ਰਸੂਲਾਂ ਦੇ ਕਰਤੱਬ

ਕਾਂਡ : 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28


ਕਾਂਡ 5

1 ਉਥੇ ਹਨਾਨਿਯਾ ਨਾਂ ਦਾ ਇੱਕ ਮਨੁੱਖ ਸੀ, ਜਿਸਦੀ ਬੀਵੀ ਦਾ ਨਾਂ ਸਫ਼ੀਰਾ ਸੀ। ਹਨਾਨਿਯਾ ਕੋਲ ਜਿਸ ਜ਼ਮੀਨ ਦਾ ਕਬਜ਼ਾ ਸੀ ਉਸ ਦਾ ਇੱਕ ਹਿੱਸਾ ਉਸਨੇ ਵੇਚ ਦਿੱਤਾ।
2 ਪਰ ਉਸ ਨੇ ਉਸ ਧਨ ਦਾ ਕੁਝ ਹੀ ਹਿੱਸਾ ਰਸੂਲਾਂ ਨੂੰ ਦਿੱਤਾ ਤੇ ਕੁਝ ਧਨ ਬਿਨਾ ਉਨ੍ਹਾਂ ਨੂੰ ਦੱਸਿਆਂ, ਆਪਣੇ ਵਾਸਤੇ ਰਖ ਲਿਆ। ਉਸਦੀ ਪਤਨੀ ਇਹ ਸਭ ਜਾਣਦੀ ਸੀ ਤੇ ਉਹ ਉਸਦੇ ਨਾਲ ਰਲ ਗਈ।
3 ਪਤਰਸ ਨੇ ਆਖਿਆ, “ਹਨਾਨਿਯਾ, ਸ਼ੈਤਾਨ ਨੂੰ ਆਪਣੇ ਦਿਲ ਉੱਪਰ ਰਾਜ ਕਰਨ ਦੇਣ ਦੀ ਕੀ ਵਜਹ ਸੀ? ਤੂੰ ਝੂਠ ਬੋਲ ਕੇ ਪਵਿੱਤਰ ਆਤਮਾ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਤੂੰ ਜ਼ਮੀਨ ਵੇਚਕੇ ਕਿਉਂ ਉਸ ਧਨ ਦਾ ਕੁਝ ਹਿੱਸਾ ਚੋਰੀ-ਚੋਰੀ ਆਪਣੇ ਵਾਸਤੇ ਸੰਭਾਲ ਲਿਆ ਹੈ?
4 ਉਹ ਖੇਤ ਵੇਚਣ ਤੋਂ ਪਹਿਲਾਂ, ਇਹ ਤੇਰੇ ਨਾਲ ਸੰਬੰਧਿਤ ਸੀ। ਅਤੇ ਉਸਨੂੰ ਵੇਚਣ ਤੋਂ ਬਾਅਦ ਵੀ, ਤੂੰ ਆਪਣੀ ਇੱਛਾ ਅਨੁਸਾਰ ਇਸ ਧਨ ਨੂੰ ਵਰਤ ਸਕਦਾ ਸੀ। ਫ਼ੇਰ ਤੂੰ ਅਜਿਹਾ ਕਰਨ ਦੀ ਕਿਉਂ ਸੋਚੀ? ਤੂੰ ਲੋਕਾਂ ਨੂੰ ਨਹੀਂ ਸਗੋਂ ਪਰਮੇਸ਼ੁਰ ਨੂੰ ਝੂਠ ਬੋਲਿਆ ਹੈ।”
5 ਜਦੋਂ ਹਨਾਨਿਯਾ ਨੇ ਇਹ ਸੁਣਿਆ, ਤਾਂ ਉਹ ਭੁੰਜੇ ਡਿਗਿਆ ਅਤੇ ਮਰ ਗਿਆ। ਕੁਝ ਨੌਜਵਾਨ ਅੱਗੇ ਆਏ, ਉਸਦੀ ਲੋਥ ਨੂੰ ਲਪੇਟ ਕੇ ਲੈ ਗਏ ਅਤੇ ਜਾਕੇ ਉਸਨੂੰ ਦਫ਼ਨਾ ਦਿੱਤਾ। ਜਿਨ੍ਹਾਂ ਨੇ ਵੀ ਉਸ ਬਾਰੇ ਇਹ ਗੱਲ ਸੁਣੀ ਡਰ ਗਏ।
6
7 ਤਕਰੀਬਨ ਤਿੰਨ ਘੰਟੇ ਬਾਅਦ ਉਸਦੀ ਪਤਨੀ ਸਫ਼ੀਰਾ ਅੰਦਰ ਆਈ। ਉਸਨੂੰ ਨਹੀਂ ਪਤਾ ਸੀ ਕਿ ਉਸਦੇ ਪਤੀ ਨਾਲ ਕੀ ਵਾਪਰੀ ਹੈ।
8 ਪਤਰਸ ਨੇ ਉਸਨੂੰ ਪੁੱਛਿਆ, “ਮੈਨੂੰ ਦੱਸ ਕਿ ਉਸ ਜਾਇਦਾਦ ਨੂੰ ਵੇਚਕੇ ਕਿੰਨਾ ਧਨ ਤੈਨੂੰ ਮਿਲਿਆ ਹੈ।” ਕੀ ਤੈਨੂੰ ਇੰਨਾ ਧਨ ਮਿਲਿਆ ਹੈ।”ਸਫ਼ੀਰਾ ਨੇ ਜਵਾਬ ਦਿੱਤਾ, “ਹਾਂ, ਖੇਤ ਵੇਚਕੇ ਸਾਨੂੰ ਇੰਨਾ ਹੀ ਮਿਲਿਆ ਸੀ।”
9 ਪਤਰਸ ਨੇ ਉਸਨੂੰ ਕਿਹਾ, “ਤੂੰ ਅਤੇ ਤੇਰਾ ਪਤੀ ਪ੍ਰਭੂ ਦੇ ਆਤਮੇ ਨੂੰ ਪਰੱਖਣ ਲਈ ਕਿਉਂ ਸਹਿਮਤ ਹੋਏ? ਸੁਣ। ਕੀ ਤੂੰ ਪੈਰਾਂ ਦੀ ਚਾਪ ਸੁਣ ਰਹੀ ਹੈਂ? ਜਿਹੜੇ ਆਦਮੀ ਤੇਰੇ ਪਤੀ ਨੂੰ ਦਫ਼ਨਾ ਕੇ ਆਏ ਹਨ ਉਹ ਦਰਵਾਜ਼ੇ ਤੇ ਖੜੇ ਹਨ। ਉਹ ਇਸੇ ਤਰ੍ਹਾਂ ਤੈਨੂੰ ਵੀ ਲੈ ਜਾਣਗੇ।”
10 ਉਸੇ ਘੜੀ ਸਫ਼ੀਰਾ ਉਸਦੇ ਪੈਰਾਂ ਕੋਲ ਹੇਠਾਂ ਡਿੱਗੀ ਅਤੇ ਮਰ ਗਈ। ਨੌਜਵਾਨ ਆਦਮੀ ਅੰਦਰ ਆਏ ਅਤੇ ਉਸਨੂੰ ਮਰੀ ਹੋਈ ਪਾਇਆ। ਉਹ ਉਸਦੀ ਲਾਸ਼ ਨੂੰ ਉਸ ਜਗ਼੍ਹਾ ਤੋਂ ਦੂਰ ਲੈ ਗਏ ਅਤੇ ਉਸਦੇ ਪਤੀ ਦੇ ਕੋਲ ਹੀ ਦਫ਼ਨਾ ਦਿੱਤਾ।
11 ਸਾਰੇ ਨਿਹਚਾਵਾਨ ਅਤੇ ਹੋਰ ਲੋਕੀ ਜਿਨ੍ਹਾਂ ਨੇ ਵੀ ਇਸ ਗੱਲ ਬਾਰੇ ਸੁਣਿਆ, ਡਰ ਗਏ।
12 ਰਸੂਲਾਂ ਨੇ ਬਹੁਤ ਸਾਰੀਆਂ ਸ਼ਕਤੀਸ਼ਾਲੀ ਕਰਾਮਾਤਾਂ ਤੇ ਚਮਤਕਾਰ ਕੀਤੇ। ਸਭ ਲੋਕਾਂ ਨੇ ਇਹ ਵੇਖੀਆਂ। ਸਾਰੇ ਰਸੂਲ ਇੱਕੋ ਮਨ ਨਾਲ ਸੁਲੇਮਾਨ ਦੇ ਦਲਾਨ ਵਿੱਚ ਇਕਠੇ ਹੋਏ ਸਨ।
13 ਉਨ੍ਹਾਂ ਵਿੱਚੋਂ ਕਿਸੇ ਦਾ ਵੀ ਉਨ੍ਹਾਂ ਨਾਲ ਜੁੜਨ ਦਾ ਹੀਆਂ ਨਾ ਪਿਆ ਪਰ ਸਾਰੇ ਲੋਕ ਰਸੂਲਾਂ ਦੀ ਉਸਤਤਿ ਕਰ ਰਹੇ ਸਨ।
14 ਵਧ ਤੋਂ ਵਧ ਲੋਕ, ਆਦਮੀ ਤੇ ਔਰਤਾਂ ਦੋਵੇਂ ਹੀ ਪ੍ਰਭੂ ਵਿੱਚ ਨਿਹਚਾ ਰੱਖਣ ਲੱਗੇ। ਅਤੇ ਉਨ੍ਹਾਂ ਨਿਹਚਾਵਾਨਾਂ ਦੀ ਸੰਗਤ ਵਿੱਚ ਰਲਣ ਲੱਗੇ।
15 ਇਸ ਲਈ ਲੋਕਾਂ ਨੇ ਬਿਮਾਰਾਂ ਨੂੰ ਗਲੀਆਂ ਵਿੱਚ ਲਿਆਉਣਾ ਸ਼ੁਰੂ ਕਰ ਦਿੱਤਾ ਕਿਉਂ ਕਿ ਉਨ੍ਹਾਂ ਸੁਣਿਆ ਸੀ ਕਿ ਪਤਰਸ ਉਥੇ ਆ ਰਿਹਾ ਹੈ, ਤਾਂ ਲੋਕ ਬਿਮਾਰਾਂ ਨੂੰ ਮੰਜੀਆਂ ਜਾਂ ਗਧਿਆਂ ਤੇ ਪਾਕੇ ਲਿਆਉਂਦੇ, ਇਸ ਲਈ ਕਿ ਜਦ ਪਤਰਸ ਆਵੇ ਤਾਂ ਹੋਰ ਨਹੀਂ ਤਾਂ ਸ਼ਾਇਦ ਉਸ ਦਾ ਪਰਛਾਵਾਂ ਹੀ ਉਨ੍ਹਾਂ ਵਿੱਚੋਂ ਕਿਸੇ ਤੇ ਪੈ ਜਾਵੇ, ਉਨ੍ਹਾਂ ਨੂੰ ਠੀਕ ਕਰਨ ਵਾਸਤੇ ਇਹੀ ਕਾਫ਼ੀ ਹੈ।
16 ਲੋਕਾਂ ਦੀ ਭੀੜ ਯਰੂਸ਼ਲਮ ਦੇ ਆਸ-ਪਾਸ ਦੇ ਨਗਰਾਂ ਤੋਂ ਵੀ ਆ ਰਹੀ ਸੀ। ਉਹ ਬਿਮਾਰਾਂ ਨੂੰ ਆਪਣੇ ਨਾਲ ਲੈਕੇ ਆਉਂਦੇ ਅਤੇ ਉਨ੍ਹਾਂ ਨੂੰ ਵੀ ਜੋ ਸ਼ੈਤਾਨ ਵੱਲੋਂ ਭਰਿਸ਼ਟ ਆਤਮਾ ਦੇ ਸਤਾਏ ਹੋਏ ਹੁੰਦੇ ਸਨ। ਇਹ ਸਾਰੇ ਰੋਗੀ ਉਥੇ ਠੀਕ ਹੋ ਗਏ।
17 ਸਰਦਾਰ ਜਾਜਕ ਅਤੇ ਉਸਦੇ ਸਾਰੇ ਮਿੱਤਰ ਇੱਕ ਪੰਥ ਨਾਲ ਜੋ ਸਦੂਕੀ ਅਖਵਾਉਂਦਾ ਸੀ, ਬਹੁਤ ਈਰਖਾ ਕਰਨ ਲੱਗੇ।
18 ਉਨ੍ਹਾਂ ਨੇ ਰਸੂਲਾਂ ਨੂੰ ਫ਼ੜਕੇ ਕੈਦ ਕਰ ਦਿੱਤਾ।
19 ਪਰ ਰਾਤ ਦੇ ਵਕਤ, ਪ੍ਰਭੂ ਦੇ ਦੂਤ ਨੇ ਜੇਲ ਦੇ ਸਾਰੇ ਦਰਵਾਜ਼ੇ ਖੋਲ੍ਹ ਦਿੱਤੇ। ਦੂਤ ਉਨ੍ਹਾਂ ਨੂੰ ਬਾਹਰ ਲੈ ਗਿਆ ਅਤੇ ਆਖਿਆ,
20 “ਜਾਓ ਅਤੇ ਮੰਦਰ ਦੇ ਵਿਹੜੇ ਵਿੱਚ ਖੜ੍ਹੇ ਹੋ ਜਾਓ। ਅਤੇ ਲੋਕਾਂ ਨੂੰ ਇਸ ਸਾਰੇ ਨਵੇਂ ਜੀਵਨ ਬਾਰੇ ਦੱਸੋ।”
21 ਜਦੋਂ ਰਸੂਲਾਂ ਨੇ ਅਜਿਹਾ ਸੁਣਿਆ, ਤਾਂ ਉਹ ਝੱਟ ਕਿਹਾ ਮੰਨ ਕੇ ਮੰਦਰ ਦੇ ਵਿੱਚ ਗਏ। ਇਹ ਅਮ੍ਰਿਤ ਵੇਲਾ ਸੀ ਜਦੋਂ ਰਸੂਲਾਂ ਨੇ ਲੋਕਾਂ ਨੂੰ ਉਪਦੇਸ਼ ਦੇਣੇ ਸ਼ੁਰੂ ਕੀਤੇ।ਸਰਦਾਰ ਜਾਜਕ ਅਤੇ ਉਸਦੇ ਸਾਥੀ ਆਏ। ਉਨ੍ਹਾਂ ਨੇ ਯਹੂਦੀ ਆਗੂਆਂ ਅਤੇ ਯਹੂਦੀਆਂ ਦੇ ਮਹੱਤਵਪੂਰਣ ਬਜ਼ੁਰਗਾਂ ਨੂੰ ਸਦਿਆ ਅਤੇ ਇੱਕ ਸਭਾ ਕੀਤੀ। ਫ਼ੇਰ ਉਨ੍ਹਾਂ ਨੇ ਕੁਝ ਲੋਕਾਂ ਨੂੰ ਰਸੂਲਾਂ ਨੂੰ ਕੈਦ ਵਿੱਚੋਂ ਲਿਆਉਣ ਲਈ ਭੇਜਿਆ।
22 ਜਦੋਂ ਉਹ ਲੋਕ ਕੈਦਖਾਨੇ ਕੋਲ ਪਹੁੰਚੇ, ਉਥੇ ਉਹ ਉਨ੍ਹਾਂ ਨੂੰ ਲਭ ਨਾ ਸਕੇ। ਉਹ ਵਾਪਸ ਆਏ ਅਤੇ ਇਹ ਸਾਰੀ ਗੱਲ ਯਹੂਦੀ ਆਗੂਆਂ ਨੂੰ ਦਸੀ।
23 ਉਨ੍ਹਾਂ ਆਦਮੀਆਂ ਕਿਹਾ, “ਜੇਲ੍ਹ ਬੰਦ ਸੀ ਅਤੇ ਉਸਨੂੰ ਜਿੰਦਰਾ ਵੀ ਲਗਿਆ ਹੋਇਆ ਸੀ। ਅਤੇ ਦਰਵਾਜ਼ਿਆਂ ਤੇ ਦਰਬਾਨ ਵੀ ਖੜੇ ਹੋਏ ਸਨ, ਪਰ ਜਦ ਅਸੀਂ ਦਰਵਾਜ਼ੇ ਖੋਲ੍ਹੇ ਤਾਂ ਜੇਲ੍ਹ ਅੰਦਰੋਂ ਖਾਲੀ ਪਈ ਸੀ।”
24 ਜਦੋਂ ਮੰਦਰ ਦੇ ਪੈਹਰੇਦਾਰਾਂ, ਅਤੇ ਪਰਧਾਨ ਜਾਜਕਾਂ ਨੇ ਇਹ ਸਭ ਸੁਣਿਆ ਤਾਂ ਉਹ ਪਰੇਸ਼ਾਨ ਹੋਏ ਤੇ ਉਹ ਹੈਰਾਨ ਸਨ ਕਿ, “ਪਤਾ ਨਹੀਂ ਇਸਦੇ ਕਾਰਣ ਕੀ ਹੋ ਜਾਵੇ”
25 ਤਦ ਇੱਕ ਹੋਰ ਆਦਮੀ ਆਇਆ ਅਤੇ ਉਸਨੇ ਆਕੇ ਕਿਹਾ ਕਿ, “ਸੁਣੋ। ਜਿਨ੍ਹਾਂ ਮਨੁੱਖਾਂ ਨੂੰ ਤੁਸੀਂ ਕੈਦਖਾਨੇ ਵਿੱਚ ਕੈਦ ਕੀਤਾ ਸੀ ਉਹ ਮੰਦਰ ਦੇ ਵਿਹੜੇ ‘ਚ ਖੜੋ ਕੇ ਲੋਕਾਂ ਨੂੰ ਉਪਦੇਸ਼ ਦੇ ਰਹੇ ਹਨ।”
26 ਤੱਦ ਕਪਤਾਨ ਅਤੇ ਉਸਦੇ ਆਦਮੀ ਬਾਹਰ ਗਏ ਅਤੇ ਰਸੂਲਾਂ ਨੂੰ ਵਾਪਸ ਲਿਆਏ। ਪਰ ਉਨ੍ਹਾਂ ਨੇ ਕੋਈ ਜ਼ੋਰ ਜਬਰਦਸਤੀ ਨਾ ਕੀਤੀ ਕਿਉਂਕਿ ਉਹ ਡਰਦੇ ਸਨ ਕਿ ਸ਼ਾਇਦ ਭੀੜ ਉਨ੍ਹਾਂ ਨੂੰ ਪੱਥਰ ਮਾਰੇ।
27 ਸਿਪਾਹੀਆਂ ਨੇ ਰਸੂਲਾਂ ਨੂੰ ਯਹੂਦੀ ਆਗੂਆਂ ਦੇ ਸਾਮ੍ਹਣੇ ਯਹੂਦੀ ਸਭਾ ਵਿੱਚ ਲਿਆ ਖੜ੍ਹਾ ਕੀਤਾ। ਪ੍ਰਧਾਨ ਜਾਜਕ ਨੇ ਰਸੂਲਾਂ ਨੂੰ ਸਵਾਲ ਕੀਤਾ।
28 ਉਸਨੇ ਆਖਿਆ, “ਅਸੀਂ ਬੜੀ ਦ੍ਰਿੜਤਾ ਨਾਲ ਤੁਹਾਨੂੰ ਦੁਬਾਰਾ ਕਦੇ ਵੀ ਇਸ ਆਦਮੀ ਯਿਸੂ ਬਾਰੇ ਉਪਦੇਸ਼ ਨਾ ਦੇਣ ਵਾਸਤੇ ਕਿਹਾ ਸੀ। ਪਰ ਵੇਖੋ ਤੁਸੀਂ ਕੀ ਕਰ ਰਹੇ ਹੋ? ਤੁਸੀਂ ਸਾਰੇ ਯਰੂਸ਼ਲਮ ਨੂੰ ਆਪਣੇ ਉਪਦੇਸ਼ਾਂ ਨਾਲ ਭਰ ਦਿੱਤਾ ਹੈ। ਇੰਝ ਕਰਕੇ ਤੁਸੀਂ ਸਾਨੂੰ ਉਸਦੀ ਮੌਤ ਦਾ ਜਿੰਮੇਵਾਰ ਠਹਿਰਾ ਰਹੇ ਹੋ।”
29 ਪਤਰਸ ਅਤੇ ਦੂਜੇ ਰਸੂਲਾਂ ਨੇ ਜਵਾਬ ਦਿੱਤਾ, “ਮਨੁੱਖਾਂ ਦੇ ਹੁਕਮ ਨਾਲੋਂ ਸਾਨੂੰ ਪਰਮੇਸ਼ੁਰ ਦੇ ਹੁਕਮ ਦੀ ਪਾਲਣਾ ਵਧੇਰੇ ਕਰਨੀ ਚਾਹੀਦੀ ਹੈ।
30 ਤੁਸੀਂ ਯਿਸੂ ਨੂੰ ਮਾਰ ਦਿੱਤਾ। ਤੁਸੀਂ ਉਸਨੂੰ ਸੂਲੀ ਤੇ ਚਾੜ੍ਹ ਦਿੱਤਾ ਪਰ ਪਰਮੇਸ਼ੁਰ ਨੇ, ਜਿਹੜਾ ਸਾਡੇ ਪੁਰਖਿਆਂ ਦਾ ਵੀ ਪਿਤਾ ਹੈ, ਯਿਸੂ ਨੂੰ ਮੁੜ ਮੌਤ ਤੋਂ ਜੀਵਾਲਿਆ।
31 ਉਸਨੂੰ ਪਰਮੇਸ਼ੁਰ ਨੇ ਆਪਣੇ ਕੋਲ ਸੱਜੇ ਪਾਸੇ, ਉੱਚਾ ਚੁੱਕ ਕੇ ਸਾਡਾ ਸਰਦਾਰ ਅਤੇ ਮੁਕਤੀ ਦਾਤਾ ਠਹਿਰਾਇਆ ਹੈ। ਪਰਮੇਸ਼ੁਰ ਨੇ ਇਹ ਇਸ ਲਈ ਕੀਤਾ ਤਾਂ ਜੋ ਸਾਰੇ ਯਹੂਦੀ ਆਪਣੇ ਦਿਲ ਅਤੇ ਜੀਵਨਾਂ ਨੂੰ ਬਦਲ ਸਕਣ ਅਤੇ ਆਪਣੇ ਪਾਪਾਂ ਵਾਸਤੇ ਮੁਆਫ਼ੀ ਪਾ ਸਕਣ।
32 ਅਸੀਂ ਇਹ ਸਭ ਵਾਪਰਦਿਆਂ ਵੇਖਿਆ ਹੈ ਇਸ ਲਈ ਅਸੀਂ ਇਹ ਆਖ ਸਕਦੇ ਹਾਂ ਕਿ ਇਹ ਸਭ ਸੱਚ ਹੈ ਤੇ ਪਵਿੱਤਰ ਆਤਮਾ ਵੀ ਇਹ ਦਰਸ਼ਾਉਂਦਾ ਹੈ ਕਿ ਇਹ ਸਭ ਸੱਚ ਹੈ। ਇਸ ਲਈ ਪਰਮੇਸ਼ੁਰ ਨੇ ਉਨ੍ਹਾਂ ਸਭਨਾ ਨੂੰ ਜੋ ਉਸਨੂੰ ਮੰਨਦੇ ਹਨ ਪਵਿੱਤਰ ਆਤਮਾ ਬਖਸ਼ਿਆ ਹੈ।”
33 ਇਹ ਗੱਲਾਂ ਸੁਣਕੇ, ਯਹੂਦੀ ਆਗੂ ਬਹੁਤ ਗੁੱਸੇ ਹੋਏ ਅਤੇ ਉਨ੍ਹਾਂ ਨੇ ਰਸੂਲਾਂ ਨੂੰ ਮਾਰਨ ਦਾ ਨਿਸ਼ਚਾ ਕੀਤਾ।
34 ਸਭਾ ਵਿੱਚੋਂ ਇੱਕ ਫ਼ਰੀਸੀ ਉਠ ਖਲੋਇਆ। ਉਸ ਦਾ ਨਾਂ ਗਮਲੀਏਲ ਸੀ। ਉਹ ਸ਼ਰ੍ਹਾ ਪੜਾਉਣ ਵਾਲਾ ਸੀ, ਅਤੇ ਸਾਰੇ ਲੋਕ ਉਸਦੀ ਇੱਜ਼ਤ ਕਰਦੇ ਸਨ। ਉਸਨੇ ਰਸੂਲਾਂ ਨੂੰ ਕੁਝ ਦੇਰ ਲਈ ਸਭਾ ਵਿੱਚੋਂ ਬਾਹਰ ਲੈ ਜਾਣ ਦਾ ਆਦੇਸ਼ ਦਿੱਤਾ।
35 ਤੱਦ ਉਸਨੇ ਉਨ੍ਹਾਂ ਨੂੰ ਕਿਹਾ, “ਹੇ ਇਸਰਾਏਲ ਦੇ ਲੋਕੋ, ਜੋ ਤੁਸੀਂ ਇਨ੍ਹਾਂ ਲੋਕਾਂ ਨਾਲ ਕਰਨ ਦੀ ਵਿਉਂਤ ਬਣਾ ਰਹੇ ਹੋ ਉਸ ਬਾਰੇ ਸਾਵਧਾਨ ਰਹੋ।
36 ਕੁਝ ਸਮਾਂ ਪਹਿਲਾਂ ਥੇਉਦਾਸ ਆਇਆ ਅਤੇ ਦਾਵ੍ਹਾ ਕੀਤਾ ਕਿ ਉਹ ਇੱਕ ਮਹੱਤਵਪੂਰਣ ਵਿਅਕਤੀ ਸੀ। ਚਾਰ ਸੌ ਦੇ ਨੇੜੇ ਲੋਕ ਉਸ ਨਾਲ ਜੁੜੇ। ਫ਼ੇਰ ਜਦੋਂ ਉਹ ਮਾਰਿਆ ਗਿਆ, ਉਸਦੇ ਸਾਰੇ ਚੇਲੇ ਖਿਲਰ ਗਏ ਅਤੇ ਇਸ ਸਾਰੇ ਕਾਸੇ ਦਾ ਅੰਤ ਹੋ ਗਿਆ।
37 ਬਾਅਦ ਵਿੱਚ, ਮਰਦੁਮਸ਼ੁਮਾਰੀ ਦੇ ਸਮੇਂ ਗਲੀਲੀ ਤੋਂ ਯਹੂਦਾ ਆਇਆ ਅਤੇ ਉਸਨੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਪਿਛੇ ਲਾ ਲਿਆ। ਉਹ ਵੀ ਮਾਰਿਆ ਗਿਆ ਅਤੇ ਜਿੰਨੇ ਉਸਨੂੰ ਮੰਨਦੇ ਸਨ ਸਭ ਇਧਰ-ਉਧਰ ਖਿਲ੍ਲਰ ਗਏ।
38 ਇਸੇ ਲਈ ਹੁਣ ਮੈਂ ਤੁਹਾਨੂੰ ਆਖਦਾ ਹਾਂ; ਇਨ੍ਹਾਂ ਲੋਕਾਂ ਬਾਰੇ ਤੰਗ ਨਾ ਹੋਵੋ। ਇਨ੍ਹਾਂ ਨੂੰ ਜਾਣ ਦਿਉ। ਜੇਕਰ ਇਨ੍ਹਾਂ ਦੀਆਂ ਵਿਉਂਤਾਂ ਅਤੇ ਅਮਲ ਲੋਕਾਂ ਵੱਲੋਂ ਹਨ, ਇਹ ਅਸਫ਼ਲ ਹੋ ਜਾਣਗੀਆਂ।
39 ਪਰ ਜੇਕਰ ਇਹ ਪਰਮੇਸ਼ੁਰ ਵੱਲੋਂ ਹਨ, ਫ਼ੇਰ ਤੁਸੀਂ ਇਸ ਨੂੰ ਕਿਸੇ ਤਰ੍ਹਾਂ ਵੀ ਨਹੀਂ ਰੋਕ ਸਕਦੇ। ਸ਼ਾਇਦ ਤੁਸੀਂ ਅੰਤ ਵਿੱਚ ਖੁਦ ਪਰਮੇਸ਼ੁਰ ਦੇ ਖਿਲਾਫ਼ ਲੜ ਪਵੋਂ।” ਯਹੂਦੀ ਆਗੂਆਂ ਨੇ ਉਸਦੀ ਗੱਲ ਮੰਨ ਲਈ।
40 ਫ਼ਿਰ ਉਨ੍ਹਾਂ ਰਸੂਲਾਂ ਨੂੰ ਅੰਦਰ ਸਦਿਆ ਤਾਂ ਮਾਰ ਕੁੱਟਕੇ ਉਨ੍ਹਾਂ ਨੂੰ ਤਗੀਦ ਕੀਤੀ ਜੋ ਯਿਸੂ ਦੇ ਨਾਮ ਦੀ ਚਰਚਾ ਨਾ ਕਰਨ। ਇਹ ਆਖਕੇ ਉਨ੍ਹਾਂ ਰਸੂਲਾਂ ਨੂੰ ਭੇਜ ਦਿੱਤਾ।
41 ਰਸੂਲ ਸਭਾ ਤੋਂ ਵਿਦਾ ਹੋ ਗਏ। ਉਹ ਖੁਸ਼ ਸਨ ਕਿਉਂਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਯਿਸੂ ਦੇ ਨਾਂ ਵਾਸਤੇ ਕਸ਼ਟ ਝੱਲਣ ਯੋਗ ਸਮਝਿਆ।
42 ਰਸੂਲਾਂ ਨੇ ਲੋਕਾਂ ਨੂੰ ਉਪਦੇਸ਼ ਦੇਣੇ ਬੰਦ ਨਾ ਕੀਤੇ। ਉਹ ਲੋਕਾਂ ਨੂੰ ਇਸ ਖੁਸ਼ਖਬਰੀ ਦਾ, ਕਿ ਯਿਸੂ ਹੀ ਮਸੀਹ ਹੈ, ਪ੍ਰਚਾਰ ਕਰਦੇ ਰਹੇ। ਉਨ੍ਹਾਂ ਨੇ ਇਹ ਹਰ ਰੋਜ਼ ਮੰਦਰ ਦੇ ਵਿਹੜੇ ਵਿੱਚ ਅਤੇ ਲੋਕਾਂ ਦੇ ਘਰਾਂ ਵਿੱਚ ਕੀਤਾ।