ਕਾਂਡ 19
1 ਜਦੋਂ ਅਪੁੱਲੋਸ ਕੁਰਿੰਥੁਸ ਸ਼ਹਿਰ ਵਿੱਚ ਸੀ ਪੌਲੁਸ ਨੇ ਉਸ ਦੇਸ਼ ਦੇ ਪਹਾੜੀ ਖੇਤਰ ਦਾ ਸਫ਼ਰ ਕੀਤਾ ਅਤੇ ਅੰਤ ਵਿੱਚ ਅਫ਼ਸੁਸ ਪਹੁੰਚਿਆ।
2 ਉਥੇ ਉਹ ਕੁਝ ਚੇਲਿਆਂ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਪੁੱਛਿਆ, “ਜਦੋਂ ਤੁਸੀਂ ਨਿਹਚਾ ਕੀਤੀ ਤਾਂ ਕੀ ਤੁਹਾਨੂੰ ਪਵਿੱਤਰ ਆਤਮਾ ਪ੍ਰਾਪਤ ਹੋਇਆ।” ਇਨ੍ਹਾਂ ਚੇਲਿਆਂ ਨੇ ਉਸਨੂੰ ਕਿਹਾ, “ਅਸੀਂ ਤਾਂ ਕਦੇ ਪਵਿੱਤਰ ਆਤਮਾ ਬਾਰੇ ਸੁਣਿਆ ਤੱਕ ਵੀ ਨਹੀਂ।”
3 ਤਾਂ ਪੌਲੁਸ ਨੇ ਉਨ੍ਹਾਂ ਨੂੰ ਪੁੱਛਿਆ, “ਤੁਸੀਂ ਕਿਵੇਂ ਦਾ ਬਪਤਿਸਮਾ ਲਿਤਾ ਸੀ?”ਉਨ੍ਹਾਂ ਨੇ ਕਿਹਾ, “ਯੂਹੰਨਾ ਦਾ ਬਪਤਿਸਮਾ।”
4 ਪੌਲੁਸ ਨੇ ਕਿਹਾ, “ਯੂਹੰਨਾ ਨੇ ਲੋਕਾਂ ਨੂੰ ਇੱਕ ਸਬੂਤ ਵਾਂਗ ਬਪਤਿਸਮਾ ਦਿੱਤਾ ਕਿ ਉਹ ਆਪਣੇ ਜੀਵਨ ਬਦਲਣੇ ਚਾਹੁੰਦੇ ਸਨ ਅਤੇ ਉਹ ਲੋਕਾਂ ਨੂੰ ਉਸ ਇੱਕ ਬਾਰੇ ਦੱਸਦਾ ਸੀ, ਜਿਸਨੇ ਉਸਤੋਂ ਬਾਅਦ ਆਉਣਾ ਸੀ, ਉਹ ਵਿਅਕਤੀ ਯਿਸੂ ਸੀ।”
5 ਜਦੋਂ ਉਨ੍ਹਾਂ ਚੇਲਿਆਂ ਨੇ ਇਹ ਸੁਣਿਆ, ਤਾਂ ਉਨ੍ਹਾਂ ਨੂੰ ਪ੍ਰਭੂ ਯਿਸੂ ਦੇ ਨਾਂ ਵਿੱਚ ਬਪਤਿਸਮਾ ਦਿੱਤਾ।
6 ਫ਼ੇਰ, ਜਦੋਂ ਪੌਲੁਸ ਨੇ ਉਨ੍ਹਾਂ ਤੇ ਆਪਣਾ ਹੱਥ ਰੱਖਿਆ ਤਾਂ ਪਵਿੱਤਰ ਆਤਮਾ ਉਨ੍ਹਾਂ ਉੱਪਰ ਆਇਆ। ਤਾਂ ਉਹ ਵਖ-ਵਖ ਭਾਸ਼ਾਵਾਂ ਵਿੱਚ ਬੋਲਣ ਅਤੇ ਭਵਿਖ ਬਾਣੀਆਂ ਕਰਨ ਲੱਗੇ।
7 ਇਸ ਧੜੇ ਵਿੱਚ ਕੋਈ ਬਾਰ੍ਹਾਂ ਕੁ ਮਨੁੱਖ ਸਨ।
8 ਪੌਲੁਸ ਪ੍ਰਾਰਥਨਾ ਸਥਾਨ ਅੰਦਰ ਗਿਆ ਅਤੇ ਨਿਡਰ ਹੋਕੇ ਬੋਲਿਆ। ਉਸਨੇ ਇਹ ਕਾਰਜ ਤਿੰਨ ਮਹੀਨਿਆਂ ਤੱਕ ਜਾਰੀ ਰੱਖਿਆ। ਉਸਨੇ ਯਹੂਦੀਆਂ ਨਾਲ ਚਰਚਾ ਕੀਤੀ ਅਤੇ ਪਰਮੇਸ਼ੁਰ ਦੇ ਰਾਜ ਬਾਰੇ ਜੋ ਬਚਨ ਉਹ ਕਰਦਾ ਸੀ ਉਨ੍ਹਾਂ ਨੂੰ ਮੰਨਵਾਉਣ ਦੀ ਕੋਸ਼ਿਸ਼ ਕਰਦਾ।
9 ਪਰ ਕੁਝ ਯਹੂਦੀ ਬੜੇ ਕਟਰ ਸਨ, ਅਤੇ ਉਨ੍ਹਾਂ ਨੇ ਵਿਸ਼ਵਾਸ ਕਰਨ ਤੋਂ ਇਨਕਾਰ ਕਰ ਦਿੱਤਾ। ਇਨ੍ਹਾਂ ਯਹੂਦੀਆਂ ਨੇ ਲੋਕਾਂ ਸਾਮ੍ਹਣੇ ਯਿਸੂ ਦੇ ਰਾਹ ਬਾਰੇ ਮਾੜੀਆਂ ਗੱਲਾਂ ਬੋਲੀਆਂ। ਤਾਂ ਪੌਲੁਸ ਉਨ੍ਹਾਂ ਨੂੰ ਛੱਡ ਗਿਆ ਤੇ ਯਿਸੂ ਦੇ ਨਿਹਚੀਆਂ ਨੂੰ ਆਪਣੇ ਨਾਲ ਲੈਕੇ ਤੁਰੰਨੂੰਮ ਦੀ ਪਾਠਸ਼ਾਲਾ ਵਿੱਚ ਚਲਾ ਗਿਆ। ਉਥੇ ਉਹ ਰੋਜ਼ ਲੋਕਾਂ ਨਾਲ ਚਰਚਾ ਕਰਦਾ।
10 ਪੌਲੁਸ ਅਜਿਹਾ ਦੋ ਸਾਲ ਤੱਕ ਕਰਦਾ ਰਿਹਾ। ਇਸ ਕੰਮ ਕਰਕੇ ਅਸਿਯਾ ਦੇ ਹਰ ਮਨੁੱਖ, ਯਹੂਦੀ ਤੇ ਗੈਰ-ਯਹੂਦੀ, ਸਭ ਨੇ ਪ੍ਰਭੂ ਦੇ ਬਚਨਾਂ ਨੂੰ ਸੁਣਿਆ।
11 ਪਰਮੇਸ਼ੁਰ ਪੌਲੁਸ ਰਾਹੀਂ ਕੁਝ ਮਹਾਨ ਕਰਿਸ਼ਮੇ ਕਰਵਾਉਂਦਾ ਹੁੰਦਾ ਸੀ।
12 ਕੁਝ ਲੋਕਾਂ ਨੇ ਉਹ ਕੱਪੜੇ ਅਤੇ ਰੁਮਾਲ ਲੈ ਲਏ ਜੋ ਪੌਲੁਸ ਨੇ ਇਸਤੇਮਾਲ ਕੀਤੇ ਸਨ ਅਤੇ ਉਹ ਉਨ੍ਹਾਂ ਨੂੰ ਬਿਮਾਰ ਲੋਕਾਂ ਉੱਤੇ ਪਾ ਦਿੰਦੇ। ਜਦੋਂ ਅਜਿਹੇ ਕੱਪੜੇ ਰੋਗੀਆਂ ਨੂੰ ਛੂਹਦੇ, ਤਾਂ ਉਹ ਰੋਗੀ ਤੰਦਰੁਸਤ ਹੋ ਜਾਂਦੇ ਅਤੇ ਭਰਿਸ਼ਟ ਆਤਮਾਵਾਂ ਉਨ੍ਹਾਂ ਨੂੰ ਛੱਡ ਜਾਂਦੀਆਂ।
13 ਕੁਝ ਯਹੂਦੀ ਲੋਕ ਵੀ ਇਧਰ-ਉਧਰ ਫ਼ਿਰਦਿਆਂ ਹੋਇਆਂ ਲੋਕਾਂ ਵਿੱਚੋਂ ਭਰਿਸ਼ਟ ਆਤਮੇ ਕਢਦੇ ਹੁੰਦੇ ਸਨ। ਸਕੇਵਾ ਵੱਡੇ ਜਾਜਕ ਦੇ ਸੱਤੇ ਪੁੱਤਰ ਇਹੀ ਕੰਮ ਕਰਦੇ ਸਨ। ਉਨ੍ਹਾਂ ਨੇ ਯਿਸੂ ਦੇ ਨਾਂ ਨੂੰ ਇਸਤੇਮਾਲ ਕਰਕੇ ਭਰਿਸ਼ਟ ਆਤਮਿਆਂ ਨੂੰ ਬਾਹਰ ਕਢਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਆਖਿਆ, “ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਕਿ ਤੁਸੀਂ ਉਸੇ ਯਿਸੂ ਦੇ ਨਾਂ ਤੇ ਬਾਹਰ ਆ ਜਾਓ ਜਿਸ ਬਾਰੇ ਪੌਲੁਸ ਦੱਸਦਾ ਹੈ।”
14
15 ਪਰ ਭਰਿਸ਼ਟ ਆਤਮਿਆਂ ਨੇ ਉਨ੍ਹਾਂ ਨੂੰ ਉੱਤਰ ਦਿੱਤਾ “ਮੈਂ ਯਿਸੂ ਨੂੰ ਵੀ ਜਾਣਦਾ ਹਾਂ ਅਤੇ ਪੌਲੁਸ ਨੂੰ ਵੀ, ਪਰ ਤੁਸੀਂ ਕੌਣ ਹੋਂ?”
16 ਫ਼ੇਰ ਭਰਿਸ਼ਟ ਆਤਮਿਆਂ ਦੇ ਕਾਬਿਜ ਉਸ ਆਦਮੀ ਨੇ ਉਨ੍ਹਾਂ ਯਹੂਦੀਆਂ ਉੱਤੇ ਛਾਲ ਮਾਰੀ। ਉਹ ਉਨ੍ਹਾਂ ਤੋਂ ਕਿਤੇ ਵਧ ਤਾਕਤਵਰ ਸੀ। ਉਸਨੇ ਉਨ੍ਹਾਂ ਨੂੰ ਕੁਟਿਆ ਅਤੇ ਉਨ੍ਹਾਂ ਦੇ ਕੱਪੜੇ ਪਾੜ ਦਿੱਤੇ। ਇਸ ਲਈ ਉਹ ਨੰਗੇ ਅਤੇ ਜ਼ਖਮੀ ਹੀ ਉਸ ਘਰੋਂ ਭੱਜ ਗਏ।
17 ਅਫ਼ਸੁਸ ਵਿੱਚ ਰਹਿੰਦੇ ਸਾਰੇ ਯਹੂਦੀ ਅਤੇ ਯੂਨਾਨੀ ਸਭਨਾਂ ਨੂੰ ਇਸ ਗੱਲ ਬਾਰੇ ਪਤਾ ਲੱਗ ਗਿਆ ਤੇ ਉਨ੍ਹਾਂ ਸਾਰਿਆਂ ਦੇ ਮਨਾਂ ਵਿੱਚ ਡਰ ਆ ਗਿਆ ਅਤੇ ਲੋਕਾਂ ਨੇ ਪ੍ਰਭੂ ਯਿਸੂ ਦੇ ਨਾਂ ਨੂੰ ਵੱਡਾ ਮਾਨ-ਸੰਮਾਨ ਦਿੱਤਾ।
18 ਬਹੁਤ ਸਾਰੇ ਨਿਹਚਾਵਾਨ ਅੱਗੇ ਆਏ ਅਤੇ ਸਾਰੇ ਲੋਕਾਂ ਸਾਮ੍ਹਣੇ, ਜਿਹੜੀਆਂ ਭਰਿਸ਼ਟ ਕਰਨੀਆਂ ਉਨ੍ਹਾਂ ਨੇ ਕੀਤੀਆਂ ਸਨ ਸਵੀਕਾਰ ਕਰ ਲਈਆਂ।
19 ਅਨੇਕਾਂ ਨਿਹਚਾਵਾਨਾਂ, ਨੇ ਜੋ ਜਾਦੂ ਕਰਦੇ ਸਨ, ਆਪਣੀਆਂ ਜਾਦੂ ਦੀਆਂ ਪੁਸਤਕਾਂ ਲਿਆਏ ਅਤੇ ਲੋਕਾਂ ਸਾਮ੍ਹਣੇ ਸਾੜ ਦਿੱਤੀਆਂ। ਇਹ ਪੁਸਤਕਾਂ ਤਕਰੀਬਨ ਪੰਜਾਹ ਹਜ਼ਾਰ ਚਾਂਦੀ ਦੇ ਸਿਕਿਆਂ ਦੇ ਤੁਲ ਸਨ।
20 ਇਸ ਤਰ੍ਹਾਂ ਪ੍ਰਭੂ ਦਾ ਬਚਨ ਸ਼ਕਤੀਸ਼ਾਲੀ ਢੰਗ ਨਾਲ ਵਧ ਤੋਂ ਵਧ ਲੋਕਾਂ ਦੇ ਦਿਲਾਂ ਨੂੰ ਪ੍ਰਭਾਵਿਤ ਕਰ ਰਿਹਾ ਸੀ, ਅਤੇ ਬਹੁਤ ਸਾਰੇ ਨਿਹਚਾਵਾਨ ਬਣ ਗਏ।
21 ਇਨ੍ਹਾਂ ਘਟਨਾਵਾਂ ਤੋਂ ਬਾਅਦ ਪੌਲੁਸ ਨੇ ਯਰੂਸ਼ਲਮ ਵਿੱਚ ਜਾਣ ਦੀ ਯੋਜਨਾ ਬਣਾਈ। ਉਸਨੇ ਯਰੂਸ਼ਲਮ ਮਕਦੂਨਿਯਾ ਅਤੇ ਅਖਾਯਾ ਦੇ ਵਿੱਚੋਂ ਦੀ ਲੰਘਕੇ ਜਾਣ ਦੀ ਵਿਉਂਤ ਬਣਾਈ। ਉਸਨੇ ਸੋਚਿਆ “ਮੇਰੇ ਯਰੂਸ਼ਲਮ ਯਾਤਰਾ ਕਰਨ ਤੋਂ ਬਾਅਦ, ਮੈਨੂੰ ਰੋਮ ਦੀ ਯਾਤਰਾ ਵੀ ਕਰਨੀ ਚਾਹੀਦੀ ਹੈ।”
22 ਤਿਮੋਥਿਉਸ ਅਤੇ ਇਰਸਤੁਸ ਪੌਲੁਸ ਦੇ ਦੋ ਚੰਗੇ ਮਦਦ ਕਰਨ ਵਾਲੇ ਮਨੁੱਖ ਸਨ। ਪੌਲੁਸ ਨੇ ਉਨ੍ਹਾਂ ਨੂੰ ਮਕਦੂਨਿਯਾ ਵਿੱਚ ਭੇਜਿਆ ਅਤੇ ਆਪ ਕੁਝ ਦੇਰ ਅਸਿਯਾ ਵਿੱਚ ਰੁਕਿਆ।
23 ਪਰ ਉਸ ਸਮੇਂ ਅਫ਼ਸੁਸ ਵਿੱਚ ਯਿਸੂ ਦੇ ਰਸਤੇ ਬਾਬਤ ਇੱਕ ਵੱਡਾ ਸੰਕਟ ਸੀ।
24 ਇਹ ਸਭ ਇਵੇਂ ਵਾਪਰਿਆ; ਉਥੇ ਇੱਕ ਦੇਮੇਤ੍ਰਿਯੁਸ ਨਾਂ ਦਾ ਇੱਕ ਮਨੁੱਖ ਸੀ, ਉਹ ਚਾਂਦੀ ਦਾ ਕੰਮ ਕਰਦਾ ਸੀ। ਉਹ ਚਾਂਦੀ ਦੇ ਛੋਟੇ-ਛੋਟੇ ਅਰਤਿਮਿਸ ਦੇ ਮੰਦਰ ਜਿਹੇ ਬਣਾਉਂਦਾ ਸੀ। ਇਉਂ ਉਹ ਕਾਰੀਗਰਾਂ ਨੂੰ ਬਹੁਤ ਕੰਮ ਦਵਾਉਂਦਾ ਸੀ ਜਿਸ ਨਾਲ ਉਹ ਖਾਸਾ ਧਨ ਕਮਾ ਲੈਂਦੇ ਸਨ।
25 ਦੇਮੇਤ੍ਰਿਯੁਸ ਨੇ ਇਨ੍ਹਾਂ ਕਾਰੀਗਰਾਂ ਅਤੇ ਇਹੋ ਜਿਹੇ ਕੰਮ ਨਾਲ ਸੰਬੰਧਿਤ ਲੋਕਾਂ ਦੀ ਇੱਕ ਬੈਠਕ ਬੁਲਾਈ ਅਤੇ ਆਖਿਆ, “ਲੋਕੋ। ਤੁਸੀਂ ਜਾਣਦੇ ਹੋ ਕਿ ਅਸੀਂ ਇਸ ਕੰਮ ਤੋਂ ਬਹੁਤ ਸਾਰਾ ਪੈਸਾ ਕਮਾਉਂਦੇ ਹਾਂ।
26 ਪਰ ਉਸ ਵੱਲ ਵੇਖੋ ਉਹ ਕੀ ਆਖ ਰਿਹਾ ਹੈ। ਪੌਲੁਸ ਨੇ ਅਫ਼ਸੁਸ ਵਿੱਚ ਅਤੇ ਲੱਗ ਭੱਗ ਪੂਰੇ ਅਸਿਯਾ ਵਿੱਚ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ, ਅਤੇ ਉਨ੍ਹਾਂ ਦੇ ਮਨ ਬਦਲ ਦਿੱਤੇ ਹਨ। ਉਸਦਾ ਕਹਿਣਾ ਹੈ ਕਿ ਮਨੁੱਖ ਜਿਹੜੇ ਦੇਵੇਤੇ ਬਣਾਉਂਦੇ ਹਨ ਉਹ ਅਸਲ ਨਹੀਂ ਹਨ।
27 ਜਿਹੜੀਆਂ ਗੱਲਾਂ ਉਹ ਆਖਦਾ ਹੈ, ਹੋ ਸਕਦਾ ਹੈ ਕਿ ਉਹ ਲੋਕਾਂ ਨੂੰ ਸਾਡੇ ਕੰਮ ਦੇ ਵਿਰੁੱਧ ਕਰ ਦੇਣ। ਪਰ ਦੂਜਾ ਖਤਰਾ ਇਹ ਵੀ ਹੈ ਕਿ ਸ਼ਾਇਦ ਲੋਕ ਇਹ ਸੋਚਣਾ ਸ਼ੁਰੂ ਕਰ ਦੇਣ ਕਿ ਮਹਾਨ ਦੇਵੀ ਅਰਤਿਮਿਸ ਦਾ ਮੰਦਰ ਮਹੱਤਵਹੀਣ ਹੈ। ਉਸਦੀ ਮਹਾਨਤਾ ਖਤਮ ਹੋ ਜਾਵੇਗੀ। ਅਰਤਿਮਿਸ ਅਜਿਹੀ ਦੇਵੀ ਹੈ ਜਿਸਦੀ ਕਿ ਸਾਰੇ ਅਸਿਯਾ ਅਤੇ ਸੰਸਾਰ ਵਿੱਚ ਉਪਾਸਨਾ ਹੁੰਦੀ ਹੈ।”
28 ਜਦੋਂ ਲੋਕਾਂ ਨੇ ਇਹ ਸੁਣਿਆ ਤਾਂ ਉਹ ਬੜੇ ਕਰੋਧ ਵਿੱਚ ਆਏ ਅਤੇ ਉੱਚੀ-ਉੱਚੀ ਚਿਲਾਉਣ ਲੱਗੇ, “ਅਫ਼ਸੁਸ ਸ਼ਹਿਰ ਦੀ ਦੇਵੀ ਅਰਤਿਮਿਸ ਮਹਾਨ ਹੈ।”
29 ਸ਼ਹਿਰ ਵਿੱਚ ਗੜਬੜੀ ਮੱਚ ਗਈ। ਭੀੜ ਨੇ ਮਕਦੂਨਿਯਾ ਤੋਂ ਆਏ ਗਾਯੁਸ ਅਤੇ ਅਰਿਸਤਰ ਖੁਸ ਨੂੰ ਜਿਹੜੇ ਪੌਲੁਸ ਦੇ ਨਾਲ ਸਫ਼ਰ ਵਿੱਚ ਆਏ ਸਨ ਜੋ ਸਨ ਫ਼ੜ ਲਿਆ। ਤੱਦ ਸਾਰੇ ਲੋਕ ਇੱਕ ਮੈਦਾਨ ਵਿੱਚ ਇਕਠੇ ਹੋਏ।
30 ਪੌਲੁਸ ਅੰਦਰ ਜਾਕੇ ਭੀੜ ਨਾਲ ਗੱਲ ਕਰਨੀ ਚਾਹੁੰਦਾ ਸੀ, ਪਰ ਯਿਸੂ ਦੇ ਚੇਲਿਆਂ ਨੇ ਉਸਨੂੰ ਅੰਦਰ ਨਾ ਜਾਣ ਦਿੱਤਾ।
31 ਉਸ ਦੇਸ਼ ਦੇ ਕੁਝ ਆਗੂ ਪੌਲੁਸ ਦੇ ਮਿੱਤਰ ਵੀ ਸਨ। ਉਨ੍ਹਾਂ ਨੇ ਉਸਨੂੰ ਇਹ ਬੇਨਤੀ ਕਰਦਿਆਂ ਕਿ ਉਹ ਮੈਦਾਨ ਵਿੱਚ ਨਾ ਜਾਵੇ ਇੱਕ ਸੰਦੇਸ਼ ਭੇਜਿਆ।
32 ਕੁਝ ਲੋਕ ਰੌਲਾ ਪਾਕੇ ਕੁਝ ਆਖ ਰਹੇ ਸਨ ਤੇ ਕੁਝ ਲੋਕ ਕੁਝ ਹੋਰ। ਉਥੇ ਲੋਕਾਂ ਵਿੱਚ ਇਹ ਗੱਲਾਂ ਲੈਕੇ ਕਿ, ਉਹ ਇਕਠੇ ਕਿਉਂ ਹੋਏ ਹਨ, ਹਫ਼ੜਾ-ਦਫ਼ੜੀ ਮੱਚੀ ਹੋਈ ਸੀ।
33 ਯਹੂਦੀਆਂ ਨੇ ਇੱਕ ਸਿਕੰਦਰ ਨਾਂ ਦੇ ਆਦਮੀ ਨੂੰ ਉਨ੍ਹਾਂ ਦੇ ਸਾਮ੍ਹਣੇ ਖੜ੍ਹਾ ਕੀਤਾ। ਲੋਕਾਂ ਨੇ ਉਸਨੂੰ ਕਿਹਾ ਕਿ ਕੀ ਕਰੀਏ? ਉਸਨੇ ਲੋਕਾਂ ਨੂੰ ਸ਼ਾਂਤ ਰਹਿਣ ਵਾਸਤੇ ਆਪਣੇ ਹੱਥ ਚੁੱਕੇ, ਕਿਉਂਕਿ ਉਹ ਉਨ੍ਹਾਂ ਗੱਲਾਂ ਦੀ ਵਿਆਖਿਆ ਕਰਨੀ ਚਾਹੁੰਦਾ ਸੀ।
34 ਪਰ ਜਦ ਲੋਕਾਂ ਨੇ ਮਹਿਸੂਸ ਕੀਤਾ ਕਿ ਸਿਕੰਦਰ ਇੱਕ ਯਹੂਦੀ ਸੀ, ਉਨ੍ਹਾਂ ਸਭਨਾ ਨੇ ਇੱਕ ਅਵਾਜ਼ ਵਿੱਚ ਇਹ ਆਖਦਿਆਂ ਹੋਇਆਂ ਦੋ ਘੰਟਿਆਂ ਲਈ ਰੌਲਾ ਪੌਣਾ ਸ਼ੁਰੂ ਕਰ ਦਿੱਤਾ “ਅਫ਼ਸੀਆਂ ਦੀ ਅਰਤਿਮਿਸ ਮਹਾਨ ਹੈ।”
35 ਫ਼ੇਰ ਸ਼ਹਿਰ ਦੇ ਮੁਹਰਰ ਨੇ ਉਨ੍ਹਾਂ ਨੂੰ ਸ਼ਾਂਤ ਹੋਣ ਲਈ ਜ਼ੋਰ ਪਾਇਆ ਅਤੇ ਆਖਿਆ, “ਹੇ ਅਫ਼ਸੀ ਮਨੁੱਖੋ, ਉਹ ਕੌਣ ਹੈ ਜੋ ਇਹ ਨਹੀਂ ਜਾਣਦਾ ਕਿ ਅਫ਼ਸੀਆਂ ਦਾ ਸ਼ਹਿਰ ਮਹਾਂ ਅਰਤਿਮਿਸ ਦੇ ਮੰਦਰ ਅਤੇ ਸਵਰਗ ਵੱਲੋਂ ਡਿੱਗੀ ਹੋਈ ਪਵਿੱਤਰ ਚੱਟਾਨ ਦਾ ਸੇਵਕ ਹੈ?”
36 ਕੋਈ ਵੀ ਨਹੀਂ ਆਖ ਸਕਦਾ ਕਿ ਇਹ ਗੱਲਾਂ ਸੱਚੀਆਂ ਨਹੀਂ ਹਨ, ਇਸੇ ਲਈ ਤੁਹਾਨੂੰ ਸ਼ਾਂਤ ਰਹਿਣਾ ਚਾਹੀਦਾ ਹੈ। ਤੁਹਾਨੂੰ ਕੁਝ ਵੀ ਕਰਨ ਤੋਂ ਪਹਿਲਾਂ ਰੁਕ ਕੇ ਵਿਚਾਰ ਕਰ ਲੈਣਾ ਚਾਹੀਦਾ ਹੈ।
37 “ਤੁਸੀਂ ਇਨ੍ਹਾਂ ਆਦਮੀਆਂ ਨੂੰ ਲਿਆਏ ਹੋ, ਪਰ ਇਨ੍ਹਾਂ ਨੇ ਸਾਡੀ ਦੇਵੀ ਦੇ ਖਿਲਾਫ਼ ਬੇਇੱਜ਼ਤੀ ਦੇ ਸ਼ਬਦ ਨਹੀਂ ਬੋਲੇ, ਨਾ ਹੀ ਇਨ੍ਹਾਂ ਨੇ ਉਸਦੇ ਮੰਦਰ ਵਿੱਚੋਂ ਕੁਝ ਚੋਰੀ ਕੀਤਾ ਹੈ।
38 ਸਾਡੇ ਕੋਲ ਅਦਾਲਤਾਂ ਹਨ ਅਤੇ ਉਥੇ ਨਿਆਂਕਾਰ ਹਨ। ਜੇਕਰ ਦੇਮੇਤ੍ਰਿਯੁਸ ਅਤੇ ਉਸਦੇ ਨਾਲ ਕੰਮ ਕਰਨ ਵਾਲੇ ਹੋਰਨਾਂ ਨੂੰ ਕਿਸੇ ਦੇ ਖਿਲਾਫ਼ ਕੋਈ ਸ਼ਿਕਾਇਤ ਹੈ, ਤਾਂ ਉਨ੍ਹਾਂ ਨੂੰ ਕਚਿਹਰੀਆਂ ਵਿੱਚ ਜਾਣਾ ਚਾਹੀਦਾ ਹੈ। ਉਥੇ ਉਹ ਆਪਣੇ ਮਾਮਲੇ ਬਾਰੇ ਇੱਕ ਦੂਜੇ ਦੇ ਖਿਲਾਫ਼ ਦਲੀਲਬਾਜ਼ੀ ਕਰ ਸਕਦੇ ਹਨ।
39 “ਕੀ ਹੋਰ ਵੀ ਕੋਈ ਗੱਲ ਹੈ ਜਿਸ ਬਾਰੇ ਤੁਸੀਂ ਕੁਝ ਆਖਣਾ ਚਾਹੁੰਦੇ ਹੋ? ਤਾਂ ਜਿਹੜੀ ਲੋਕਾਂ ਦੀ ਮਜਲਸ ਲੱਗਦੀ ਹੈ, ਇਹ ਨਿਬੇੜਾ ਉਥੇ ਹੋਵੇਗਾ।
40 ਅੱਜ ਵਾਪਰੀ ਮੁਸੀਬਤ ਕਰਕੇ ਸਾਨੂੰ ਦੰਗਿਆਂ ਦੇ ਅਪਰਾਧੀ ਸਮਝੇ ਜਾਣਦਾ ਖਤਰਾ ਹੈ। ਅਸੀਂ ਇਸ ਅਫ਼ਰਾਤਫ਼ਰੀ ਦੀ ਵਿਆਖਿਆ ਨਹੀਂ ਕਰ ਸਕਦੇ, ਕਿਉਂਕਿ ਸਾਡੇ ਕੋਲ; ਇਸ ਸਭਾ ਲਈ ਕੋਈ ਪੱਕਾ ਕਾਰਣ ਨਹੀਂ ਹੈ।”
41 ਜਦੋਂ ਸ਼ਹਿਰ ਦੇ ਮੁਹਰਰ ਨੇ ਅਜਿਹੀਆਂ ਗੱਲਾਂ ਕੀਤੀਆਂ, ਤਾਂ ਫ਼ੇਰ ਉਸਨੇ ਲੋਕਾਂ ਨੂੰ ਘਰਾਂ ਨੂੰ ਵਾਪਸ ਜਾਣ ਲਈ ਕਿਹਾ ਤਾਂ ਸਭ ਲੋਕੀਂ ਘਰੋ-ਘਰੀ ਚਲੇ ਗਏ।