ਰਸੂਲਾਂ ਦੇ ਕਰਤੱਬ

ਕਾਂਡ : 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28


ਕਾਂਡ 24

1 ਪੰਜਾਂ ਦਿਨਾਂ ਬਾਅਦ ਹਨਾਨਿਯਾਹ ਨਾਂ ਦਾ ਸਰਦਾਰ ਜਾਜਕ ਕੈਸਰਿਯਾ ਵਿੱਚ ਆਇਆ ਅਤੇ ਆਪਣੇ ਨਾਲ ਕੁਝ ਬਜ਼ੁਰਗ ਯਹੂਦੀ ਆਗੂਆਂ ਅਤੇ ਤਰਤੁੱਲੁਸ ਨਾਂ ਦੇ ਇੱਕ ਵਕੀਲ ਨੂੰ ਵੀ ਲਿਆਇਆ। ਉਹ ਕੈਸਰਿਯਾ ਨੂੰ ਪੌਲੁਸ ਦੇ ਖਿਲਾਫ਼ ਰਾਜਪਾਲ ਅੱਗੇ ਦੋਸ਼ ਦੱਸਣ ਲਈ ਗਏ।
2 ਜਦੋਂ ਪੌਲੁਸ ਨੂੰ ਅੰਦਰ ਬੁਲਾਇਆ ਗਿਆ, ਤਰਤੁੱਲੁਸ ਨੇ ਪੌਲੁਸ ਦੇ ਵਿਰੁੱਧ ਇਲਜਾਮ ਦੱਸਣੇ ਸ਼ੁਰੂ ਕੀਤੇ।ਤਰਤੁੱਲੁਸ ਨੇ ਕਿਹਾ, “ਹੇ ਫ਼ੇਲਿਕਸ ਬਹਾਦੁਰ। ਅਸੀਂ ਤੇ ਸਾਡੇ ਲੋਕ ਤੁਹਾਡੇ ਕਾਰਣ ਬੜੀ ਸ਼ਾਂਤੀ ਭੋਗਦੇ ਹਾਂ ਅਤੇ ਸਾਡੇ ਦੇਸ਼ ਵਿੱਚ ਬਹੁਤ ਸਾਰੇ ਗਲਤ ਕੰਮ ਤੁਹਾਡੀ ਸਿਆਣਪ ਦੇ ਕਦਮਾਂ ਕਰਕੇ ਠੀਕ ਕੀਤੇ ਜਾਂਦੇ ਹਨ।
3 ਹਰ ਜਗ਼੍ਹਾ ਅਤੇ ਹਰ ਵੇਲੇ ਅਸੀਂ ਇਹ ਗੱਲਾਂ ਵੱਡੀ ਸ਼ੁਕਰਗੁਜ਼ਾਰੀ ਨਾਲ ਲੈਂਦੇ ਹਾਂ।
4 ਪਰ ਹੁਣ ਮੈਂ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਸਿਰਫ਼ ਕੁਝ ਸ਼ਬਦ ਕਹਾਂਗਾ, ਕਿਰਪਾ ਕਰਕੇ ਸਹਿਜਤਾ ਨਾਲ ਸੁਣੋ।
5 ਇਹ ਆਦਮੀ ਮੁਸੀਬਤਾਂ ਖੜੀਆਂ ਕਰਨ ਵਾਲਾ ਹੈ। ਇਹ ਦੁਨੀਆਂ ਭਰ ਵਿੱਚ ਜਿਥੇ ਵੀ ਯਹੂਦੀ ਵੱਸਦੇ ਹਨ, ਜਾਕੇ ਮੁਸੀਬਤਾਂ ਖੜੀਆਂ ਕਰਦਾ ਹੈ। ਇਹ ਨਾਸਰੀਆਂ ਦੇ ਧੜੇ ਦਾ ਆਗੂ ਹੈ।
6 ਇਹ ਮੰਦਰ ਨੂੰ ਵੀ ਅਪਵਿੱਤਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਅਸੀਂ ਇਸਨੂੰ ਗਿਰਫ਼ਤਾਰ ਕਰ ਲਿਆ। ਪੂਰੀ ਤਰ੍ਹਾਂ ਉਸਦੀ ਜਾਂਚ ਕਰਨ ਤੋਂ ਬਾਅਦ ਤੁਸੀਂ ਖੁਦ ਹੀ ਨਿਸ਼ਚਾ ਕਰ ਸਕਦੇ ਹੋ ਕੀ ਸਾਡੇ ਇਲਜ਼ਾਮ ਸੱਚ ਹਨ।”
7
8
9 ਬਾਕੀ ਯਹੂਦੀ ਵੀ ਸਹਿਮਤ ਹੋਏ ਅਤੇ ਆਖਿਆ ਕਿ ਜੋ ਗੱਲਾਂ ਤਰਤੁਮਸ ਨੇ ਆਖੀਆਂ ਸਨ ਉਹ ਸੱਚ ਸਨ।”
10 ਫ਼ੇਰ ਹਾਕਮ ਨੇ ਪੌਲੁਸ ਨੂੰ ਬੋਲਣ ਲਈ ਇਸ਼ਾਰਾ ਕੀਤਾ। ਪੌਲੁਸ ਨੇ ਆਖਿਆ, “ਰਾਜਪਾਲ ਫ਼ੇਲਿਕੁਸ, ਮੈਨੂੰ ਪਤਾ ਹੈ ਕਿ ਤੂੰ ਬਹੁਤ ਸਾਲਾਂ ਤੋਂ ਇਸ ਦੇਸ਼ ਦੇ ਮੁਨਸਫ਼ ਹੈਂ, ਇਸ ਲਈ ਮੈਂ ਤੇਰੇ ਅੱਗੇ ਆਪਣੀ ਸਫ਼ਾਈ ਪੇਸ਼ ਕਰਨ ਲਈ ਖੁਸ਼ ਹਾਂ।
11 ਮੈਂ ਯਰੂਸ਼ਲਮ ਵਿੱਚ ਸਿਰਫ਼ ਬਾਰ੍ਹਾਂ ਦਿਨ ਪਹਿਲੇ ਉਪਾਸਨਾ ਕਰਨ ਗਿਆ ਤੁਸੀਂ ਇਹ ਜਾਣ ਸਕਦੇ ਹੋ ਕਿ ਇਹ ਗੱਲ ਸੱਚ ਹੈ।
12 ਇਹ ਯਹੂਦੀ ਜੋ ਮੈਨੂੰ ਦੋਸ਼ੀ ਠਹਿਰਾ ਰਹੇ ਹਨ ਇਨ੍ਹਾਂ ਨੇ ਮੈਨੂੰ ਕਦੇ ਵੀ ਕਿਸੇ ਨਾਲ ਮੰਦਰ ਵਿੱਚ ਵਿਵਾਦ ਕਰਦਿਆਂ, ਲੋਕਾਂ ਲਈ ਮੁਸੀਬਤਾਂ ਖਢ਼ੀਆਂ ਕਰਦਿਆਂ, ਪ੍ਰਾਰਥਨਾ ਸਥਾਨਾਂ ਵਿੱਚ ਜਾਂ ਕਿਸੇ ਸਥਾਨ ਤੇ ਕੁਝ ਕਰਦਿਆਂ ਨਹੀਂ ਵੇਖਿਆ।
13 ਇਹ ਜੋ ਹੁਣ ਮੇਰੇ ਸਿਰ ਦੋਸ਼ ਮਢ਼ ਰਹੇ ਹਨ, ਇਹ ਸਾਬਿਤ ਨਹੀਂ ਕਰ ਸਕਦੇ।
14 “ਪਰ ਮੈਂ ਤੁਹਾਡੇ ਸਾਮ੍ਹਣੇ ਸਵੀਕਾਰਦਾ ਹਾਂ; ਮੈਂ ਆਪਣੇ ਪੁਰਖਿਆ ਦੇ ਪਰਮੇਸ਼ੁਰ ਦੀ ਉਪਾਸਨਾ, ਚੇਲੇ ਦੀ ਤਰ੍ਹਾਂ, ਯਿਸੂ ਦੇ ਤਰੀਕੇ ਨਾਲ, ਕਰਦਾ ਹਾਂ। ਉਹ ਆਖਦੇ ਹਨ ਕਿ ਯਿਸੂ ਦਾ ਰਾਹ ਸਹੀ ਰਾਹ ਨਹੀਂ ਹੈ। ਪਰ ਮੈਂ ਉਨ੍ਹਾਂ ਸਾਰੀਆਂ ਗੱਲਾਂ ਵਿੱਚ ਵਿਸ਼ਵਾਸ ਰਖਦਾ ਹਾਂ ਜੋ ਕਿ ਮੂਸਾ ਦੀ ਸ਼ਰ੍ਹਾ ਵਿੱਚ, ਨਬੀਆਂ ਦੀਆਂ ਕਿਤਾਬਾਂ ਵਿੱਚ ਲਿਖੀਆਂ ਹੋਈਆਂ ਹਨ।
15 ਮੈਂ ਵੀ ਪਰਮੇਸ਼ੁਰ ਤੋਂ ਉਹੀ ਆਸ ਰਖਦਾ ਹਾਂ ਜਿਸਦੀ ਇਹ ਖੁਦ ਰਖਦੇ ਹਨ ਕਿ ਧਰਮੀ ਜਾਂ ਕੁਧਰਮੀ ਸਭ ਦਾ ਮੌਤ ਤੋਂ ਜੀ ਉਠਣਾ ਹੋਵੇਗਾ।
16 ਇਸ ਲਈ ਮੈਂ ਹਮੇਸ਼ਾ ਉਹੀ ਕਰਨ ਦੀ ਕੋਸ਼ਿਸ਼ ਕਰਦਾ ਹਾਂ ਜੋ ਮੈਂ ਵਿਸ਼ਵਾਸ ਕਰਦਾ ਹਾਂ ਕਿ ਪਰਮੇਸ਼ੁਰ ਅਤੇ ਮਨੁੱਖਾਂ ਦੇ ਸਾਮ੍ਹਣੇ ਸਹੀ ਹੈ।
17 “ਬਹੁਤ ਸਾਲ ਮੈਂ ਇਥੋਂ, ਯਰੂਸ਼ਲਮ ਤੋਂ ਦੂਰ ਰਿਹਾ ਹਾਂ। ਮੈਂ ਇਥੇ ਆਪਣੇ ਲੋਕਾਂ ਨੂੰ ਪੈਸੇ ਦੇਣ ਅਤੇ ਪਰਮੇਸ਼ੁਰ ਨੂੰ ਬਲੀਆਂ ਚੜ੍ਹਾਉਣ ਲਈ ਆਇਆ ਹਾਂ।
18 ਕੁਝ ਯਹੂਦੀਆਂ ਨੇ ਮੈਨੂੰ ਮੰਦਰ ਤੇ ਵੇਖਿਆ, ਜਦੋਂ ਅਜੇ ਮੈਂ ਸ਼ੁਧਤਾ ਦੀ ਰਸਮ ਪੂਰੀ ਕਰ ਰਿਹਾ ਸੀ। ਮੈਂ ਕੋਈ ਵੀ ਫ਼ਸਾਦ ਖੜ੍ਹਾ ਨਹੀਂ ਸੀ ਕੀਤਾ ਅਤੇ ਨਾ ਹੀ ਮੇਰੇ ਆਸ-ਪਾਸ ਭੀੜ ਇਕਠੀ ਹੋਈ ਸੀ।
19 ਪਰ ਉਥੇ ਕੁਝ ਯਹੂਦੀ ਅਸਿਯਾ ਤੋਂ ਸਨ। ਉਨ੍ਹਾਂ ਨੂੰ ਪਹਿਲਾਂ ਮੇਰੇ ਤੇ ਇਲਜ਼ਾਮ ਲਾਉਣ ਲਈ ਇਥੇ ਹੋਣਾ ਚਾਹੀਦਾ ਸੀ, ਜੇਕਰ ਸੱਚ ਮੁੱਚ ਹੀ ਮੈਂ ਕੁਝ ਵੀ ਗਲਤ ਕੀਤਾ ਹੈ। ਕਿਉਂਕਿ ਸਿਰਫ਼ ਉਹੀ ਉਸ ਵਕਤ ਉਥੇ ਮੌਜ਼ੂਦ ਸਨ।
20 ਇਨ੍ਹਾਂ ਯਹੂਦੀਆਂ ਨੂੰ ਇਥੇ ਪੁਛੋ ਕਿ ਭਲਾ ਉਨ੍ਹਾਂ ਨੇ ਯਰੂਸ਼ਲਮ ਵਿੱਚ ਜਦੋਂ ਮੈਂ ਸਭਾ ਦੇ ਅੱਗੇ ਹਾਜ਼ਰ ਸਾਂ ਤਾਂ ਕੀ ਮੇਰੇ ਵਿੱਚ ਕੋਈ ਬੁਰਿਆਈ ਵੇਖੀ ਸੀ?
21 ਉਹ ਮੇਰੇ ਉੱਤੇ ਸਿਰਫ਼ ਇੱਕੋ ਗੱਲ ਦਾ ਇਲਜ਼ਾਮ ਲਾ ਸਕਦੇ ਹਨ, ‘ਜੋ ਮੈਂ ਉਨ੍ਹਾਂ ਅੱਗੇ ਖਲੋਤਿਆਂ ਆਖਿਆ। ਤੁਸੀਂ ਅੱਜ ਮੇਰਾ ਨਿਰਣਾ ਕਰ ਰਹੇ ਹੋ ਕਿਉਂਕਿ ਮੈਂ ਵਿਸ਼ਵਾਸ ਕਰਦਾ ਹਾਂ ਕਿ ਲੋਕਾਂ ਦਾ ਪੁਨਰ ਉਥਾਨ ਹੋਵੇਗਾ।’”
22 ਫ਼ੇਲਿਕੁਸ ਜੋ ਕਿ ਖੁਦ ਇਸ ਯਿਸੂ ਦੇ ਰਾਹ ਦੀਆਂ ਬਹੁਤ ਸਾਰੀਆਂ ਗੱਲਾਂ ਨੂੰ ਜਾਣਦਾ ਸੀ ਉਸਨੇ ਕਾਰਵਾਈ ਰੋਕ ਦਿੱਤੀ ਤੇ ਕਿਹਾ, “ਮੈਂ ਇਸ ਮਾਮਲੇ ਦਾ ਫ਼ੈਸਲਾ ਉਦੋਂ ਕਰਾਂਗਾ ਜਦੋਂ ਸਰਦਾਰ ਲਿਸਿਯਾਸ ਇਥੇ ਆਵੇਗਾ।”
23 ਫ਼ਿਰ ਉਸਨੇ ਅਧਿਕਾਰੀ ਨੂੰ ਪੌਲੁਸ ਨੂੰ ਨਿਗਰਾਨੀ ਹੇਠ ਰੱਖਣ ਦਾ ਹੁਕਮ ਦਿੱਤਾ। ਪਰ ਉਸਨੂੰ ਥੋੜੀ ਅਜ਼ਾਦੀ ਦੇਣ ਲਈ ਕਿਹਾ ਅਤੇ ਉਸਦੇ ਮਿੱਤਰਾਂ ਨੂੰ ਉਸ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਣ ਦਿਓ।
24 ਕੁਝ ਦਿਨਾਂ ਬਾਅਦ, ਫ਼ੇਲਿਕੁਸ ਆਪਣੀ ਪਤਨੀ, ਦਰੂਸਿਲਾ, ਨਾਲ ਖੁਦ ਆਇਆ, ਜੋ ਕਿ ਯਹੂਦਣ ਸੀ। ਅਤੇ ਉਸਨੇ ਪੌਲੁਸ ਨੂੰ ਬੁਲਾਵਾ ਭੇਜਿਆ ਅਤੇ ਉਸ ਕੋਲੋਂ ਮਸੀਹ ਯਿਸੂ ਉੱਪਰ ਵਿਸ਼ਵਾਸ ਕਰਨ ਦੇ ਬਾਰੇ ਸੁਣਿਆ।
25 ਪਰ ਫ਼ੇਲਿਕੁਸ ਘਬਰਾ ਗਿਆ ਜਦੋਂ ਪੌਲੁਸ ਨੇ ਧਰਮੀ ਜੀਵਨ ਅਤੇ ਸੰਜਮ ਅਤੇ ਭਵਿਖ ਵਿੱਚ ਹੋਣ ਵਾਲੇ ਨਿਆਂ ਬਾਰੇ ਦੱਸਿਆ। ਤਾਂ ਫ਼ੇਲਿਕੁਸ ਨੇ ਕਿਹਾ, “ਹੁਣ ਤੂੰ ਜਾ। ਫ਼ਿਰ ਜਦੋਂ ਮੇਰੇ ਪਾਸ ਖੁਲ੍ਹਾ ਵਕਤ ਹੋਵੇਗਾ ਮੈਂ ਤੈਨੂੰ ਬੁਲਾਵਾਂਗਾ।”
26 ਪਰ ਫ਼ੇਲਿਕੁਸ ਦਾ ਉਸ ਨਾਲ ਗੱਲ-ਬਾਤ ਕਰਨ ਦਾ ਕਾਰਣ ਕੁਝ ਹੋਰ ਸੀ। ਉਹ ਸੋਚ ਰਿਹਾ ਸੀ ਕਿ ਸ਼ਾਇਦ ਪੌਲੁਸ ਕੁਝ ਰਿਸ਼ਵਤ ਦੇਵੇਗਾ ਇਸੇ ਕਰਕੇ ਉਸਨੇ ਉਸਨੂੰ ਬਹੁਤ ਵਾਰ ਬੁਲਾਇਆ ਅਤੇ ਉਸ ਨਾਲ ਗੱਲ-ਬਾਤ ਕੀਤੀ।
27 ਪਰ ਦੋ ਸਾਲ ਬਾਅਦ ਪੁਰਕਿਯੁਸ ਫ਼ੇਸਤੁਸ ਫ਼ੇਲਿਕੁਸ ਦੀ ਥਾਂ ਹਾਕਮ ਬਣ ਗਿਆ। ਇਸ ਲਈ ਹੁਣ ਫ਼ੇਲਿਕੁਸ ਹਾਕਮ ਨਾ ਰਿਹਾ। ਫ਼ੇਲਿਕੁਸ ਕੁਝ ਅਜਿਹਾ ਕਰਨਾ ਚਾਹੁੰਦਾ ਸੀ ਜੋ ਯਹੂਦੀਆਂ ਨੂੰ ਪ੍ਰਸੰਨ ਕਰੇ। ਇਸ ਲਈ ਉਸਨੇ ਪੌਲੁਸ ਨੂੰ ਕੈਦ ਵਿੱਚ ਹੀ ਰਹਿਣ ਦਿੱਤਾ।