ਕਾਂਡ 11

1 ਇਹ ਸੰਦੇਸ਼ ਹੈ ਜਿਹੜਾ ਯਿਰਮਿਯਾਹ ਵੱਲੋਂ ਆਇਆ ਸੀ। ਇਹ ਸੰਦੇਸ਼ ਯਹੋਵਾਹ ਵੱਲੋਂ ਆਇਆ ਸੀ:
2 "ਯਿਰਮਿਯਾਹ, ਇਸ ਇਕਰਾਰਨਾਮੇ ਦੇ ਸ਼ਬਦਾਂ ਨੂੰ ਸੁਣ। ਯਹੂਦਾਹ ਦੇ ਲੋਕਾਂ ਨੂੰ ਇਨ੍ਹਾਂ ਗੱਲਾਂ ਬਾਰੇ ਦੱਸ। ਇਨ੍ਹਾਂ ਗੱਲਾਂ ਬਾਰੇ ਯਰੂਸ਼ਲਮ ਵਿੱਚ ਰਹਿਣ ਵਾਲੇ ਲੋਕਾਂ ਨੂੰ ਦੱਸ।
3 ਇਹੀ ਹੈ ਜੋ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ, ਆਖਦਾ ਹੈ, 'ਉਸ ਬੰਦੇ ਨਾਲ ਮੰਦੀਆਂ ਗੱਲਾਂ ਵਾਪਰਨਗੀਆਂ ਜਿਹੜਾ ਏਸ ਇਕਰਾਰਨਾਮੇ ਨੂੰ ਨਹੀਂ ਮੰਨਦਾ।'
4 ਮੈਂ ਉਸ ਇਕਰਾਰਨਾਮੇ ਬਾਰੇ ਗੱਲ ਕਰ ਰਿਹਾ ਹਾਂ ਜਿਹੜਾ ਮੈਂ ਤੇਰੇ ਪੁਰਖਿਆਂ ਨਾਲ ਉਸ ਵੇਲੇ ਕੀਤਾ ਸੀ ਜਦੋਂ ਮੈਂ ਉਨ੍ਹਾਂ ਨੂੰ ਮਿਸਰ, ਮੁਸੀਬਤਾਂ ਦੀ ਧਰਤੀ ਤੋਂ ਬਾਹਰ ਲਿਆਇਆ ਸੀ। ਇਹ ਲੋਹੇ ਨੂੰ ਵੀ ਪਿਘਲਾ ਦੇਣ ਵਾਲੀ ਭਠ੍ਠੀ ਵਰਗਾ ਸੀ। ਮੈਂ ਉਨ੍ਹਾਂ ਲੋਕਾਂ ਨੂੰ ਆਖਿਆ ਸੀ: ਮੇਰੇ ਆਦੇਸ਼ ਮੰਨੋ ਅਤੇ ਹਰ ਉਹ ਗੱਲ ਕਰੋ ਜਿਸਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਫ਼ੇਰ ਤੁਸੀਂ ਮੇਰੇ ਲੋਕ ਹੋਵੋਗੇ ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ।
5 "ਅਜਿਹਾ ਮੈਂ ਉਸ ਇਕਰਾਰ ਨੂੰ ਪੂਰਾ ਕਰਨ ਲਈ ਕੀਤਾ ਸੀ ਜਿਹੜਾ ਮੈਂ ਤੇਰੇ ਪੁਰਖਿਆਂ ਨਾਲ ਕੀਤਾ ਸੀ। ਮੈਂ ਉਨ੍ਹਾਂ ਨਾਲ ਇੱਕ ਬਹੁਤ ਹੀ ਉਪਜਾਉ ਭੋਇ ਦੇਣ ਦਾ ਇਕਰਾਰ ਕੀਤਾ ਸੀ, ਅਜਿਹੀ ਧਰਤੀ ਜਿੱਥੇ ਦੁੱਧ ਅਤੇ ਸ਼ਹਿਦ ਦੀਆਂ ਨਹਿਰਾਂ ਵਗ ਰਹੀਆਂ ਹੋਣਗੀਆਂ। ਅਤੇ ਤੂੰ ਅੱਜ ਓਸ ਦੇਸ ਅੰਦਰ ਰਹਿ ਰਿਹਾ ਹੈਂ।"ਮੈਂ ਜਵਾਬ ਦਿੱਤਾ, "ਆਮੀਨ, ਯਹੋਵਾਹ।"
6 ਯਹੋਵਾਹ ਨੇ ਮੈਨੂੰ ਆਖਿਆ, "ਯਿਰਮਿਯਾਹ ਇਸ ਸੰਦੇਸ਼ ਦਾ ਯਹੂਦਾਹ ਦੇ ਕਸਬਿਆਂ ਅਤੇ ਯਰੂਸ਼ਲਮ ਦੀਆਂ ਗਲੀਆਂ ਵਿੱਚ ਪ੍ਰਚਾਰ ਕਰ। ਸੰਦੇਸ਼ ਇਹ ਹੈ: ਇਸ ਇਕਰਾਰਨਾਮੇ ਦੇ ਸ਼ਬਦਾਂ ਨੂੰ ਸੁਣੋ। ਅਤੇ ਫ਼ੇਰ ਉਨ੍ਹਾਂ ਨੇਮਾਂ ਦੀ ਪਾਲਣਾ ਕਰੋ।
7 ਜਿਸ ਦਿਨ ਤੋਂ ਮੈਂ ਤੇਰੇ ਪੁਰਖਿਆਂ ਨੂੰ ਮਿਸਰ ਤੋਂ ਬਾਹਰ ਲਿਆਇਆ, ਅੱਜ ਤਾਈਂ ਮੈਂ ਉਨ੍ਹਾਂ ਨੂੰ ਬਾਰ-ਬਾਰ ਮੇਰੇ ਆਦੇਸ਼ਾਂ ਨੂੰ ਮੰਨਣ ਦੀ ਚਿਤਾਵਨੀ ਦਿੱਤੀ ਸੀ।
8 ਪਰ ਤੇਰੇ ਪੁਰਖਿਆਂ ਨੇ ਮੇਰੀ ਗੱਲ ਨਹੀਂ ਸੁਣੀ। ਉਹ ਜ਼ਿੱਦੀ ਸਨ ਅਤੇ ਉਨ੍ਹਾਂ ਨੇ ਓਹੀ ਕੀਤਾ ਜੋ ਉਨ੍ਹਾਂ ਦੇ ਮੰਦੇ ਦਿਲ ਲੋਚਦੇ ਸਨ। ਇਕਰਾਰਨਾਮਾ ਆਖਦਾ ਹੈ ਕਿ ਜੇ ਉਨ੍ਹਾਂ ਨੇ ਹੁਕਮ ਨਹੀਂ ਮੰਨਿਆ ਤਾਂ ਉਨ੍ਹਾਂ ਨਾਲ ਮੰਦੀਆਂ ਗੱਲਾਂ ਵਾਪਰਨਗੀਆਂ। ਇਸ ਲਈ ਮੈਂ ਉਨ੍ਹਾਂ ਉਪਰ ਉਹ ਸਾਰੀਆਂ ਮੰਦੀਆਂ ਗੱਲਾਂ ਵਾਪਰਨ ਦਿੱਤੀਆਂ ਹਨ! ਮੈਂ ਉਨ੍ਹਾਂ ਨੂੰ ਆਦੇਸ਼ ਦਿੱਤਾ ਸੀ ਕਿ ਇਕਰਾਰਨਾਮੇ ਨੂੰ ਮੰਨਣ ਪਰ ਉਨ੍ਹਾਂ ਨੇ ਨਹੀਂ ਮੰਨਿਆ।"
9 ਯਹੋਵਾਹ ਨੇ ਮੈਨੂੰ ਆਖਿਆ, "ਯਿਰਮਿਯਾਹ, ਮੈਂ ਜਾਣਦਾ ਹਾਂ ਕਿ ਯਹੂਦਾਹ ਦੇ ਲੋਕਾਂ ਅਤੇ ਯਰੂਸ਼ਲਮ ਵਿੱਚ ਰਹਿਣ ਵਾਲੇ ਲੋਕਾਂ ਨੇ ਗੁਪਤ ਯੋਜਨਾਵਾਂ ਬਣਾਈਆਂ ਹਨ।
10 ਉਹ ਲੋਕ ਉਹੋ ਹੀ ਪਾਪ ਕਰ ਰਹੇ ਸਨ ਜਿਹੜੇ ਉਨ੍ਹਾਂ ਦੇ ਪਰੁਖਿਆਂ ਨੇ ਕੀਤੇ ਸਨ। ਉਨ੍ਹਾਂ ਦੇ ਪੁਰਖਿਆਂ ਨੇ ਮੇਰਾ ਸੰਦੇਸ਼ ਸੁਣਨ ਤੋਂ ਇਨਕਾਰ ਕਰ ਦਿੱਤਾ ਸੀ। ਉਹ ਹੋਰਨਾਂ ਦੇਵਤਿਆਂ ਦੇ ਪਿੱਛੇ ਲੱਗੇ ਅਤੇ ਉਨ੍ਹਾਂ ਦੀ ਉਪਾਸਨਾ ਕੀਤੀ। ਇਸਰਾਏਲ ਦੇ ਪਰਿਵਾਰ ਅਤੇ ਯਹੂਦਾਹ ਦੇ ਪਰਿਵਾਰ ਨੇ ਉਸ ਇਕਰਾਰਨਾਮੇ ਨੂੰ ਤੋੜ ਦਿੱਤਾ ਹੈ ਜਿਹੜਾ ਮੈਂ ਉਨ੍ਹਾਂ ਦੇ ਪੁਰਖਿਆਂ ਨਾਲ ਕੀਤਾ ਸੀ।"
11 ਇਸ ਲਈ ਯਹੋਵਾਹ ਆਖਦਾ ਹੈ, "ਛੇਤੀ ਮੈਂ ਯਹੂਦਾਹ ਦੇ ਲੋਕਾਂ ਉੱਤੇ ਇੱਕ ਭਿਆਨਕ ਘਟਨਾ ਦਿਆਂਗਾ। ਉਹ ਬਚ ਨਹੀਂ ਸਕਣਗੇ! ਉਹ ਅਫ਼ਸੋਸ ਕਰਨਗੇ। ਅਤੇ ਉਹ ਮੇਰੇ ਅੱਗੇ ਸਹਾਇਤਾ ਲਈ ਪੁਕਾਰ ਕਰਨਗੇ। ਪਰ ਮੈਂ ਉਨ੍ਹਾਂ ਦੀ ਗੱਲ ਨਹੀਂ ਸੁਣਾਂਗਾ।
12 ਯਹੂਦਾਹ ਦੇ ਕਸਬਿਆਂ ਦੇ ਲੋਕ ਅਤੇ ਇਸਰਾਏਲ ਸ਼ਹਿਰ ਦੇ ਲੋਕ ਜਾਕੇ ਆਪਣੇ ਬੁੱਤਾਂ ਪਾਸ ਸਹਾਇਤਾ ਲਈ ਪ੍ਰਾਰਥਨਾ ਕਰਨਗੇ। ਉਹ ਲੋਕ ਉਨ੍ਹਾਂ ਬੁੱਤਾਂ ਅੱਗੇ ਧੂਪ ਧੁਖਾਉਣਗੇ। ਪਰ ਜਦੋਂ ਭਿਆਨਕ ਸਮਾਂ ਆਵੇਗਾ ਤਾਂ ਉਹ ਬੁੱਤ ਯਹੂਦਾਹ ਦੇ ਉਨ੍ਹਾਂ ਲੋਕਾਂ ਦੀ ਸਹਾਇਤਾ ਨਹੀਂ ਕਰ ਸਕਣਗੇ।
13 "ਯਹੂਦਾਹ ਦੇ ਲੋਕੋ, ਤੁਹਾਡੇ ਕੋਲ ਬਹੁਤ ਸਾਰੇ ਬੁੱਤ ਹਨ - ਇਹ ਬੁੱਤ ਉਨੇ ਹੀ ਹਨ ਜਿੰਨੇ ਯਹੂਦਾਹ ਦੇ ਕਸਬੇ ਹਨ। ਤੁਸੀਂ ਉਸ ਘਿਰਣਾ ਯੋਗ ਦੇਵਤੇ ਬਾਲ ਦੀ ਉਪਾਸਨਾ ਕਰਨ ਲਈ ਬਹੁਤ ਸਾਰੀਆਂ ਜਗਵੇਦੀਆਂ ਉਸਾਰੀਆਂ ਹਨ - ਇਹ ਵੇਦੀਆਂ ਉਨੀਆਂ ਹੀ ਹਨ ਜਿੰਨੀਆਂ ਯਰੂਸ਼ਲਮ ਵਿੱਚ ਗਲੀਆਂ ਹਨ।
14 "ਯਿਰਮਿਯਾਹ, ਜਿੱਥੋਂ ਤੀਕ ਮੇਰਾ ਸੰਬੰਧ ਹੈ, ਯਹੂਦਾਹ ਦੇ ਇਨ੍ਹਾਂ ਲੋਕਾਂ ਲਈ ਪ੍ਰਾਰਥਨਾ ਨਾ ਕਰੀਂ। ਉਨ੍ਹਾਂ ਲਈ ਭਿਖਿਆ ਨਾ ਮਂਗੀ। ਉਨ੍ਹਾਂ ਲਈ ਪ੍ਰਾਰਬਨਾਾਂ ਨਾ ਕਰੀਂ। ਮੈਂ ਨਹੀਂ ਸੁਣਾਂਗਾ। ਉਹ ਲੋਕ ਦੁੱਖ ਭੋਗਣ ਲਗਣਗੇ। ਅਤੇ ਫ਼ੇਰ ਉਹ ਮੇਰੇ ਕੋਲ ਸਹਾਇਤਾ ਲਈ ਪੁਕਾਰ ਕਰਨਗੇ। ਪਰ ਮੈਂ ਨਹੀਂ ਸੁਣਾਂਗਾ।
15 "ਮੇਰੀ ਮਹਿਬੂਬਾ (ਯਹੂਦਾਹ) ਮੇਰੇ ਘਰ (ਮੰਦਰ) ਅੰਦਰ ਕਿਉਂ ਹੈ? ਉਸਨੂੰ ਇੱਥੇ ਹੋਣ ਦਾ ਕੋਈ ਅਧਿਕਾਰ ਨਹੀਂ। ਉਸਨੇ ਬਹੁਤ ਮੰਦੀਆਂ ਗੱਲਾਂ ਕੀਤੀਆਂ ਨੇ। ਯਹੂਦਾਹ, ਕੀ ਤੂੰ ਸੋਚਦੀ ਹੈਂ ਕਿ ਖਾਸ ਇਕਰਾਰ ਅਤੇ ਪਸ਼ੂ ਬਲੀਆਂ ਤੈਨੂੰ ਤਬਾਹ ਹੋਣ ਤੋਂ ਰੋਕ ਲੈਣਗੀਆਂ? ਕੀ ਤੂੰ ਸੋਚਦੀ ਹੈਂ ਕਿ ਤੂੰ ਮੇਰੇ ਅੱਗੇ ਬਲੀਆਂ ਚੜਾਕੇ ਸਜ਼ਾ ਤੋਂ ਬਚ ਸਕਦੀ ਹੈਂ?"
16 ਯਹੋਵਾਹ ਨੇ ਤੈਨੂੰ ਇੱਕ ਨਾਮ ਦਿੱਤਾ ਸੀ। ਉਸਨੇ ਤੈਨੂੰ ਸਦਿਆ ਸੀ, ਇੱਕ ਹਰਾ ਜ਼ੈਤੂਨ ਦਾ ਰੁੱਖ, ਜਿਹੜਾ ਦੇਖਣ ਨੂੰ ਖੂਬਸੂਰਤ ਹੈ।' ਪਰ ਇੱਕ ਤੇਜ਼ ਤੂਫ਼ਾਨ ਨਾਲ, ਯਹੋਵਾਹ ਉਸ ਰੁੱਖ ਨੂੰ ਅੱਗ ਲਾ ਦੇਵੇਗਾ ਅਤੇ ਇਸ ਦੀਆਂ ਟਹਿਣੀਆਂ ਸੜ ਜਾਣਗੀਆਂ।
17 ਸਰਬ-ਸ਼ਕਤੀਮਾਨ ਯਹੋਵਾਹ ਨੇ ਤੈਨੂੰ ਬੀਜਿਆ ਸੀ। ਅਤੇ ਉਸਨੇ ਆਖਿਆ ਸੀ ਤੇਰੇ ਲਈ ਇੱਕ ਤਬਾਹੀ ਆਵੇਗੀ। ਕਿਉਂ? ਕਿਉਂ ਕਿ ਯਹੂਦਾਹ ਦੇ ਪਰਿਵਾਰ ਅਤੇ ਇਸਰਾਏਲ ਦੇ ਪਰਿਵਾਰ ਨੇ ਮੰਦੀਆਂ ਗੱਲਾਂ ਕੀਤੀਆਂ ਨੇ। ਉਨ੍ਹਾਂ ਨੇ ਬਆਲ ਅੱਗੇ ਬਲੀਆਂ ਚੜਾਈਆਂ ਨੇ।" ਅਤੇ ਇਸਨੇ ਮੈਨੂੰ ਕਹਿਰਵਾਨ ਕੀਤਾ ਸੀ।
18 ਯਹੋਵਾਹ ਨੇ ਮੈਨੂੰ ਦਰਸਾਇਆ ਕਿ ਲੋਕ ਮੇਰੇ ਵਿਰੁੱਧ ਮੰਦੀਆਂ ਯੋਜਨਾਵਾਂ ਬਣਾ ਰਹੇ ਸਨ। ਯਹੋਵਾਹ ਨੇ ਮੈਨੂੰ ਉਹ ਚੀਜ਼ਾਂ ਦਰਸਾਈਆਂ ਜਿਹੜੀਆਂ ਉਹ ਕਰ ਰਹੇ ਸਨ ਇਸ ਲਈ ਮੈਨੂੰ ਪਤਾ ਲੱਗ ਗਿਆ ਕਿ ਉਹ ਮੇਰੇ ਵਿਰੁੱਧ ਸਨ।
19 ਇਸ ਤੋਂ ਪਹਿਲਾਂ ਕਿ ਯਹੋਵਾਹ ਮੈਨੂੰ ਇਹ ਦਰਸਾਵੇ ਕਿ ਲੋਕ ਮੇਰੇ ਖਿਲਾਫ਼ ਸਨ, ਮੈਂ ਉਸ ਮਾਸੂਮ ਲੇਲੇ ਵਰਗਾ ਸਾਂ ਜਿਹੜਾ ਜ਼ਿਬਾਹ ਹੋਣ ਦੀ ਉਡੀਕ ਕਰ ਰਿਹਾ ਹੁੰਦਾ ਹੈ। ਮੈਂ ਇਹ ਨਹੀਂ ਸੀ ਸਮਝਦਾ ਕਿ ਉਹ ਮੇਰੇ ਖਿਲਾਫ਼ ਸਨ। ਉਹ ਮੇਰੇ ਬਾਰੇ ਇਹ ਗੱਲਾਂ ਕਰ ਰਹੇ ਸਨ: ਆਓ ਅਸੀਂ ਰੁੱਖ ਨੂੰ ਅਤੇ ਉਸਦੇ ਫ਼ਲ ਨੂੰ ਬਰਬਾਦ ਕਰ ਦੇਈਏ। ਆਓ ਅਸੀਂ ਉਸਨੂੰ ਮਾਰ ਦੇਈਏ! ਫ਼ੇਰ ਲੋਕੀ ਉਸਨੂੰ ਭੁੱਲ ਜਾਣਗੇ।"
20 ਪਰ ਯਹੋਵਾਹ ਜੀ ਤੁਸੀਂ ਬੇਲਾਗ ਨਿਆਂਕਾਰ ਹੋ। ਤੁਸੀਂ ਲੋਕਾਂ ਦੇ ਦਿਲਾਂ ਅਤੇ ਮਨਾਂ ਨੂੰ ਪਰਖਣਾ ਜਾਣਦੇ ਹੋ। ਮੈਂ ਤੁਹਾਨੂੰ ਆਪਣੀਆਂ ਦਲੀਲਾਂ ਦੇਵਾਂਗਾ। ਅਤੇ ਮੈਂ ਤੁਹਾਡੇ ਵੱਲੋਂ ਉਨ੍ਹਾਂ ਨੂੰ ਓਹੀ ਸਜ਼ਾ ਦੇਣ ਦੇਵਾਂਗਾ ਜਿਸਦੇ ਉਹ ਅਧਿਕਾਰੀ ਹਨ।
21 ਅਨਾਬੋਬ ਦੇ ਲੋਕ ਯਿਰਮਿਯਾਹ ਨੂੰ ਮਾਰਨ ਦੀਆਂ ਵਿਉਂਤਾ ਬਣਾ ਰਹੇ ਸਨ। ਉਨ੍ਹਾਂ ਲੋਕਾਂ ਨੇ ਯਿਰਮਿਯਾਹ ਨੂੰ ਆਖਿਆ, "ਯਹੋਵਾਹ ਦੇ ਨਾਮ ਉੱਤੇ ਭਵਿੱਖਬਾਣੀ ਨਾ ਕਰ ਨਹੀਂ ਤਾਂ ਅਸੀਂ ਤੈਨੂੰ ਕਤਲ ਕਰ ਦਿਆਂਗੇ।" ਫ਼ੇਰ ਯਹੋਵਾਹ ਨੇ ਅਨਾਬੋਬ ਦੇ ਉਨ੍ਹਾਂ ਲੋਕਾਂ ਬਾਰੇ ਇੱਕ ਫ਼ੈਸਲਾ ਕੀਤਾ।
22 ਸਰਬ ਸ਼ਕਤੀਮਾਨ ਯਹੋਵਾਹ ਨੇ ਆਖਿਆ, "ਮੈਂ ਅਨਾਬੋਬ ਦੇ ਉਨ੍ਹਾਂ ਲੋਕਾਂ ਨੂੰ ਛੇਤੀ ਹੀ ਸਜ਼ਾ ਦੇਵਾਂਗਾ। ਉਨ੍ਹਾਂ ਦੇ ਗਭਰੂ ਜੰਗ ਵਿੱਚ ਮਾਰੇ ਜਾਣਗੇ। ਉਨ੍ਹਾਂ ਦੇ ਧੀਆਂ ਪੁੱਤਰ ਭੁੱਖ ਨਾਲ ਮਰਨਗੇ।
23 ਅਨਾਬੋਬ ਸ਼ਹਿਰ ਦਾ ਕੋਈ ਵੀ ਬੰਦਾ ਬਾਕੀ ਨਹੀਂ ਰਹੇਗਾ। ਕੋਈ ਵੀ ਨਹੀਂ ਬਚੇਗਾ। ਮੈਂ ਉਨ੍ਹਾਂ ਨੂੰ ਸਜ਼ਾ ਦਿਆਂਗਾ। ਮੈਂ ਉਨ੍ਹਾਂ ਵੱਲ ਕੋਈ ਬਲਾ ਭੇਜਾਂਗਾ।"
23