ਕਾਂਡ 44
1 ਯਿਰਮਿਯਾਹ ਨੂੰ ਯਹੋਵਾਹ ਵੱਲੋਂ ਸੰਦੇਸ਼ ਮਿਲਿਆ। ਇਹ ਸੰਦੇਸ਼ ਮਿਸਰ ਵਿੱਚ ਰਹਿਣ ਵਾਲੇ ਸਾਰੇ ਯਹੂਦਾਹ ਦੇ ਲੋਕਾਂ ਲਈ ਸੀ। ਇਹ ਸੰਦੇਸ਼ ਮਿਗਦੋਲ, ਤਹਪਨਹੇਸ, ਨੋਫ਼ ਅਤੇ ਦੱਖਣੀ ਮਿਸਰ ਦੇ ਕਸਬਿਆਂ ਵਿੱਚ ਰਹਿਣ ਵਾਲੇ ਯਹੂਦਾਹ ਦੇ ਲੋਕਾਂ ਲਈ ਸੀ। ਸੰਦੇਸ਼ ਇਹ ਸੀ:
2 ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ, "ਤੁਸੀਂ ਲੋਕਾਂ ਨੇ ਉਨ੍ਹਾਂ ਭਿਆਨਕ ਘਟਨਾਵਾਂ ਨੂੰ ਵਾਪਰਦਿਆਂ ਦੇਖਿਆ ਜਿਹੜੀਆਂ ਮੈਂ ਯਰੂਸ਼ਲਮ ਸ਼ਹਿਰ ਅਤੇ ਯਹੂਦਾਹ ਦੇ ਸਾਰੇ ਕਸਬਿਆਂ ਉੱਪਰ ਘਟਾਈਆਂ। ਉਹ ਕਸਬੇ ਹੁਣ ਪੱਥਰ ਦੇ ਸਖਣੇ ਢੇਰ ਹਨ।
3 ਉਨ੍ਹਾਂ ਥਾਵਾਂ ਨੂੰ ਇਸ ਲਈ ਤਬਾਹ ਕੀਤਾ ਗਿਆ ਸੀ ਕਿਉਂ ਕਿ ਉਨ੍ਹਾਂ ਵਿੱਚ ਰਹਿਣ ਵਾਲੇ ਲੋਕਾਂ ਨੇ ਮੰਦੇ ਅਮਲ ਕੀਤੇ ਸਨ। ਉਨ੍ਹਾਂ ਲੋਕਾਂ ਨੇ ਹੋਰਨਾਂ ਦੇਵਤਿਆਂ ਨੂੰ ਬਲੀਆਂ ਚੜਾਈਆਂ - ਅਤੇ ਇਸ ਨਾਲ ਮੈਨੂੰ ਬਹੁਤ ਗੁੱਸਾ ਚੜਿਆ। ਤੁਸੀਂ ਲੋਕਾਂ ਨੇ ਅਤੇ ਤੁਹਾਡੇ ਪੁਰਖਿਆਂ ਨੇ ਅਤੀਤ ਵਿੱਚ ਉਨ੍ਹਾਂ ਦੇਵਤਿਆਂ ਦੀ ਉਪਾਸਨਾ ਨਹੀਂ ਸੀ ਕੀਤੀ।
4 ਮੈਂ ਉਨ੍ਹਾਂ ਲੋਕਾਂ ਵੱਲ ਬਾਰ-ਬਾਰ ਆਪਣੇ ਨਬੀ ਭੇਜੇ। ਉਹ ਨਬੀ ਮੇਰੇ ਸੇਵਾਦਾਰ ਸਨ। ਉਨ੍ਹਾਂ ਨਬੀਆਂ ਨੇ ਮੇਰਾ ਸੰਦੇਸ਼ ਸੁਣਾਇਆ ਅਤੇ ਲੋਕਾਂ ਨੂੰ ਆਖਿਆ, 'ਇਹ ਭਿਆਨਕ ਗੱਲ ਨਾ ਕਰੋ। ਮੈਂ ਤੁਹਾਡੀ ਬੁੱਤ ਉਪਾਸਨਾ ਨੂੰ ਨਫ਼ਰਤ ਕਰਦਾ ਹਾਂ।'
5 ਪਰ ਉਨ੍ਹਾਂ ਲੋਕਾਂ ਨੇ ਨਬੀਆਂ ਦੀ ਗੱਲ ਨਹੀਂ ਸੁਣੀ। ਉਨ੍ਹਾਂ ਨੇ ਉਨ੍ਹਾਂ ਨਬੀਆਂ ਵੱਲ ਧਿਆਨ ਨਹੀਂ ਦਿੱਤਾ। ਉਹ ਲੋਕ ਮੰਦੇ ਕੰਮ ਕਰਨੋ ਨਹੀਂ ਹਟੇ। ਉਹ ਹੋਰਨਾਂ ਦੇਵਤਿਆਂ ਨੂੰ ਬਲੀਆਂ ਚੜਾਉਣੋ ਨਾ ਹਟੇ।
6 ਇਸ ਲਈ, ਮੈਂ ਉਨ੍ਹਾਂ ਲੋਕਾਂ ਦੇ ਖਿਲਾਫ਼ ਕਹਿਰ ਪ੍ਰਗਟਾਇਆ। ਮੈਂ ਯਹੂਦਾਹ ਦੇ ਕਸਬਿਆਂ ਅਤੇ ਯਰੂਸ਼ਲਮ ਦੀਆਂ ਗਲੀਆਂ ਨੂੰ ਸਜ਼ਾ ਦਿੱਤੀ। ਮੇਰੇ ਕਹਿਰ ਨੇ ਯਰੂਸ਼ਲਮ ਅਤੇ ਯਹੂਦਾਹ ਦੇ ਕਸਬਿਆਂ ਨੂੰ ਅੱਜ ਦੇ ਪੱਥਰ ਦੇ ਸਖਣੇ ਢੇਰ ਬਣਾ ਦਿੱਤਾ।"
7 ਇਸ ਲਈ, ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ, ਆਖਦਾ ਹੈ: "ਤੁਸੀਂ ਬੁੱਤਾਂ ਦੀ ਉਪਾਸਨਾ ਕਰਕੇ ਆਪਣੇ-ਆਪ ਨੂੰ ਕਿਉਂ ਦੁੱਖ ਪਹੁੰਚਾ ਰਹੇ ਹੋ? ਤੁਸੀਂ ਆਦਮੀਆਂ, ਔਰਤਾਂ ਬੱਚਿਆਂ ਅਤੇ ਨਿੱਕੇ ਨਿਆਣਿਆਂ ਨੂੰ ਯਹੂਦਾਹ ਦੇ ਪਰਿਵਾਰ ਕੋਲੋਂ ਕਿਉਂ ਵੱਖ ਕਰ ਰਹੇ ਹੋ। ਅਤੇ ਇਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਯਹੂਦਾਹ ਦੇ ਪਰਿਵਾਰ ਤੋਂ ਬਚੇ ਹੋਏ ਲੋਕਾਂ ਤੋਂ ਬਿਨਾ ਰੱਖ ਰਹੇ ਹੋ।
8 ਤੁਸੀਂ ਲੋਕ ਬੁੱਤ ਬਣਾਕੇ ਮੈਨੂੰ ਕਹਿਰਵਾਨ ਕਿਉਂ ਕਰਨਾ ਚਾਹੁੰਦੇ ਹੋ? ਹੁਣ ਤੁਸੀਂ ਮਿਸਰ ਵਿੱਚ ਰਹਿ ਰਹੇ ਹੋ। ਅਤੇ ਹੁਣ ਤੁਸੀਂ ਮਿਸਰ ਦੇ ਝੂਠੇ ਦੇਵਤਿਆਂ ਨੂੰ ਬਲੀਆਂ ਚੜਾਕੇ ਮੈਨੂੰ ਕਿਉਂ ਕਹਿਰਵਾਨ ਬਣਾ ਰਹੇ ਹੋ। ਤੁਸੀਂ ਲੋਕ ਆਪਣੇ-ਆਪ ਨੂੰ ਤਬਾਹ ਕਰ ਲਵੋਗੇ। ਇਹ ਤੁਹਾਡਾ ਆਪਣਾ ਹੀ ਕਸੂਰ ਹੋਵੇਗਾ। ਤੁਸੀਂ ਆਪਣੇ-ਆਪ ਨੂੰ ਅਜਿਹੀ ਸ਼ੈਅ ਬਣਾ ਲਵੋਗੇ ਜਿਸਦੀ ਹੋਰਨਾਂ ਕੌਮਾਂ ਦੇ ਲੋਕ ਨਿਂਦਿਆ ਕਰਨਗੇ। ਅਤੇ ਦੁਨੀਆਂ ਦੀਆਂ ਹੋਰ ਸਾਰੀਆਂ ਕੌਮਾਂ ਤੁਹਾਡਾ ਮਜ਼ਾਕ ਉਡਾਉਣਗੀਆਂ।
9 ਕੀ ਤੁਸੀਂ ਉਨ੍ਹਾਂ ਮੰਦੀਆਂ ਗੱਲਾਂ ਨੂੰ ਭੁੱਲ ਗਏ ਹੋ ਜਿਹੜੀਆਂ ਤੁਹਾਡੇ ਪੁਰਖਿਆਂ ਨੇ ਕੀਤੀ? ਅਤੇ ਕੀ ਤੁਸੀਂ ਉਨ੍ਹਾਂ ਮੰਦੀਆਂ ਗੱਲਾਂ ਨੂੰ ਭੁੱਲ ਗਏ ਹੋ ਜਿਹੜੀਆਂ ਯਹੂਦਾਹ ਦੇ ਰਾਜਿਆਂ ਅਤੇ ਰਾਣੀਆਂ ਨੇ ਕੀਤੀ? ਕੀ ਤੁਸੀਂ ਉਨ੍ਹਾਂ ਮੰਦੀਆਂ ਗੱਲਾਂ ਨੂੰ ਭੁੱਲ ਗਏ ਹੋ ਜਿਹੜੀਆਂ ਤੁਸੀਂ ਅਤੇ ਤੁਹਾਡੀਆਂ ਪਤਨੀਆਂ ਨੇ ਯਹੂਦਾਹ ਵਿੱਚ ਅਤੇ ਯਰੂਸ਼ਲਮ ਦੀਆਂ ਗਲੀਆਂ ਵਿੱਚ ਕੀਤੀਆਂ?
10 ਅੱਜ ਦਿਨ ਤੱਕ ਵੀ ਯਹੂਦਾਹ ਦੇ ਲੋਕਾਂ ਨੇ ਆਪਣੇ-ਆਪ ਨੂੰ ਨਿਗਰਾਣ ਨਹੀਂ ਬਣਾਇਆ। ਉਨ੍ਹਾਂ ਨੇ ਮੇਰੇ ਲਈ ਆਦਰ ਦਾ ਪ੍ਰਗਟਾਵਾ ਨਹੀਂ ਕੀਤਾ। ਅਤੇ ਉਹ ਲੋਕ ਮੇਰੀ ਬਿਵਸਬਾ ਉੱਤੇ ਨਹੀਂ ਚੱਲੇ। ਉਨ੍ਹਾਂ ਨੇ ਉਨ੍ਹਾਂ ਬਿਧੀਆਂ ਦਾ ਪਾਲਣ ਨਹੀਂ ਕੀਤਾ ਜਿਹੜੀਆਂ ਮੈਂ ਤਹੁਾਨੂੰ ਅਤੇ ਤੁਹਾਡੇ ਪੁਰਖਿਆਂ ਨੂੰ ਦਿੱਤੀਆਂ ਸਨ।"
11 ਇਸ ਲਈ, ਇਹੀ ਹੀ ਜੋ ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ, ਆਖਦਾ ਹੈ: "ਮੈਂ ਤੁਹਾਡੇ ਉੱਤੇ ਭਿਆਨਕ ਘਟਨਾਵਾਂ ਵਾਪਰਨ ਲਈ ਨਿਰਣਾ ਕੀਤਾ ਹੈ। ਮੈਂ ਯਹੂਦਾਹ ਦੇ ਸਾਰੇ ਪਰਿਵਾਰ ਨੂੰ ਤਬਾਹ ਕਰ ਦੇਵਾਂਗਾ।
12 ਯਹੂਦਾਹ ਵਿੱਚੋਂ ਬੋੜੇ ਜਿਹੇ ਲੋਕ ਹੀ ਬਚੇ ਸਨ। ਉਹ ਲੋਕ ਉਥੋਂ ਇੱਥੇ ਮਿਸਰ ਵਿੱਚ ਆ ਗਏ ਹਨ। ਪਰ ਮੈਂ ਯਹੂਦਾਹ ਦੇ ਪਰਿਵਾਰ ਦੇ ਉਨ੍ਹਾਂ ਬੋੜੇ ਜਿਹੇ ਬਚੇ ਹੋਏ ਲੋਕਾਂ ਨੂੰ ਵੀ ਤਬਾਹ ਕਰ ਦਿਆਂਗਾ। ਉਹ ਜਾਂ ਤਾਂ ਤਲਵਾਰ ਨਾਲ ਕਤਲ ਹੋਣਗੇ ਜਾਂ ਭੁੱਖ ਨਾਲ ਮਰਨਗੇ। ਉਹ ਅਜਿਹੀ ਸ਼ੈਅ ਹੋਣਗੇ ਕਿ ਹੋਰਨਾਂ ਕੌਮਾਂ ਦੇ ਲੋਕ ਜਿਨ੍ਹਾਂ ਬਾਰੇ ਮੰਦਾ ਬੋਲਣਗੇ। ਉਨ੍ਹਾਂ ਨਾਲ ਕੀ ਵਾਪਰਿਆ, ਹੋਰ ਕੌਮਾਂ ਇਸ ਗੱਲੋ ਭੈਭੀਤ ਹੋਣਗੀਆਂ। ਉਹ ਲੋਕ ਸਰਾਪ ਦਾ ਸ਼ਬਦ ਬਣ ਜਾਣਗੇ। ਹੋਰ ਕੌਮਾਂ ਯਹੂਦਾਹ ਦੇ ਉਨ੍ਹਾਂ ਲੋਕਾਂ ਦੀ ਬੇਇੱਜ਼ਤੀ ਕਰਨਗੀਆਂ।
13 ਮੈਂ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਵਾਂਗਾ ਜਿਹੜੇ ਮਿਸਰ ਵਿੱਚ ਰਹਿਣ ਲਈ ਚਲੇ ਗਏ ਹਨ। ਮੈਂ ਤਲਵਾਰ, ਭੁੱਖ ਅਤੇ ਭਿਆਨਕ ਬੀਮਾਰੀ ਰਾਹੀਂ ਉਨ੍ਹਾਂ ਨੂੰ ਸਜ਼ਾ ਦਿਆਂਗਾ। ਮੈਂ ਉਨ੍ਹਾਂ ਲੋਕਾਂ ਨੂੰ ਉਸੇ ਤਰ੍ਹਾਂ ਸਜ਼ਾ ਦਿਆਂਗਾ ਜਿਵੇਂ ਮੈਂ ਯਰੂਸ਼ਲਮ ਸ਼ਹਿਰ ਨੂੰ ਸਜ਼ਾ ਦਿੱਤੀ ਸੀ।
14 ਯਹੂਦਾਹ ਦੇ ਬਚੇ ਹੋਏ ਉਨ੍ਹਾਂ ਬੋੜੇ ਜਿਹੇ ਲੋਕਾਂ ਵਿੱਚੋਂ ਇੱਕ ਬੰਦਾ ਵੀ ਮੇਰੀ ਸਜ਼ਾ ਤੋਂ ਨਹੀਂ ਬਚੇਗਾ ਜਿਹੜੇ ਮਿਸਰ ਵਿੱਚ ਰਹਿਣ ਲਈ ਚਲੇ ਗਏ ਹਨ। ਉਨ੍ਹਾਂ ਵਿੱਚੋਂ ਕੋਈ ਵੀ ਯਹੂਦਾਹ ਵਿੱਚ ਵਾਪਸ ਆਉਣ ਲਈ ਨਹੀਂ ਬਚੇਗਾ। ਉਹ ਲੋਕ ਯਹੂਦਾਹ ਵਾਪਸ ਆਉਣਾ ਚਾਹੁੰਦੇ ਹਨ ਅਤੇ ਉੱਥੇ ਰਹਿਣਾ ਚਾਹੁੰਦੇ ਹਨ। ਪਰ ਉਨ੍ਹਾਂ ਲੋਕਾਂ ਵਿੱਚੋਂ ਕੋਈ ਵੀ ਯਹੂਦਾਹ ਵਾਪਸ ਨਹੀਂ ਜਾਵੇਗਾ, ਸ਼ਾਇਦ ਕੁਝ ਇੱਕ ਲੋਕ ਬਚਕੇ ਨਿਕਲ ਸਕਣ।"
15 ਯਹੂਦਾਹ ਦੀਆਂ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਮਿਸਰ ਵਿੱਚ ਰਹਿੰਦੀਆਂ ਸਨ, ਹੋਰਨਾਂ ਦੇਵਤਿਆਂ ਨੂੰ ਬਲੀਆਂ ਚੜਾਉਂਦੀਆਂ ਰਹੀਆਂ ਸਨ। ਉਨ੍ਹਾਂ ਦੇ ਪਤੀ ਇਸ ਗੱਲ ਨੂੰ ਜਾਣਦੇ ਸਨ ਪਰ ਉਨ੍ਹਾਂ ਨੇ ਉਨ੍ਹਾਂ ਨੂੰ ਰੋਕਿਆ ਨਹੀਂ। ਓਥੇ ਯਹੂਦਾਹ ਦੇ ਲੋਕਾਂ ਦਾ ਵੱਡਾ ਸਮੂਹ ਜੁੜਿਆ ਹੋਇਆ ਸੀ। ਉਹ ਯਹੂਦਾਹ ਦੇ ਉਹ ਲੋਕ ਸਨ ਜਿਹੜੇ ਦੱਖਣੀ ਮਿਸਰ ਵਿੱਚ ਰਹਿ ਰਹੇ ਸਨ। ਉਨ੍ਹਾਂ ਔਰਤਾਂ ਦੇ ਪਤੀਆਂ ਨੇ, ਜਿਹੜੇ ਹੋਰਨਾਂ ਦੇਵਤਿਆਂ ਨੂੰ ਬਲੀਆਂ ਚੜਾਉਂਦੇ ਸਨ, ਯਿਰਮਿਯਾਹ ਨੂੰ ਆਖਿਆ,
16 ਯਹੋਵਾਹ ਦੇ ਜਿਸ ਸੰਦੇਸ਼ ਦੀ ਤੂੰ ਸਾਡੇ ਨਾਲ ਗੱਲ ਕੀਤੀ ਹੈ ਅਸੀਂ ਉਸਨੂੰ ਨਹੀਂ ਸੁਣਾਂਗੇ।
17 "ਅਸੀਂ ਅਕਾਸ਼ ਦੀ ਰਾਣੀ ਨੂੰ ਬਲੀਆਂ ਚੜਾਉਣ ਦਾ ਇਕਰਾਰ ਕੀਤਾ ਹੈ। ਅਤੇ ਅਸੀਂ ਹਰ ਉਹ ਗੱਲ ਕਰਾਂਗੇ ਜਿਸਦਾ ਅਸੀਂ ਇਕਰਾਰ ਕੀਤਾ ਹੈ। ਅਸੀਂ ਉਸਦੀ ਉਪਾਸਨਾ ਕਰਨ ਲਈ ਬਲੀਆਂ ਅਤੇ ਪੀਣ ਦੀਆਂ ਭੇਟਾਂ ਚੜਾਵਾਂਗੇ। ਅਸੀਂ ਅਤੀਤ ਵਿੱਚ ਇਸੇ ਤਰ੍ਹਾਂ ਕੀਤਾ ਸੀ। ਅਤੇ ਸਾਡੇ ਪੁਰਖਿਆਂ, ਸਾਡੇ ਰਾਜਿਆਂ ਅਤੇ ਸਾਡੇ ਅਧਿਕਾਰੀਆਂ ਨੇ ਵੀ ਅਤੀਤ ਵਿੱਚ ਇਵੇਂ ਹੀ ਕੀਤਾ ਸੀ। ਸਾਡੇ ਵਿੱਚੋਂ ਸਾਰਿਆਂ ਨੇ ਯਹੂਦਾਹ ਦੇ ਕਸਬਿਆਂ ਵਿੱਚ ਅਤੇ ਯਰੂਸ਼ਲਮ ਦੀਆਂ ਗਲੀਆਂ ਅੰਦਰ ਇਹੀ ਕੁਝ ਕੀਤਾ ਸੀ। ਉਸ ਸਮੇਂ ਜਦੋਂ ਅਸੀਂ ਅਕਾਸ਼ ਦੀ ਰਾਣੀ ਦੀ ਉਪਾਸਨਾ ਕਰਦੇ ਸੀ ਤਾਂ ਸਾਡੇ ਪਾਸ ਭੋਜਨ ਦੀ ਕਮੀ ਨਹੀਂ ਸੀ। ਅਸੀਂ ਸਫ਼ਲ ਸਾਂ। ਕੋਈ ਵੀ ਮਾੜੀ ਘਟਨਾ ਸਾਡੇ ਨਾਲ ਨਹੀਂ ਸੀ ਵਾਪਰੀ।
18 ਪਰ ਫ਼ੇਰ ਅਸੀਂ ਅਕਾਸ਼ ਦੀ ਰਾਣੀ ਨੂੰ ਬਲੀਆਂ ਚੜਾਉਣੀਆਂ ਬੰਦ ਕਰ ਦਿੱਤੀਆਂ। ਅਤੇ ਅਸੀਂ ਉਸ ਨੂੰ ਪੀਣ ਦੀ ਭੇਟ ਚੜਾਉਣੀ ਬੰਦ ਕਰ ਦਿੱਤੀ। ਜਦੋਂ ਤੋਂ ਅਸੀਂ ਉਸਦੀ ਉਪਾਸਨਾ ਲਈ ਇਹ ਗੱਲਾਂ ਕਰਨੀਆਂ ਛੱਡ ਦਿੱਤੀਆਂ ਹਨ ਤਾਂ ਅਸੀਂ ਸਮਸਿਆਵਾਂ ਵਿੱਚ ਘਿਰ ਗਏ ਹਾਂ। ਸਾਡੇ ਲੋਕ ਤਲਵਾਰ ਅਤੇ ਭੁੱਖ ਨਾਲ ਮਰੇ ਹਨ।"
19 ਫ਼ੇਰ ਔਰਤਾਂ ਬੋਲੀਆਂ। ਉਨ੍ਹਾਂ ਨੇ ਯਿਰਮਿਯਾਹ ਨੂੰ ਆਖਿਆ, "ਸਾਡੇ ਪਤੀਆਂ ਨੂੰ ਪਤਾ ਸੀ ਕਿ ਅਸੀਂ ਕੀ ਕਰ ਰਹੀਆਂ ਸਾਂ। ਸਾਨੂੰ ਉਨ੍ਹਾਂ ਨੇ ਅਕਾਸ਼ ਦੀ ਰਾਣੀ ਨੂੰ ਬਲੀਆਂ ਚੜਾਉਣ ਦੀ ਇਜਾਜ਼ਤ ਦਿੱਤੀ ਹੋਈ ਸੀ। ਸਾਨੂੰ ਉਨ੍ਹਾਂ ਵੱਲੋਂ ਉਸਨੂੰ ਪੀਣ ਦੀ ਭੇਟ ਚੜਾਉਣ ਦੀ ਵੀ ਇਜਾਜ਼ਤ ਸੀ। ਸਾਡੇ ਪਤੀਆਂ ਨੂੰ ਪਤਾ ਸੀ ਕਿ ਉਸ ਵਰਗੇ ਲੱਗਣ ਵਾਲੇ ਕੇਕ ਬਣਾਉਂਦੀਆਂ ਸਾਂ।"
20 ਫ਼ੇਰ ਯਿਰਮਿਯਾਹ ਨੇ ਉਨ੍ਹਾਂ ਸਾਰੇ ਆਦਮੀਆਂ ਅਤੇ ਔਰਤਾਂ ਨਾਲ ਗੱਲ ਕੀਤੀ। ਉਸਨੇ ਉਨ੍ਹਾਂ ਲੋਕਾਂ ਨਾਲ ਗੱਲ ਕੀਤੀ ਜਿਨ੍ਹਾਂ ਨੇ ਹੁਣੇ ਹੀ ਇਹ ਗੱਲਾਂ ਆਖੀਆਂ ਸਨ।
21 ਯਿਰਮਿਯਾਹ ਨੇ ਉਨ੍ਹਾਂ ਲੋਕਾਂ ਨੂੰ ਆਖਿਆ, "ਯਹੋਵਾਹ ਨੂੰ ਯਾਦ ਸੀ ਕਿ ਤੁਸੀਂ ਯਹੂਦਾਹ ਦੇ ਕਸਬਿਆਂ ਅਤੇ ਯਰੂਸ਼ਲਮ ਦੀਆਂ ਗਲੀਆਂ ਅੰਦਰ ਬਲੀਆਂ ਚੜਾਈਆਂ ਸਨ। ਤੁਸੀਂ ਅਤੇ ਤੁਹਾਡੇ ਪੁਰਖਿਆਂ, ਤੁਹਾਡੇ ਰਾਜਿਆਂ ਅਤੇ ਉਸ ਧਰਤੀ ਦੇ ਲੋਕਾਂ ਨੇ ਅਜਿਹਾ ਕੀਤਾ ਸੀ। ਯਹੋਵਾਹ ਨੂੰ ਯਾਦ ਸੀ ਕਿ ਤੁਸੀਂ ਕੀ ਕੀਤਾ ਸੀ ਅਤੇ ਉਸ ਬਾਰੇ ਸੋਚਿਆ ਸੀ।
22 ਫ਼ੇਰ ਯਹੋਵਾਹ ਤੁਹਾਡੇ ਬਾਰੇ ਹੋਰ ਧੀਰਜ ਨਹੀਂ ਸੀ ਰੱਖ ਸਕਦਾ। ਯਹੋਵਾਹ ਨੂੰ ਤੁਹਾਡੀਆਂ ਕੀਤੀਆਂ ਭਿਆਨਕ ਗੱਲਾਂ ਨਾਲ ਨਫ਼ਰਤ ਸੀ। ਇਸ ਲਈ ਯਹੋਵਾਹ ਨੇ ਤੁਹਾਡੇ ਦੇਸ਼ ਨੂੰ ਸੱਖਣਾ ਮਾਰੂਬਲ ਬਣਾ ਦਿੱਤਾ। ਹੁਣ ਉੱਥੇ ਕੋਈ ਨਹੀਂ ਰਹਿੰਦਾ। ਹੋਰ ਲੋਕ ਉਸ ਦੇਸ਼ ਦੀ ਨਿਂਦਿਆ ਕਰਦੇ ਨੇ।
23 ਉਹ ਸਾਰੀਆਂ ਮੰਦੀਆਂ ਗੱਲਾਂ ਤੁਹਾਡੇ ਨਾਲ ਇਸ ਲਈ ਵਾਪਰੀਆਂ ਕਿਉਂ ਕਿ ਤੁਸੀਂ ਹੋਰਨਾਂ ਦੇਵਤਿਆਂ ਨੂੰ ਬਲੀਆਂ ਚੜਾਈਆਂ ਸਨ। ਤੁਸੀਂ ਯਹੋਵਾਹ ਦੇ ਵਿਰੁੱਧ ਪਾਪ ਕੀਤਾ। ਤੁਸੀਂ ਯਹੋਵਾਹ ਦਾ ਹੁਕਮ ਨਹੀਂ ਮੰਨਿਆ। ਤੁਸੀਂ ਉਸਦੀ ਬਿਵਸਬਾ ਉੱਤੇ ਜਾਂ ਉਸਦੀਆਂ ਦਿੱਤੀਆਂ ਬਿਧੀਆਂ ਉੱਤੇ ਨਹੀਂ ਚੱਲੇ। ਤੁਸੀਂ ਇਕਰਾਰਨਾਮੇ ਦਾ ਆਪਣੇ ਵਾਲਾ ਹਿੱਸਾ ਪੂਰਾ ਨਹੀਂ ਕੀਤਾ।"
24 ਫ਼ੇਰ ਯਿਰਮਿਯਾਹ ਨੇ ਉਨ੍ਹਾਂ ਸਾਰੇ ਮਰਦਾਂ ਅਤੇ ਔਰਤਾਂ ਨਾਲ ਗੱਲ ਕੀਤੀ। ਯਿਰਮਿਯਾਹ ਨੇ ਆਖਿਆ, "ਯਹੂਦਾਹ ਦੇ ਤੁਸੀਂ ਸਾਰੇ ਲੋਕੋ, ਜਿਹੜੇ ਹੁਣ ਮਿਸਰ ਵਿੱਚ ਹੋ, ਯਹੋਵਾਹ ਦੇ ਸੰਦੇਸ਼ ਨੂੰ ਸੁਣੋ:
25 ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦੇ ਲੋਕਾਂ ਦਾ ਪਰਮੇਸ਼ੁਰ, ਆਖਦਾ ਹੈ: ਤੁਸਾਂ ਔਰਤਾਂ ਨੇ ਉਹੀ ਕੀਤਾ ਜੋ ਤੁਸੀਂ ਆਖਿਆ ਸੀ ਕਿ ਅਸੀਂ ਕਰਾਂਗੀਆਂ। ਤੁਸੀਂ ਆਖਿਆ ਸੀ, "ਅਸੀਂ ਆਪਣੇ ਕੀਤੇ ਹੋਏ ਇਕਰਾਰਾਂ ਨੂੰ ਨਿਭਾਵਾਂਗੀਆਂ। ਅਸੀਂ ਅਕਾਸ਼ ਦੀ ਰਾਣੀ ਨੂੰ ਬਲੀਆਂ ਅਤੇ ਪੀਣ ਦੀਆਂ ਭੇਟਾਂ ਚੜਾਉਣ ਦਾ ਇਕਰਾਰ ਕੀਤਾ ਸੀ।" ਇਸ ਲਈ ਅੱਗੇ ਵਧੋ। ਓਹੀ ਗੱਲਾਂ ਕਰੋ ਜਿਨ੍ਹਾਂ ਦਾ ਤੁਸੀਂ ਇਕਰਾਰ ਕੀਤਾ ਸੀ ਕਿ ਤੁਸੀਂ ਕਰੋਗੀਆਂ। ਆਪਣੇ ਇਕਰਾਰ ਨਿਭਾਓ।
26 ਪਰ ਮਿਸਰ ਵਿੱਚ ਰਹਿਣ ਵਾਲੇ ਤੁਸੀਂ ਯਹੂਦਾਹ ਦੇ ਸਾਰੇ ਲੋਕੋ, ਯਹੋਵਾਹ ਦੇ ਸੰਦੇਸ਼ ਨੂੰ ਸੁਣੋ: ਮੈਂ ਆਪਣੇ ਮਹਾਨ ਨਾਮ ਉੱਤੇ ਇਹ ਇਕਰਾਰ ਕਰਦਾ ਹਾਂ: ਮੈਂ ਇਕਰਾਰ ਕਰਦਾ ਹਾਂ ਕਿ ਯਹੂਦਾਹ ਦਾ ਮਿਸਰ ਵਿੱਚ ਰਹਿਣ ਵਾਲਾ ਕੋਈ ਵੀ ਬੰਦਾ ਇਕਰਾਰ ਕਰਨ ਲਈ ਮੇਰੇ ਨਾਮ ਦੀ ਵਰਤੋਂ ਨਹੀਂ ਕਰੇਗਾ। ਉਹ ਕਦੇ ਵੀ ਨਹੀਂ ਆਖਣਗੇ "ਜਿਵੇਂ ਕਿ ਯਹੋਵਾਹ ਸਾਖੀ ਹੈ, ..."
27 "'ਮੈਂ ਯਹੂਦਾਹ ਦੇ ਉਨ੍ਹਾਂ ਲੋਕਾਂ ਉੱਤੇ ਨਜ਼ਰ ਰੱਖ ਰਿਹਾ ਹਾਂ। ਪਰ ਮੈਂ ਉਨ੍ਹਾਂ ਉੱਤੇ ਇਸ ਲਈ ਨਜ਼ਰ ਨਹੀਂ ਰੱਖ ਰਿਹਾ ਕਿ ਉਨ੍ਹਾਂ ਦਾ ਧਿਆਨ ਰੱਖਾਂ। ਮਿਸਰ ਵਿੱਚ ਰਹਿਣ ਵਾਲੇ ਯਹੂਦਾਹ ਦੇ ਲੋਕ ਭੁੱਖ ਨਾਲ ਮਰਨਗੇ ਅਤੇ ਤਲਵਾਰਾਂ ਨਾਲ ਮਰਨਗੇ। ਉਹ ਉਨਾਂ ਚਿਰ ਤੱਕ ਮਰਦੇ ਰਹਿਣਗੇ ਜਿੰਨਾ ਚਿਰ ਤੀਕ ਕਿ ਸਾਰੇ ਖਤਮ ਨਹੀਂ ਹੋ ਜਾਂਦੇ।
28 ਯਹੂਦਾਹ ਦੇ ਕੁਝ ਲੋਕ ਤਲਵਾਰ ਰਾਹੀਂ ਮਰਨ ਤੋਂ ਬਚ ਜਾਣਗੇ। ਉਹ ਮਿਸਰ ਤੋਂ ਯਹੂਦਾਹ ਵਾਪਸ ਆ ਜਾਣਗੇ। ਪਰ ਬਹੁਤ ਬੋੜੇ ਯਹੂਦਾਹ ਦੇ ਲੋਕ ਹੋਣਗੇ ਜਿਹੜੇ ਬਚ ਰਹਿਣਗੇ। ਯਹੂਦਾਹ ਦੇ ਉਹ ਬਚੇ ਹੋਏ ਲੋਕ ਜਿਹੜੇ ਮਿਸਰ ਵਿੱਚ ਰਹਿਣ ਲਈ ਆ ਗਏ ਸਨ, ਜਾਣ ਲੈਣਗੇ ਕਿ ਕਿਸਦੇ ਬੋਲ ਸੱਚ ਨਿਕਲਦੇ ਨੇ। ਉਹ ਜਾਣ ਲੈਣਗੇ ਕਿ ਕੀ ਮੇਰੇ ਬੋਲ ਸੱਚ ਨਿਕਲਦੇ ਨੇ ਜਾਂ ਉਨ੍ਹਾਂ ਦੇ।
29 ਮੈਂ ਤੁਹਾਨੂੰ ਲੋਕਾਂ ਨੂੰ ਸਬੂਤ ਦੇਵਾਂਗਾ - ਇਹ ਸੰਦੇਸ਼ ਯਹੋਵਾਹ ਵੱਲੋਂ ਹੈ - 'ਕਿ ਮੈਂ ਤੁਹਾਨੂੰ ਇੱਥੇ ਮਿਸਰ ਵਿੱਚ ਸਜ਼ਾ ਦਿਆਂਗਾ। ਫ਼ੇਰ ਤੁਸੀਂ ਪੱਕੀ ਤਰ੍ਹਾਂ ਜਾਣ ਲਵੋਗੇ ਕਿ ਮੇਰੇ ਤੁਹਾਨੂੰ ਦੁੱਖ ਦੇਣ ਦੇ ਇਕਰਾਰ ਸੱਚਮੁੱਚ ਵਾਪਰਨਗੇ।
30 ਇਹ ਤੁਹਾਡੇ ਲਈ ਸਬੂਤ ਹੋਵੇਗਾ ਕਿ ਮੈਂ ਜੋ ਕਹਿੰਦਾ ਹਾਂ ਓਹੋ ਕਰਾਂਗਾ।' ਇਹੀ ਹੈ ਜੋ ਯਹੋਵਾਹ ਆਖਦਾ ਹੈ: ਫਿਰਊਨ ਹਾਫ਼ਰਾ ਮਿਸਰ ਦਾ ਰਾਜਾ ਹੈ। ਉਸਦੇ ਦੁਸ਼ਮਣ ਉਸਨੂੰ ਮਾਰਨਾ ਚਾਹੁੰਦੇ ਹਨ। ਮੈਂ ਫ਼ਿਰਊਨ ਹਾਫ਼ਰਾ ਨੂੰ ਉਸਦੇ ਦੁਸ਼ਮਣਾਂ ਦੇ ਹਵਾਲੇ ਕਰ ਦਿਆਂਗਾ। ਸਿਦਕੀਯਾਹ ਯਹੂਦਾਹ ਦਾ ਰਾਜਾ ਸੀ। ਨਬੂਕਦਨੱਸਰ ਸਿਦਕੀਯਾਹ ਦਾ ਦੁਸ਼ਮਣ ਸੀ। ਅਤੇ ਮੈਂ ਸਿਦਕੀਯਾਹ ਨੂੰ ਉਸਦੇ ਦੁਸ਼ਮਣ ਦੇ ਹਵਾਲੇ ਕੀਤਾ। ਇਸੇ ਤਰ੍ਹਾਂ, ਮੈਂ ਫ਼ਿਰਊਨ ਹਾਫ਼ਰਾ ਨੂੰ ਉਸਦੇ ਦੁਸ਼ਮਣ ਦੇ ਹਵਾਲੇ ਕਰ ਦਿਆਂਗਾ।"'