ਰਸੂਲਾਂ ਦੇ ਕਰਤੱਬ

ਕਾਂਡ : 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28


ਕਾਂਡ 9

1 ਯਰੂਸ਼ਲਮ ਵਿੱਚ ਸੌਲੁਸ ਅਜੇ ਵੀ ਪ੍ਰਭੂ ਦੇ ਚੇਲਿਆਂ ਨੂੰ ਦਬਕਾਉਣ ਅਤੇ ਕਤਲ ਕਰਨ ਵਿੱਚ ਲੱਗਾ ਹੋਇਆ ਸੀ। ਇਸੇ ਲਈ ਉਹ ਸਰਦਾਰ ਜਾਜਕ ਕੋਲ ਗਿਆ।
2 ਸੌਲੁਸ ਨੇ ਉਸ ਕੋਲੋਂ ਦੰਮਿਸ਼ਕ ਵਿੱਚ ਪ੍ਰਾਰਥਨਾ ਸਥਾਨਾਂ ਲਈ ਚਿਠੀਆਂ ਮੰਗੀਆਂ, ਜੋ ਉਸਨੂੰ ਉਨ੍ਹਾਂ ਸਾਰਿਆਂ ਨੂੰ ਲਭਣ ਅਤੇ ਉਨ੍ਹਾਂ ਨੂੰ ਕੈਦ ਕਰਨ, ਦਾ ਅਧਿਕਾਰ ਦੇਣ ਜੋ ਯਿਸੂ ਦੇ ਮਾਰਗ ਨੂੰ ਮੰਨਦੇ ਹਨ। ਉਹ ਭਾਵੇਂ ਔਰਤਾਂ ਹੋਣ ਅਤੇ ਭਾਵੇਂ ਮਰਦ, ਉਨ੍ਹਾਂ ਨੂੰ ਯਰੂਸ਼ਲਮ ਲਿਆਉਣ।
3 ਤਾਂ ਸੌਲੁਸ ਦੰਮਿਸ਼ਕ ਵਿੱਚ ਗਿਆ। ਜਦੋਂ ਉਹ ਸ਼ਹਿਰ ਕੋਲ ਪਹੁੰਚਿਆ ਤਾਂ ਅਕਾਸ਼ ਵੱਲੋਂ ਅਚਾਨਕ ਇੱਕ ਬੜੀ ਤੇਜ਼ ਬਿਜਲੀ ਉਸਦੇ ਇਰਦ-ਗਿਰਦ ਚਮਕੀ।
4 ਉਹ ਜ਼ਮੀਨ ਤੇ ਡਿੱਗ ਪਿਆ ਅਤੇ ਉਸ ਨੂੰ ਇਹ ਪੁਛਦੀ ਹੋਈ ਇੱਕ ਆਵਾਜ਼ ਸੁਣਾਈ ਦਿੱਤੀ, “ਸੌਲੁਸ, ਸੌਲੁਸ, ਤੂੰ ਮੈਨੂੰ ਤਸੀਹੇ ਕਿਉਂ ਦੇ ਰਿਹਾ ਹੈਂ”
5 ਸੌਲੁਸ ਨੇ ਕਿਹਾ, “ਪ੍ਰਭੂ। ਤੂੰ ਕੌਣ ਹੈਂ”ਉਸਨੇ ਜਵਾਬ ਦਿੱਤਾ, “ਮੈਂ ਯਿਸੂ ਹਾਂ। ਮੈਂ ਹੀ ਹਾਂ ਜਿਸਨੂੰ ਤੂੰ ਤਸੀਹੇ ਦੇ ਰਿਹਾ ਹੈ।
6 ਉਠ ਅਤੇ ਉਠਕੇ ਹੁਣ ਸ਼ਹਿਰ ਨੂੰ ਜਾ ਉਥੇ ਤੈਨੂੰ ਇੱਕ ਮਨੁੱਖ ਦੱਸੇਗਾ ਕਿ ਹੁਣ ਤੂੰ ਕੀ ਕਰਨਾ ਹੈ।”
7 ਜਿਹੜੇ ਮਨੁੱਖ ਉਸਦੇ ਨਾਲ ਸਫ਼ਰ ਕਰ ਰਹੇ ਸਨ, ਉਹ ਚੁੱਪ-ਚਾਪ ਖੜ੍ਹੇ ਰਹੇ। ਉਨ੍ਹਾਂ ਨੇ ਆਵਾਜ਼ ਤਾਂ ਸੁਣੀ ਪਰ ਉਨ੍ਹਾਂ ਨੂੰ ਦਿਖਿਆ ਕੁਝ ਨਹੀਂ ਸੀ।
8 ਸੌਲੁਸ ਜਦੋਂ ਜ਼ਮੀਨ ਤੋਂ ਉਠਿਆ ਤਾਂ ਉਸਨੇ ਆਪਣੀਆਂ ਅਖਾਂ ਖੋਲ੍ਹੀਆਂ ਪਰ ਉਹ ਕੁਝ ਵੇਖ ਨਾ ਸਕਿਆ। ਤਾਂ ਉਨ੍ਹਾਂ ਲੋਕਾਂ ਨੇ ਉਸਦਾ ਹੱਥ ਫ਼ੜਿਆ ਅਤੇ ਉਸਨੂੰ ਦੰਮਿਸਕ ਵਿੱਚ ਲੈ ਆਏ।
9 ਤਿੰਨ ਦਿਨ ਤੱਕ ਉਹ ਨਾ ਵੇਖ ਸਕਿਆ ਅਤੇ ਨਾ ਹੀ ਉਸਨੇ ਕੁਝ ਖਾਧਾ ਪੀਤਾ।
10 ਦੰਮਿਸਕ ਵਿੱਚ ਯਿਸੂ ਦਾ ਇੱਕ ਚੇਲਾ ਸੀ, ਜਿਸ ਦਾ ਨਾਉਂ ਹਨਾਨਿਯਾਹ ਸੀ। ਪ੍ਰਭੂ ਨੇ ਹਨਾਨਿਯਾਹ ਨੂੰ ਦਰਸ਼ਨ ਦੇਕੇ ਕਿਹਾ, “ਹਨਾਨਿਯਾਹ।”ਹਨਾਨਿਯਾਹ ਨੇ ਅੱਗੋਂ ਜਵਾਬ ਵਿੱਚ ਕਿਹਾ, “ਪ੍ਰਭੂ। ਮੈਂ ਇਥੇ ਹਾਂ।”
11 ਪ੍ਰਭੂ ਨੇ ਹਨਾਨਿਯਾਹ ਨੂੰ ਕਿਹਾ, “ਉਠ ਖੜ੍ਹਾ ਹੋ ਅਤੇ ਸਿਧੇ ਸੱਦੀਂਦੇ ਰਸਤੇ ਨੂੰ ਜਾ। ਉਥੇ, ਯਹੂਦਾ ਦੇ ਘਰ ਨੂੰ ਲਭ ਅਤੇ ਸੌਲੁਸ ਨਾਂ ਦੇ ਆਦਮੀ ਨੂੰ ਪੁਛ, ਜੋ ਕਿ ਤਰਸੁਸ ਤੋਂ ਹੈ। ਇਸ ਵਕਤ ਉਹ ਉਥੇ ਹੈ ਅਤੇ ਪ੍ਰਾਰਥਨਾ ਕਰ ਰਿਹਾ ਹੈ।
12 ਸੌਲੁਸ ਨੂੰ ਵੀ ਦਰਸ਼ਨ ਹੋਏ ਅਤੇ ਉਸ ਦਰਸ਼ਨ ਵਿੱਚ, ਉਸਨੇ ਹਨਾਨਿਯਾਹ ਨਾਂ ਦੇ ਇੱਕ ਆਦਮੀ ਨੂੰ ਉਸ ਕੋਲ ਆਉਂਦਿਆਂ ਅਤੇ ਆਪਣੇ ਹੱਥ ਉਸ ਉੱਪਰ ਰਖਦਿਆਂ ਵੇਖਿਆ। ਜਿਸ ਨਾਲ ਸੌਲੁਸ ਦੋਬਾਰਾ ਦੇਖਣ ਦੇ ਕਾਬਿਲ ਹੋ ਗਿਆ।”
13 ਪਰ ਹਨਾਨਿਯਾਹ ਨੇ ਜਵਾਬ ਦਿੱਤਾ, “ਹੇ ਪ੍ਰਭੂ, ਇਸ ਮਨੁੱਖ ਬਾਰੇ ਮੈਨੂੰ ਬਹੁਤ ਸਾਰੇ ਲੋਕਾਂ ਨੇ ਦੱਸਿਆ ਹੈ। ਉਨ੍ਹਾਂ ਨੇ ਮੈਨੂੰ ਦੱਸਿਆ ਹੈ ਕਿ ਇਸਨੇ ਯਰੂਸ਼ਲਮ ਵਿੱਚ ਤੇਰੇ ਪਵਿੱਤਰ ਲੋਕਾਂ ਨਾਲ ਬਹੁਤ ਸਾਰੀਆਂ ਬਦੀਆਂ ਕੀਤੀਆਂ ਹਨ।
14 ਹੁਣ ਉਹ ਇਥੇ ਆਇਆ ਹੈ ਅਤੇ ਪ੍ਰਧਾਨ ਜਾਜਕਾਂ ਨੇ ਇਸਨੂੰ ਤਮਾਮ ਉਨ੍ਹਾਂ ਲੋਕਾਂ ਨੂੰ ਫ਼ੜਣ ਦਾ ਇਖਤਿਆਰ ਦਿੱਤਾ ਹੋਇਆ ਹੈ ਜੇ ਤੇਰੇ ਵਿੱਚ ਨਿਹਚਾ ਰਖਦੇ ਹਨ।”
15 ਪਰ ਪ੍ਰਭੂ ਨੇ ਹਨਾਨਿਯਾਹ ਨੂੰ ਕਿਹਾ, “ਤੂੰ ਜਾ। ਕਿਉਂਕਿ ਮੈਂ ਸੌਲੁਸ ਨੂੰ ਇੱਕ ਬੜੇ ਜ਼ਰੂਰੀ ਕੰਮ ਵਾਸਤੇ ਚੁਣਿਆ ਹੈ। ਉਸਨੂੰ ਬਾਦਸ਼ਾਹਾਂ, ਯਹੂਦੀ ਲੋਕਾਂ ਅਤੇ ਪਰਾਈਆਂ ਕੌਮਾਂ ਨੂੰ ਮੇਰੇ ਬਾਰੇ ਜਾਕੇ ਦੱਸਣਾ ਚਾਹੀਦਾ ਹੈ।
16 ਮੈਂ ਉਸਨੂੰ ਉਹ ਸਭ ਵਿਖਾਵਾਂਗਾ ਜੋ ਮੇਰੇ ਨਾਉਂ ਦੇ ਬਦਲੇ, ਉਸ ਨੂੰ ਝੱਲਣਾ ਚਾਹੀਦਾ ਹੈ।
17 ਇਸ ਲਈ ਹਨਾਨਿਯਾਹ ਤੁਰ ਪਿਆ, ਅਤੇ ਯਹੂਦਾ ਦੇ ਘਰ ਗਿਆ। ਉਸਨੇ ਆਪਣਾ ਹੱਥ ਸੌਲੁਸ ਦੇ ਸਿਰ ਤੇ ਰੱਖਿਆ ਅਤੇ ਆਖਿਆ, “ਸੌਲੁਸ, ਮੇਰੇ ਭਰਾ, ਪ੍ਰਭੂ ਯਿਸੂ ਨੇ ਮੈਨੂੰ ਤੇਰੇ ਕੋਲ ਭੇਜਿਆ ਹੈ। ਉਹ ਉਹੀ ਹੈ ਜਿਸਨੂੰ ਤੂੰ ਆਉਂਦਿਆਂ ਹੋਇਆਂ ਰਸਤੇ ਵਿੱਚ ਡਿਠਾ ਸੀ ਉਹ ਯਿਸੂ ਹੀ ਸੀ। ਯਿਸੂ ਨੇ ਮੈਨੂੰ ਤੇਰੇ ਕੋਲ ਇਸ ਲਈ ਭੇਜਿਆ ਹੈ ਕਿ ਤੂੰ ਮੁੜ ਤੋਂ ਵੇਖ ਸਕੇਂ ਅਤੇ ਪਵਿੱਤਰ ਆਤਮਾ ਨਾਲ ਭਰਪੂਰ ਹੋਵੇ।”
18 ਉਸੇ ਵੇਲੇ ਅਚਾਨਕ ਉਸ ਦੀਆਂ ਅਖਾਂ ਤੋਂ ਛਿਲਕੇ ਜਿਹਿਆ ਕੁਝ ਡਿਗਿਆ ਅਤੇ ਉਸਨੂੰ ਮੁੜ ਦਿਖਣ ਲੱਗ ਪਿਆ। ਸੌਲੁਸ ਉਠਿਆ ਅਤੇ ਉਸਨੂੰ ਬਪਤਿਸਮਾ ਦਿੱਤਾ ਗਿਆ।
19 ਫ਼ਿਰ ਉਸਨੇ ਕੁਝ ਖਾਧਾ ਅਤੇ ਮੁੜ ਤੋਂ ਆਪਣੇ ਆਪ ਵਿੱਚ ਤਕੜਾ ਮਹਿਸੂਸ ਕਰਨ ਲੱਗਾ।ਫ਼ਿਰ ਉਹ ਕੁਝ ਦਿਨ ਦੰਮਿਸਕ ਵਿੱਚ ਯਿਸੂ ਦੇ ਚੇਲਿਆਂ ਦੇ ਨਾਲ ਰਿਹਾ।
20 ਜਲਦੀ ਹੀ ਉਸਨੇ ਪ੍ਰਾਰਥਨਾ ਸਥਾਨਾ ਉੱਪਰ ਯਿਸੂ ਬਾਰੇ ਉਪਦੇਸ਼ ਦੇਣਾ ਸ਼ੁਰੂ ਕੀਤਾ ਅਤੇ ਲੋਕਾਂ ਵਿੱਚ ਪਰਚਾਰ ਕੀਤਾ ਕਿ, “ਯਿਸੂ ਪ੍ਰਭੂ ਦਾ ਪੁੱਤਰ ਹੈ।”
21 ਸਾਰੇ ਲੋਕ ਜਿਹੜੇ ਸੌਲੁਸ ਨੂੰ ਸੁਣਦੇ ਉਹ ਬੜੇ ਹੈਰਾਨ ਸਨ। ਉਨ੍ਹਾਂ ਕਿਹਾ, “ਕੀ ਇਹ ਉਹੀ ਵਿਅਕਤੀ ਨਹੀਂ ਜੋ ਯਰੂਸ਼ਲਮ ਵਿੱਚ ਸੀ ਅਤੇ ਜਿਸਨੇ ਉਨ੍ਹਾਂ ਸਾਰੇ ਲੋਕਾਂ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਨ੍ਹਾਂ ਨੂੰ ਯਿਸੂ ਵਿੱਚ ਨਿਹਚਾ ਸੀ। ਅਤੇ ਹੁਣ ਉਹੀ ਇਥੇ ਯਿਸੂ ਦੇ ਚੇਲਿਆਂ ਨੂੰ ਫ਼ੜਨ ਅਤੇ ਉਨ੍ਹਾਂ ਨੂੰ ਪ੍ਰਧਾਨ ਜਾਜਕਾਂ ਹੱਥੀਂ ਫ਼ੜਵਾਉਣ ਲਈ ਆਇਆ ਹੈ।”
22 ਪਰ ਸੌਲੁਸ ਦਿਨੋਂ-ਦਿਨ ਹੋਰ ਵੀ ਤਕੜਾ ਹੁੰਦਾ ਗਿਆ ਅਤੇ ਉਸਨੇ ਇਹ ਸਾਬਿਤ ਕਰ ਦਿੱਤਾ ਕਿ ਯਿਸੂ ਹੀ ਮਸੀਹ ਹੈ। ਉਸਦੇ ਪ੍ਰਮਾਣ ਇੰਨੇ ਜ਼ੋਰਦਾਰ ਹੁੰਦੇ ਸਨ ਕਿ ਜਿਹੜੇ ਯਹੂਦੀ ਦੰਮਿਸਕ ਵਿੱਚ ਰਹਿੰਦੇ ਸਨ ਉਹ ਉਸ ਨਾਲ ਬਹਿਸ ਨਹੀਂ ਕਰ ਪਾਉਂਦੇ ਸਨ।
23 ਕਾਫ਼ੀ ਦਿਨਾਂ ਬਾਅਦ ਯਹੂਦੀਆਂ ਨੇ ਸੌਲੁਸ ਨੂੰ ਜਾਨੋਂ ਮਾਰਨ ਦੀ ਵਿਉਂਤ ਬਣਾਈ।
24 ਉਹ ਸੌਲੁਸ ਲਈ ਸ਼ਹਿਰ ਦੇ ਦਰਵਾਜਿਆਂ ਤੇ ਦਿਨ-ਰਾਤ ਪਹਿਰਾ ਦੇ ਰਹੇ ਸਨ, ਕਿਉਂਕਿ ਉਹ ਉਸਨੂੰ ਜਾਨੋਂ ਹੀ ਮਾਰ ਮੁਕਾਉਣਾ ਚਾਹੁੰਦੇ ਸੀ ਪਰ ਸੌਲੁਸ ਨੂੰ ਉਨ੍ਹਾਂ ਦੀ ਵਿਉਂਤ ਦਾ ਪਤਾ ਲੱਗ ਗਿਆ।
25 ਕੁਝ ਚੇਲਿਆਂ ਨੇ, ਜਿਨ੍ਹਾਂ ਨੂੰ ਪੌਲੁਸ ਨੇ ਸਿਖਿਆ ਦਿੱਤੀ ਸੀ, ਇੱਕ ਰਾਤ ਉਸਨੂੰ ਇੱਕ ਟੋਕਰੀ ਵਿੱਚ ਪਾ ਦਿੱਤਾ ਤੇ ਦੀਵਾਰ ਤੋਂ ਹੇਠਾਂ ਉਤਾਰ ਦਿੱਤਾ।
26 ਫ਼ਿਰ ਸੌਲੁਸ ਯਰੂਸ਼ਲਮ ਵਿੱਚ ਚਲਾ ਗਿਆ। ਉਸਨੇ ਨਿਹਚਾਵਾਨਾਂ ਦਾ ਸੰਗ ਕਰਨਾ ਚਾਹਿਆ ਪਰ ਉਹ ਉਸ ਕੋਲੋਂ ਡਰਦੇ ਸਨ। ਉਹ ਵਿਸ਼ਵਾਸ ਨਾ ਕਰ ਸਕੇ ਕਿ ਉਹ ਸੱਚਮੁੱਚ ਯਿਸੂ ਦਾ ਚੇਲਾ ਸੀ।
27 ਪਰ ਬਰਨਬਾਸ ਉਸਨੂੰ ਰਸੂਲਾਂ ਕੋਲ ਲੈ ਗਿਆ ਅਤੇ ਉਨ੍ਹਾਂ ਨੂੰ ਦੱਸਿਆ ਕਿ ਸੌਲੁਸ ਨੇ ਕਿਵੇਂ ਦੰਮਿਸ਼ਕ ਦੇ ਰਾਹ ਵਿੱਚ ਪ੍ਰਭੂ ਨੂੰ ਵੇਖਿਆ ਸੀ। ਅਤੇ ਉਸਨੇ ਉਸ ਨਾਲ ਗੱਲਾਂ ਵੀ ਕੀਤੀਆਂ ਸਨ ਅਤੇ ਕਿਵੇਂ ਉਹ ਦੰਮਿਸ਼ਕ ਵਿੱਚ ਪ੍ਰਭੂ ਦੇ ਨਾਂ ਉੱਤੇ ਬੇਧੜਕ ਹੋਕੇ ਉਪਦੇਸ਼ ਦਿੰਦਾ ਸੀ।
28 ਇਉਂ ਸੌਲੁਸ ਚੇਲਿਆਂ ਨਾਲ ਠਹਿਰਿਆ। ਉਹ ਯਰੂਸ਼ਲਮ ਦੀਆਂ ਸਾਰੀਆਂ ਥਾਵਾਂ ਤੇ ਗਿਆ ਅਤੇ ਖੁਲ੍ਹੇਆਮ ਪ੍ਰਭੂ ਬਾਰੇ ਬੋਲਿਆ।
29 ਉਹ ਅਕਸਰ ਯੂਨਾਨੀ ਬੋਲਣ ਵਾਲੇ ਯਹੂਦੀਆਂ ਨਾਲ ਗੱਲਾਂ ਕਰਦਾ ਅਤੇ ਉਨ੍ਹਾਂ ਨਾਲ ਇਸ ਬਾਰੇ ਚਰਚਾ ਕਰਦਾ ਪਰ ਉਹ ਉਸਨੂੰ ਜਾਨੋਂ ਮਾਰਨ ਦੀ ਵਿਉਂਤ ਬਣਾਉਂਦੇ।
30 ਜਦੋਂ ਭਰਾਵਾਂ ਨੂੰ ਇਸਦਾ ਪਤਾ ਲੱਗਾ, ਉਹ ਉਸਨੂੰ ਕੈਸਰਿਯਾ ਲੈ ਗਏ ਅਤੇ ਉਨ੍ਹਾਂ ਨੇ ਉਥੋਂ ਉਸਨੂੰ, ਤਰਸੁਸ ਨੂੰ ਭੇਜ ਦਿੱਤਾ।
31 ਸੋ ਸਾਰੇ ਯਹੂਦਿਯਾ, ਗਲੀਲ ਅਤੇ ਸਾਮਰਿਯਾ ਵਿੱਚ ਕਲੀਸਿਯਾ ਸ਼ਾਂਤਮਈ ਸੀ। ਪਵਿੱਤਰ ਆਤਮਾ ਦੀ ਮਦਦ ਨਾਲ ਕਲੀਸਿਯਾ ਦਿਨੋਂ ਦਿਨ ਹੋਰ ਮਜ਼ਬੂਤ ਹੋ ਗਈ। ਨਿਹਚਾਵਾਨਾਂ ਨੇ, ਜਿਸ ਢੰਗ਼ ਨਾਲ ਉਹ ਜਿਉਂਦੇ ਸਨ, ਦਰਸ਼ਾਇਆ ਕਿ ਉਨ੍ਹਾਂ ਨੇ ਪ੍ਰਭੂ ਦੀ ਇੱਜ਼ਤ ਕੀਤੀ। ਉਸ ਸਦਕਾ ਹੀ ਇਹ ਸਮੂਹ ਹੋਰ ਸੰਗਠਿਤ ਹੋਇਆ।
32 ਪਤਰਸ ਯਰੂਸ਼ਲਮ ਦੇ ਇਰਦ-ਗਿਰਦ ਸਾਰੇ ਸ਼ਹਿਰਾਂ ਵਿੱਚ ਘੁੰਮਿਆ। ਫ਼ੇਰ ਉਹ ਲੁੱਦਾ ਵਿੱਚ ਬਸੇ ਨਿਹਚਾਵਾਨਾਂ ਨੂੰ ਵੇਖਣ ਗਿਆ।
33 ਲੁੱਦਾ ਵਿੱਚ, ਉਹ ਇੱਕ ਅਧਰੰਗੀ ਆਦਮੀ ਨੂੰ ਮਿਲਿਆ। ਜਿਸਦਾ ਨਾਉਂ ਐਨਿਯਾਸ ਸੀ। ਉਹ ਪਿਛਲੇ ਅਠ ਸਾਲਾਂ ਤੋਂ ਮੰਜੇ ਤੋਂ ਉਠ ਨਹੀਂ ਸੀ ਸਕਿਆ।
34 ਪਤਰਸ ਨੇ ਉਸਨੂੰ ਕਿਹਾ, “ਐਨਿਯਾਸ। ਯਿਸੂ ਮਸੀਹ ਨੇ ਤੇਰੇ ਤੇ ਮਿਹਰ ਕੀਤੀ ਹੈ। ਖੜ੍ਹਾ ਹੋ ਅਤੇ ਆਪਣਾ ਬਿਸਤਰ ਵਿਛਾ। ਉਹ ਤੁਰੰਤ ਖੜ੍ਹਾ ਹੋ ਗਿਆ।”
35 ਸਾਰੇ ਲੁੱਦਾ ਵਿੱਚ ਰਹਿਣ ਵਾਲੇ ਅਤੇ ਸ਼ਰੋਨ ਦੇ ਸਾਰੇ ਨਿਵਾਸੀਆਂ ਨੇ ਉਸਨੂੰ ਵੇਖਿਆ ਅਤੇ ਇਹ ਲੋਕ ਵੀ ਪ੍ਰਭੂ ਵੱਲ ਪਰਤ ਗਏ।
36 ਯੱਪਾ ਵਿੱਚ ਤਬਿਥਾ ਨਾਂ ਦੀ ਇੱਕ ਚੇਲੀ ਸੀ ਜਿਸ ਦਾ ਯੂਨਾਨੀ ਭਾਸ਼ਾ ਵਿੱਚ ਅਰਥ ਹੈ ਹਿਰਨੀ। ਇਸ ਔਰਤ ਨੇ ਹਮੇਸ਼ਾ ਲੋਕਾਂ ਲਈ ਬੜੇ ਚੰਗੇ ਕੰਮ ਕੀਤੇ ਸਨ ਅਤੇ ਹਮੇਸ਼ਾ ਗਰੀਬ ਲੋਕਾਂ ਦੀ ਮਦਦ ਕੀਤੀ ਸੀ।
37 ਤਾਂ ਜਦੋਂ ਪਤਰਸ ਲੁੱਦਾ ਵਿੱਚ ਸੀ ਤਾਂ ਤਬਿਥਾ ਬੜੀ ਬੀਮਾਰ ਹੋਈ ਅਤੇ ਮਰ ਗਈ। ਉਨ੍ਹਾਂ ਨੇ ਉਸਨੂੰ ਨੁਹਾਉਣ ਤੋਂ ਬਾਅਦ ਉਸਦੇ ਸ਼ਰੀਰ ਨੂੰ ਛੱਤ ਉੱਪਰਲੇ ਕਮਰੇ ਵਿੱਚ ਪਾ ਦਿੱਤਾ।
38 ਯੱਪਾ ਦੇ ਚੇਲਿਆਂ ਨੂੰ ਪਤਾ ਲੱਗਾ ਕਿ ਪਤਰਸ ਲੁੱਦਾ ਵਿੱਚ ਸੀ। ਲੁੱਦਾ ਯੱਪਾ ਦੇ ਨੇੜੇ ਹੀ ਸੀ। ਉਨ੍ਹਾਂ ਨੇ ਉਥੇ ਪਤਰਸ ਨੂੰ ਨਿਉਂਤਾ ਦੇਣ ਲਈ ਦੋ ਆਦਮੀ ਭੇਜੇ। “ਉਨ੍ਹਾਂ ਨੇ ਉਸਨੂੰ ਬੇਨਤੀ ਕੀਤੀ, “ਕਿਰਪਾ ਕਰਕੇ, ਸਾਡੇ ਕੋਲ ਜਿੰਨੀ ਛੇਤੀ ਹੋ ਸਕੇ ਆਓ।”
39 ਪਤਰਸ ਤਿਆਰ ਹੋ ਗਿਆ ਅਤੇ ਉਨ੍ਹਾਂ ਦੇ ਨਾਲ ਚਲਿਆ ਗਿਆ, ਜਦੋਂ ਉਹ ਉਥੇ ਪਹੁੰਚਿਆ, ਉਹ ਉਸਨੂੰ ਪੌੜੀਆਂ ਉੱਪਰਲੇ ਕਮਰੇ ਵਿੱਚ ਲੈ ਗਿਆ। ਸਾਰੀਆਂ ਵਿਧਵਾਵਾਂ ਆਈਆਂ ਅਤੇ ਉਸਦੇ ਆਲੇ-ਦੁਆਲੇ ਖਲੋ ਗਈਆਂ। ਉਹ ਰੋ ਰਹੀਆਂ ਸਨ ਅਤੇ ਉਨ੍ਹਾਂ ਨੇ ਰੋਂਦੀਆਂ-ਪਿਟਦੀਆਂ ਨੇ ਪਤਰਸ ਨੂੰ ਉਹ ਸਾਰੇ ਕੱਪੜੇ ਵਿਖਾਏ ਜਿਹੜੇ ਡੋਰਕਾ ਤਬਿਥਾ ਨੇ ਜਿਉਂਦੇ ਜੀਅ ਬਣਾਏ ਸਨ। ਪਤਰਸ ਨੇ ਸਾਰੇ ਲੋਕਾਂ ਨੂੰ ਕਮਰੇ ਚੋਂ ਬਾਹਰ ਜਾਣ ਨੂੰ ਕਿਹਾ।
40 ਉਹ ਗੋਡਿਆਂ ਭਾਰ ਬੈਠ ਗਿਆ ਅਤੇ ਪ੍ਰਾਰਥਨਾ ਕੀਤੀ। ਫ਼ਿਰ ਉਪ ਤਬਿਥਾ ਵੱਲ ਮੁੜਿਆ, ਜੋ ਕਿ ਮੁਰਦਾ ਸੀ ਅਤੇ ਆਖਿਆ, “ਤਬਿਥਾ। ਉਠ।” ਉਸਨੇ ਆਪਣੀਆਂ ਅਖਾਂ ਖੋਲ੍ਹੀਆਂ। ਜਿਸ ਵਕਤ ਉਸਨੇ ਪਤਰਸ ਨੂੰ ਵੇਖਿਆ ਤਾਂ ਉਹ ਉਠਕੇ ਬੈਠ ਗਈ।
41 ਉਸਨੇ ਆਪਣੇ ਹੱਥ ਨਾਲ ਉਸਨੂੰ ਖਲੋਣ ਵਿੱਚ ਮਦਦ ਕੀਤੀ। ਅਤੇ ਫ਼ਿਰ ਉਸਨੇ ਨਿਹਚਾਵਾਨਾਂ ਨੂੰ ਅਤੇ ਵਿਧਵਾਵਾਂ ਨੂੰ ਕਮਰੇ ਅੰਦਰ ਸਦਿਆ ਅਤੇ ਤਬਿਥਾ ਨੂੰ ਸੌਂਪ ਦਿੱਤਾ ਜੋ ਕਿ ਜੀਵਿਤ ਸੀ।
42 ਸਾਰੇ ਯੱਪਾ ਵਿੱਚ ਇਹ ਗੱਲ ਫ਼ੈਲ ਗਈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਪ੍ਰਭੂ ਦੇ ਚੇਲੇ ਬਣ ਗਏ।
43 ਪਤਰਸ ਕਾਫ਼ੀ ਸਾਰੇ ਦਿਨ ਯੱਪਾ ਵਿੱਚ ਰਿਹਾ ਅਤੇ ਉਥੇ ਇੱਕ ਸ਼ਮਊਨ ਨਾਂ ਦੇ ਚਮੜੇ ਦੇ ਕੰਮ ਕਰਨ ਵਾਲੇ ਚਮਾਰ ਦੇ ਘਰ ਰਿਹਾ।