ਕਾਂਡ 16
1 “ਅਬੀਬ ਦੇ ਮਹੀਨੇ ਨੂੰ ਚੇਤੇ ਰੱਖੋ। ਉਸ ਸਮੇਂ ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਆਦਰ ਵਿੱਚ ਪਸਹ ਦਾ ਜਸ਼ਨ ਮਨਾਉਣਾ ਚਾਹੀਦਾ ਹੈ। ਕਿਉਂਕਿ ਉਸ ਮਹੀਨੇ ਅੰਦਰ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਰਾਤ ਵੇਲੇ ਮਿਸਰ ਤੋਂ ਬਾਹਰ ਲੈ ਆਇਆ ਸੀ।
2 ਤੁਹਾਨੂੰ ਉਸ ਸਥਾਨ ਉੱਤੇ ਜਾਣਾ ਚਾਹੀਦਾ ਹੈ ਜਿਸਨੂੰ ਯਹੋਵਾਹ ਆਪਣਾ ਨਾਮ ਰੱਖਣ ਲਈ ਚੁਣੇਗਾ। ਉਥੇ ਤੁਹਾਨੂੰ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਪਸਹ ਦੀ ਬਲੀ ਚੜਾਉਣੀ ਚਾਹੀਦੀ ਹੈ। ਤੁਹਾਨੂੰ ਆਪਣੇ ਵੱਗ ਜਾਂ ਇੱਜੜ ਵਿੱਚੋਂ ਇੱਕ ਜਾਨਵਰ ਨੂੰ ਭੇਟ ਕਰਨਾ ਚਾਹੀਦਾ ਹੈ।
3 ਇਸ ਬਲੀ ਦੇ ਨਾਲ ਉਹ ਰੋਟੀ ਨਾ ਖਾਉ ਜਿਹੜੀ ਖਮੀਰੀ ਰੋਟੀ ਹੋਵੇ। ਤੁਹਾਨੂੰ ਸੱਤ ਦਿਨ ਤੱਕ ਪਤੀਰੀ ਰੋਟੀ ਖਾਣੀ ਚਾਹੀਦੀ ਹੈ। ਇਸ ਰੋਟੀ ਨੂੰ ‘ਮੁਸੀਬਤ ਦੀ ਰੋਟੀ’ ਆਖਦੇ ਹਨ। ਇਹ ਤੁਹਾਨੂੰ ਉਨ੍ਹਾਂ ਮੁਸੀਬਤਾਂ ਨੂੰ ਚੇਤੇ ਰੱਖਣ ਵਿੱਚ ਸਹਾਇਤਾ ਕਰੇਗੀ। ਜਿਹੜੀਆਂ ਤੁਸੀਂ ਮਿਸਰ ਵਿੱਚ ਝੱਲੀਆਂ ਸਨ। ਯਾਦ ਕਰੋ ਕਿੰਨੀ ਕਾਹਲੀ ਵਿੱਚ ਤੁਹਾਨੂੰ ਉਹ ਦੇਸ਼ ਛੱਡਣ ਪਿਆ ਸੀ। ਜਦੋਂ ਤੱਕ ਤੁਸੀਂ ਜਿਉਂਦੇ ਹੋ ਤੁਹਾਨੂੰ ਉਹ ਦਿਨ ਯਾਦ ਰੱਖਣਾ ਚਾਹੀਦਾ ਹੈ।
4 ਸਾਰੇ ਦੇਸ਼ ਵਿੱਚ ਕਿਸੇ ਵੀ ਘਰ ਅੰਦਰ ਸੱਤ ਦਿਨਾਂ ਤੱਕ ਕੋਈ ਖਮੀਰ ਨਹੀਂ ਹੋਣਾ ਚਾਹੀਦਾ ਅਤੇ ਇਹ ਵੀ ਕਿ ਉਹ ਸਾਰਾ ਮਾਸ ਜਿਹੜਾ ਤੁਸੀਂ ਪਹਿਲੇ ਦਿਨ ਦੀ ਸ਼ਾਮ ਨੂੰ ਬਲੀ ਚੜਾਉਂਦੇ ਹੋ ਸਵੇਰ ਤੋਂ ਪਹਿਲਾਂ ਖਾਧਾ ਜਾਣਾ ਚਾਹੀਦਾ ਹੈ।
5 “ਤੁਹਾਨੂੰ ਚਾਹੀਦਾ ਹੈ ਕਿ ਪਸਹ ਦੇ ਜਾਨਵਰ ਦੀ ਬਲੀ ਕਿਸੇ ਵੀ ਉਸ ਕਸਬੇ ਵਿੱਚ ਨਾ ਦਿਉ ਜਿਸਨੂੰ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦਿੰਦਾ ਹੈ।
6 ਤੁਹਾਨੂੰ ਪਸਹ ਦੇ ਜਾਨਵਰਾਂ ਦੀ ਬਲੀ ਸਿਰਫ਼ ਉਸੇ ਥਾਂ ਉੱਤੇ ਚੜਾਉਣੀ ਚਾਹੀਦੀ ਹੈ ਜਿਸਦੀ ਚੋਣ ਯਹੋਵਾਹ, ਤੁਹਾਡਾ ਪਰਮੇਸ਼ੁਰ, ਆਪਣੇ ਨਾਮ ਦੀ ਰਿਹਾਇਸ਼ ਦੇ ਸਥਾਨ ਵਜੋਂ ਕਰੇ। ਉਥੇ ਤੁਸੀਂ ਪਸਹ ਦੇ ਜਾਨਵਰ ਦੀ ਬਲੀ ਸੂਰਜ ਛੁਪਣ ਤੋਂ ਪਹਿਲਾਂ ਚੜਾਵੋਂਗੇ। ਇਹ ਪਰਬ ਤੁਹਾਨੂੰ ਉਸ ਦਿਨ ਦੀ ਯਾਦ ਕਰਾਵੇਗਾ ਜਿਸ ਦਿਨ ਪਰਮੇਸ਼ੁਰ ਤੁਹਾਨੂੰ ਮਿਸਰ ਵਿੱਚੋਂ ਬਾਹਰ ਲਿਆਇਆ ਸੀ।
7 ਤੁਹਾਨੂੰ ਪਸਹ ਦਾ ਮਾਸ ਉਸ ਸਥਾਨ ਉੱਤੇ ਰਿਂਨਣਾ ਚਾਹੀਦਾ ਹੈ ਜਿਸਦੀ ਚੋਣ ਯਹੋਵਾਹ, ਤੁਹਾਡਾ ਪਰਮੇਸ਼ੁਰ ਕਰੇਗਾ। ਫ਼ੇਰ ਸਵੇਰ ਵੇਲੇ ਤੁਸੀਂ ਵਾਪਸ ਘਰ ਜਾ ਸਕਦੇ ਹੋ।
8 ਤੁਹਾਨੂੰ ਛੇ ਦਿਨ ਤੱਕ ਬਿਨਾ ਖਮੀਰ ਵਾਲੀ ਰੋਟੀ ਜ਼ਰੂਰ ਖਾਣੀ ਚਾਹੀਦੀ ਹੈ। ਸੱਤਵੇ ਦਿਨ ਤੁਹਾਨੂੰ ਕੋਈ ਕੰਮ ਨਹੀਂ ਕਰਨਾ ਚਾਹੀਦਾ। ਇਸ ਦਿਨ ਲੋਕ ਯਹੋਵਾਹ, ਆਪਣੇ ਪਰਮੇਸ਼ੁਰ ਦੇ ਆਦਰ ਵਿੱਚ ਖਾਸ ਸਭਾ ਵਿੱਚ ਇਕਠੇ ਹੋਣਗੇ।
9 “ਤੁਹਾਨੂੰ ਅਨਾਜ਼ ਦੀ ਵਾਢੀ ਵਾਲੇ ਦਿਨ ਤੋਂ ਸੱਤ ਹਫ਼ਤੇ ਗਿਨਣੇ ਚਾਹੀਦੇ ਹਨ।
10 ਫ਼ੇਰ ਯਹੋਵਾਹ, ਆਪਣੇ ਪਰਮੇਸ਼ੁਰ ਲਈ ਹਫ਼ਤਿਆਂ ਦਾ ਪਰਬ ਮਨਾਉ। ਇਸਨੂੰ ਮਨਾਉਣ ਲਈ ਆਪਣੀ ਮਨ ਮਰਜ਼ੀ ਦੀ ਕੋਈ ਖਾਸ ਸੁਗਾਤ ਲੈਕੇ ਆਉ। ਇਹ ਨਿਰਣਾ ਇਹ ਸੋਚਦਿਆਂ ਹੋਇਆ ਕਰੋ ਕਿ ਯਹੋਵਾਹ, ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਕਿੰਨੀ ਕੁ ਬਰਕਤ ਦਿੱਤੀ।
11 ਉਸ ਸਥਾਨ ਉੱਤੇ ਜਾਉ ਜਿਸਨੂੰ ਯਹੋਵਾਹ ਆਪਣੇ ਨਾਮ ਦੀ ਰਿਹਾਇਸ਼ ਦੇ ਸਥਾਨ ਵਜੋਂ ਚੁਣੇਗਾ। ਤੈਨੂੰ ਅਤੇ ਤੁਹਾਡੇ ਲੋਕਾਂ ਨੂੰ ਉਥੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਾਮ੍ਹਣੇ ਆਨੰਦ ਮਾਨਣਾ ਚਾਹੀਦਾ। ਆਪਣੇ ਨਾਲ, ਆਪਣੇ ਪੁੱਤਰਾਂ, ਧੀਆਂ, ਆਪਣੇ ਸਾਰੇ ਨੌਕਰਾਂ, ਲੇਵੀਆਂ, ਵਿਦੇਸ਼ੀਆਂ, ਯਤੀਮਾਂ ਅਤੇ ਵਿਧਵਾਵਾਂ ਨੂੰ ਲੈ ਜਾਉ ਜਿਹੜੀਆਂ ਤੁਹਾਡੇ ਨਗਰਾਂ ਵਿੱਚ ਰਹਿੰਦੀਆਂ ਹਨ।
12 ਯਾਦ ਰੱਖੋ, ਮਿਸਰ ਵਿੱਚ ਤੁਸੀਂ ਗੁਲਾਮ ਸੀ। ਇਸ ਲਈ ਇਨ੍ਹਾਂ ਕਨੂੰਨਾ ਨੂੰ ਜ਼ਰੂਰ ਮੰਨੋ।
13 “ਖਲਵਾੜੇ ਵਿੱਚੋਂ ਅਤੇ ਵਾਈਨ ਪ੍ਰੈਸ ਵਿੱਚੋਂ ਆਪਣੀ ਫ਼ਸਲ ਇਕਠੀ ਕਰਨ ਦੇ ਸੱਤ ਦਿਨ ਬਾਦ ਤੁਹਾਨੂੰ ਡੇਰਿਆਂ ਦਾ ਪਰਬ ਮਨਾਉਣਾ ਚਾਹੀਦਾ ਹੈ।
14 ਸਾਰੇ ਮਿਲਕੇ ਇਸ ਤਿਉਹਾਰ ਦਾ ਆਨੰਦ ਮਾਣੋ - ਤੁਸੀਂ, ਤੁਹਾਡੇ ਪੁੱਤਰ, ਤੁਹਾਡੀਆਂ ਧੀਆਂ, ਤੁਹਾਡੇ ਸਾਰੇ ਨੌਕਰ ਅਤੇ ਲੇਵੀ, ਵਿਦੇਸ਼ੀ, ਯਤੀਮ ਅਤੇ ਵਿਧਵਾਵਾਂ ਜਿਹੜੇ ਵੀ ਤੁਹਾਡੇ ਕਸਬੇ ਵਿੱਚ ਰਹਿੰਦੇ ਹਨ।
15 ਯਹੋਵਾਹ ਦੁਆਰਾ ਚੁਣੇ ਹੋਏ ਸਥਾਨ ਉੱਤੇ ਸੱਤਾਂ ਦਿਨਾਂ ਤੱਕ ਇਹ ਪਰਬ ਮਨਾਉ। ਅਜਿਹਾ ਕਰੋ ਕਿ ਯਹੋਵਾਹ, ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਤੁਹਾਡੀਆਂ ਫ਼ਸਲਾਂ ਵਿੱਚ ਅਤੇ ਤੁਹਾਡੀਆਂ ਸਾਰੀਆਂ ਕਰਨੀਆਂ ਵਿੱਚ ਬਰਕਤ ਦਿੱਤੀ ਹੈ। ਇਸ ਲਈ ਤੁਹਾਨੂੰ ਆਨੰਦ ਮਾਨਣਾ ਚਾਹੀਦਾ ਹੈ।
16 “ਸਾਲ ਵਿੱਚ ਤਿੰਨ ਵਾਰੀ ਤੁਹਾਡੇ ਸਾਰੇ ਆਦਮੀਆਂ ਨੂੰ ਯਹੋਵਾਹ, ਆਪਣੇ ਪਰਮੇਸ਼ੁਰ ਨੂੰ ਮਿਲਣ ਵਾਸਤੇ ਉਸਦੇ ਚੁਣੇ ਹੋਏ ਖਾਸ ਸਥਾਨ ਉੱਤੇ ਆਉਣਾ ਚਾਹੀਦਾ ਹੈ। ਉਨ੍ਹਾਂ ਨੂੰ ਪਤੀਰੀ ਰੋਟੀ ਦੇ ਪਰਬ ਅਤੇ ਹਫ਼ਤਿਆਂ ਦੇ ਪਰਬ ਉੱਤੇ ਅਤੇ ਡੇਰਿਆਂ ਦੇ ਪਰਬ ਉੱਤੇ ਜ਼ਰੂਰ ਆਉਣਾ ਚਾਹੀਦਾ ਹੈ। ਹਰ ਉਹ ਬੰਦਾ ਜਿਹੜਾ ਯਹੋਵਾਹ ਨੂੰ ਮਿਲਣ ਆਉਂਦਾ ਹੈ ਕੋਈ ਸੁਗਾਤ ਜ਼ਰੂਰ ਲੈਕੇ ਆਵੇ।
17 ਹਰ ਬੰਦਾ ਆਪਣੀ ਸਮਰਥਾ ਅਨੁਸਾਰ ਦਾਨ ਕਰੇ। ਉਸਨੂੰ ਇਹ ਸੋਚਦਿਆਂ ਹੋਇਆ ਦਾਨ ਬਾਰੇ ਨਿਰਣਾ ਕਰਨਾ ਚਾਹੀਦਾ ਹੈ ਕਿ ਯਹੋਵਾਹ ਨੇ ਉਸਨੂੰ ਕਿੰਨਾ ਕੁਝ ਦਿੱਤਾ ਹੈ।
18 “ਹਰ ਉਸ ਨਗਰ ਵਿੱਚ, ਜਿਹੜਾ ਯਹੋਵਾਹ, ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇਵੇਗਾ, ਕੁਝ ਲੋਕਾਂ ਨੂੰ ਆਪਣੇ ਪਰਿਵਾਰਾਂ ਲਈ ਨਿਆਂਕਾਰਾਂ ਅਤੇ ਅਧਿਕਾਰੀਆਂ ਵਜੋਂ ਚੁਣੋ। ਹਰ ਪਰਿਵਾਰ-ਸਮੂਹ ਨੂੰ ਅਜਿਹਾ ਕਰਨਾ ਚਾਹੀਦਾ ਹੈ। ਅਤੇ ਉਹ ਸਾਰੇ ਲੋਕ ਜੋ ਨਿਆਂ ਕਰਨ, ਨਿਰਪਖ ਹੋਣੇ ਚਾਹੀਦੇ ਹਨ।
19 ਤੁਹਾਨੂੰ ਹਮੇਸ਼ਾ ਨਿਰਪਖ ਹੋਣਾ ਚਾਹੀਦਾ ਹੈ। ਤੁਹਾਨੂੰ ਕੁਝ ਲੋਕਾਂ ਨਾਲ ਹੋਰਨਾਂ ਦੇ ਮੁਕਾਬਲੇ ਰਿਆਇਤ ਨਹੀਂ ਕਰਨੀ ਚਾਹੀਦੀ। ਤੁਹਾਨੂੰ ਵਢੀ ਲੈਕੇ ਫ਼ੈਸਲਾ ਬਦਲਣਾ ਨਹੀਂ ਚਾਹੀਦਾ। ਪੈਸਾ ਸਿਆਣੇ ਲੋਕਾਂ ਦੀਆਂ ਅਖਾਂ ਅੰਨ੍ਹੀਆਂ ਕਰ ਦਿੰਦਾ ਹੈ ਅਤੇ ਚੰਗੇ ਬੰਦੇ ਦੀ ਗਵਾਹੀ ਨੂੰ ਬਦਲ ਦਿੰਦਾ ਹੈ।
20 ਨੇਕੀ ਅਤੇ ਨਿਰਪਖਤਾ! ਤੁਹਾਨੂੰ ਹਮੇਸ਼ਾ ਨੇਕ ਅਤੇ ਨਿਰਪਖ ਹੋਣ ਲਈ ਸਖਤ ਮਿਹਨਤ ਕਰਨੀ ਚਾਹੀਦੀ ਹੈ। ਫ਼ੇਰ ਤੁਸੀਂ ਹਮੇਸ਼ਾ ਉਸ ਧਰਤੀ ਵਿੱਚ ਰਹੋਂਗੇ, ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇ ਰਿਹਾ ਹੈ।
21 “ਜਦੋਂ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ ਲਈ ਜਗਵੇਦੀ ਉਸਾਰੋ, ਇਸਦੇ ਨੇੜੇ ਅਸ਼ੇਰਾਹ ਦੇ ਥਂਮ ਵਜੋਂ ਕੋਈ ਵੀ ਰੁਖ ਨਾ ਲਾਵੋ।
22 ਅਤੇ ਤੁਹਾਨੂੰ ਝੂਠੇ ਦੇਵਤਿਆਂ ਦੀ ਉਪਾਸਨਾ ਲਈ ਖਾਸ ਪੱਥਰ ਵੀ ਨਹੀਂ ਸਥਾਪਿਤ ਕਰਨੇ ਚਾਹੀਦੇ। ਯਹੋਵਾਹ, ਤੁਹਾਡਾ ਪਰਮੇਸ਼ੁਰ, ਇਨ੍ਹਾਂ ਚੀਜ਼ਾਂ ਨੂੰ ਨਫ਼ਰਤ ਕਰਦਾ ਹੈ।