ਕਾਂਡ 7
1 “ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਉਸ ਧਰਤੀ ਉੱਤੇ ਲੈ ਜਾਵੇਗਾ ਜਿਸ ਵਿੱਚ, ਤੁਸੀਂ ਆਪਣੇ ਲਈ ਹਾਸਲ ਕਰਨ ਲਈ ਦਾਖਲ ਹੋ ਰਹੇ ਹੋ। ਯਹੋਵਾਹ ਬਹੁਤ ਸਾਰੀਆਂ ਕੌਮਾਂ, ਹਿੱਤੀਆਂ, ਗਿਰਗਾਸ਼ੀਆਂ, ਅਮੋਰੀਆਂ, ਕਨਾਨੀਆਂ, ਪਰਿਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਨੂੰ ਬਾਹਰ ਕਢ ਦੇਵੇਗਾ ਜੋ ਕਿ ਗਿਣਤੀ ਵਿੱਚ ਵਧ ਹਨ ਅਤੇ ਤੁਹਾਡੇ ਨਾਲੋਂ ਤਾਕਤਵਰ ਹਨ।
2 ਯਹੋਵਾਹ, ਤੁਹਾਡਾ ਪਰਮੇਸ਼ੁਰ, ਇਨ੍ਹਾਂ ਕੌਮਾਂ ਨੂੰ ਤੁਹਾਡੀ ਸ਼ਕਤੀ ਦੇ ਅਧੀਨ ਕਰ ਦੇਵੇਗਾ। ਅਤੇ ਤੁਸੀਂ ਇਨ੍ਹਾਂ ਨੂੰ ਹਰਾ ਦੇਵੋਂਗੇ। ਤੁਹਾਨੂੰ ਇਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਨਾਲ ਕੋਈ ਇਕਰਾਰਨਾਮਾ ਨਾ ਕਰਨਾ। ਉਨ੍ਹਾਂ ਉੱਤੇ ਰਹਿਮ ਨਾ ਕਰਨਾ।
3 ਉਨ੍ਹਾਂ ਲੋਕਾਂ ਵਿੱਚੋਂ ਕਿਸੇ ਨਾਲ ਵੀ ਵਿਆਹ ਨਾ ਕਰਨਾ, ਅਤੇ ਆਪਣੇ ਧੀਆਂ ਪੁੱਤਰਾਂ ਨੂੰ ਵੀ ਉਨ੍ਹਾਂ ਹੋਰਨਾਂ ਕੌਮਾਂ ਵਿੱਚੋਂ ਕਿਸੇ ਨਾਲ ਵਿਆਹ ਨਾ ਕਰਨ ਦੇਣਾ।
4 ਕਿਉਂ ਜੁ ਉਹ ਲੋਕ ਤੁਹਾਡੇ ਬੱਚਿਆਂ ਨੂੰ ਮੇਰੇ ਪਿਛੇ ਲੱਗਣ ਤੋਂ ਹਟਾ ਦੇਣਗੇ। ਫ਼ੇਰ ਤੁਹਾਡੇ ਬੱਚੇ ਹੋਰਨਾਂ ਦੇਵਤਿਆਂ ਦੀ ਸੇਵਾ ਕਰਨਗੇ। ਅਤੇ ਯਹੋਵਾਹ ਤੁਹਾਡੇ ਉੱਤੇ ਬਹੁਤ ਕਰੋਧਵਾਨ ਹੋ ਜਾਵੇਗਾ। ਉਹ ਤੁਹਾਨੂੰ ਛੇਤੀ ਹੀ ਤਬਾਹ ਕਰ ਦੇਵੇਗਾ।
5 “ਇਹ ਗੱਲ ਹੈ ਜਿਹੜੀ ਤੁਹਾਨੂੰ ਇਨ੍ਹਾਂ ਕੌਮਾਂ ਨਾਲ ਕਰਨੀ ਚਾਹੀਦੀ ਹੈ: ਤੁਹਾਨੂੰ ਉਨ੍ਹਾਂ ਦੀਆਂ ਜਗਵੇਦੀਆਂ ਭੰਨ ਦੇਣੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਯਾਦਗਾਰੀ ਪੱਥਰਾਂ ਦੇ ਟੁਕੜੇ ਕਰ ਦੇਣੇ ਚਾਹੀਦੇ ਹਨ। ਉਨ੍ਹਾਂ ਦੇ ਅਸ਼ੇਰਾਹ ਥਂਮਾਂ ਨੂੰ ਚੀਰ ਸੁੱਟੋ ਅਤੇ ਉਨ੍ਹਾਂ ਦੇ ਬੁੱਤਾਂ ਨੂੰ ਸਾੜ ਦੇਵੋ!
6 ਕਿਉਂਕਿ ਤੁਸੀਂ ਯਹੋਵਾਹ ਦੇ ਆਪਣੇ ਲੋਕ ਹੋ। ਧਰਤੀ ਉਤਲੇ ਸਾਰੇ ਲੋਕਾਂ ਵਿੱਚੋਂ, ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਨੂੰ ਆਪਣੇ ਖਾਸ ਲੋਕਾਂ ਵਜੋਂ ਚੁਣਿਆ, ਉਹ ਲੋਕ ਜਿਹੜੇ ਸਿਰਫ਼ ਉਸਦੇ ਹਨ।
7 ਯਹੋਵਾਹ ਨੇ ਤੁਹਾਨੂੰ ਕਿਉਂ ਪਿਆਰ ਕੀਤਾ ਅਤੇ ਚੁਣਿਆ? ਇਹ ਇਸ ਲਈ ਨਹੀਂ ਸੀ ਕਿ ਤੁਸੀਂ ਇੰਨੀ ਵੱਡੀ ਕੌਮ ਹੈ। ਸਾਰੇ ਲੋਕਾਂ ਵਿੱਚੋਂ ਤੁਸੀਂ ਤਾਂ ਸਭ ਤੋਂ ਘੱਟ ਗਿਣਤੀ ਵਿੱਚ ਸੀ!
8 ਪਰ ਯਹੋਵਾਹ ਤੁਹਾਨੂੰ ਆਪਣੀ ਮਹਾਨ ਤਾਕਤ ਨਾਲ ਮਿਸਰ ਵਿੱਚੋਂ ਬਾਹਰ ਲੈਕੇ ਆਇਆ। ਉਸਨੇ ਤੁਹਾਨੂੰ ਗੁਲਾਮੀ ਤੋਂ ਅਤੇ ਫ਼ਿਰਊਨ, ਮਿਸਰ ਦੇ ਰਾਜੇ ਦੀ ਪਕੜ ਤੋਂ ਆਜ਼ਾਦ ਕਰਵਾਇਆ। ਕਿਉਂ ਜੁ ਯਹੋਵਾਹ ਤੁਹਾਨੂੰ ਪਿਆਰ ਕਰਦਾ ਹੈ ਅਤੇ ਉਹ ਤੁਹਾਡੇ ਪੁਰਖਿਆਂ ਨਾਲ ਕੀਤੇ ਆਪਣੇ ਇਕਰਾਰ ਨੂੰ ਪੂਰਾ ਕਰਨਾ ਚਾਹੀਦਾ ਸੀ।
9 “ਇਸ ਲਈ ਚੇਤੇ ਰੱਖੋ ਕਿ ਯਹੋਵਾਹ, ਤੁਹਾਡਾ ਪਰਮੇਸ਼ੁਰ, ਹੀ ਤੁਹਾਡਾ ਇੱਕੋ ਇੱਕ ਪਰਮੇਸ਼ੁਰ ਹੈ, ਅਤੇ ਤੁਸੀਂ ਉਸ ਉੱਤੇ ਭਰੋਸਾ ਕਰ ਸਕਦੇ ਹੋ। ਉਹ ਆਪਣਾ ਇਕਰਾਰਨਾਮਾ ਨਿਭਾਉਂਦਾ ਹੈ। ਉਹ ਉਨ੍ਹਾਂ ਸਾਰੇ ਲੋਕਾਂ ਨੂੰ ਆਪਣਾ ਪਿਆਰ ਅਤੇ ਮਿਹਰ ਦਰਸਾਉਂਦਾ ਹੈ ਜਿਹੜੇ ਉਸਨੂੰ ਪਿਆਰ ਕਰਦੇ ਹਨ ਅਤੇ ਉਸਦੇ ਆਦੇਸ਼ਾ ਨੂੰ ਮੰਨਦੇ ਹਨ, ਉਹ ਆਪਣਾ ਪਿਆਰ ਅਤੇ ਮਿਹਰ ਹਜ਼ਾਰਾ ਪੀੜੀਆਂ ਤੱਕ ਦਰਸਾਉਂਦਾ ਰਹਿੰਦਾ ਹੈ।
10 ਪਰ ਯਹੋਵਾਹ ਉਨ੍ਹਾਂ ਲੋਕਾਂ ਨੂੰ ਸਜ਼ਾ ਦਿੰਦਾ ਹੈ ਜਿਹੜੇ ਉਸਨੂੰ ਨਫ਼ਰਤ ਕਰਦੇ ਹਨ। ਉਹ ਉਨ੍ਹਾਂ ਨੂੰ ਤਬਾਹ ਕਰ ਦੇਵੇਗਾ। ਉਹ ਉਨ੍ਹਾਂ ਲੋਕਾਂ ਨੂੰ ਤਬਾਹ ਕਰਨ ਵਿੱਚ ਢਿਲ੍ਲ ਨਹੀਂ ਲਾਵੇਗਾ ਜਿਹੜੇ ਉਸਨੂੰ ਨਫ਼ਰਤ ਕਰਦੇ ਹਨ।
11 ਇਸ ਲਈ ਤੁਹਾਨੂੰ ਉਨ੍ਹਾਂ ਆਦੇਸ਼ਾਂ, ਕਾਨੂੰਨਾ ਅਤੇ ਬਿਧੀਆਂ ਦੀ ਪਾਲਣਾ ਕਰਨ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਹੜੇ ਮੈਂ ਤੁਹਾਨੂੰ ਅੱਜ ਦਿੰਦਾ ਹਾਂ।
12 “ਜੇ ਤੁਸੀਂ ਇਨ੍ਹਾਂ ਕਾਨੂੰਨਾ ਨੂੰ ਸੁਣੋਗੇ, ਅਤੇ ਜੇ ਤੁਸੀਂ ਇਨ੍ਹਾਂ ਦੀ ਪਾਲਣ ਕਰਨ ਵਿੱਚ ਧਿਆਨ ਦਿਉਂਗੇ ਤਾਂ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਨਾਲ ਆਪਣਾ ਪਿਆਰ ਦਾ ਇਕਰਾਰਨਾਮਾ ਪੂਰਾ ਕਰੇਗਾ। ਉਸਨੇ ਇਸਦਾ ਤੁਹਾਡੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ।
13 ਉਹ ਤੁਹਾਨੂੰ ਪਿਆਰ ਕਰੇਗਾ ਅਤੇ ਅਸੀਸ ਦੇਵੇਗਾ। ਉਹ ਤੁਹਾਡੀ ਕੌਮ ਵਿੱਚ ਵਾਧਾ ਕਰੇਗਾ। ਉਹ ਤੁਹਾਡੇ ਬੱਚਿਆਂ ਨੂੰ ਅਸੀਸ ਦੇਵੇਗਾ। ਉਹ ਤੁਹਾਡੇ ਖੇਤਾਂ ਨੂੰ ਚੰਗੀਆਂ ਫ਼ਸਲਾਂ ਦੀ ਅਸੀਸ ਦੇਵੇਗਾ। ਉਹ ਤੁਹਾਨੂੰ ਅਨਾਜ਼, ਨਵੀਂ ਮੈਅ ਅਤੇ ਤੇਲ ਦੇਵੇਗਾ। ਉਹ ਤੁਹਾਡੀਆਂ ਗਾਵਾਂ ਨੂੰ ਵਛਿਆਂ ਦੀ ਅਤੇ ਭੇਡਾਂ ਨੂੰ ਲੇਲਿਆਂ ਦੀ ਅਸੀਸ ਦੇਵੇਗਾ। ਤੁਸੀਂ ਇਹ ਸਾਰੀਆਂ ਅਸੀਸਾਂ ਉਸ ਧਰਤੀ ਉੱਤੇ ਪ੍ਰਾਪਤ ਕਰੋਂਗੇ ਜਿਸਨੂੰ ਤੁਹਾਨੂੰ ਦੇਣ ਬਾਰੇ ਉਸਨੇ ਤੁਹਾਡੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ।
14 “ਤੁਹਾਨੂੰ ਸਮੂਹ ਲੋਕਾਂ ਨਾਲੋਂ ਵਧ ਅਸੀਸਾਂ ਪ੍ਰਾਪਤ ਹੋਣਗੀਆਂ। ਹਰ ਪਤੀ ਅਤੇ ਪਤਨੀ ਔਲਾਦ ਪੈਦਾ ਕਰਨ ਦੇ ਯੋਗ ਹੋਵੇਗਾ। ਤੁਹਾਡੀਆਂ ਗਾਵਾਂ ਵੱਛੇ ਪੈਦਾ ਕਰਨ ਯੋਗ ਹੋਣਗੀਆਂ।
15 ਅਤੇ ਯਹੋਵਾਹ ਤੁਹਾਡੀ ਹਰ ਬਿਮਾਰੀ ਦੂਰ ਕਰ ਦੇਵੇਗਾ। ਯਹੋਵਾਹ ਤੁਹਾਨੂੰ ਉਨ੍ਹਾਂ ਭਿਆਨਕ ਬਿਮਾਰੀਆਂ ਤੋਂ ਬਚਾਵੇਗਾ ਜਿਹੜੀਆਂ ਤੁਹਾਨੂੰ ਮਿਸਰ ਵਿੱਚ ਰਹਿਂਦਿਆਂ ਲੱਗੀਆਂ ਸਨ। ਪਰ ਯਹੋਵਾਹ ਤੁਹਾਡੇ ਦੁਸ਼ਮਣਾ ਨੂੰ ਇਹ ਬਿਮਾਰੀਆਂ ਲਾ ਦੇਵੇਗਾ।
16 ਤੁਹਾਨੂੰ ਚਾਹੀਦਾ ਹੈ ਕਿ ਉਨ੍ਹਾਂ ਸਮੂਹ ਲੋਕਾਂ ਨੂੰ ਤਬਾਹ ਕਰ ਦਿਉ, ਜਿਨ੍ਹਾਂ ਨੂੰ ਹਰਾਉਣ ਵਿੱਚ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੀ ਸਹਾਇਤਾ ਕਰਦਾ ਹੈ। ਉਨ੍ਹਾਂ ਲਈ ਦੁੱਖੀ ਨਾ ਹੋਵੋ ਅਤੇ ਉਨ੍ਹਾਂ ਦੇ ਦੇਵਤਿਆਂ ਦੀ ਉਪਾਸਨਾ ਨਾ ਕਰੋ। ਕਿਉਂਕਿ ਉਹ ਇੱਕ ਸ਼ਿਕਂਜੇ ਵਰਗੇ ਹਨ।
17 “ਆਪਣੇ ਦਿਲ ਵਿੱਚ ਇਹ ਨਾ ਆਖੋ, ‘ਇਹ ਕੌਮਾਂ ਸਾਡੇ ਨਾਲੋਂ ਤਾਕਤਵਰ ਹਨ। ਅਸੀਂ ਇਨ੍ਹਾਂ ਨੂੰ ਕਿਵੇਂ ਕਢ ਸਕਦੇ ਹਾਂ?’
18 ਤੁਹਾਨੂੰ ਉਨ੍ਹਾਂ ਪਾਸੋਂ ਭੈਭੀਤ ਨਹੀਂ ਹੋਣਾ ਚਾਹੀਦਾ। ਤੁਹਾਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਫ਼ਿਰਊਨ ਅਤੇ ਮਿਸਰ ਦੇ ਸਮੂਹ ਲੋਕਾਂ ਨਾਲ ਕੀ ਸਲੂਕ ਕੀਤਾ ਸੀ।
19 ਤੁਸੀਂ ਉਨ੍ਹਾਂ ਵੱਡੀਆਂ ਮੁਸੀਬਤਾਂ ਨੂੰ ਦੇਖਿਆ ਜਿਹੜੀਆਂ ਉਸਨੇ ਉਨ੍ਹਾਂ ਨੂੰ ਦਿੱਤੀਆਂ। ਤੁਸੀਂ ਉਸਦੇ ਚਮਤਕਾਰ ਦੇਖੇ। ਤੁਸੀਂ ਦੇਖਿਆ ਕਿ ਯਹੋਵਾਹ ਨੇ ਤੁਹਾਨੂੰ ਮਿਸਰ ਵਿੱਚੋਂ ਬਾਹਰ ਲਿਆਉਣ ਲਈ ਆਪਣੀ ਮਹਾਨ ਤਾਕਤ ਅਤੇ ਸ਼ਕਤੀ ਦੀ ਵਰਤੋਂ ਕੀਤੀ। ਯਹੋਵਾਹ, ਤੁਹਾਡਾ ਪਰਮੇਸ਼ੁਰ, ਉਸੇ ਸ਼ਕਤੀ ਦੀ ਵਰਤੋਂ ਉਨ੍ਹਾਂ ਸਾਰੇ ਲੋਕਾਂ ਦੇ ਵਿਰੁੱਧ ਕਰੇਗਾ ਜਿਨ੍ਹਾਂ ਤੋਂ ਤੁਸੀਂ ਭੈਭੀਤ ਹੋ।
20 “ਯਹੋਵਾਹ, ਤੁਹਾਡਾ ਪਰਮੇਸ਼ੁਰ, ਉਨ੍ਹਾਂ ਸਮੂਹ ਲੋਕਾਂ ਨੂੰ ਲਭਣ ਲਈ ਡੇਹਮੂ (ਹਾਰਨੇਟ ) ਵੀ ਭੇਜੇਗਾ, ਜਿਹੜੇ ਤੁਹਾਡੇ ਕੋਲੋਂ ਬਚਕੇ ਛੁਪਣਗਾਹਾਂ ਵਿੱਚ ਚਲੇ ਜਾਣਗੇ। ਉਹ ਉਨ੍ਹਾਂ ਸਾਰਿਆਂ ਲੋਕਾਂ ਨੂੰ ਤਬਾਹ ਕਰ ਦੇਵੇਗਾ।
21 ਉਨ੍ਹਾਂ ਲੋਕਾਂ ਕੋਲੋਂ ਨਾ ਡਰੋ। ਕਿਉਂ ਜੁ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਅੰਗ-ਸੰਗ ਹੈ ਅਤੇ ਉਹ ਇੱਕ ਮਹਾਨ ਅਤੇ ਭੈਅ ਦਾਇਕ ਪਰਮੇਸ਼ੁਰ ਹੈ।
22 ਯਹੋਵਾਹ, ਤੁਹਾਡਾ ਪਰਮੇਸ਼ੁਰ, ਉਨ੍ਹਾਂ ਕੌਮਾਂ ਨੂੰ ਛੋਟੇ ਟੋਲਿਆਂ ਵਿੱਚ ਤੁਹਾਡਾ ਦੇਸ਼ ਛੱਡਣ ਲਈ ਮਜ਼ਬੂਰ ਕਰ ਦੇਵੇਗਾ। ਤੁਸੀਂ ਉਨ੍ਹਾਂ ਸਾਰਿਆਂ ਨੂੰ ਇੱਕੋ ਵਾਰੀ ਬਰਬਾਦ ਨਹੀਂ ਕਰੋਂਗੇ। ਜੇ ਤੁਸੀਂ ਅਜਿਹਾ ਕਰੋਂਗੇ, ਜੰਗਲੀ ਜਾਨਵਰ ਵਧ ਜਾਣਗੇ ਅਤੇ ਤੁਹਾਨੂੰ ਨੁਕਸਾਨ ਪਹਚਾਉਣਗੇ।
23 ਪਰ ਯਹੋਵਾਹ, ਤੁਹਾਡਾ ਪਰਮੇਸ਼ੁਰ, ਇਨ੍ਹਾਂ ਕੌਮਾਂ ਨੂੰ ਤੁਹਾਨੂੰ ਸੌਂਪ ਦੇਵੇਗਾ। ਯਹੋਵਾਹ ਉਨ੍ਹਾਂ ਨੂੰ ਜੰਗ ਵਿੱਚ ਦੁਬਿਧਾ ਵਿੱਚ ਪਾ ਦੇਵੇਗਾ, ਜਦੋਂ ਤੱਕ ਕਿ ਉਹ ਹਾਰ ਨਹੀਂ ਜਾਂਦੇ।
24 ਯਹੋਵਾਹ ਤੁਹਾਡੀ ਉਨ੍ਹਾਂ ਦੇ ਰਾਜਿਆਂ ਨੂੰ ਹਰਾਉਣ ਵਿੱਚ ਸਹਾਇਤਾ ਕਰੇਗਾ। ਤੁਸੀਂ ਉਨ੍ਹਾਂ ਨੂੰ ਮਾਰ ਦਿਉਂਗੇ, ਅਤੇ ਦੁਨੀਆਂ ਇਹ ਭੁੱਲ ਜਾਵੇਗੀ ਕਿ ਉਹ ਕਦੇ ਜਿਉਂਦੇ ਸਨ। ਕੋਈ ਵੀ ਬੰਦਾ ਤੁਹਾਨੂੰ ਰੋਕ ਨਹੀਂ ਸਕੇਗਾ। ਤੁਸੀਂ ਉਨ੍ਹਾਂ ਸਾਰਿਆਂ ਨੂੰ ਹਰਾ ਦੇਵੋਂਗੇ!
25 “ਤੁਹਾਨੂੰ ਚਾਹੀਦਾ ਹੈ ਕਿ ਉਨ੍ਹਾਂ ਦੇ ਦੇਵਤਿਆਂ ਦੀਆਂ ਮੂਰਤੀਆਂ ਅੱਗ ਵਿੱਚ ਸੁੱਟਕੇ ਸਾੜ ਦਿਉਂ। ਤੁਹਾਨੂੰ ਇਨ੍ਹਾਂ ਮੂਰਤੀਆਂ ਉੱਪਰ ਸੋਨੇ ਜਾਂ ਚਾਂਦੀ ਨੂੰ ਆਪਣੇ ਕੋਲ ਰੱਖਣ ਦੀ ਤਮੰਨਾ ਨਹੀਂ ਕਰਨੀ ਚਾਹੀਦੀ। ਇਹ ਤੁਹਾਡੇ ਲਈ ਇੱਕ ਸ਼ਿਕਂਜੇ ਵਾਂਗ ਹੋਵੇਗਾ। ਕਿਉਂਕਿ ਯਹੋਵਾਹ, ਤੁਹਾਡਾ ਪਰਮੇਸ਼ੁਰ, ਉਨ੍ਹਾਂ ਬੁੱਤਾਂ ਨੂੰ ਨਫ਼ਰਤ ਕਰਦਾ ਹੈ।
26 ਅਤੇ ਤੁਹਾਨੂੰ ਉਨ੍ਹਾਂ ਭਿਆਨਕ ਬੁੱਤਾਂ ਵਿੱਚੋਂ ਕੋਈ ਆਪਣੇ ਘਰਾਂ ਅੰਦਰ ਨਹੀਂ ਲਿਆਉਣਾ ਚਾਹੀਦਾ। ਤੁਹਾਨੂੰ ਉਨ੍ਹਾਂ ਭਿਆਨਕ ਚੀਜ਼ਾਂ ਨੂੰ ਨਫ਼ਰਤ ਕਰਨੀ ਚਾਹੀਦੀ ਹੈ। ਤੁਹਾਨੂੰ ਉਹ ਬੁੱਤ ਤਬਾਹ ਕਰ ਦੇਣੇ ਚਾਹੀਦੇ ਹਨ।