮਹਾਨ ਪਰਮੇਸ਼ੁਰ ਅਤੇ ਤਕੜਾ ਅਤੇ ਸ਼ਕਤੀਸ਼ਾਲੀ ਲੜਾਕੂ ਹੈ। ਉਹ ਪਖਪਾਤ ਨਹੀਂ ਕਰਦਾ ਅਤੇ ਉਹ ਵਢੀ ਨਹੀਂ ਲੈਂਦਾ।
18 ਉਹ ਯਤੀਮਾਂ ਦੀ ਸਹਾਇਤਾ ਕਰਦਾ ਹੈ। ਉਹ ਵਿਧਵਾਵਾਂ ਦੀ ਸਹਾਇਤਾ ਕਰਦਾ ਹੈ। ਉਹ ਤੁਹਾਡੇ ਦੇਸ਼ ਵਿੱਚ ਅਜਨਬੀਆਂ ਨੂੰ ਵੀ ਪਿਆਰ ਕਰਦਾ ਹੈ। ਉਹ ਉਨ੍ਹਾਂ ਨੂੰ ਰੋਟੀ ਕੱਪੜਾ ਦਿੰਦਾ ਹੈ।
19 ਇਸ ਲਈ ਤੁਹਾਨੂੰ ਵੀ ਅਜਨਬੀਆਂ ਨੂੰ ਪਿਆਰ ਕਰਨਾ ਚਾਹੀਦਾ ਹੈ ਕਿਉਂ? ਕਿਉਂਕਿ ਤੁਸੀਂ ਵੀ ਮਿਸਰ ਦੀ ਧਰਤੀ ਉੱਤੇ ਅਜਨਬੀ ਹੀ ਸੀ।
20 “ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਦਾ ਅਵੱਸ਼ ਆਦਰ ਕਰਨਾ ਚਾਹੀਦਾ ਹੈ ਅਤੇ ਸਿਰਫ਼ ਉਸੇ ਦੀ ਉਪਾਸਨਾ ਕਰਨੀ ਚਾਹੀਦੀ ਹੈ। ਉਸਨੂੰ ਕਦੇ ਨਾ ਛੱਡੋ। ਜਦੋਂ ਤੁਸੀਂ ਇਕਰਾਰ ਕਰੋ, ਤਾਂ ਤੁਹਾਨੂੰ ਸਿਰਫ਼ ਉਸੇ ਦੇ ਨਾਮ ਦੀ ਵਤੋਂ ਕਰਨੀ ਚਾਹੀਦੀ ਹੈ।
21 ਯਹੋਵਾਹ ਹੀ ਹੈ ਜਿਸਦੀ ਤੁਹਾਨੂੰ ਵਡਿਆਈ ਕਰਨੀ ਚਾਹੀਦੀ ਹੈ। ਉਹ ਤੁਹਾਡਾ ਪਰਮੇਸ਼ੁਰ ਹੈ। ਉਸਨੇ ਤੁਹਾਡੇ ਲਈ ਮਹਾਨ ਅਤੇ ਅਦਭੁਤ ਕਾਰਨਾਮੇ ਕੀਤੇ ਹਨ। ਤੁਸੀਂ ਉਨ੍ਹਾਂ ਗੱਲਾਂ ਨੂੰ ਆਪਣੀਆਂ ਅਖਾਂ ਨਾਲ ਦੇਖ ਚੁੱਕੇ ਹੋ।
22 ਜਦੋਂ ਤੁਹਾਡੇ ਪੁਰਖੇ ਮਿਸਰ ਵਿੱਚ ਗਏ ਸਨ ਤਾਂ ਉਹ ਸਿਰਫ਼
70 ਬੰਦੇ ਸਨ। ਹੁਣ ਯਹੋਵਾਹ, ਤੁਹਾਡੇ ਪਰਮੇਸ਼ੁਰ ਨੇ ਤੁਹਾਡੀ ਗਿਣਤੀ ਬਹੁਤ ਵਧਾ ਦਿੱਤੀ ਹੈ - ਆਕਾਸ਼ ਵਿਚਲੇ ਤਾਰਿਆਂ ਜਿੰਨੀ ਗਿਣਤੀ।