ਕਾਂਡ 26
1 “ਤੁਸੀਂ ਛੇਤੀ ਹੀ ਉਸ ਧਰਤੀ ਵਿੱਚ ਦਾਖਲ ਹੋਵੋਂਗੇ ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ। ਤੁਸੀਂ ਉਸ ਧਰਤੀ ਉੱਤੇ ਕਬਜ਼ਾ ਕਰੋਂਗੇ ਅਤੇ ਉਥੇ ਰਹੋਂਗੇ।
2 ਤੁਸੀਂ ਉਹ ਫ਼ਸਲਾਂ ਇਕੱਠੀਆਂ ਕਰੋਂਗੇ ਜਿਹੜੀਆਂ ਉਸ ਧਰਤੀ ਉੱਤੇ ਉੱਗਦੀਆਂ ਹਨ ਜਿਹੜੀ ਯਹੋਵਾਹ ਤੁਹਾਨੂੰ ਦੇ ਰਿਹਾ ਹੈ ਤੁਹਾਨੂੰ ਚਾਹੀਦਾ ਹੈ ਕਿ ਪਹਿਲੀ ਫ਼ਸਲ ਨੂੰ ਟੋਕਰਿਆਂ ਵਿੱਚ ਇਕਠੀ ਕਰ ਲਵੋ। ਫ਼ੇਰ ਆਪਣੀ ਫ਼ਸਲ ਦਾ ਪਹਿਲਾ ਹਿੱਸਾ ਉਸ ਥਾਂ ਲੈ ਜਾਵੋ ਜਿਸਨੂੰ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਆਪਣੇ ਨਾਮ ਦੀ ਰਿਹਾਇਸ਼ ਲਈ ਚੁਣਿਆ ਹੈ।
3 ਉਸ ਜਾਜਕ ਕੋਲ ਜਾਵੋ ਜਿਹੜਾ ਉਸ ਵੇਲੇ ਸੇਵਾ ਕਰ ਰਿਹਾ ਹੋਵੇ। ਉਸਨੂੰ ਆਖੋ, ‘ਯਹੋਵਾਹ ਨੇ ਸਾਡੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ ਕਿ ਉਹ ਸਾਨੂੰ ਕੁਝ ਧਰਤੀ ਦੇਵੇਗਾ। ਅੱਜ ਮੈਂ ਯਹੋਵਾਹ, ਤੁਹਾਡੇ ਪਰਮੇਸ਼ੁਰ, ਦੇ ਸਾਮ੍ਹਣੇ ਇਹ ਐਲਾਨ ਕਰਨ ਲਈ ਆਇਆ ਹਾਂ ਕਿ ਮੈਂ ਉਸ ਧਰਤੀ ਉੱਤੇ ਆ ਗਿਆ ਹਾਂ!’
4 “ਫ਼ੇਰ ਜਾਜਕ ਤੁਹਾਡੇ ਪਾਸੋਂ ਟੋਕਰੀ ਲੈ ਲਵੇਗਾ। ਉਹ ਇਸਨੂੰ ਯਹੋਵਾਹ, ਤੁਹਾਡੇ ਪਰਮੇਸ਼ੁਰ, ਦੀ ਜਗਵੇਦੀ ਦੇ ਸਾਮ੍ਹਣੇ ਰੱਖ ਦੇਵੇਗਾ।
5 ਫ਼ੇਰ ਉਥੇ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਸਨਮੁਖ ਇਹ ਆਖੋਂਗੇ: ‘ਮੇਰਾ ਪੁਰਖਾ ਇੱਕ ਖਾਣਾਬਦੋਸ਼ ਅਰਾਮੀ ਸੀ। ਉਹ ਮਿਸਰ ਵਿੱਚ ਗਿਆ ਅਤੇ ਉਥੇ ਰਹਿ ਪਿਆ। ਜਦੋਂ ਉਹ ਉਥੇ ਗਿਆ ਸੀ ਤਾਂ ਉਸਦਾ ਪਰਿਵਾਰ ਛੋਟਾ ਸੀ। ਪਰ ਮਿਸਰ ਵਿੱਚ ਉਹ ਇੱਕ ਮਹਾਨ ਕੌਮ ਬਣ ਗਿਆ - ਬਹੁਤ ਸਾਰੇ ਲੋਕਾਂ ਦੀ ਤਾਕਤਵਰ ਕੌਮ
6 ਮਿਸਰੀਆਂ ਨੇ ਸਾਡੇ ਨਾਲ ਬੁਰਾ ਵਿਹਾਰ ਕੀਤਾ। ਉਨ੍ਹਾਂ ਨੇ ਸਾਨੂੰ ਗੁਲਾਮ ਬਣਾਇਆ। ਉਨ੍ਹਾਂ ਨੇ ਸਾਨੂੰ ਦੁੱਖ ਦਿੱਤੇ ਅਤੇ ਸਾਡੇ ਕੋਲੋਂ ਬਹੁਤ ਮੁਸ਼ਕ੍ਕਤ ਕਰਵਾਈ।
7 ਫ਼ੇਰ ਅਸੀਂ ਯਹੋਵਾਹ, ਸਾਡੇ ਪੁਰਖਿਆਂ ਦੇ ਅਰਮੇਸ਼ੁਰ ਅੱਗੇ ਪੁਕਾਰ ਕੀਤੀ ਅਤੇ ਉਨ੍ਹਾਂ ਵਿਰੁੱਧ ਸ਼ਿਕਾਇਤ ਕੀਤੀ। ਯਹੋਵਾਹ ਨੇ ਸਾਡੀ ਗੱਲ ਸੁਣੀ, ਸਾਡੀਆਂ ਸਮਸਿਆਵਾਂ, ਸਾਡੀ ਸਖ਼ਤ ਮਿਹਨਤ ਅਤੇ ਸਾਡੀਆਂ ਮੁਸੀਬਤਾਂ ਵੇਖ ਲਈਆਂ।
8 ਫ਼ੇਰ ਯਹੋਵਾਹ ਸਾਨੂੰ ਆਪਣੀ ਮਹਾਨ ਸ਼ਕਤੀ ਅਤੇ ਤਾਕਤ ਨਾਲ ਮਿਸਰ ਵਿੱਚੋਂ ਕਢ ਲਿਆਇਆ। ਉਸਨੇ ਵੱਡੇ ਕਰਿਸ਼ਮੇ ਦਿਖਾਏ। ਉਸਨੇ ਹੈਰਾਨੀ ਭਰੀਆਂ ਗੱਲਾਂ ਕੀਤੀਆਂ।
9 ਇਸ ਤਰ੍ਹਾਂ ਉਹ ਸਾਨੂੰ ਇਸ ਥਾਂ ਉੱਤੇ ਲੈ ਆਇਆ। ਉਸਨੇ ਸਾਨੂੰ ਇਹ ਧਰਤੀ ਦੇ ਦਿੱਤੀ - ਬਹੁਤ ਸਾਰੀਆਂ ਨਿਆਮਤਾ ਨਾਲ ਭਰੀ ਹੋਈ ਧਰਤੀ।
10 ਹੁਣ ਯਹੋਵਾਹ, ਮੈਂ ਤੁਹਾਡੇ ਲਈ, ਤੁਹਾਡੀ ਦਿੱਤੀ ਹੋਈ ਧਰਤੀ ਦੀ ਪਹਿਲੀ ਫ਼ਸਲ ਲੈਕੇ ਆਇਆ ਹਾਂ।’“ਫ਼ੇਰ ਤੁਹਾਨੂੰ ਪਹਿਲੇ ਫ਼ਲਾਂ ਦੀ ਟੋਕਰੀ ਯਹੋਵਾਹ, ਆਪਣੇ ਪਰਮੇਸ਼ੁਰ, ਅੱਗੇ ਰੱਖ ਦੇਣੀ ਚਾਹੀਦੀ ਹੈ ਅਤੇ ਤੁਹਾਨੂੰ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਝੁਕ ਜਾਣਾ ਚਾਹੀਦਾ ਹੈ।
11 ਫ਼ੇਰ ਤੁਹਾਨੂੰ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਮਾਨਣਾ ਚਾਹੀਦਾ ਹੈ ਜਿਹੜੀਆਂ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਦਿੱਤੀਆਂ ਹਨ। ਤੁਹਾਨੂੰ ਉਹ ਚੀਜ਼ਾਂ ਲੇਵੀਆਂ ਅਤੇ ਤੁਹਾਡੇ ਦਰਮਿਆਨ ਰਹਿੰਦੇ ਵਿਦੇਸ਼ੀਆਂ ਨਾਲ ਵੀ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ।
12 “ਹਰ ਤੀਸਰਾ ਵਰ੍ਹਾ ਤਿਥਿਆ ਦਾ ਵਰ੍ਹਾ ਹੈ। ਇਸ ਵਰ੍ਹੇ, ਤੁਹਾਨੂੰ ਆਪਣੀਆਂ ਫ਼ਸਲਾਂ ਦਾ ਦਸਵੰਧ ਲੇਵੀਆਂ, ਆਪਣੀ ਧਰਤੀ ਉੱਤੇ ਰਹਿੰਦੇ ਵਿਦੇਸ਼ੀਆਂ, ਵਿਧਵਾਵਾ ਅਤੇ ਯਤੀਮਾਂ ਨੂੰ ਦੇਣਾ ਚਾਹੀਦਾ ਹੈ। ਫ਼ੇਰ ਉਨ੍ਹਾਂ ਲੋਕਾਂ ਕੋਲ ਤੁਹਾਡੇ ਸ਼ਹਿਰ ਵਿੱਚ ਕਾਫ਼ੀ ਭੋਜਨ ਹੋਵੇਗਾ।
13 ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਆਖਣਾ ਚਾਹੀਦਾ ਹੈ, ‘ਮੈਂ ਆਪਣੇ ਘਰ ਵਿੱਚੋਂ ਆਪਣੀ ਫ਼ਸਲ ਦਾ ਪਵਿੱਤਰ ਹਿੱਸਾ ਕਢ ਲਿਆ ਹੈ। ਮੈਂ ਇਹ ਲੇਵੀਆਂ ਨੂੰ, ਵਿਦੇਸ਼ੀਆਂ ਨੂੰ, ਵਿਧਵਾਵਾ ਅਤੇ ਬੱਚਿਆਂ ਨੂੰ ਦੇ ਦਿੱਤਾ ਹੈ। ਮੈਂ ਉਨ੍ਹਾਂ ਸਾਰੇ ਆਦੇਸ਼ਾ ਦੀ ਪਾਲਣਾ ਕੀਤੀ ਹੈ ਜਿਹੜੇ ਤੁਸੀਂ ਮੈਨੂੰ ਦਿੱਤੇ ਹਨ। ਮੈਂ ਤੁਹਾਡੇ ਕਿਸੇ ਵੀ ਆਦੇਸ਼ ਦੀ ਪਾਲਣਾ ਕਰਨ ਤੋਂ ਇਨਕਾਰ ਨਹੀਂ ਕੀਤਾ। ਮੈਂ ਉਨ੍ਹਾਂ ਨੂੰ ਭੁਲਿਆ ਨਹੀਂ ਹਾਂ।
14 ਮੈਂ ਇਹ ਭੋਜਨ ਸੋਗ ਸਮੇਂ ਨਹੀਂ ਖਾਧਾ। ਜਦੋਂ ਮੈਂ ਭੋਜਨ ਇਕੱਤਰ ਕੀਤਾ ਸੀ, ਮੈਂ ਪਲੀਤ ਨਹੀਂ ਸਾਂ। ਮੈਂ ਇਸ ਭੋਜਨ ਦਾ ਕੋਈ ਵੀ ਹਿੱਸਾ ਮੁਰਦਿਆਂ ਨੂੰ ਭੇਟ ਨਹੀਂ ਕੀਤਾ। ਮੈਂ ਯਹੋਵਾਹ ਮੇਰੇ ਪਰਮੇਸ਼ੁਰ ਨੂੰ ਮੰਨਿਆ ਹੈ। ਮੈਂ ਉਹ ਸਾਰੀਆਂ ਗੱਲਾਂ ਕੀਤੀਆਂ ਹਨ ਜਿਨ੍ਹਾਂ ਦਾ ਤੁਸੀਂ ਮੈਨੂੰ ਹੁਕਮ ਦਿੱਤਾ ਸੀ।
15 ਆਪਣੇ ਪਵਿੱਤਰ ਘਰ, ਅਕਾਸ਼ ਵਿੱਚੋਂ ਹੇਠਾਂ ਤੱਕੋ ਅਤੇ ਆਪਣੇ ਇਸਰਾਏਲੀ ਲੋਕਾਂ ਨੂੰ ਅਸੀਸ ਦਿਉ ਅਤੇ ਸਾਨੂੰ ਦਿੱਤੀ ਹੋਈ ਧਰਤੀ ਨੂੰ ਅਸੀਸ ਦੇਵੋ। ਤੁਸੀਂ ਸਾਡੇ ਪੁਰਖਿਆਂ ਨਾਲ, ਸਾਨੂੰ ਚੰਗੀਆਂ ਚੀਜ਼ਾਂ ਨਾਲ ਭਰੀ ਹੋਈ ਇਹ ਧਰਤੀ ਦੇਣ ਦਾ ਇਕਰਾਰ ਕੀਤਾ ਸੀ।’
16 “ਅੱਜ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਇਨ੍ਹਾਂ ਸਾਰੇ ਕਾਨੂੰਨਾ ਅਤੇ ਬਿਧੀਆਂ ਨੂੰ ਮੰਨਣ ਦਾ ਹੁਕਮ ਦਿੰਦਾ ਹੈ। ਇਨ੍ਹਾਂ ਨੂੰ ਆਪਣੇ ਤਹੇ-ਦਿਲੋਂ ਅਤੇ ਆਪਣੀ ਪੂਰੀ ਰੂਹ ਨਾਲ ਮੰਨਣਾ ਚੇਤੇ ਰੱਖੋ।
17 ਅੱਜ ਤੁਸੀਂ ਆਖਿਆ ਹੈ ਕਿ ਯਹੋਵਾਹ, ਤੁਹਾਡਾ ਪਰਮੇਸ਼ੁਰ ਹੈ। ਤੁਸੀਂ ਉਸਦੀ ਰਜ਼ਾ ਅਨੁਸਾਰ ਜਿਉਣ ਦਾ ਇਕਰਾਰ ਕੀਤਾ ਹੈ। ਤੁਸੀਂ ਉਸ ਦੀਆਂ ਸਿੱਖਿਆਵਾਂ ਅਤੇ ਚੱਲਣ, ਅਤੇ ਉਸਦੇ ਨੇਮਾਂ ਅਤੇ ਆਦੇਸ਼ਾ ਦੀ ਪਾਲਣਾ ਕਰਨ ਦਾ ਇਕਰਾਰ ਕੀਤਾ ਹੈ। ਤੁਸੀਂ ਆਖਿਆ ਸੀ ਕਿ ਤੁਸੀਂ ਹਰ ਉਸ ਗੱਲ ਕਰੋਂਗੇ ਜਿਹੜੀ ਉਹ ਤੁਹਾਨੂੰ ਕਰਨ ਲਈ ਆਖਦਾ ਹੈ।
18 ਇਸ ਲਈ ਅੱਜ ਯਹੋਵਾਹ ਨੇ ਤੁਹਾਨੂੰ ਆਪਣੇ ਬਹੁਮੁੱਲੇ ਲੋਕਾਂ ਵਜੋਂ ਪ੍ਰਵਾਨ ਕੀਤਾ ਹੈ। ਉਸਨੇ ਤੁਹਾਡੇ ਨਾਲ ਇਹ ਇਕਰਾਰ ਕੀਤਾ ਸੀ। ਯਹੋਵਾਹ ਨੇ ਇਹ ਵੀ ਆਖਿਆ ਹੈ ਕਿ ਤੁਹਾਨੂੰ ਉਸਦੇ ਸਾਰੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
19 ਯਹੋਵਾਹ ਤੁਹਾਨੂੰ ਆਪਣੀਆਂ ਸਾਜੀਆਂ ਹੋਈਆਂ ਸਮੂਹ ਕੌਮਾਂ ਵਿੱਚੋਂ ਸਭ ਤੋਂ ਮਹਾਨ ਬਣਾਵੇਗਾ। ਉਹ ਤੁਹਾਨੂੰ ਇੱਜ਼ਤ, ਸ਼ੁਹਰਤ ਅਤੇ ਮਾਹਨਤਾ ਬਖਸ਼ੇਗਾ। ਅਤੇ ਤੁਸੀਂ ਉਸਦੇ ਖਾਸ ਲੋਕ ਹੋਵੋਂਗੇ, ਜਿਵੇਂ ਕਿ ਉਸਨੇ ਇਕਰਾਰ ਕੀਤਾ ਸੀ।”