ਰਸੂਲਾਂ ਦੇ ਕਰਤੱਬ

ਕਾਂਡ : 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28


ਕਾਂਡ 18

1 ਬਾਅਦ ਵਿੱਚ ਪੌਲੁਸ ਅਥੈਨੇ ਨੂੰ ਛੱਡਕੇ ਕੁਰਿੰਥੁਸ ਸ਼ਹਿਰ ਵਿੱਚ ਚਲਾ ਗਿਆ।
2 ਉਥੇ ਉਹ ਅਕੂਲਾ ਨਾਂ ਦੇ ਇੱਕ ਯਹੂਦੀ ਆਦਮੀ ਨੂੰ ਮਿਲਿਆ, ਜੋ ਪੁੰਤੁਸ ਦੇਸ ਦਾ ਜੰਮਿਆ ਪਲਿਆ ਸੀ। ਪਰ ਅਕੂਲਾ ਅਤੇ ਉਸਦੀ ਪਤਨੀ ਪ੍ਰਿਸਕਿਲਾ ਇਤਾਲਿਯਾ ਤੋਂ ਹੁਣ ਹੀ ਕੁਰਿੰਥੁਸ ਵਿੱਚ ਆਏ ਸਨ। ਕਿਉਂਕਿ ਕਲੌਦਿਯੁਸ ਨੇ ਹੁਕਮ ਦਿੱਤਾ ਸੀ ਕਿ ਸਾਰੇ ਯਹੂਦੀ ਰੋਮ ਵਿੱਚੋਂ ਨਿਕਲ ਜਾਣ, ਤਾਂ ਪੌਲੁਸ ਅਕੂਲਾ ਅਤੇ ਪ੍ਰਿਸਕਿੱਲਾ ਨੂੰ ਮਿਲਣ ਲਈ ਗਿਆ।
3 ਉਹ ਵੀ ਪੌਲੁਸ ਦੀ ਤਰ੍ਹਾਂ, ਤੰਬੂ ਬਨਾਉਣ ਵਾਲੇ ਹੀ ਸਨ। ਪੌਲੁਸ ਉਨ੍ਹਾਂ ਕੋਲ ਠਹਿਰ ਕੇ ਉਨ੍ਹਾਂ ਨਾਲ ਕੰਮ ਕਰਨ ਲੱਗ ਪਿਆ।
4 ਹਰ ਸਬਤ ਦੇ ਦਿਨ, ਪੌਲੁਸ ਯਹੂਦੀਆਂ ਅਤੇ ਯੂਨਾਨੀਆਂ ਨਾਲ ਪ੍ਰਾਰਥਨਾ ਸਥਾਨ ਵਿੱਚ ਚਰਚਾ ਕਰਦਾ। ਪੌਲੁਸ ਨੇ ਉਨ੍ਹਾਂ ਨੂੰ ਮਨਵਾਉਣ ਦੀ ਕੋਸ਼ਿਸ਼ ਕੀਤੀ।
5 ਸੀਲਾਸ ਅਤੇ ਤਿਮੋਥਿਉਸ ਮਕਦੁਨਿਯਾ ਤੋਂ ਪੌਲੁਸ ਕੋਲ ਕੁਰਿੰਥੁਮ ਵਿੱਚ ਆ ਗਏ। ਇਸ ਤੋਂ ਬਾਅਦ ਉਸਨੇ ਖੁਸ਼ ਖਬਰੀ ਦੇਣ ਅਤੇ ਯਹੂਦੀਆਂ ਨੂੰ ਇਹ ਵਿਖਾਉਂਦਿਆਂ, ਕਿ ਯਿਸੂ ਹੀ ਮਸੀਹ ਹੈ, ਆਪਣਾ ਸਾਰਾ ਸਮਾਂ ਬਿਤਾਇਆ।
6 ਪਰ ਉਨ੍ਹਾਂ ਨੇ ਉਸਦਾ ਵਿਰੋਧ ਕੀਤਾ ਅਤੇ ਉਸ ਨਾਲ ਅਨੁਚਿਤ ਵਿਹਾਰ ਕੀਤਾ। ਇਸ ਲਈ ਪੌਲੁਸ ਨੇ ਆਪਣੇ ਕੱਪੜਿਆਂ ਦੀ ਧੂੜ ਝਾੜਦਿਆਂ ਹੋਇਆਂ ਯਹੂਦੀਆਂ ਨੂੰ ਆਖਿਆ, “ਤੁਸੀਂ ਆਪਣੇ ਦੇਸ਼ਾਂ ਕਾਰਣ ਬਚਾਏ ਨਾ ਜਾਵੋਂਗੇ। ਮੈਂ ਜੋ ਕਰ ਸਕਦਾ ਸੀ, ਕੀਤਾ ਹੈ। ਇਸਤੋਂ ਬਾਅਦ ਮੈਂ ਸਿਰਫ਼ ਪਰਾਈਆਂ ਕੌਮਾਂ ਵਿੱਚ ਜਾਵਾਂਗਾ।”
7 ਪੌਲੁਸ ਪ੍ਰਾਰਥਨਾ ਸਥਾਨ ਨੂੰ ਛੱਡਕੇ ਤੀਤੁਸ ਯੂਸਤੁਸ ਦੇ ਘਰ ਨੂੰ ਚਲਾ ਗਿਆ। ਇਹ ਮਨੁੱਖ ਸੱਚੇ ਪਰਮੇਸ਼ੁਰ ਦੀ ਉਪਾਸਨਾ ਕਰਦਾ ਸੀ, ਇਸ ਦਾ ਘਰ ਪ੍ਰਾਰਥਨਾ ਸਥਾਨ ਤੋਂ ਨਾਲ ਦਾ ਸੀ।
8 ਉਸ ਪ੍ਰਾਰਥਨਾ ਸਥਾਨ ਦਾ ਆਗੂ ਕਰਿਸਪੁਸ ਸੀ। ਕਰਿਸਪੁਸ ਅਤੇ ਸਾਰੇ ਉਸਦੇ ਘਰ ਵਿੱਚ ਰਹਿਣ ਵਾਲਿਆਂ ਲੋਕਾਂ ਨੇ ਪ੍ਰਭੂ ਵਿੱਚ ਵਿਸ਼ਵਾਸ ਕੀਤਾ। ਕੁਰਿੰਥੁਸ ਵਿੱਚ ਰੋਰ ਵੀ ਬਹੁਤ ਸਾਰੇ ਲੋਕਾਂ ਨੇ ਪੌਲੁਸ ਨੂੰ ਸੁਣਿਆ ਅਤੇ ਵਿਸ਼ਵਾਸ ਕੀਤਾ ਤੇ ਫ਼ਿਰ ਉਨ੍ਹਾਂ ਨੂੰ ਵੀ ਬਪਤਿਸਮਾ ਦਿੱਤਾ ਗਿਆ।
9 ਰਾਤ ਵੇਲੇ ਪੌਲੁਸ ਨੂੰ ਦਰਸ਼ਨ ਹੋਏ ਜਿਸ ਵਿੱਚ ਪ੍ਰਭੂ ਮਾਲਿਕ ਨੇ ਉਸਨੂੰ ਕਿਹਾ, “ਘਬਰਾ ਨਾ, ਲਗਾਤਾਰ ਲੋਕਾਂ ਵਿੱਚ ਬਚਨ ਕਰ, ਰੁਕੀਂ ਨਾ।
10 ਮੈਂ ਤੇਰੇ ਨਾਲ ਹਾਂ। ਕੋਈ ਵੀ ਤੇਰੇ ਤੇ ਹਮਲਾ ਕਰਨ ਅਤੇ ਤੈਨੂੰ ਸੱਟ ਮਾਰਨ ਨਹੀਂ ਆਵੇਗਾ। ਇਸ ਸ਼ਹਿਰ ਵਿੱਚ ਮੇਰੇ ਬਹੁਤ ਸਾਰੇ ਲੋਕ ਹਨ।”
11 ਪੌਲੁਸ ਉਥੇ ਕੋਈ ਡੇਢ ਕੁ ਸਾਲ ਠਹਿਰਿਆ ਅਤੇ ਲੋਕਾਂ ਨੂੰ ਪ੍ਰਭੂ ਦੇ ਉਪਦੇਸ਼ ਸੁਨਾਉਂਦਾ ਰਿਹਾ।
12 ਜਦੋਂ ਗਾਲੀਓ ਅਖਾਯਾ ਦੇਸ਼ ਦਾ ਰਾਜਪਾਲ ਬਣ ਗਿਆ, ਕੁਝ ਯਹੂਦੀ ਲੋਕ ਇੱਕ ਸਾਥ ਪੌਲੁਸ ਦੇ ਵਿਰੁੱਧ ਇਕਠੇ ਹੋਏ ਅਤੇ ਉਸਨੂੰ ਅਦਾਲਤ ਵਿੱਚ ਲੈ ਗਏ,
13 ਅਤੇ ਉਨ੍ਹਾਂ ਜਾਕੇ ਗਾਲੀਓ ਨੂੰ ਆਖਿਆ, “ਉਹ ਲੋਕਾਂ ਨੂੰ ਪਰਮੇਸ਼ੁਰ ਦੀ ਉਪਾਸਨਾ ਅਜਿਹੇ ਢੰਗ ਨਾਲ ਕਰਨ ਲਈ ਮਨਾਉਂਦਾ ਹੈ ਜੋ ਕਿ ਸਾਡੇ ਯਹੂਦੀ ਸ਼ਰ੍ਹਾ ਦੇ ਖਿਲਾਫ਼ ਹੈ।
14 ਜਦੋਂ ਪੌਲੁਸ ਕੁਝ ਆਖਣ ਲਈ ਮੂੰਹ ਖੋਲ੍ਹਣ ਲੱਗਾ ਤਾਂ ਗਾਲੀਓ ਨੇ ਯਹੂਦੀਆਂ ਨੂੰ ਆਖਿਆ, “ਹੇ ਯਹੂਦੀਓ। ਮੈ ਤੁਹਾਡੀ ਗੱਲ ਤਾਂ ਸੁਣੀ ਹੁੰਦੀ, ਜੇਕਰ ਇਹ ਕਿਸੇ ਗੰਭੀਰ ਅਪਰਾਧ ਜਾਂ ਗਲਤ ਕਰਨੀਆਂ ਦਾ ਮਾਮਲਾ ਹੁੰਦਾ।
15 ਪਰ ਜੋ ਗੱਲ ਤੁਸੀਂ ਯਹੂਦੀ ਆਖ ਰਹੇ ਹੋ ਇਹ ਝਗੜੇ ਤਾਂ ਤੁਹਾਡੀ ਆਪਣੀ ਸ਼ਰ੍ਹਾ, ਸ਼ਬਦਾਂ ਅਤੇ ਨਾਵਾਂ ਦੇ ਹਨ, ਸੋ ਇਹ ਤੁਸੀਂ ਹੀ ਜਾਣੋ, ਮੈਂ ਨਹੀਂ ਚਾਹੁੰਦਾ ਕਿ ਮੈਂ ਇਨ੍ਹਾਂ ਗੱਲਾਂ ਦਾ ਮੁਨਸਫ਼ ਹੋਵਾਂ।”
16 ਤੱਦ ਗਾਲੀਓ ਨੇ ਉਨ੍ਹਾਂ ਨੂੰ ਅਦਾਲਤ ਤੋਂ ਬਾਹਰ ਜਾਣ ਨੂੰ ਕਿਹਾ।
17 ਤੱਦ ਉਨ੍ਹਾਂ ਸਾਰਿਆਂ ਨੇ ਸੋਸਨਥੇਜ਼ ਨੂੰ ਫ਼ੜ ਲਿਆ। ਸੋਸਨਥੇਜ਼ ਉਸ ਵਕਤ ਪ੍ਰਾਰਥਨਾ ਸਥਾਨ ਦਾ ਆਗੂ ਸੀ ਉਨ੍ਹਾਂ ਨੇ ਅਦਾਲਤ ਦੇ ਅੱਗੇ ਸੋਸਨਥੇਜ਼ ਨੂੰ ਲਿਆਕੇ ਮਾਰਿਆ ਪਰ ਗਾਲੀਓ ਨੇ ਇਸ ਬਾਰੇ ਕੋਈ ਧਿਆਨ ਨਾ ਦਿੱਤਾ।
18 ਪੌਲੁਸ ਉਥੇ ਬਹੁਤ ਦਿਨ ਠਹਿਰਿਆ। ਫ਼ੇਰ ਉਸਨੇ ਭਰਾਵਾਂ ਨੂੰ ਅਲਵਿਦਾ ਆਖੀ ਅਤੇ ਸੁਰਿਯਾ ਲਈ ਜਹਾਜ ਵਿੱਚ ਸਫ਼ਰ ਕੀਤਾ। ਪ੍ਰਿਸਕਿੱਲਾ ਅਤੇ ਅਕੂਲਾ ਵੀ ਉਸਦੇ ਨਾਲ ਸਨ। ਕੰਖਰਿਯਾ ਵਿੱਚ ਪੌਲੁਸ ਨੇ ਆਪਣੇ ਵਾਲ ਕਟਾ ਲਏ, ਕਿਉਂਕਿ ਉਸਨੇ ਇਸ ਦੀ ਕਸਮ ਖਾਧੀ ਹੋਈ ਸੀ।
19 ਤੱਦ ਉਹ ਅਫ਼ਸੁਸ ਸ਼ਹਿਰ ਵਿੱਚ ਪਹੁੰਚਿਆ ਅਤੇ ਇਥੇ ਹੀ ਉਸਨੇ ਅਭੂਲਾ ਅਤੇ ਪ੍ਰਿਸਕਿੱਲਾ ਨੂੰ ਛਡਿਆ। ਅਫ਼ਸ੍ਸੁਸ ਵਿੱਚ, ਪੌਲੁਸ ਪ੍ਰਾਰਥਨਾ ਸਥਾਨ ਵਿੱਚ ਗਿਆ ਅਤੇ ਯਹੂਦੀਆਂ ਨਾਲ ਗੱਲ ਬਾਤ ਕੀਤੀ।
20 ਯਹੂਦੀਆਂ ਨੇ ਪੌਲੁਸ ਨੂੰ ਉਥੇ ਕੁਝ ਦੇਰ ਰੁਕਣ ਲਈ ਕਿਹਾ, ਪਰ ਉਸ ਨੇ ਮਨ੍ਹਾ ਕਰ ਦਿੱਤਾ।
21 ਪੌਲੁਸ ਨੇ ਉਨ੍ਹਾਂ ਨੂੰ ਛਡਿਆ ਅਤੇ ਕਿਹਾ, “ਜੇ ਪ੍ਰਭੂ ਨੇ ਚਾਹਿਆ ਤਾਂ ਮੈਂ ਤੁਹਾਡੇ ਕੋਲ ਫ਼ੇਰ ਆਵਾਂਗਾ।” ਇਉਂ ਪੌਲੁਸ ਅਫ਼ਸੁਸ ਤੋਂ ਰਵਾਨਾ ਹੋਇਆ।
22 ਅਤੇ ਕੈਸਰਿਯਾ ਸ਼ਹਿਰ ਵਿੱਚ ਪਹੁੰਚਿਆ। ਫ਼ੇਰ ਉਹ ਯਰੂਸ਼ਲਮ ਵਿੱਚ ਕਲੀਸਿਯਾ ਨੂੰ ਸ਼ੁਭ ਕਾਮਨਾਵਾਂ ਦੇਣ ਲਈ ਗਿਆ। ਉਸਤੋਂ ਬਾਅਦ ਉਹ ਅੰਤਾਕਿਯਾ ਨੂੰ ਗਿਆ,
23 ਅਤੇ ਉਥੇ ਕੁਝ ਦੇਰ ਰੁਕਿਆ ਅਤੇ ਫ਼ਿਰ ਅੰਤਾਕਿਯਾ ਨੂੰ ਛੱਡਕੇ ਗਲਾਤਿਯਾ ਅਤੇ ਫ਼ਰੁਗਿਯਾ ਦੇ ਦੇਸ਼ ਵਿੱਚ ਥਾਂ-ਥਾਂ ਫ਼ਿਰ ਕੇ ਯਿਸੂ ਦੇ ਸਾਰੇ ਚੇਲਿਆਂ ਨੂੰ ਤਕੜਿਆਂ ਕਰਦਾ ਰਿਹਾ।
24 ਇੱਕ ਯਹੂਦੀ ਜਿਸਦਾ ਨਾਮ ਅਪੁੱਲੋਸ ਸੀ ਅਫ਼ਸੁਸ ਵਿੱਚ ਆਇਆ। ਉਹ ਸਿਕੰਦਰਿਯਾ ਸ਼ਹਿਰ ਦਾ ਜੰਮਿਆ ਇੱਕ ਪੜ੍ਹਿਆ-ਲਿਖਿਆ ਆਦਮੀ ਸੀ। ਉਸਨੂੰ ਪੋਥੀਆਂ ਬਾਰੇ ਬੜੀ ਜਾਣਕਾਰੀ ਸੀ।
25 ਉਸਨੂੰ ਪ੍ਰਭੂ ਦੇ ਮਾਰਗ ਬਾਰੇ ਸਿਖਾਇਆ ਗਿਆ ਸੀ। ਉਹ ਪ੍ਰਭੂ ਯਿਸੂ ਬਾਰੇ ਬੜੇ ਜੋਸ਼ ਨਾਲ ਬੋਲਦਾ ਸੀ। ਜੋ ਉਹ ਯਿਸੂ ਬਾਰੇ ਸਿਖਿਆ ਦਿੰਦਾ ਉਹ ਠੀਕ ਹੁੰਦੀ ਸੀ। ਅਪੁੱਲੋਸ ਨੂੰ ਸਿਰਫ਼ ਯੂਹੰਨਾ ਦੇ ਬਪਤਿਸਮੇ ਬਾਰੇ ਪਤਾ ਸੀ।
26 ਅਪੁੱਲੋਸ ਨੇ ਨਿਡਰਤਾ ਨਾਲ ਪ੍ਰਾਰਥਨਾ ਸਥਾਨਾਂ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ। ਪ੍ਰਿਸਲਿਕਾ ਅਤੇ ਅਕੂਲਾ ਨੇ ਵੀ ਉਸਨੂੰ ਬੋਲਦਿਆਂ ਸੁਣਿਆ। ਫ਼ੇਰ ਉਹ ਉਸਨੂੰ ਆਪਣੇ ਘਰ ਲੈ ਗਿਆ ਅਤੇ ਉਸਨੂੰ ਪ੍ਰਭੂ ਦੇ ਮਾਰਗ ਬਾਰੇ ਚੰਗੀ ਤਰ੍ਹਾਂ ਸਮਝਣ ਵਿੱਚ ਮਦਦ ਕੀਤੀ।
27 ਅਪੁੱਲੋਸ ਅਖਾਯਾ ਦੇਸ਼ ਨੂੰ ਜਾਣਾ ਚਾਹੁੰਦਾ ਸੀ ਤਾਂ ਅਫ਼ਸੁਸ ਵਿੱਚ ਰਹਿੰਦੇ ਭਰਾਵਾਂ ਨੇ ਉਸਦੀ ਮਦਦ ਕੀਤੀ। ਉਨ੍ਹਾਂ ਨੇ ਅਖਾਯਾ ਵਿੱਚ ਰਹਿੰਦੇ ਯਿਸੂ ਦੇ ਚੇਲਿਆਂ ਨੂੰ ਇੱਕ ਚਿਠੀ ਲਿਖੀ ਜਿਸ ਵਿੱਚ ਉਸਨੇ ਅਪੁੱਲੋਸ ਨੂੰ ਉਥੇ ਉਸਦਾ ਆਦਰ ਕਰਨ ਲਈ ਲਿਖਿਆ। ਅਖਾਯਾ ਵਿੱਚ ਇਨ੍ਹਾਂ ਨਿਹਚਾਵਾਨਾਂ ਨੇ ਪਰਮੇਸ਼ੁਰ ਦੀ ਕਿਰਪਾ ਨਾਲ ਯਿਸੂ ਵਿੱਚ ਨਿਹਚਾ ਕੀਤੀ।
28 ਉਸਨੇ ਯਹੂਦੀਆਂ ਨਾਲ ਬੜੀ ਤਕੜੀ ਦਲੀਲਬਾਜ਼ੀ ਕੀਤੀ ਅਤੇ ਸਾਰੇ ਲੋਕਾਂ ਸਾਮ੍ਹਣੇ ਸਾਫ਼ ਤੌਰ ਤੇ ਸਾਬਿਤ ਕਰ ਦਿੱਤਾ ਕਿ ਯਹੂਦੀ ਗਲਤ ਸਨ। ਉਸਨੇ ਪੋਥੀਆਂ ਵਿਖਾਈਆਂ ਅਤੇ ਇਹ ਦਰਸ਼ਾਇਆ ਕਿ ਯਿਸੂ ਹੀ ਮਸੀਹ ਹੈ।