ਕਾਂਡ 2
1 “ਫ਼ੇਰ, ਜਿਵੇਂ ਯਹੋਵਾਹ ਨੇ ਮੈਨੂੰ ਹੁਕਮ ਦਿੱਤਾ, ਅਸੀਂ ਲਾਲ ਸਾਗਰ ਦੇ ਰਾਹ ਉੱਤੇ ਉਸ ਮਾਰੂਥਲ ਨੂੰ ਗਏ। ਅਸੀਂ ਸੇਈਰ ਪਰਬਤ ਘੁੰਮਣ ਲਈ ਕਈ ਦਿਨਾਂ ਤੱਕ ਸਫ਼ਰ ਕੀਤਾ।
2 ਫ਼ੇਰ ਯਹੋਵਾਹ ਨੇ ਮੈਨੂੰ ਆਖਿਆ,
3 ‘ਤੁਸੀਂ ਇਨ੍ਹਾਂ ਪਰਬਤਾਂ ਦੇ ਆਲੇ-ਦੁਆਲੇ ਕਾਫ਼ੀ ਚਿਰ ਸਫ਼ਰ ਕਰ ਚੁੱਕੇ ਹੋ। ਹੁਣ ਉੱਤਰ ਵੱਲ ਮੁੜੋ।
4 ਇਨ੍ਹਾਂ ਲੋਕਾਂ ਨੂੰ ਇਹ ਗੱਲਾਂ ਆਖ: ਤੁਸੀਂ ਸੇਈਰ ਦੀ ਧਰਤੀ ਵਿੱਚੋਂ ਹੋਕੇ ਲੰਘੋਂਗੇ। ਇਹ ਧਰਤੀ ਤੁਹਾਡੇ ਰਿਸ਼ਤੇਦਾਰਾ ਦੀ ਹੈ, ਏਸਾਓ ਦੇ ਵਾਰਸਾਂ ਦੀ। ਉਹ ਤੁਹਾਡੇ ਕੋਲੋਂ ਭੈਭੀਤ ਹੋਣਗੇ। ਬਹੁਤ ਹੁਸ਼ਿਆਰ ਰਹਿਣਾ।
5 ਉਨ੍ਹਾਂ ਨਾਲ ਲੜਾਈ ਨਹੀਂ ਕਰਨੀ। ਮੈਂ ਤੁਹਾਨੂੰ ਉਨ੍ਹਾਂ ਦੀ ਧਰਤੀ ਦਾ ਕੋਈ ਵੀ ਟੁਕੜਾ ਨਹੀਂ ਦੇਵਾਂਗਾ - ਇੱਕ ਫੁੱਟ ਵੀ ਨਹੀਂ। ਕਿਉਂਕਿ ਮੈਂ ਸੇਈਰ ਦਾ ਪਹਾੜੀ ਪ੍ਰਦੇਸ਼ ਏਸਾਓ ਨੂੰ ਉਸਦੇ ਵਾਸਤੇ ਦਿੱਤਾ ਸੀ।
6 ਤੁਹਾਨੂੰ ਏਸਾਓ ਦੇ ਉੱਤਰਾਧਿਕਾਰੀਆਂ ਨੂੰ ਆਪਣੇ ਭੋਜਨ ਅਤੇ ਪਾਣੀ ਲਈ, ਪੈਸੇ ਦੇਣੇ ਪੈਣਗੇ।
7 ਚੇਤੇ ਰਖੋ ਕਿ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਡੇ ਹਰ ਕੰਮ ਵਿੱਚ ਤੁਹਾਨੂੰ ਅਸੀਸ ਦਿੱਤੀ ਹੈ। ਉਹ ਇਸ ਮਹਾਨ ਮਾਰੂਥਲ ਵਿੱਚ ਕੀਤੇ ਤੁਹਾਡੇ ਸਫ਼ਰ ਬਾਰੇ ਜਾਣਦਾ ਹੈ। ਯਹੋਵਾਹ, ਤੁਹਾਡਾ ਪਰਮੇਸ਼ੁਰ, ਇਨ੍ਹਾਂ
40 ਵਰ੍ਹਿਆਂ ਦੌਰਾਨ ਹਮੇਸ਼ਾ ਤੁਹਾਡੇ ਅੰਗ-ਸੰਗ ਰਿਹਾ ਹੈ। ਤੁਹਾਨੂੰ ਹਮੇਸ਼ਾ ਲੋੜੀਂਦੀ ਸ਼ੈਅ ਮਿਲਦੀ ਰਹੀ ਹੈ।’
8 “ਇਸੇ ਲਈ ਅਸੀਂ, ਸਾਡੇ ਰਿਸ਼ਤੇਦਾਰਾਂ, ਏਸਾਓ ਦੇ ਉੱਤਰਾਧਿਕਾਰੀਆਂ ਕੋਲੋਂ ਦੀ ਹੋਕੇ ਲੰਘੇ, ਜੋ ਕਿ ਸੇਈਰ ਵਿੱਚ ਰਹਿੰਦੇ ਹਨ। ਅਸੀਂ ਉਹ ਸੜਕ ਛੱਡ ਦਿੱਤੀ ਜਿਹੜੀ ਯਰਦਨ ਵਾਦੀ ਰਾਹੀਂ ਏਲਥ ਅਤੇ ਅਸਯੋਨ-ਗਬਰ ਦੇ ਸ਼ਹਿਰਾਂ ਨੂੰ ਜਾਂਦੀ ਹੈ ਅਤੇ ਉਸ ਸੜਕ ਵੱਲ ਮੁੜ ਪਏ ਜਿਹੜੀ ਮੋਆਬ ਦੇ ਮਾਰੂਥਲ ਵੱਲ ਜਾਂਦੀ ਹੈ।
9 “ਯਹੋਵਾਹ ਨੇ ਮੈਨੂੰ ਆਖਿਆ, ‘ਮੋਆਬ ਦੇ ਲੋਕਾਂ ਨੂੰ ਪਰੇਸ਼ਾਨ ਨਾ ਕਰਨਾ। ਉਨ੍ਹਾਂ ਦੇ ਵਿਰੁੱਧ ਲੜਾਈ ਨਹੀਂ ਛੇੜਨੀ। ਮੈਂ ਤੁਹਾਨੂੰ ਉਨ੍ਹਾਂ ਦੀ ਧਰਤੀ ਵਿੱਚੋਂ ਕੁਝ ਵੀ ਨਹੀਂ ਦਿਆਂਗਾ। ਉਹ ਲੂਤ ਦੇ ਉੱਤਰਾਧਿਕਾਰੀ ਹਨ ਅਤੇ ਮੈਂ ਉਨ੍ਹਾ ਨੂੰ ਆਰ ਦਾ ਸ਼ਹਿਰ ਦਿੱਤਾ ਸੀ।’”
10 (ਅਤੀਤ ਵਿੱਚ, ਏਮੀ ਲੋਕ ਆਰ ਵਿੱਚ ਰਹਿੰਦੇ ਸਨ। ਉਹ ਤਕਤਵਰ ਲੋਕ ਸਨ ਅਤੇ ਬਹੁਤ ਗਿਣਤੀ ਵਿੱਚ ਸਨ। ਉਹ ਅਨਾਕੀ ਲੋਕਾਂ ਵਾਂਗ ਕਦਾਵਰ ਸਨ।
11 ਅਨਾਕੀ ਲੋਕ ਰਫ਼ਾਈ ਲੋਕਾਂ ਦਾ ਅੰਗ ਸਨ। ਲੋਕਾਂ ਦਾ ਵਿਚਾਰ ਸੀ ਕਿ ਏਮੀ ਲੋਕ ਵੀ ਰਫ਼ਾਈ ਹੀ ਸਨ। ਪਰ ਮੋਆਬ ਦੇ ਲੋਕ ਉਨ੍ਹਾਂ ਨੂੰ ਏਮੀ ਬੁਲਾਉਂਦੇ ਸਨ।
12 ਹੋਰੀ ਲੋਕ ਵੀ ਪਹਿਲਾਂ ਸੇਈਰ ਵਿੱਚ ਰਹਿੰਦੇ ਸਨ ਪਰ ਏਸਾਓ ਦੇ ਲੋਕਾਂ ਨੇ ਉਨ੍ਹਾਂ ਦੀ ਧਰਤੀ ਖੋਹ ਲਈ। ਏਸਾਓ ਦੇ ਲੋਕਾਂ ਨੇ ਹੋਰੀ ਲੋਕਾਂ ਨੂੰ ਤਬਾਹ ਕਰ ਦਿੱਤਾ ਅਤੇ ਉਨ੍ਹਾਂ ਦੀ ਧਰਤੀ ਉੱਤੇ ਵਸ ਗਏ। ਇਹ ਉਹੋ ਜਿਹੀ ਗੱਲ ਹੈ ਜਿਹੋ ਜਿਹੀ ਇਸਰਾਏਲ ਦੇ ਲੋਕਾਂ ਨੇ ਉਸ ਧਰਤੀ ਵਿੱਚ ਰਹਿੰਦੇ ਲੋਕਾਂ ਨਾਲ ਕੀਤੀ ਜਿਹੜੀ ਯਹੋਵਾਹ ਨੇ ਉਨ੍ਹਾਂ ਨੂੰ ਆਪਣੀ ਬਨਾਉਣ ਲਈ ਦਿੱਤੀ ਸੀ।)
13 “ਹੁਣ, ਜ਼ਾਰਦ ਵਾਦੀ ਦੇ ਦੂਸਰੇ ਪਾਸੇ ਵੱਲ ਜਾਓ’ ਇਸ ਲਈ ਅਸੀਂ ਜ਼ਾਰਦ ਵਾਦੀ ਪਾਰ ਕਰ ਲਈ।
14 ਇਹ ਗੱਲ ਉਸ ਸਮੇਂ ਤੋਂ
30 ਵਰ੍ਹੇ ਮਗਰੋਂ ਦੀ ਹੈ ਜਦੋਂ ਅਸੀਂ ਕਾਦੇਸ਼ ਬਰਨੇਆ ਨੂੰ ਛੱਡਕੇ ਜ਼ਾਰਦ ਵਾਦੀ ਨੂੰ ਪਾਰ ਕੀਤਾ ਸੀ। ਸਾਡੇ ਡੇਰੇ ਦੇ ਉਸ ਪੀੜੀ ਦੇ ਸਾਰੇ ਹੀ ਲੜਨ ਵਾਲੇ ਬੰਦੇ ਮਰ ਚੁੱਕੇ ਸਨ। ਯਹੋਵਾਹ ਨੇ ਸਹੁੰ ਚੁੱਕੀ ਸੀ ਕਿ ਇਹ ਗੱਲ ਵਾਪਰੇਗੀ।
15 ਯਹੋਵਾਹ ਉਨ੍ਹਾਂ ਲੋਕਾਂ ਦੇ ਵਿਰੁੱਧ ਸੀ ਜਦੋਂ ਤੀਕ ਕਿ ਉਹ ਸਾਰੇ ਮਰ ਨਹੀਂ ਗਏ ਅਤੇ ਸਾਡੇ ਡੇਰੇ ਵਿੱਚੋਂ ਬਾਹਰ ਨਹੀਂ ਚਲੇ ਗਏ।
16 “ਜਦੋਂ ਲੜਨ ਵਾਲੇ ਸਾਰੇ ਬੰਦੇ ਮਰ-ਮੁੱਕ ਗਏ,
17 ਯਹੋਵਾਹ ਨੇ ਮੈਨੂੰ ਆਖਿਆ,
18 ‘ਅੱਜ ਤੈਨੂੰ ਆਰ ਛੱਡਕੇ ਸਰਹੱਦ ਪਾਰ ਕਰਕੇ ਮੋਆਬ ਨੂੰ ਜਾਣਾ ਚਾਹੀਦਾ ਹੈ।
19 ਤੁਸੀਂ ਅੰਮੋਨੀ ਲੋਕਾਂ ਦੇ ਨਜ਼ਦੀਕ ਜਾਉਂਗੇ। ਉਨ੍ਹਾਂ ਨੂੰ ਪਰੇਸ਼ਾਨ ਨਹੀਂ ਕਰਨਾ। ਉਨ੍ਹਾਂ ਨਾਲ ਨਹੀਂ ਲੜਨਾ, ਕਿਉਂਕਿ ਮੈਂ ਉਨ੍ਹਾਂ ਦੀ ਧਰਤੀ ਤੁਹਾਨੂੰ ਨਹੀਂ ਦੇਵਾਂਗਾ। ਕਿਉਂਕਿ ਉਹ ਲੂਤ ਦੇ ਉੱਤਰਾਧਿਕਾਰੀ ਹਨ, ਅਤੇ ਮੈਂ ਉਹ ਧਰਤੀ ਉਨ੍ਹਾਂ ਨੂੰ ਦਿੱਤੀ ਹੋਈ ਹੈ।’”
20 “ਉਸ ਦੇਸ਼ ਦਾ ਨਾਮ ਰਫ਼ਾਈਮ ਦੀ ਧਰਤੀ ਵੀ ਹੈ। ਪਿਛਲੇ ਸਮੇਂ ਵਿੱਚ ਰਫ਼ਾਈ ਲੋਕ ਓਥੇ ਰਹਿੰਦੇ ਸਨ। ਅੰਮੋਨ ਦੇ ਲੋਕ ਉਨ੍ਹਾਂ ਨੂੰ ਜ਼ਮਜ਼ੁਂਮੀ ਆਖਦੇ ਸਨ।
21 ਓਥੇ ਬਹੁਤ ਸਾਰੇ ਜ਼ਮਜ਼ੁਂਮੀ ਸਨ ਅਤੇ ਉਹ ਬਹੁਤ ਤਾਕਤਵਰ ਸਨ। ਉਹ ਅਨਾਕੀ ਲੋਕਾਂ ਵਾਂਗ ਲੰਮੇ ਕੱਦ ਦੇ ਸਨ। ਪਰ ਯਹੋਵਾਹ ਨੇ ਅੰਮੋਨੀ ਲੋਕਾਂ ਦੀ ਜ਼ਮਜ਼ੁਂਮੀ ਲੋਕਾਂ ਨੂੰ ਤਬਾਹ ਕਰਨ ਵਿੱਚ ਸਹਾਇਤਾ ਕੀਤੀ। ਅੰਮੋਨੀ ਲੋਕਾਂ ਨੇ ਉਸ ਧਰਤੀ ਉੱਤੇ ਕਬਜ਼ਾ ਕਰ ਲਿਆ ਅਤੇ ਹੁਣ ਉਥੇ ਰਹਿੰਦੇ ਹਨ।
22 ਪਰਮੇਸ਼ੁਰ ਨੇ ਇਹੀ ਗੱਲ ਏਸਾਓ ਦੇ ਲੋਕਾਂ ਨਾਲ ਕੀਤੀ ਸੀ। ਪਹਿਲਾਂ ਸੇਈਰ ਵਿੱਚ ਹੋਰੀ ਲੋਕ ਰਹਿੰਦੇ ਸਨ, ਪਰ ਏਸਾਓ ਦੇ ਲੋਕਾਂ ਨੇ ਹੋਰੀਆਂ ਨੂੰ ਤਬਾਹ ਕਰ ਦਿੱਤਾ ਅਤੇ ਉਸ ਦੇ ਉੱਤਰਾਧਿਕਾਰੀ ਹਾਲੇ ਵੀ ਓਥੇ ਰਹਿੰਦੇ ਹਨ।
23 ਪਰਮੇਸ਼ੁਰ ਨੇ ਅਵਾਤੀਆਂ ਨਾਲ ਵੀ ਇੰਝ ਹੀ ਕੀਤਾ। ਉਹ ਅਜ਼ਾਹ੍ਹ ਦੇ ਨੇੜੇ ਦੇ ਸ਼ਹਿਰਾਂ ਵਿੱਚ ਰਹਿੰਦੇ ਸਨ, ਪਰ ਕੁਝ ਲੋਕ ਕਫ਼ਰੋਤ ਤੋਂ ਆਏ ਅਤੇ ਅੱਵੀਆਂ ਨੂੰ ਤਬਾਹ ਕਰ ਦਿੱਤਾ। ਕਫ਼ਰੋਤ ਦੇ ਉਨ੍ਹਾਂ ਲੋਕਾਂ ਨੇ ਉਸ ਧਰਤੀ ਉੱਤੇ ਕਬਜ਼ਾ ਕਰ ਲਿਆ ਅਤੇ ਅੱਜ ਦਿਨ ਤੀਕ ਉਥੇ ਰਹਿੰਦੇ ਹਨ।)
24 “‘ਅਰਨੋਨ ਵਾਦੀ ਦੇ ਪਾਰ ਜਾਣ ਲਈ ਤਿਆਰ ਹੋ ਜਾਵੋ। ਵੇਖੋ, ਮੈਂ ਤੁਹਾਨੂੰ ਸੀਹੋਨ ਅਮੋਰੀ, ਹਸ਼ਬੋਨ ਦੇ ਰਾਜੇ ਉੱਪਰ ਜਿੱਤ ਦਿਵਾਉਣ ਅਤੇ ਤੁਹਾਨੂੰ ਉਸਦੀ ਧਰਤੀ ਦੇਣ ਦਾ ਫ਼ੈਸਲਾ ਕੀਤਾ ਹੈ। ਜਾਉ ਅਤੇ ਇਸਨੂੰ ਲੈ ਲਵੋ। ਉਸਨੂੰ ਜੰਗ ਵਿੱਚ ਰੁਝਾ ਦੇਵੋ।
25 ਅੱਜ ਮੈਂ ਸਭ ਲੋਕਾਂ ਨੂੰ ਹਰ ਥਾਈਂ ਤੁਹਾਡੇ ਕੋਲੋਂ ਭੈਭੀ ਕਰ ਦਿਆਂਗਾ। ਉਹ ਤੁਹਾਡੇ ਬਾਰੇ ਖਬਰਾਂ ਸੁਨਣਗੇ ਅਤੇ ਉਹ ਭੈਭੀਤ ਹੋ ਜਾਣਗੇ ਅਤੇ ਡਰ ਨਾਲ ਕੰਬਣ ਲੱਗ ਪੈਣਗੇ।’
26 “ਜਦੋਂ ਅਸੀਂ ਕਦੇਮੋਥ ਦੇ ਮਾਰੂਥਲ ਵਿੱਚ ਸਾਂ, ਮੈਂ (ਮੂਸਾ) ਨੇ ਹਸ਼ਬੋਨ ਦੇ ਰਾਜੇ ਸੀਹੋਨ ਵੱਲ ਸੰਦੇਸ਼ਵਾਹਕ ਭੇਜੇ ਸਨ ਇਨ੍ਹਾਂ ਸੰਦੇਸ਼ਵਾਹਕਾਂ ਨੇ ਸੀਹੋਨ ਨੂੰ ਅਮਨ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਆਖਿਆ,
27 ‘ਸਾਨੂੰ ਆਪਣੀ ਧਰਤੀ ਵਿੱਚੋਂ ਲੰਘ ਲੈਣ ਦਿਉ। ਅਸੀਂ ਸੜਕ ਉੱਤੇ ਹੀ ਰਹਾਂਗੇ। ਅਸੀਂ ਸੜਕ ਦੇ ਸੱਜੇ ਜਾਂ ਖੱਬੇ ਪਾਸੇ ਨਹੀਂ ਮੁੜਾਂਗੇ।
28 ਜੋ ਵੀ ਕੁਝ ਅਸੀਂ ਖਾਵਾਂਗੇ ਜਾਂ ਪੀਵਾਂਗੇ ਉਸਦੀ ਕੀਮਤ ਤੁਹਾਨੂੰ ਚਾਂਦੀ ਦੇ ਸਿਕਿਆਂ ਵਿੱਚ ਅਦਾ ਕਰਾਂਗੇ। ਅਸੀਂ ਸਿਰਫ਼ ਤੁਹਾਡੇ ਦੇਸ਼ ਵਿੱਚੋਂ ਲੰਘਣਾ ਚਾਹੁੰਦੇ ਹਾਂ।
29 ਜਦੋਂ ਤੀਕ ਅਸੀਂ ਯਰਦਨ ਨਦੀ ਦੇ ਪਾਰ ਉਸ ਧਰਤੀ ਉੱਤੇ ਨਹੀਂ ਚਲੇ ਜਾਂਦੇ, ਜਿਹੜੀ ਯਹੋਵਾਹ, ਸਾਡਾ ਪਰਮੇਸ਼ੁਰ, ਸਾਨੂੰ ਦੇ ਰਿਹਾ ਹੈ, ਸਾਨੂੰ ਆਪਣੀ ਧਰਤੀ ਤੋਂ ਲੰਘ ਲੈਣ ਦਿਉ। ਹੋਰਨਾਂ ਲੋਕਾਂ ਨੇ ਸਾਨੂੰ ਆਪਣੀ ਧਰਤੀ ਵਿੱਚੋਂ ਲੰਘਣ ਦਿੱਤਾ ਹੈ - ਏਸਾਓ ਦੇ ਲੋਕਾਂ ਨੇ ਜਿਹੜੇ ਸੇਈਰ ਵਿੱਚ ਰਹਿੰਦੇ ਹਨ ਅਤੇ ਆਰ ਵਿੱਚ ਰਹਿਣ ਵਾਲੇ ਮੋਆਬੀ ਲੋਕਾਂ ਨੇ।’
30 “ਪਰ ਸੀਹੋਨ, ਹਸ਼ਬੋਨ ਦਾ ਰਾਜਾ, ਸਾਨੂੰ ਆਪਣੀ ਧਰਤੀ ਰਾਹੀਂ ਨਹੀਂ ਲੰਘਣ ਦਿੰਦਾ ਸੀ। ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਉਸਨੂੰ ਬਹੁਤ ਜ਼ਿੱਦੀ ਬਣਾ ਦਿੱਤਾ ਸੀ। ਉਸਨੇ ਅਜਿਹਾ ਇਸ ਵਾਸਤੇ ਕੀਤਾ ਸੀ ਤਾਂ ਜੋ ਤੁਸੀਂ ਉਸਨੂੰ ਹਰਾ ਸਕੋ, ਜਿਵੇਂ ਕਿ ਤੁਸੀਂ ਹੁਣ ਕੀਤਾ ਹੈ।
31 “ਯਹੋਵਾਹ ਨੇ ਮੈਨੂੰ ਆਖਿਆ ਸੀ, ‘ਮੈਂ ਰਾਜੇ ਸੀਹੋਨ ਅਤੇ ਉਸਦੇ ਦੇਸ਼ ਨੂੰ ਤੁਹਾਡੇ ਹਵਾਲੇ ਕਰ ਰਿਹਾ ਹਾਂ। ਹੁਣ, ਜਾਉ ਅਤੇ ਉਸਦੇ ਦੇਸ਼ ਉੱਤੇ ਕਬਜ਼ਾ ਕਰ ਲਵੋ!
32 “ਫ਼ੇਰ ਰਾਜਾ ਸੀਹੋਨ, ਅਤੇ ਉਸਦੇ ਸਾਰੇ ਬੰਦੇ ਯਾਹਸ ਵਿਖੇ ਸਾਡੇ ਨਾਲ ਲੜਾਈ ਕਰਨ ਲਈ ਆ ਗਏ।
33 ਪਰ ਯਹੋਵਾਹ ਸਾਡੇ ਪਰਮੇਸ਼ੁਰ ਨੇ ਉਸਨੂੰ ਸਾਡੇ ਹਵਾਲੇ ਕਰ ਦਿੱਤਾ। ਅਸੀਂ ਰਾਜੇ ਸੀਹੋਨ, ਉਸਦੇ ਪੁੱਤਰਾਂ ਅਤੇ ਉਸਦੇ ਸਮੂਹ ਲੋਕਾਂ ਨੂੰ ਹਰਾ ਦਿੱਤਾ।
34 ਅਸੀਂ ਉਨ੍ਹਾਂ ਦੇ ਸਾਰੇ ਸ਼ਹਿਰਾਂ ਉੱਤੇ ਕਬਜ਼ਾ ਕਰ ਲਿਆ ਜਿਹੜੇ ਉਸ ਵੇਲੇ ਰਾਜੇ ਸੀਹੋਨ ਦੇ ਸਨ। ਅਸੀਂ ਉਨ੍ਹਾਂ ਨਗਰਾਂ ਵਿਚਲੇ - ਆਦਮੀਆਂ ਔਰਤਾਂ ਅਤੇ ਬੱਚਿਆਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਅਸੀਂ ਕਿਸੇ ਨੂੰ ਵੀ ਜਿਉਂਦਿਆਂ ਨਹੀਂ ਛੱਡਿਆ!
35 ਅਸੀਂ ਉਨ੍ਹਾਂ ਸ਼ਹਿਰਾਂ ਵਿੱਚੋਂ ਸਿਰਫ਼ ਪਸ਼ੂਆਂ ਅਤੇ ਕੀਮਤੀ ਚੀਜ਼ਾਂ ਨੂੰ ਹੀ ਆਪਣੇ ਕਬਜ਼ੇ ਵਿੱਚ ਲਿਆ।
36 ਅਸੀਂ ਅਰਨੋਨ ਵਾਦੀ ਦੇ ਕੰਢੇ ਅਰੋਏਰ ਸ਼ਹਿਰ ਨੂੰ ਅਤੇ ਅਰਨੋਨ ਵਾਦੀ ਅਤੇ ਗਿਲਆਦ ਦੇ ਵਿਚਕਾਰਲੇ ਬਾਕੀ ਸ਼ਹਿਰਾਂ ਨੂੰ ਹਰਾਇਆ। ਕੋਈ ਅਜਿਹਾ ਸ਼ਹਿਰ ਨਹੀਂ ਸੀ ਜਿਸ ਉੱਤੇ ਅਸੀਂ ਕਬਜ਼ਾ ਨਾ ਕਰ ਸਕੇ ਹੋਈਏ। ਯਹੋਵਾਹ ਸਾਡੇ ਪਰਮੇਸ਼ੁਰ ਨੇ ਉਨ੍ਹਾਂ ਸਾਰਿਆਂ ਨੂੰ ਸਾਨੂੰ ਦੇ ਦਿੱਤਾ।
37 ਪਰ ਤੁਸੀਂ ਉਸ ਧਰਤੀ ਦੇ ਨੇੜੇ ਨਹੀਂ ਗਏ ਜਿਹੜੀ ਅੰਮੋਨ ਦੇ ਲੋਕਾਂ ਦੀ ਸੀ। ਤੁਸੀਂ ਯਾਬੋਕ ਨਦੀ ਦੇ ਕੰਢਿਆਂ ਜਾਂ ਪਹਾੜੀ ਪ੍ਰਦੇਸ਼ ਦੇ ਸ਼ਹਿਰਾਂ ਦੇ ਨੇੜੇ ਨਹੀਂ ਗਏ। ਤੁਸੀਂ ਕਿਸੇ ਵੀ ਅਜਿਹੀ ਥਾਂ ਦੇ ਨੇੜੇ ਨਹੀਂ ਗਏ ਜਿਹੜੀ ਯਹੋਵਾਹ, ਸਾਡਾ ਪਰਮੇਸ਼ੁਰ, ਸਾਡੇ ਕਬਜ਼ੇ ਵਿੱਚ ਨਹੀਂ ਲਿਆਉਣਾ ਚਾਹੁੰਦਾ ਸੀ।