ਕਾਂਡ 19
1 “ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਉਹ ਧਰਤੀ ਦੇ ਰਿਹਾ ਹੈ ਜਿਹੜੀ ਹੋਰਨਾ ਕੌਮਾਂ ਦੀ ਹੈ। ਯਹੋਵਾਹ ਉਨ੍ਹਾਂ ਕੌਮਾਂ ਨੂੰ ਤਬਾਹ ਕਰ ਦੇਵੇਗਾ। ਤੁਸੀਂ ਉਸ ਥਾਂ ਰਹੋਂਗੇ ਜਿਥੇ ਉਹ ਲੋਕ ਰਹਿੰਦੇ ਸਨ। ਤੁਸੀਂ ਉਨ੍ਹਾਂ ਦੇ ਸ਼ਹਿਰਾਂ ਅਤੇ ਮਕਾਨਾ ਉੱਤੇ ਕਬਜ਼ਾ ਕਰ ਲਵੋਂਗੇ। ਜਦੋਂ ਅਜਿਹਾ ਵਾਪਰੇ,
2 ਤੁਹਾਨੂੰ ਉਸ ਧਰਤੀ ਨੂੰ ਤਿੰਨ ਹਿਸਿਆਂ ਵਿੱਚ ਵੰਡ ਲੈਣਾ ਚਾਹੀਦਾ ਹੈ। ਫ਼ੇਰ ਤੁਹਾਨੂੰ ਹਰ ਹਿੱਸੇ ਵਿੱਚ ਇੱਕ ਅਜਿਹਾ ਸ਼ਹਿਰ ਚੁਣ ਲੈਣਾ ਚਾਹੀਦਾ ਹੈ ਜਿਹੜਾ ਉਸ ਇਲਾਕੇ ਵਿੱਚ ਹਰ ਕਿਸੇ ਦੇ ਨੇੜੇ ਹੋਵੇ। ਅਤੇ ਤੁਹਾਨੂੰ ਉਨ੍ਹਾਂ ਸ਼ਹਿਰਾਂ ਲਈ ਸੜਕਾਂ ਤਿਆਰ ਕਰਨੀਆਂ ਚਾਹੀਦੀਆਂ ਹਨ। ਤਾਂ ਜੋ ਕੋਈ ਵੀ ਬੰਦਾ ਜਿਹੜਾ ਕਿਸੇ ਦਾ ਕਤਲ ਕਰ ਦਿੰਦਾ ਹੈ ਉਸ ਸ਼ਹਿਰ ਵੱਲ ਸੁਰਖਿਆ ਲਈ ਭੱਜ ਜਾਵੇ।
3
4 “ਉਸ ਬੰਦੇ ਲਈ, ਜਿਹੜਾ ਕਿਸੇ ਨੂੰ ਮਾਰ ਦਿੰਦਾ ਹੈ ਅਤੇ ਸੁਰੱਖਿਆ ਲਈ ਉਨ੍ਹਾਂ ਤਿੰਨ ਸ਼ਹਿਰਾਂ ਵਿੱਚੋਂ ਕਿਸੇ ਇੱਕ ਵਿੱਚ ਭੱਜਕੇ ਚਲਾ ਜਾਂਦਾ ਹੈ, ਇੱਕ ਅਸੂਲ ਹੈ: ਇਹ ਜ਼ਰੂਰੀ ਹੈ ਕਿ ਉਹ ਅਜਿਹਾ ਬੰਦਾ ਹੋਣਾ ਚਾਹੀਦਾ ਹੈ ਜਿਸਨੇ ਦੁਰਘਟਨਾ ਕਾਰਣ ਕਿਸੇ ਦੂਸਰੇ ਬੰਦੇ ਨੂੰ ਮਾਰਿਆ ਹੋਵੇ। ਇਹ ਜ਼ਰੂਰੀ ਹੈ ਕਿ ਜਿਸ ਬੰਦੇ ਨੂੰ ਉਸਨੇ ਮਾਰਿਆ ਉਹ ਉਸਨੂੰ ਨਫ਼ਰਤ ਨਾ ਕਰਦਾ ਹੋਵੇ।
5 ਇੱਕ ਮਿਸਾਲ ਹੈ: ਕੋਈ ਬੰਦਾ ਜੰਗਲ ਵਿੱਚ ਲੱਕੜਾਂ ਨੂੰ ਕੱਟਣ ਲਈ ਕਿਸੇ ਹੋਰ ਬੰਦੇ ਨਾਲ ਜਾਂਦਾ ਹੈ, ਉਹ ਬੰਦਾ ਰੁਖ ਨੂੰ ਕੱਟਣ ਲਈ ਕੁਹਾੜੀ ਦਾ ਵਾਰ ਕਰਦਾ ਹੈ, ਪਰ ਕੁਹਾੜੀ ਦਾ ਫ਼ਲ੍ਹ ਹੱਥੇ ਨਾਲੋਂ ਵੱਖ ਹੋ ਜਾਂਦਾ ਹੈ। ਕੁਹਾੜੀ ਦਾ ਫ਼ਲ੍ਹ ਦੂਸਰੇ ਬੰਦੇ ਨੂੰ ਵਜ੍ਜ ਜਾਂਦਾ ਹੈ ਅਤੇ ਉਸਨੂੰ ਮਾਰ ਦਿੰਦਾ ਹੈ। ਉਹ ਬੰਦਾ ਜਿਸਨੇ ਕੁਹਾੜੀ ਉਗਰਾਹੀ ਸੀ ਸੁਰਖਿਆ ਲਈ ਉਨ੍ਹਾਂ ਤਿੰਨਾਂ ਸ਼ਹਿਰਾਂ ਵਿੱਚੋਂ ਕਿਸੇ ਵਿੱਚ ਭੱਜਕੇ ਜਾ ਸਕਦਾ ਹੈ।
6 ਪਰ ਜੇ ਸ਼ਹਿਰ ਬਹੁਤ ਦੂਰ ਹੋਵੇਗਾ ਤਾਂ ਉਹ ਉਥੇ ਤੇਜ਼ੀ ਨਾਲ ਭੱਜਕੇ ਨਹੀ ਜਾ ਸਕੇਗਾ। ਹੋ ਸਕਦਾ ਹੈ ਕਿ ਉਸ ਕੋਲੋਂ ਮਾਰੇ ਗਏ ਬੰਦੇ ਦਾ ਕੋਈ ਨਜ਼ਦੀਕੀ ਰਿਸ਼ਤੇਦਾਰ ਉਸਦੇ ਪਿਛੇ ਭੱਜਕੇ ਉਸਨੂੰ ਸ਼ਹਿਰ ਪਹੁੰਚਣ ਤੋਂ ਪਹਿਲਾਂ ਹੀ ਫ਼ੜ ਲਵੇ। ਸ਼ਾਇਦ ਉਹ ਨਜ਼ਦੀਕੀ ਰਿਸ਼ਤੇਦਾਰ ਬਹੁਤ ਗੁੱਸੇ ਵਿੱਚ ਹੋਵੇ ਤੇ ਉਸ ਬੰਦੇ ਨੂੰ ਮਾਰ ਦੇਵੇ। ਪਰ ਉਹ ਬੰਦਾ ਮੌਤ ਦਾ ਅਧਿਕਾਰੀ ਨਹੀਂ ਸੀ। ਉਸ ਕੋਲੋਂ ਜਿਹੜਾ ਬੰਦਾ ਮਰਿਆ ਸੀ ਉਹ ਉਸਨੂੰ ਨਫ਼ਰਤ ਨਹੀਂ ਕਰਦਾ ਸੀ।
7 ਇਸ ਲਈ, ਮੈਂ ਤੁਹਾਨੂੰ ਤਿੰਨ ਖਾਸ ਸ਼ਹਿਰਾਂ ਦੀ ਚੋਣ ਕਰਨ ਲਈ ਆਖ ਰਿਹਾ ਹਾਂ।
8 “ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਡੇ ਪੁਰਖਿਆਂ ਨੂੰ ਇਹ ਇਕਰਾਰ ਦਿੱਤਾ ਸੀ ਕਿ ਉਹ ਤੁਹਾਡੀ ਧਰਤੀ ਨੂੰ ਵੱਡੇਰਾ ਕਰੇਗਾ। ਉਹ ਤੁਹਾਨੂੰ ਉਹ ਸਾਰੀ ਧਰਤੀ ਦੇਵੇਗਾ ਜਿਸਦਾ ਉਸਨੇ ਤੁਹਾਡੇ ਪੁਰਖਿਆਂ ਨੂੰ ਦੇਣ ਦਾ ਇਕਰਾਰ ਕੀਤਾ ਸੀ।
9 ਉਹ ਅਜਿਹਾ ਹੀ ਕਰੇਗਾ ਜੇ ਤੁਸੀਂ ਪੂਰੀ ਤਰ੍ਹਾਂ ਉਨ੍ਹਾਂ ਆਦੇਸ਼ਾਂ ਦੀ ਪਾਲਣਾ ਕਰੋਂਗੇ ਜਿਹੜੇ ਮੈਂ ਤੁਹਾਨੂੰ ਅੱਜ ਦਿੰਦਾ ਹਾਂ - ਜੇ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਪਿਆਰ ਕਰੋਂਗੇ ਅਤੇ ਹਮੇਸ਼ਾ ਉਸੇ ਤਰ੍ਹਾਂ ਜੀਵੋਂਗੇ ਜਿਸ ਤਰ੍ਹਾਂ ਉਹ ਚਾਹੁੰਦਾ ਹੈ। ਫ਼ੇਰ, ਜਦੋਂ ਯਹੋਵਾਹ ਤੁਹਾਡੀ ਧਰਤੀ ਨੂੰ ਵੱਡੇਰਾ ਕਰੇਗਾ, ਤਾ ਤੁਹਾਨੂੰ ਤਿੰਨ ਹੋਰ ਸੁਰਖਿਆ ਸ਼ਹਿਰਾਂ ਦੀ ਚੋਣ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਪਹਿਲੇ ਤਿੰਨਾ ਸ਼ਹਿਰਾਂ ਵਿੱਚ ਸ਼ਾਮਿਲ ਕਰ ਦੇਣਾ ਚਾਹੀਦਾ ਹੈ।
10 ਤਾਂ ਫ਼ੇਰ ਉਸ ਧਰਤੀ ਉੱਤੇ, ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ, ਬੇਗੁਨਾਹ ਲੋਕਾਂ ਦਾ ਕਤਲ ਨਹੀਂ ਹੋਵੇਗਾ। ਅਤੇ ਤੁਸੀਂ ਇਨ੍ਹਾਂ ਮੌਤਾਂ ਦੇ ਦੋਸ਼ੀ ਨਹੀਂ ਹੋਵੋਂਗੇ।
11 “ਪਰ ਹੋ ਸਕਦਾ ਹੈ ਕਿ ਕੋਈ ਬੰਦਾ ਕਿਸੇ ਦੂਸਰੇ ਬੰਦੇ ਨੂੰ ਨਫ਼ਰਤ ਕਰਦਾ ਹੋਵੇ। ਸ਼ਾਇਦ ਉਹ ਬੰਦਾ ਉਸ ਬੰਦੇ ਨੂੰ ਮਾਰਨ ਲਈ ਛੁਪਕੇ ਉਡੀਕ ਕਰ ਰਿਹਾ ਹੋਵੇ, ਜਿਸਨੂੰ ਉਹ ਨਫ਼ਰਤ ਕਰਦਾ ਹੈ। ਸ਼ਾਇਦ ਉਹ ਉਸ ਬੰਦੇ ਨੂੰ ਮਾਰ ਦੇਵੇ ਅਤੇ ਫ਼ੇਰ ਉਨ੍ਹਾਂ ਸੁਰਖਿਆ ਦੇ ਸ਼ਹਿਰਾਂ ਵਿੱਚੋਂ ਕਿਸੇ ਇੱਕ ਵਿੱਚ ਭੱਜਕੇ ਵੜ ਜਾਵੇ।
12 ਜੇ ਅਜਿਹੀ ਗੱਲ ਵਾਪਰੇ, ਤਾਂ ਉਸ ਬੰਦੇ ਦੇ ਜਦ੍ਦੀ ਕਸਬੇ ਦੇ ਬਜ਼ੁਰਗਾਂ ਨੂੰ ਕੋਈ ਬੰਦਾ ਭੇਜਕੇ ਉਸਨੂੰ ਸੁਰਖਿਆ ਦੇ ਸ਼ਹਿਰ ਵਿੱਚੋਂ ਵਾਪਸ ਲਿਆਉਣਾ ਚਾਹੀਦਾ ਹੈ। ਉਨ੍ਹਾਂ ਆਗੂਆਂ ਨੂੰ ਉਹ ਬੰਦਾ ਕਿਸੇ ਨਜ਼ਦੀਕੀ ਰਿਸ਼ਤੇਦਾਰ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ। ਕਾਤਲ ਨੂੰ ਅਵੱਸ਼ ਮਰਨਾ ਚਾਹੀਦਾ ਹੈ।
13 ਤੁਹਾਨੂੰ ਉਸ ਲਈ ਅਫ਼ਸੋਸ ਨਹੀਂ ਕਰਨਾ ਚਾਹੀਦਾ ਹੈ। ਉਹ ਕਿਸੇ ਬੇਗੁਨਾਹ ਦੇ ਕਤਲ ਦਾ ਦੋਸ਼ੀ ਸੀ। ਤੁਹਾਨੂੰ ਚਾਹੀਦਾ ਹੈ ਕਿ ਇਸ ਦੋਸ਼ ਨੂੰ ਇਸਰਾਏਲ ਤੋਂ ਦੂਰ ਕਰ ਦਿਉ। ਫ਼ੇਰ ਤੁਹਾਡਾ ਹਰ ਤਰ੍ਹਾਂ ਭਲਾ ਹੋਵੇਗਾ।
14 “ਤੁਹਾਨੂੰ ਆਪਣੇ ਗੁਆਂਢੀ ਦੇ ਵਲਗਣ ਦੇ ਪੱਥਰਾਂ ਨੂੰ ਨਹੀਂ ਹਟਾਉਣਾ ਚਾਹੀਦਾ। ਅਤੀਤ ਵਿੱਚ, ਲੋਕਾਂ ਨੇ ਆਪਣੀ ਜ਼ਮੀਨ ਦੀਆਂ ਸੀਮਾਵਾਂ ਉੱਤੇ ਨਿਸ਼ਾਨ ਲਾਉਣ ਲਈ ਇਹ ਪੱਥਰ ਪਾਏ ਸਨ। ਇਹ ਪੱਥਰ ਉਸ ਧਰਤੀ ਦੀ ਨਿਸ਼ਾਨਦੇਹੀ ਕਰਦੇ ਹਨ ਜਿਹੜੀ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਨੂੰ ਦਿੱਤੀ ਸੀ।
15 “ਜੇਕਰ ਕੋਈ ਆਦਮੀ ਕਿਸੇ ਗਲਤੀ ਜਾਂ ਪਾਪ ਦਾ ਦੋਸ਼ੀ ਹੋਵੇ, ਜੋ ਉਸਨੇ ਕੀਤਾ ਹੋਵੇ, ਤਾਂ ਇੱਕ ਗਵਾਹ ਕਾਫ਼ੀ ਨਹੀਂ ਹੋਵੇਗਾ ਇਹ ਸਾਬਤ ਕਰਨ ਲਈ ਦੋ ਜਾਂ ਤਿੰਨ ਗਵਾਹ ਹੋਣੇ ਚਾਹੀਦੇ ਹਨ।
16 “ਇੱਕ ਗਵਾਹ ਦੂਸਰੇ ਵਿਅਕਤੀ ਨੂੰ ਝੂਠ ਬੋਲਕੇ ਅਤੇ ਇਹ ਆਖਕੇ ਦੁੱਖ ਪਹੁੰਚਾਉਣ ਦੀ ਕੋਸ਼ਿਸ਼ ਕਰ ਸਕਦਾ ਹੈ ਕਿ ਇਸ ਵਿਅਕਤੀ ਨੇ ਗਲਤੀ ਕੀਤੀ ਹੈ।
17 ਜੇ ਅਜਿਹਾ ਵਾਪਰੇ, ਇਨ੍ਹਾਂ ਲੋਕਾਂ ਨੂੰ ਯਹੋਵਾਹ ਦੇ ਅੱਗੇ ਖੜੇ ਹੋਕੇ ਉਥੇ ਡਿਉਟੀ ਕਰ ਰਹੇ ਨਿਆਂਕਾਰਾਂ ਅਤੇ ਜਾਜਕਾਂ ਤੋਂ ਨਿਆਂ ਪ੍ਰਾਪਤ ਕਰਨਾ ਚਾਹੀਦਾ ਹੈ।
18 ਨਿਆਂਕਾਰਾਂ ਨੂੰ ਧਿਆਨ ਨਾਲ ਸਵਾਲ ਪੁਛਣੇ ਚਾਹੀਦੇ ਹਨ ਅਤੇ ਜੇਕਰ ਗਵਾਹ ਨੇ ਝੂਠ ਬੋਲਿਆ ਹੋਵੇ,
19 ਤਾਂ ਤੁਹਾਨੂੰ ਉਸਨੂੰ ਸਜ਼ਾ ਦੇਣੀ ਚਾਹੀਦੀ ਹੈ। ਤੁਹਾਨੂੰ ਉਸ ਬੰਦੇ ਨਾਲ ਉਹੀ ਸਲੂਕ ਕਰਨਾ ਚਾਹੀਦਾ ਹੈ ਜਿਹੋ ਜਿਹਾ ਉਹ ਕਿਸੇ ਹੋਰ ਦੇ ਖਿਲਾਫ਼ ਕਰਨਾ ਚਾਹੁੰਦਾ ਸੀ। ਇਸ ਤਰ੍ਹਾਂ ਨਾਲ ਤੁਸੀਂ ਆਪਣੇ ਸਮੂਹ ਵਿੱਚੋਂ ਬਦੀ ਨੂੰ ਖਤਮ ਕਰ ਦਿਉਂਗੇ।
20 ਹੋਰ ਲੋਕੀ ਇਸ ਬਾਰੇ ਸੁਣਨਗੇ ਅਤੇ ਭੈਭੀਤ ਹੋਣਗੇ। ਅਤੇ ਉਹ ਲੋਕ ਇਹੋ ਜਿਹੀਆਂ ਮੰਦੀਆਂ ਗੱਲਾਂ ਫ਼ੇਰ ਨਹੀਂ ਕਰਨਗੇ।
21 “ਸਜ਼ਾ ਜ਼ੁਰਮ ਜਿੰਨੀ ਹੀ ਸਖ਼ਤ ਹੋਣੀ ਚਾਹੀਦੀ ਹੈ। ਉਸ ਵਿਅਕਤੀ ਨੂੰ ਸਜ਼ਾ ਦੇਣ ਲਗਿਆ ਬ੍ਬੁਰਾ ਮਹਿਸੂਸ ਨਾ ਕਰੋ ਜਿਸਨੇ ਜ਼ੁਰਮ ਕੀਤਾ ਹੋਵੇ। ਜੇ ਕੋਈ ਬੰਦਾ ਜਾਨ ਲੈਂਦਾ, ਉਸਨੂੰ ਇਸਦੇ ਬਦਲੇ ਆਪਣੀ ਜਾਨ ਦੇਣੀ ਚਾਹੀਦੀ ਹੈ। ਅਸੂਲ ਇਹ ਹੈ: ਅਖ ਬਦਲੇ ਅੱਖ, ਦੰਦ ਬਦਲੇ ਦੰਦ, ਹੱਥ ਬਦਲੇ ਹੱਥ ਅਤੇ ਪੈਰ ਬਦਲੇ ਪੈਰ।