ਕਾਂਡ 14
1 “ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਬੱਚੇ ਹੋ। ਜੇਕਰ ਕੋਈ ਮਰ ਜਾਵੇ, ਤੁਹਾਨੂੰ ਆਪਣੇ-ਆਪ ਨੂੰ ਸੱਟ ਮਾਰਕੇ ਜਾਂ ਆਪਣੇ ਸਿਰ ਮੁਨਾਕੇ ਅਫ਼ਸੋਸ ਨਹੀਂ ਕਰਨਾ ਚਾਹੀਦਾ।
2 ਕਿਉਂਕਿ ਤੁਸੀਂ ਹੋਰਨਾ ਲੋਕਾਂ ਨਾਲੋਂ ਵੱਖਰੇ ਹੋ। ਤੁਸੀਂ ਯਹੋਵਾਹ ਦੇ ਖਾਸ ਬੰਦੇ ਹੋ। ਦੁਨੀਆਂ ਦੇ ਸਾਰਿਆਂ ਲੋਕਾਂ ਵਿੱਚੋਂ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਨੂੰ ਆਪਣੇ ਖਾਸ ਬੰਦੇ ਬਨਾਉਣ ਲਈ ਚੁਣਿਆ ਸੀ।
3 “ਕੋਈ ਵੀ ਅਜਿਹੀ ਚੀਜ਼ ਨਾ ਖਾਉ ਜਿਸਨੂੰ ਯਹੋਵਾਹ ਨਫ਼ਰਤ ਕਰਦਾ ਹੈ।
4 ਤੁਸੀਂ ਇਹ ਜਾਨਵਰ ਖਾ ਸਕਦੇ ਹੋ: ਗਾਵਾਂ, ਭੇਡਾਂ, ਬੱਕਰੀਆਂ,
5 ਹਿਰਨ, ਗਜ਼ੇਲ, ਬਾਰ੍ਹਾਂ ਸਿੰਗੇ, ਜੰਗਲੀ ਭੇਡਾਂ, ਜੰਗਲੀ ਬੱਕਰੀਆਂ, ਐਂਟੀਲੋਪ ਅਤੇ ਪਹਾੜੀ ਭੇਡਾਂ।
6 ਤੁਸੀਂ ਕੋਈ ਵੀ ਅਜਿਹਾ ਜਾਨਵਰ ਖਾ ਸਕਦੇ ਹੋ ਜਿਸਦੇ ਪੈਰ ਦੋ ਹਿਸਿਆਂ ਵਿੱਚ ਪਾਟੇ ਹੋਣ ਅਤੇ ਜੋ ਜੁਗਾਲੀ ਕਰਦਾ ਹੈ।
7 ਪਰ ਊਠਾਂ, ਖਰਗੋਸ਼ਾਂ ਜਾਂ ਪਹਾੜੀ ਬਿਜੂਆਂ ਨੂੰ ਨਾ ਖਾਣਾ। ਇਹ ਜਾਨਵਰ ਜੁਗਾਲੀ ਕਰਦੇ ਹਨ, ਪਰ ਇਨ੍ਹਾਂ ਦੇ ਪੈਰ ਨਹੀਂ ਪਾਟੇ ਹੁੰਦੇ। ਇਸ ਲਈ ਇਹ ਜਾਨਵਰ ਤੁਹਾਡੇ ਲਈ ਨਾਪਾਕ ਹਨ।
8 ਤੁਹਾਨੂੰ ਸੂਰ ਬਿਲਕੁਲ ਨਹੀਂ ਖਾਣੇ ਚਾਹੀਦੇ। ਉਨ੍ਹਾਂ ਦੇ ਪੈਰ ਤਾਂ ਪਾਟੇ ਹੁੰਦੇ ਹਨ ਪਰ ਉਹ ਜੁਗਾਲੀ ਨਹੀਂ ਕਰਦੇ। ਇਸ ਲਈ ਸੂਰ ਤੁਹਾਡੇ ਵਾਸਤੇ ਨਾਪਾਕ ਹਨ। ਇਸ ਲਈ ਕਿਸੇ ਵੀ ਸੂਰ ਦਾ ਮਾਸ ਨਾ ਖਾਉ ਅਤੇ ਸੂਰ ਦੀ ਲਾਸ਼ ਨੂੰ ਵੀ ਨਾ ਛੂਹੋ।
9 “ਪਾਣੀ ਵਿੱਚ ਰਹਿਣ ਵਾਲੇ ਸਾਰੇ ਪ੍ਰਾਣੀਆਂ ਵਿੱਚੋਂ, ਤੁਸੀਂ ਕਿਸੇ ਵੀ ਪਰਾਂਤੇ ਚਾਨਿਆਂ ਵਾਲੇ ਪ੍ਰਾਣੀਆਂ ਨੂੰ ਖਾ ਸਕਦੇ ਹੋ।
10 ਪਰ ਤੁਹਾਨੂੰ ਪਰਾਂ ਅਤੇ ਚਾਨੇ ਨਾ ਹੋਣ ਵਾਲੇ ਪ੍ਰਾਣੀਆਂ ਨੂੰ ਨਹੀਂ ਖਾਣਾ ਚਾਹੀਦਾ। ਉਹ ਤੁਹਾਡੇ ਲਈ ਨਾਪਾਕ ਹਨ।
11 “ਤੁਸੀਂ ਕੋਈ ਵੀ ਪਾਕ ਪੰਛੀ ਖਾ ਸਕਦੇ ਹੋ।
12 ਪਰ ਇਨ੍ਹਾਂ ਵਿੱਚੋਂ ਕੋਈ ਵੀ ਪੰਛੀ ਨਹੀਂ ਖਾਣਾ: ਬਾਜ਼, ਗਿਰਝ, ਹੱਡ ਖੋਰ,
13 ਲਾਲ ਇੱਲ, ਸਮੁੰਦਰੀ ਬਾਜ਼, ਕਿਸੇ ਵੀ ਤਰ੍ਹਾਂ ਦੀ ਇੱਲ,
14 ਕਿਸੇ ਵੀ ਤਰ੍ਹਾਂ ਦਾ ਕਾਂ,
15 ਸਿਂਗਾ ਵਾਲੇ ਉੱਲੂ, ਮਾਹੀਗੀਰ, ਕਿਸੇ ਵੀ ਤਰ੍ਹਾਂ ਦਾ ਬਾਜ਼,
16 ਛੋਟਾ ਉੱਲੂ, ਵੱਡਾ ਉੱਲੂ, ਸਫ਼ੇਦ ਉੱਲੂ,
17 ਮਾਰੂਥਲ ਦੇ ਉੱਲੂ, ਓਸ ਪ੍ਰੇਰ, ਕੋਰਮੋਰੇਂਟ,
18 ਬਗਲੇ ਅਤੇ ਕਿਸੇ ਵੀ ਤਰ੍ਹਾਂ ਦੇ ਲੰਮ ਢੀਂਗ, ਹੂਪੋ ਜਾਂ ਚਮਗਿੱਦੜ,
19 “ਫ਼ਰਾਂ ਵਾਲੇ ਸਾਰੇ ਕੀੜੇ ਨਾਪਾਕ ਹਨ। ਇਸ ਲਈ ਉਹ ਨਹੀਂ ਖਾਣੇ।
20 ਪਰ ਤੁਸੀਂ ਕੋਈ ਵੀ ਪਾਕ ਪੰਛੀ ਖਾ ਸਕਦੇ ਹੋ।
21 “ਕਿਸੇ ਵੀ ਆਪੇ ਮਰੇ ਹੋਏ ਜਾਨਵਰ ਨੂੰ ਨਹੀਂ ਖਾਣਾ। ਤੁਸੀਂ ਇਸ ਮੁਰਦਾ ਜਾਨਵਰ ਨੂੰ ਆਪਣੇ ਸ਼ਹਿਰ ਦੇ ਕਿਸੇ ਵਿਦੇਸ਼ੀ ਨੂੰ ਦੇ ਸਕਦੇ ਹੋ, ਪਰ ਤੁਹਾਨੂੰ ਇਸ ਮੁਰਦਾ ਜਾਨਵਰ ਨੂੰ ਨਹੀਂ ਖਾਣਾ ਚਾਹੀਦਾ। ਕਿਉਂਕਿ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ ਦੇ ਲੋਕ ਹੋ। ਤੁਸੀਂ ਉਸਦੇ ਖਾਸ ਲੋਕ ਹੋ।“ਕਿਸੇ ਵੀ ਛੋਟੀ ਬੱਕਰੀ ਨੂੰ ਇਸਦੀ ਮਾਂ ਦੇ ਦੁਧ ਵਿੱਚ ਨਾ ਉਬਾਲੋ।
22 “ਹਰ ਸਾਲ ਤੁਹਾਨੂੰ ਆਪਣੇ ਖੇਤਾਂ ਵਿੱਚ ਉੱਗਣ ਵਾਲੀਆਂ ਸਾਰੀਆਂ ਫ਼ਸਲਾਂ ਦਾ ਦਸਵੰਧ ਜ਼ਰੂਰ ਕਢਣਾ ਚਾਹੀਦਾ ਹੈ।
23 ਫ਼ੇਰ ਤੁਹਾਨੂੰ ਉਸ ਜਗ਼੍ਹਾ ਉੱਤੇ, ਯਹੋਵਾਹ ਆਪਣੇ ਪਰਮੇਸ਼ੁਰ ਨਾਲ ਹੋਣ ਲਈ ਜਾਣਾ ਚਾਹੀਦਾ ਜਿਸਨੂੰ ਯਹੋਵਾਹ ਨੇ ਆਪਣੇ ਨਾਮ ਲਈ ਰਿਹਾਇਸ਼ ਦੀ ਜਗ਼੍ਹਾ ਵਜੋਂ ਚੁਣਿਆ ਹੈ। ਤੁਸੀਂ ਆਪਣੀ ਫ਼ਸਲ ਦਾ ਦਸਵੰਧ, ਨਵੀਂ ਮੈਅ, ਤੇਲ ਆਪਣੇ ਇੱਜੜ ਅਤੇ ਵੱਗਾਂ ਦੇ ਪਲੇਠਿਆਂ ਨੂੰ ਖਾ ਸਕਦੇ ਹੋ। ਇਸ ਤਰ੍ਹਾਂ, ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ ਦੀ ਇੱਜ਼ਤ ਕਰਨੀ ਸਿਖ੍ਖ ਜਾਵੋਂਗੇ।
24 ਪਰ ਹੋ ਸਕਦਾ ਹੈ ਕਿ ਉਹ ਸਥਾਨ ਤੁਹਾਡੇ ਲਈ ਲੰਮੀ ਮੁਸਾਫ਼ਰੀ ਵਾਲਾ ਹੋਵੇ। ਹੋ ਸਕਦਾ ਹੈ ਕਿ ਤੁਸੀਂ ਆਪਣੀਆਂ ਉਨ੍ਹਾਂ ਸਾਰੀਆਂ ਫ਼ਸਲਾਂ ਦਾ ਦਸਵੰਧ ਚੁੱਕੇ ਨਾ ਲੈ ਜਾ ਸਕੋ ਜਿਸਦੀ ਤੁਹਾਨੂੰ ਯਹੋਵਾਹ ਨੇ ਅਸੀਸ ਦਿੱਤੀ ਹੈ। ਜੇ ਅਜਿਹਾ ਵਾਪਰੇ, ਤਾਂ
25 ਆਪਣੀਆਂ ਫ਼ਸਲਾਂ ਦੇ ਉਸ ਹਿੱਸੇ ਨੂੰ ਵੇਚ ਦੇਵੋ। ਆਪਣੇ ਨਾਲ ਉਹ ਪੈਸਾ ਲੈਕੇ ਉਸ ਖਾਸ ਸਥਾਨ ਉੱਤੇ ਜਾਉ ਜਿਸਦੀ ਯਹੋਵਾਹ ਨੇ ਚੋਣ ਕੀਤੀ ਹੈ।
26 ਉਸ ਪੈਸੇ ਨਾਲ ਆਪਣੀ ਇਛਾ ਅਨੁਸਾਰ ਕੋਈ ਵੀ ਚੀਜ਼ ਖਰੀਦੋ - ਗਾਵਾਂ, ਭੇਡਾਂ, ਮੈਅ ਜਾਂ ਬੀਅਰ ਜਾਂ ਕੋਈ ਹੋਰ ਭੋਜਨ। ਫ਼ੇਰ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਉਸ ਸਥਾਨ ਉੱਤੇ ਯਹੋਵਾਹ, ਆਪਣੇ ਪਰਮੇਸ਼ੁਰ ਨਾਲ ਭੋਜਨ ਦਾ ਆਨੰਦ ਮਾਨਣਾ ਚਾਹੀਦਾ ਹੈ।
27 ਪਰ ਆਪਣੇ ਸ਼ਹਿਰ ਵਿੱਚ ਰਹਿਣ ਵਾਲੇ ਲੇਵੀਆਂ ਨੂੰ ਨਾ ਭੁੱਲਣਾ। ਆਪਣਾ ਭੋਜਨ ਉਨ੍ਹਾਂ ਨਾਲ ਸਾਂਝਾ ਕਰਨਾ। ਕਿਉਂਕਿ ਉਨ੍ਹਾਂ ਕੋਲ ਤੁਹਾਡੇ ਵਾਂਗ ਧਰਤੀ ਦਾ ਹਿੱਸਾ ਨਹੀਂ ਹੈ।
28 “ਹਰ ਤਿੰਨ ਸਾਲ ਬਾਦ, ਤੁਹਾਨੂੰ ਉਸ ਸਾਲ ਦੀ ਆਪਣੀ ਫ਼ਸਲ ਦਾ ਦਸਵੰਧ ਇਕਤ੍ਰ੍ਰ ਕਰਨਾ ਚਾਹੀਦਾ ਹੈ। ਇਸ ਭੋਜਨ ਨੂੰ ਆਪਣੇ ਕਸਬਿਆਂ ਵਿੱਚ ਜਮ੍ਹਾਂ ਕਰੋ ਜਿਥੋਂ ਹੋਰ ਲੋਕ ਇਸਨੂੰ ਵਰਤ ਸਕਦੇ ਹੋਣ।
29 ਇਹ ਭੋਜਨ ਲੇਵੀਆਂ ਲਈ ਹੈ, ਕਿਉਂਕਿ ਉਨ੍ਹਾਂ ਕੋਲ ਧਰਤੀ ਦਾ ਕੋਈ ਆਪਣਾ ਹਿੱਸਾ ਨਹੀਂ ਹੈ। ਇਹ ਭੋਜਨ ਤੁਹਾਡੇ ਕਸਬੇ ਦੇ ਹੋਰਨਾ ਲੋੜਵੰਦ ਲੋਕਾਂ ਲਈ ਹੈ। ਇਹ ਭੋਜਨ ਵਿਦੇਸ਼ੀਆਂ, ਵਿਧਵਾਵਾਂ ਅਤੇ ਯਤੀਮਾਂ ਲਈ ਹੈ। ਜੇ ਤੁਸੀਂ ਅਜਿਹਾ ਕਰੋਂਗੇ ਤਾਂ ਯਹੋਵਾਹ, ਤੁਹਾਡਾ ਪਰਮੇਸ਼ੁਰ ਤੁਹਾਨੂੰ ਹਰ ਤਰ੍ਹਾਂ ਦੀ ਅਸੀਸ ਦੇਵੇਗਾ।