ਕਾਂਡ 6
1 “ਇਹ ਉਹ ਹੁਕਮ, ਕਾਨੂੰਨ ਅਤੇ ਬਿਧੀਆਂ ਹਨ ਜਿਹੜੇ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਨੂੰ ਸਿਖਾਉਣ ਲਈ ਮੈਨੂੰ ਦੱਸੇ। ਇਨ੍ਹਾਂ ਕਾਨੂੰਨਾ ਦੀ ਉਸ ਧਰਤੀ ਉੱਤੇ ਜਾਕੇ ਪਾਲਣਾ ਕਰਨੀ ਜਿਥੇ ਤੁਸੀਂ ਰਹਿਣ ਲਈ ਦਾਖਿਲ ਹੋ ਰਹੇ ਹੋ।
2 ਤੁਹਾਨੂੰ ਅਤੇ ਤੁਹਾਡੇ ਵਾਰਸਾਂ ਨੂੰ, ਜਿੰਨਾ ਚਿਰ ਤੁਸੀਂ ਜਿਉਂਦੇ ਹੋ, ਯਹੋਵਾਹ, ਆਪਣੇ ਪਰਮੇਸ਼ੁਰ, ਦੀ ਇੱਜ਼ਤ ਕਰਨੀ ਚਾਹੀਦੀ ਹੈ। ਤੁਹਾਨੂੰ ਉਸਦੇ ਸਾਰੇ ਕਾਨੂੰਨਾ ਅਤੇ ਹੁਕਮਾਂ ਦਾ ਪਾਲਣ ਕਰਨਾ ਚਾਹੀਦਾ ਹੈ ਜਿਹੜੇ ਮੈਂ ਤੁਹਾਨੂੰ ਦਿੰਦਾ ਹਾਂ। ਜੇ ਤੁਸੀਂ ਅਜਿਹਾ ਕਰੋਂਗੇ ਤਾਂ ਤੁਸੀਂ ਉਸ ਨਵੀਂ ਧਰਤੀ ਵਿੱਚ ਲੰਮੀ ਉਮਰ ਭੋਗੋਂਗੇ।
3 ਇਸਰਾਏਲ ਦੇ ਲੋਕੋ, ਸੁਣੋ! ਇਨ੍ਹਾਂ ਕਾਨੂੰਨਾ ਦੀ ਪਾਲਣਾ ਕਰਨ ਵਿੱਚ ਹੋਸ਼ਿਆਰ ਰਹੋ, ਫ਼ੇਰ ਹਮੇਸ਼ਾ ਤੁਹਾਡੇ ਲਈ ਸਭ ਕੁਝ ਵਧੀਆ ਹੋਵੇਗਾ। ਤੁਹਾਡੇ ਬਹੁਤ ਸਾਰੇ ਬੱਚੇ ਹੋਣਗੇ, ਅਤੇ ਤੁਸੀਂ ਚੰਗੀਆਂ ਚੀਜ਼ਾਂ ਨਾਲ ਭਰੀ ਹੋਈ ਧਰਤੀ ਹਾਸਿਲ ਕਰੋਂਗੇ - ਜਿਹਾ ਕਿ ਯਹੋਵਾਹ ਤੁਹਾਡੇ ਪੁਰਖਿਆਂ ਦੇ ਪਰਮੇਸ਼ੁਰ ਨੇ ਤੁਹਾਡੇ ਨਾਲ ਇਕਰਾਰ ਕੀਤਾ ਸੀ।
4 “ਇਸਰਾਏਲ ਦੇ ਲੋਕੋ, ਸੁਣੋ! ਯਹੋਵਾਹ ਸਾਡਾ ਪਰਮੇਸ਼ੁਰ ਹੈ। ਯਹੋਵਾਹ ਇੱਕ ਹੈ!
5 ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਪੂਰੇ ਦਿਲ ਨਾਲ, ਆਪਣੀ ਸਾਰੀ ਆਤਮਾ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਪਿਆਰ ਕਰਨਾ ਚਾਹੀਦਾ ਹੈ।
6 ਜਿਹੜੇ ਆਦੇਸ਼ ਮੈਂ ਤੁਹਾਨੂੰ ਅੱਜ ਦਿੰਦਾ ਹਾਂ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਣਾ।
7 ਇਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਸਿਖਾਉਣਾ। ਜਦੋਂ ਵੀ ਤੁਸੀਂ ਘਰ ਵਿੱਚ ਬੈਠੇ ਹੋਵੋ ਜਾਂ ਸੜਕ ਉੱਤੇ ਚੱਲ ਰਹੇ ਹੋਵੋਂ ਇਨ੍ਹਾਂ ਆਦੇਸ਼ਾਂ ਬਾਰੇ ਗੱਲ ਕਰੋ। ਲੇਟਦਿਆਂ, ਉਠਦਿਆਂ ਵੀ ਇਨ੍ਹਾਂ ਗੱਲਾਂ ਬਾਰੇ ਕਰੋ।
8 ਇਨ੍ਹਾਂ ਆਦੇਸ਼ਾਂ ਨੂੰ ਲਿਖ ਲਵੋ ਅਤੇ ਉਨ੍ਹਾਂ ਨੂੰ ਆਪਣੇ ਹੱਥਾਂ ਨਾਲ ਬੰਨ੍ਹ ਲਵੋ ਅਤੇ ਇਨ੍ਹਾਂ ਨੂੰ ਆਪਣੇ ਮੱਥੇ ਉੱਤੇ ਪਹਿਨੋ ਤਾਂ ਜੋ ਤੁਹਾਨੂੰ ਮੇਰੀਆਂ ਸਿਖਿਆਵਾਂ ਚੇਤੇ ਕਰਨ ਵਿੱਚ ਸਹਾਇਤਾ ਮਿਲ ਸਕੇ।
9 ਇਨ੍ਹਾਂ ਨੂੰ ਆਪਣੇ ਫ਼ਾਟਕਾਂ ਅਤੇ ਆਪਣੇ ਦਰਵਾਜ਼ਿਆਂ ਉੱਤੇ ਲਿਖ ਲਵੋ।
10 “ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਡੇ ਪੁਰਖਿਆਂ, ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਇੱਕ ਇਕਰਾਰ ਕੀਤਾ ਸੀ। ਯਹੋਵਾਹ ਨੇ ਤੁਹਾਨੂੰ ਇਹ ਧਰਤੀ ਦੇਣ ਦਾ ਇਕਰਾਰ ਕੀਤਾ ਸੀ ਅਤੇ ਉਹ ਤੁਹਾਨੂੰ ਮਹਾਨ ਅਤੇ ਅਮੀਰ ਸ਼ਹਿਰ ਦੇਵੇਗਾ, ਜਿਹੜੇ ਤੁਸੀਂ ਨਹੀਂ ਉਸਾਰੇ ਸਨ।
11 ਯਹੋਵਾਹ ਤੁਹਾਨੂੰ ਚੰਗੀਆਂ ਚੀਜ਼ਾਂ ਨਾਲ ਭਰੇ ਹੋਏ ਘਰ ਦੇਵੇਗਾ ਜਿਨ੍ਹਾਂ ਨੂੰ ਤੁਸੀਂ ਨਹੀਂ ਭਰਿਆ ਸੀ। ਯਹੋਵਾਹ ਤੁਹਾਨੂੰ ਉਹ ਖੂਹ ਦੇਵੇਗਾ ਜਿਹੜੇ ਤੁਸੀਂ ਨਹੀਂ ਪੁੱਟੇ ਸਨ। ਯਹੋਵਾਹ ਤੁਹਾਨੂੰ ਅੰਗੂਰਾਂ ਅਤੇ ਜੈਤੂਨ ਦੇ ਰੁਖਾਂ ਦੇ ਖੇਤ ਦੇਵੇਗਾ ਜਿਹੜੇ ਤੁਸੀਂ ਨਹੀਂ ਬੀਜੇ ਸਨ। ਅਤੇ ਤੁਹਾਡੇ ਕੋਲ ਖਾਣ ਲਈ ਕਾਫ਼ੀ ਕੁਝ ਹੋਵੇਗਾ।
12 “ਪਰ ਧਿਆਨ ਰੱਖਣਾ! ਯਹੋਵਾਹ ਨੂੰ ਭੁੱਲ ਨਾ ਜਾਣਾ। ਤੁਸੀਂ ਮਿਸਰ ਵਿੱਚ ਗੁਲਾਮ ਸੀ, ਪਰ ਯਹੋਵਾਹ ਤੁਹਾਨੂੰ ਮਿਸਰ ਦੀ ਧਰਤੀ ਤੋਂ ਬਾਹਰ ਲੈ ਆਇਆ।
13 ਯਹੋਵਾਹ, ਆਪਣੇ ਪਰਮੇਸ਼ੁਰ, ਦੀ ਇੱਜ਼ਤ ਕਰੋ ਅਤੇ ਸਿਰਫ਼ ਓਸੇ ਦੀ ਸੇਵਾ ਕਰੋ। ਤੁਹਾਨੂੰ ਇਕਰਾਰ ਕਰਨ ਲਈ ਸਿਰਫ਼ ਉਸੇ ਦੇ ਨਾਮ ਦੀ ਵਰਤੋਂ ਕਰਨੀ ਚਾਹੀਦੀ ਹੈ।
14 ਤੁਹਾਨੂੰ ਹੋਰਨਾਂ ਦੇਵਤਿਆਂ ਦੇ ਪਿਛੇ ਨਹੀਂ ਲੱਗਣਾ ਚਾਹੀਦਾ। ਤੁਹਾਨੂੰ ਆਪਣੇ ਆਲੇ-ਦੁਆਲੇ ਰਹਿੰਦੇ ਲੋਕਾਂ ਦੇ ਦੇਵਤਿਆਂ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ।
15 ਯਹੋਵਾਹ, ਤੁਹਾਡਾ ਪਰਮੇਸ਼ੁਰ, ਹਮੇਸ਼ਾ ਤੁਹਾਡੇ ਅੰਗ-ਸੰਗ ਹੈ। ਅਤੇ ਯਹੋਵਾਹ ਆਪਣੇ ਲੋਕਾਂ ਦਾ ਹੋਰਨਾ ਦੇਵਤਿਆਂ ਦੀ ਉਪਾਸਨਾ ਕਰਨ ਨੂੰ ਨਫ਼ਰਤ ਕਰਦਾ ਹੈ! ਇਸ ਲਈ ਜੇ ਤੁਸੀਂ ਉਨ੍ਹਾਂ ਹੋਰਨਾ ਦੇਵਿਤਆਂ ਦੇ ਪਿਛੇ ਲੱਗੋਂਗੇ, ਉਹ ਤੁਹਾਡੇ ਨਾਲ ਬਹੁਤ ਨਾਰਾਜ਼ ਹੋ ਜਾਵੇਗਾ ਅਤੇ ਤੁਹਾਨੂੰ ਧਰਤੀ ਦੀ ਸਤਹ ਤੋਂ ਤਬਾਹ ਕਰ ਦੇਵੇਗਾ।
16 “ਤੁਹਾਨੂੰ ਚਹੀਦਾ ਹੈ ਕਿ ਯਹੋਵਾਹ, ਆਪਣੇ ਪਰਮੇਸ਼ੁਰ, ਦਾ ਉਸ ਤਰ੍ਹਾਂ ਇਮਤਿਹਾਨ ਨਾ ਲਵੋ ਜਿਵੇਂ ਤੁਸੀਂ ਮਸ੍ਸਾਹ ਵਿਖੇ ਕੀਤਾ ਸੀ।
17 ਯਹੋਵਾਹ, ਆਪਣੇ ਪਰਮੇਸ਼ੁਰ, ਦੇ ਹੁਕਮਾਂ ਦਾ ਦ੍ਰਿਢ਼ਤਾ ਨਾਲ ਪਾਲਣ ਕਰੋ। ਤੁਹਾਨੂੰ ਉਨ੍ਹਾਂ ਸਾਰੀਆਂ ਸਾਖੀਆਂ ਅਤੇ ਬਿਧੀਆਂ ਦਾ ਪਾਲਣਾ ਕਰਨੀ ਚਾਹੀਦੀ ਹੈ ਜਿਹੜੇ ਉਸਨੇ ਤੁਹਾਨੂੰ ਦਿੱਤੇ ਹਨ।
18 ਤੁਹਾਨੂੰ ਉਹੀ ਗੱਲਾਂ ਕਰਨੀਆਂ ਚਾਹੀਦੀਆਂ ਹਨ ਜੋ ਠੀਕ ਅਤੇ ਚੰਗੀਆਂ ਹਨ - ਉਹ ਗੱਲਾਂ ਜਿਹੜੀਆਂ ਯਹੋਵਾਹ ਨੂੰ ਪ੍ਰਸੰਨ ਕਰਦੀਆਂ ਹਨ। ਫ਼ੇਰ ਤੁਹਾਡਾ ਹਰ ਤਰ੍ਹਾਂ ਭਲਾ ਹੋਵੇਗਾ, ਅਤੇ ਤੁਸੀਂ ਜਾਕੇ ਉਹ ਚੰਗੀ ਧਰਤੀ ਹਾਸਿਲ ਕਰ ਸਕੋਂਗੇ ਜਿਸਦਾ ਯਹੋਵਾਹ ਨੇ ਤੁਹਾਡੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ।
19 ਅਤੇ ਤੁਹਾਨੂੰ ਚਾਹੀਦਾ ਹੈ ਕਿ ਆਪਣੇ ਸਾਰੇ ਦੁਸ਼ਮਣਾ ਨੂੰ ਬਾਹਰ ਕਢ ਦਿਉ ਜਿਵੇਂ ਯਹੋਵਾਹ ਨੇ ਆਖਿਆ ਸੀ।
20 “ਭਵਿੱਖ ਵਿੱਚ, ਤੁਹਾਡੇ ਬੱਚੇ ਤੁਹਾਨੂੰ ਪੁਛ ਸਕਦੇ ਹਨ, ‘ਯਹੋਵਾਹ ਸਾਡੇ ਪਰਮੇਸ਼ੁਰ ਨੇ ਤੁਹਾਨੂੰ ਸਾਖੀਆਂ, ਕਾਨੂੰਨ ਅਤੇ ਬਿਧੀਆਂ ਦਿੱਤੀਆਂ! ਉਨ੍ਹਾਂ ਦਾ ਕੀ ਅਰਥ ਹੈ?’
21 ਫ਼ੇਰ ਤੁਸੀਂ ਆਪਣੇ ਬੱਚਿਆਂ ਨੂੰ ਆਖੋਂਗੇ, ‘ਅਸੀਂ ਮਿਸਰ ਵਿੱਚ ਫ਼ਿਰਊਨ ਦੇ ਗੁਲਾਮ ਸਾਂ, ਪਰ ਯਹੋਵਾਹ ਸਾਨੂੰ ਆਪਣੀ ਮਹਾਨ ਤਾਕਤ ਨਾਲ ਮਿਸਰ ਤੋਂ ਬਾਹਰ ਲੈ ਆਇਆ।
22 ਯਹੋਵਾਹ ਨੇ ਮਹਾਨ ਅਤੇ ਅਦਭੁਤ ਕਾਰਨਾਮੇ ਕੀਤੇ। ਅਸੀਂ ਉਸਨੂੰ ਉਹ ਕਾਰਨਾਮੇ ਮਿਸਰੀ ਲੋਕਾਂ, ਫ਼ਿਰਊਨ ਅਤੇ ਫ਼ਿਰਊਨ ਦੇ ਘਰ ਦੇ ਲੋਕਾਂ ਨਾਲ ਕਰਦਿਆਂ ਦੇਖਿਆ।
23 ਅਤੇ ਯਹੋਵਾਹ ਸਾਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ ਤਾਂ ਜੋ ਉਹ ਸਾਨੂੰ ਉਹ ਧਰਤੀ ਦੇ ਸਕੇ ਜਿਸਦਾ ਉਸਨੇ ਸਾਡੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ।
24 ਯਹੋਵਾਹ ਨੇ ਸਾਨੂੰ ਇਨ੍ਹਾਂ ਸਾਰੀਆਂ ਸਾਖੀਆਂ ਉੱਤੇ ਚੱਲਣ ਦਾ ਹੁਕਮ ਦਿੱਤਾ ਸੀ। ਸਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਦਾ ਆਦਰ ਕਰਨਾ ਚਾਹੀਦਾ ਹੈ। ਫ਼ੇਰ ਉਹ ਸਾਨੂੰ ਹਮੇਸ਼ਾ ਚੰਗਾ ਜੀਵਨ ਬਿਤਾਉਣ ਦੇਵੇਗਾ, ਜਿਵੇਂ ਕਿ ਅਸੀਂ ਹੁਣ ਹਾਂ।
25 ਜੇ ਅਸੀਂ ਧਿਆਨ ਨਾਲ ਪੂਰੇ ਨੇਮ ਦੀ ਪਾਲਣਾ ਕਰਾਂਗੇ ਬਿਲਕੁਲ ਓਸੇ ਤਰ੍ਹਾਂ ਜਿਵੇਂ ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਨੂੰ ਕਰਨ ਲਈ ਆਖਿਆ ਸੀ, ਤਾਂ ਪਰਮੇਸ਼ੁਰ ਆਖੇਗਾ ਕਿ ਅਸੀਂ ਬਹੁਤ ਚੰਗਾ ਕੰਮ ਕੀਤਾ ਹੈ।’