ਕਾਂਡ 23
1 “ਉਹ ਬੰਦਾ ਜਿਸਦਾ ਅੰਡਕੋਸ਼ ਚਿਥਿਆ ਗਿਆ ਹੋਵੇ ਜਾਂ ਉਸਦਾ ਜਿਨਸੀ ਅੰਗ ਕਟ ਗਿਆ ਹੋਵੇ, ਯਹੋਵਾਹ ਦੀ ਸਭਾ ਵਿੱਚ ਸ਼ਾਮਿਲ ਨਹੀਂ ਹੋ ਸਕਦਾ।
2 ਜੇਕਰ ਕੋਈ ਵਿਅਕਤੀ ਅਣਵਿਆਹੇ ਮਾਪਿਆਂ ਦਾ ਬੱਚਾ ਹੋਵੇ, ਉਹ ਵੀ ਯਹੋਵਾਹ ਦੇ ਸਮਾਜ ਦਾ ਹਿੱਸਾ ਨਹੀਂ ਹੋ ਸਕਦਾ। ਉਸਦੀ
10 ਵੀਂ ਪੀੜੀ ਦੇ ਉੱਤਰਾਧਿਕਾਰੀ ਵੀ ਯਹੋਵਾਹ ਦੇ ਸਮਾਜ ਦਾ ਹਿੱਸਾ ਨਹੀਂ ਹੋ ਸਕਦੇ।
3 “ਕੋਈ ਵੀ ਅੰਮੋਨੀ ਜਾਂ ਮੋਆਬੀ ਯਹੋਵਾਹ ਦੀ ਸਭਾ ਵਿੱਚ ਸ਼ਾਮਿਲ ਨਹੀਂ ਹੋ ਸਕਦਾ। ਉਨ੍ਹਾਂ ਦੀ
10 ਵੀ ਪੀੜੀ ਦੇ ਉੱਤਰਾਧਿਕਾਰੀ ਜਾਂ ਉਸਤੋਂ ਵਧੇਰੇ ਵੀ ਕਦੇ ਵੀ ਯਹੋਵਾਹ ਦੇ ਸਮਾਜ ਦਾ ਹਿੱਸਾ ਨਹੀਂ ਹੋ ਸਕਦੇ।
4 ਕਿਉਂਕਿ ਅੰਮ੍ਮੋਨੀਆਂ ਅਤੇ ਮੋਆਬੀਆਂ ਨੇ ਤੁਹਾਡੀ ਉਸ ਯਾਤਰਾ ਵੇਲੇ ਜਦੋਂ ਤੁਸੀਂ ਮਿਸਰ ਤੋਂ ਆਏ ਸੀ ਤੁਹਾਨੂੰ ਰੋਟੀ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਨੇ ਬਿਲਆਮ ਨੂੰ ਪੈਸੇ ਦੇਕੇ ਤੁਹਾਨੂੰ ਸਰਾਪ ਦੇਣ ਦੀ ਕੋਸ਼ਿਸ਼ ਕੀਤੀ ਸੀ। (ਬਿਲਆਮ ਮਸੋਪੋਤਾਮੀਆਂ ਦੇ ਫ਼ਤੋਂਰ ਸ਼ਹਿਰ ਤੋਂ ਬਓਰ ਦਾ ਪੁੱਤਰ ਸੀ।)
5 ਪਰ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਬਿਲਆਮ ਦੀ ਗੱਲ ਨਹੀਂ ਸਣੀ ਅਤੇ ਉਸਨੇ ਉਸ ਸਰਾਪ ਨੂੰ ਤੁਹਾਡੇ ਵਾਸਤੇ ਅਸੀਸ ਵਿੱਚ ਬਦਲ ਦਿੱਤਾ। ਕਿਉਂਕਿ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਪਿਆਰ ਕਰਦਾ ਹੈ।
6 ਤੁਹਾਨੂੰ ਚਾਹੀਦਾ ਹੈ ਕਿ ਕਦੇ ਵੀ ਅੰਮੋਨੀ ਅਤੇ ਮੋਆਬੀ ਲੋਕਾਂ ਨਾਲ ਸ਼ਾਂਤੀ ਸਥਾਪਿਤ ਕਰਨ ਦੀ ਕੋਸ਼ਿਸ਼ ਕਰੋ। ਜਦੋਂ ਤੱਕ ਤੁਸੀਂ ਜਿਉਂਦੇ ਹੋ ਉਨ੍ਹਾਂ ਨਾਲ ਦੋਸਤੀ ਨਾ ਕਰੋ।
7 “ਤੁਹਾਨੂੰ ਕਿਸੇ ਅਦੋਮੀ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ, ਕਿਉਂ ਕਿ ਉਹ ਤੁਹਾਡਾ ਰਿਸ਼ਤੇਦਾਰ ਹੈ। ਤੁਹਾਨੂੰ ਕਿਸੇ ਮਿਸਰੀ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ, ਕਿਉਂਕਿ ਤੁਸੀਂ ਉਸਦੀ ਧਰਤੀ ਉੱਤੇ ਅਜਨਬੀ ਸੀ।
8 ਅਦੋਮੀਆਂ ਅਤੇ ਮਿਸਰੀਆਂ ਦੀ ਤੀਸਰੀ ਪੀੜੀ ਦੇ ਬੱਚੇ ਯਹੋਵਾਹ ਦੀ ਸਭਾ ਵਿੱਚ ਸ਼ਾਮਿਲ ਹੋ ਸਕਦੇ ਹਨ।
9 “ਜਦੋਂ ਤੁਹਾਡੀ ਫ਼ੌਜ ਤੁਹਾਡੇ ਦੁਸ਼ਮਣਾ ਨਾਲ ਲੜਨ ਜਾਵੇ ਤਾਂ ਹਰ ਉਸ ਚੀਜ਼ ਤੋਂ ਦੂਰ ਰਹਿਣਾ ਚਾਹੀਦਾ ਹੈ ਜਿਹੜੀ ਤੁਹਾਨੂੰ ਅਪਵਿੱਤਰ ਕਰਦੀ ਹੋਵੇ।
10 ਜੇ ਉਥੇ ਕੋਈ ਅਜਿਹਾ ਆਦਮੀ ਹੈ ਜਿਹੜਾ ਰਾਤ ਵੇਲੇ ਆਪਣੀ ਨੀਂਦ ਵਿੱਚ ਸੁਪਨਦੋਸ਼ ਕਾਰਣ ਪਲੀਤ ਹੋ ਗਿਆ ਹੋਵੇ, ਉਸਨੂੰ ਡੇਰੇ ਤੋਂ ਬਾਹਰ ਜਾਕੇ, ਸ਼ਾਮ ਤੀਕ ਉਥੇ ਰਹਿਣਾ ਚਾਹੀਦਾ ਹੈ।
11 ਤਾਂ, ਸ਼ਾਮ ਹੋਣ ਤੇ, ਉਸ ਬੰਦੇ ਨੂੰ ਪਾਣੀ ਨਾਲ ਇਸ਼ਨਾਨ ਕਰਨਾ ਚਾਹੀਦਾ ਹੈ। ਅਤੇ ਜਦੋਂ ਸੂਰਜ ਛੁਪ ਜਾਵੇ, ਉਹ ਡੇਰੇ ਵਿੱਚ ਵਾਪਸ ਆ ਸਕਦਾ ਹੈ।
12 “ਤੁਹਾਡੇ ਡੇਰੇ ਦੇ ਬਾਹਰ ਅਜਿਹੀ ਥਾਂ ਜ਼ਰੂਰ ਹੋਣੀ ਚਾਹੀਦੀ ਹੈ ਜਿਥੇ ਤੁਸੀਂ ਹਾਜ਼ਤ ਰਫ਼ਾ ਕਰ ਸਕੋ।
13 ਆਪਣੇ ਹਥਿਆਰਾਂ ਨਾਲ ਧਰਤੀ ਖੋਦਣ ਲਈ ਇੱਕ ਡੰਡਾ ਵੀ ਰੱਖੋ। ਫ਼ੇਰ ਹਾਜ਼ਤ ਰਫ਼ਾ ਕਰਨ ਤੋਂ ਬਾਦ ਤੁਸੀਂ ਉਸਨੂੰ ਢਕਣ ਲਈ ਟੋਆ ਪੁੱਟੋ।
14 ਕਿਉਂਕਿ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਦੁਸ਼ਮਣਾ ਨੂੰ ਹਰਾਉਣ ਵਿੱਚ ਸਹਾਇਤਾ ਕਰਨ ਲਈ ਤੁਹਾਡੇ ਨਾਲ ਤੁਹਾਡੇ ਡੇਰੇ ਵਿੱਚ ਹੈ। ਇਸ ਲਈ ਡੇਰੇ ਨੂੰ ਪਵਿੱਤਰ ਰਹਿਣਾ ਚਾਹੀਦਾ ਹੈ। ਫ਼ੇਰ ਯਹੋਵਾਹ ਨੂੰ ਕੋਈ ਘਿਰਣਿਤ ਸ਼ੈਅ ਨਜ਼ਰ ਨਹੀਂ ਆਵੇਗੀ ਅਤੇ ਉਹ ਤੁਹਾਨੂੰ ਛੱਡਕੇ ਨਹੀਂ ਜਾਵੇਗਾ।
15 “ਜੇ ਕੋਈ ਗੁਲਾਮ ਆਪਣੇ ਮਾਲਕ ਕੋਲੋਂ ਭੱਜਕੇ ਤੁਹਾਡੇ ਕੋਲ ਆ ਜਾਂਦਾ ਹੈ, ਤੁਹਾਨੂੰ ਇਸ ਗੁਲਾਮ ਨੂੰ ਉਸਦੇ ਸੁਆਮੀ ਨੂੰ ਵਾਪਸ ਨਹੀਂ ਕਰਨਾ ਚਾਹੀਦਾ।
16 ਇਹ ਗੁਲਾਮ ਤੁਹਾਡੇ ਨਾਲ ਜਿਥੇ ਚਾਹੇ ਰਹਿ ਸਕਦਾ ਹੈ। ਉਹ ਆਪਣੇ ਚੁਣੇ ਹੋਏ ਕਿਸੇ ਵੀ ਸ਼ਹਿਰ ਵਿੱਚ ਰਹਿ ਸਕਦਾ ਹੈ। ਤੁਹਾਨੂੰ ਉਸਨੂੰ ਕਸ਼ਟ ਨਹੀਂ ਦੇਣਾ ਚਾਹੀਦਾ।
17 “ਇਸਰਾਏਲੀ ਮਰਦ ਜਾਂ ਔਰਤ ਨੂੰ ਕਦੇ ਵੀ ਮੰਦਰ ਦੀ ਵੇਸਵਾ ਨਹੀਂ ਬਨਣਾ ਚਾਹੀਦਾ।
18 ਮਰਦ ਜਾਂ ਔਰਤ ਵੇਸਵਾ ਦੇ ਕਮਾਏ ਹੋਏ ਧੰਨ ਨੂੰ ਯਹੋਵਾਹ, ਤੁਹਾਡੇ ਪਰਮੇਸ਼ੁਰ ਦੇ ਖਾਸ ਸਥਾਨ ਉੱਤੇ ਨਹੀਂ ਲਿਆਉਣਾ ਚਾਹੀਦਾ। ਕੋਈ ਬੰਦਾ ਉਸ ਧੰਨ ਨੂੰ ਉਨ੍ਹਾਂ ਚੀਜ਼ਾਂ ਲਈ ਨਹੀਂ ਵਰਤ ਸਕਦਾ ਜਿਹੜੀਆਂ ਉਸਨੇ ਯਹੋਵਾਹ ਨੂੰ ਦੇਣ ਦਾ ਇਕਰਾਰ ਕੀਤਾ ਸੀ। ਕਿਉਂ? ਕਿਉਂਕਿ ਯਹੋਵਾਹ, ਤੁਹਾਡਾ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਨਫ਼ਰਤ ਕਰਦਾ ਹੈ ਜਿਹੜੇ ਜਿਨਸੀ ਪਾਪ ਲਈ ਆਪਣੇ ਜਿਸਮਾ ਦਾ ਵਪਾਰ ਕਰਦੇ ਹਨ।
19 “ਜਦੋਂ ਤੁਸੀਂ ਕਿਸੇ ਦੂਸਰੇ ਇਸਰਾਏਲੀ ਨੂੰ ਕੋਈ ਚੀਜ਼ ਉਧਾਰ ਦੇਵੋ ਤਾਂ ਤੁਹਾਨੂੰ ਉਸ ਉੱਤੇ ਸੂਦ ਨਹੀਂ ਲੈਣਾ ਚਾਹੀਦਾ। ਪੈਸੇ ਉੱਤੇ ਭੋਜਨ ਉੱਤੇ ਜਾਂ ਕਿਸੇ ਵੀ ਅਜਿਹੀ ਚੀਜ਼ ਉੱਤੇ ਸੂਦ ਨਹੀਂ ਲੈਣਾ ਜਿਸ ਉੱਤੇ ਸੂਦ ਲਿਆ ਜਾ ਸਕਦਾ ਹੋਵੇ,
20 ਤੁਸੀਂ ਕਿਸੇ ਵਿਦੇਸ਼ੀ ਪਾਸੋਂ ਸੂਦ ਲੈ ਸਕਦੇ ਹੋ। ਪਰ ਕਿਸੇ ਦੂਸਰੇ ਇਸਰਾਏਲੀ ਕੋਲੋਂ ਸੂਦ ਵਸੂਲ ਨਹੀਂ ਕਰਨਾ। ਜੇ ਤੁਸੀਂ ਇਨ੍ਹਾਂ ਬਿਧੀਆਂ ਦਾ ਪਾਲਨ ਕਰੋਂਗੇ ਤਾਂ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਉਸ ਧਰਤੀ ਵਿੱਚ ਜਿਥੇ ਤੁਸੀਂ ਰਹਿਣ ਲਈ ਜਾ ਰਹੇ ਹੋ, ਹਰ ਤਰ੍ਹਾਂ ਨਾਲ ਬਰਕਤ ਦੇਵੇਗਾ।
21 “ਜਦੋਂ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਨਾਲ ਕੋਈ ਇਕਰਾਰ ਕਰੋ ਤਾਂ ਕਦੇ ਵੀ ਇਕਰਾਰ ਕੀਤੀ ਹੋਈ ਚੀਜ਼ ਦੇਣ ਵਿੱਚ ਢਿਲ੍ਲ ਨਾ ਲਾਉ। ਕਿਉਂ? ਕਿਉਂਕਿ ਯਹੋਵਾਹ, ਤੁਹਾਡਾ ਪਰਮੇਸ਼ੁਰ, ਮੰਗ ਕਰੇਗਾ ਕਿ ਤੁਸੀਂ ਉਸਨੂੰ ਅਦਾ ਕਰੋ। ਜੇ ਤੁਸੀਂ ਉਹ ਚੀਜ਼ਾਂ ਨਹੀਂ ਦੇਵੋਂਗੇ ਜਿਨ੍ਹਾਂ ਦਾ ਇਕਰਾਰ ਕੀਤਾ ਸੀ ਤਾਂ ਤੁਸੀਂ ਪਾਪ ਕਰ ਰਹੇ ਹੋਵੋਂਗੇ।
22 ਜੇ ਤੁਸੀਂ ਕੋਈ ਇਕਰਾਰ ਨਹੀਂ ਕੀਤਾ ਤਾਂ ਤੁਸੀਂ ਪਾਪ ਨਹੀਂ ਕਰ ਰਹੇ।
23 ਪਰ ਤੁਹਾਨੂੰ ਉਹ ਜ਼ਰੂਰ ਕਰਨਾ ਚਾਹੀਦਾ ਜੋ ਤੁਸੀਂ ਆਖਿਆ ਸੀ ਕਿ ਕਰੋਂਗੇ। ਜੇ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ ਨਾਲ ਕੋਈ ਖਾਸ ਕਸਮ ਖਾਧੀ ਹੈ, ਇਹ ਤੁਸੀਂ ਹੀ ਸੀ ਜਿਨ੍ਹਾਂ ਨੇ ਖੁਦ ਆਪਣੀ ਇਛਾ ਕਸਮ ਖਾਧੀ ਸੀ। ਪਰਮੇਸ਼ੁਰ ਨੇ ਤੁਹਾਨੂੰ ਉਹ ਕਸਮ ਖਾਣ ਲਈ ਮਜ਼ਬੂਰ ਨਹੀਂ ਕੀਤਾ ਸੀ, ਇਸ ਲਈ ਤੁਹਾਨੂੰ ਇਸਨੂੰ ਪੂਰਾ ਕਰਨਾ ਚਾਹੀਦਾ ਹੈ।
24 “ਜਦੋਂ ਤੁਸੀਂ ਕਿਸੇ ਹੋਰ ਬੰਦੇ ਦੇ ਅੰਗੂਰਾਂ ਦੇ ਖੇਤ ਵਿੱਚੋਂ ਲੰਘੋ ਤਾਂ ਤੁਸੀਂ ਜਿੰਨੇ ਚਾਹੋ ਅੰਗੂਰ ਖਾ ਸਕਦੇ ਹੋ। ਪਰ ਤੁਸੀਂ ਕੋਈ ਵੀ ਅੰਗੂਰ ਆਪਣੀ ਟੋਕਰੀ ਵਿੱਚ ਪਾਕੇ ਨਹੀਂ ਲਿਜਾ ਸਕਦੇ।
25 ਜੇਕਰ ਤੁਸੀਂ ਕਿਸੇ ਹੋਰ ਵਿਅਕਤੀ ਦੇ ਖੇਤ ਵਿੱਚੋਂ ਲੰਘੇ ਹੋ, ਤੁਸੀਂ ਆਪਣੇ ਹੱਥਾਂ ਨਾਲ ਅਨਾਜ਼ ਦੀਆਂ ਬੱਲੀਆਂ ਤੋੜਕੇ ਜਿੰਨੀਆਂ ਚਾਹੋ ਖਾ ਸਕਦੇ ਹੋ, ਪਰ ਤੁਸੀਂ ਉਸਦਾ ਅਨਾਜ਼ ਵੱਢਣ ਲਈ ਦਾਤਰੀ ਇਸਤੇਮਾਲ ਨਹੀਂ ਕਰ ਸਕਦੇ।