ਕਾਂਡ 21
1 ਇਹੀ ਉਹ ਸੰਦੇਸ਼ ਹੈ ਜਿਹੜਾ ਯਿਰਮਿਯਾਹ ਨੂੰ ਯਹੋਵਾਹ ਵੱਲੋਂ ਮਿਲਿਆ। ਇਹ ਸੰਦੇਸ਼ ਉਦੋਂ ਆਇਆ ਜਦੋਂ ਯਹੂਦਾਹ ਦੇ ਰਾਜੇ ਸਿਦਕੀਯਾਹ ਨੇ ਪਸ਼ਹੂਰ ਨਾਂ ਦੇ ਬੰਦੇ ਅਤੇ ਜਾਜਕ ਸਫ਼ਨਯਾਹ ਨੂੰ ਯਿਰਮਿਯਾਹ ਕੋਲ ਭੇਜਿਆ। ਪਸ਼ਹੂਰ ਮਲਕੀਯਾਹ ਨਾਂ ਦੇ ਬੰਦੇ ਦਾ ਪੁੱਤਰ ਸੀ ਅਤੇ ਸਫ਼ਨਯਾਹ ਮਅਸੇਯਾਹ ਦਾ ਪੁੱਤਰ ਸੀ। ਪਸ਼ਹੂਰ ਅਤੇ ਸਫ਼ਨਯਾਹ ਯਿਰਮਿਯਾਹ ਕੋਲ ਸੰਦੇਸ਼ ਲੈਕੇ ਆਏ।
2 ਪਸ਼ਹੂਰ ਅਤੇ ਸਫ਼ਨਯਾਹ ਨੇ ਯਿਰਮਿਯਾਹ ਨੂੰ ਆਖਿਆ, "ਸਾਡੇ ਲਈ ਯਹੋਵਾਹ ਅੱਗੇ ਪ੍ਰਾਰਥਨਾ ਕਰੋ। ਯਹੋਵਾਹ ਨੂੰ ਪੁੱਛੋ ਕਿ ਕੀ ਵਾਪਰੇਗਾ। ਅਸੀਂ ਜਾਣਨਾ ਚਾਹੁੰਦੇ ਹਾਂ ਕਿਉਂ ਕਿ ਬਾਬਲ ਦਾ ਰਾਜਾ ਨਬੂਕਦਨੱਸਰ ਸਾਡੇ ਉੱਪਰ ਹਮਲਾ ਕਰ ਰਿਹਾ ਹੈ। ਸ਼ਾਇਦ ਯਹੋਵਾਹ ਸਾਡੇ ਲਈ ਮਹਾਨ ਗੱਲਾਂ ਕਰੇ, ਜਿਵੇਂ ਉਸ ਨੇ ਅਤੀਤ ਵਿੱਚ ਕੀਤੀਆਂ ਸਨ। ਸ਼ਾਇਦ ਯਹੋਵਾਹ ਨਬੂਕਦਨੱਸਰ ਨੂੰ ਸਾਡੇ ਉੱਪਰ ਹਮਲਾ ਕਰਨ ਤੋਂ ਰੋਕ ਦੇਵੇ ਅਤੇ ਵਾਪਸ ਭੇਜ ਦੇਵੇ।"
3 ਤਾਂ ਯਿਰਮਿਯਾਹ ਨੇ ਪਸ਼ਹੂਰ ਅਤੇ ਸਫ਼ਨਯਾਹ ਨੂੰ ਜਵਾਬ ਦਿੱਤਾ। ਉਸਨੇ ਆਖਿਆ, "ਰਾਜੇ ਸਿਦਕੀਯਾਹ ਨੂੰ ਆਖੋ:
4 ਇਹੀ ਹੈ ਜੋ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ: 'ਤੁਹਾਡੇ ਹੱਥਾਂ ਵਿੱਚ ਲੜਾਈ ਦੇ ਹਬਿਆਰ ਨੇ। ਤੁਸੀਂ ਉਨ੍ਹਾਂ ਹਬਿਆਰਾਂ ਦਾ ਇਸਤੇਮਾਲ ਆਪਣੇ ਆਪ ਨੂੰ ਬਾਬਲ ਦੇ ਰਾਜੇ ਅਤੇ ਬਾਬਲ ਦੇ ਲੋਕਾਂ ਤੋਂ ਰੱਖਿਆ ਕਰਨ ਲਈ ਕਰ ਰਹੇ ਹੋ। ਪਰ ਮੈਂ ਉਨ੍ਹਾਂ ਹਬਿਆਰਾਂ ਨੂੰ ਨਕਾਰਾ ਕਰ ਦਿਆਂਗਾ।"'ਬਾਬਲ ਦੀ ਫ਼ੌਜ ਸ਼ਹਿਰ ਦੀ ਫ਼ਸੀਲ ਦੇ ਬਾਹਰ ਹੈ। ਉਹ ਫ਼ੌਜ ਸ਼ਹਿਰ ਦੇ ਆਲੇ-ਦੁਆਲੇ ਹੈ। ਛੇਤੀ ਹੀ ਮੈਂ ਉਸ ਫ਼ੌਜ ਨੂੰ ਯਰੂਸ਼ਲਮ ਦੇ ਅੰਦਰ ਲਿਆਵਾਂਗਾ।
5 ਮੈਂ ਖੁਦ ਤੁਹਾਡੇ ਯਹੂਦਾਹ ਦੇ ਲੋਕਾਂ, ਦੇ ਖਿਲਾਫ਼ ਲੜਾਂਗਾ। ਮੈਂ ਤੁਹਾਡੇ ਖਿਲਾਫ਼ ਆਪਣੇ ਤਾਕਤਵਰ ਹੱਥ ਨਾਲ ਲੜਾਂਗਾ। ਮੈਂ ਬਹੁਤ ਕਹਿਰਵਾਨ ਹਾਂ ਤੁਹਾਡੇ ਉੱਤੇ, ਇਸ ਲਈ ਮੈਂ ਆਪਣੇ ਤਾਕਤਵਰ ਹੱਥ ਨਾਲ ਤੁਹਾਡੇ ਖਿਲਾਫ਼ ਲੜਾਂਗਾ। ਮੈਂ ਤੁਹਾਡੇ ਖਿਲਾਫ਼ ਸਖਤੀ ਨਾਲ ਲੜਾਂਗਾ ਅਤੇ ਦਿਖਾ ਦੇਵਾਂਗਾ ਕਿ ਮੈਂ ਕਿਤਨਾ ਕਹਿਰਵਾਨ ਹਾਂ।
6 ਮੈਂ ਯਰੂਸ਼ਲਮ ਵਿੱਚ ਰਹਿਣ ਵਾਲੇ ਲੋਕਾਂ ਨੂੰ ਮਾਰ ਦਿਆਂਗਾ। ਮੈਂ ਬੰਦਿਆਂ ਅਤੇ ਜਾਨਵਰਾਂ ਨੂੰ ਮਾਰ ਦਿਆਂਗਾ। ਉਹ ਭਿਆਨਕ ਪਲੇਗ ਨਾਲ ਮਰਨਗੇ ਜਿਹੜੀ ਸਾਰੇ ਸ਼ਹਿਰ ਵਿੱਚ ਫ਼ੈਲ ਜਾਵੇਗੀ।
7 ਅਜਿਹਾ ਵਾਪਰਨ ਤੋਂ ਮਗਰੋਂ, ਇਹ ਸੰਦੇਸ਼ ਯਹੋਵਾਹ ਵੱਲੋਂ ਹੈ, "'ਮੈਂ ਯਹੂਦਾਹ ਦੇ ਰਾਜੇ ਸਿਦਕੀਯਾਹ ਨੂੰ ਬਾਬਲ ਦੇ ਰਾਜੇ ਨਬੂਕਦਨੱਸਰ ਦੇ ਹਵਾਲੇ ਕਰ ਦਿਆਂਗਾ। ਮੈਂ ਸਿਦਕੀਯਾਹ ਦੇ ਅਧਿਕਾਰੀਆਂ ਨੂੰ ਵੀ ਨਬੂਕਦਨੱਸਰ ਦੇ ਹਵਾਲੇ ਕਰ ਦਿਆਂਗਾ। ਇਸ ਭਿਆਨਕ ਪਲੇਗ ਵਿੱਚ ਯਰੂਸ਼ਲਮ ਦੇ ਕੁਝ ਬੰਦੇ ਨਹੀਂ ਮਰਨਗੇ। ਕੁਝ ਲੋਕ ਤਲਵਾਰਾਂ ਨਾਲ ਨਹੀਂ ਮਾਰੇ ਜਾਣਗੇ। ਉਨ੍ਹਾਂ ਵਿੱਚੋਂ ਕੁਝ ਲੋਕ ਭੁੱਖ ਨਾਲ ਨਹੀਂ ਮਰਨਗੇ। ਪਰ ਮੈਂ ਉਨ੍ਹਾਂ ਲੋਕਾਂ ਨੂੰ ਨਬੂਕਦਨੱਸਰ ਦੇ ਹਵਾਲੇ ਕਰ ਦਿਆਂਗਾ। ਮੈਂ ਯਹੂਦਾਹ ਦੇ ਦੁਸ਼ਮਣ ਦੀ ਜਿੱਤ ਕਰਾਵਾਂਗਾ। ਨਬੂਕਦਨੱਸਰ ਦੀ ਫ਼ੌਜ ਯਹੂਦਾਹ ਦੇ ਲੋਕਾਂ ਨੂੰ ਮਾਰਨਾ ਚਾਹੁੰਦੀ ਹੈ। ਇਸ ਲਈ ਯਹੂਦਾਹ ਅਤੇ ਯਰੂਸ਼ਲਮ ਦੇ ਲੋਕ ਤਲਵਾਰਾਂ ਨਾਲ ਮਾਰੇ ਜਾਣਗੇ। ਨਬੂਕਦਨੱਸਰ ਕੋਈ ਰਹਿਮ ਨਹੀਂ ਦਿਖਾੇਗਾ। ਉਹ ਉਨ੍ਹਾਂ ਲੋਕਾਂ ਉੱਪਰ ਅਫ਼ਸੋਸ ਨਹੀਂ ਕਰੇਗਾ।'
8 "ਯਰੂਸ਼ਲਮ ਦੇ ਲੋਕਾਂ ਨੂੰ ਇਹ ਗੱਲਾਂ ਵੀ ਦੱਸੋ। ਯਹੋਵਾਹ ਇਹ ਗੱਲਾਂ ਆਖਦਾ ਹੈ: 'ਸਮਝ ਲਵੋ ਕਿ ਮੈਂ ਤੁਹਾਨੂੰ ਜੀਣ ਅਤੇ ਮਰਨ ਵਿਚਕਾਰ ਚੋਣ ਕਰਨ ਦਿਆਂਗਾ।
9 ਕੋਈ ਵੀ ਬੰਦਾ ਜਿਹੜਾ ਯਰੂਸ਼ਲਮ ਵਿੱਚ ਰਹੇਗਾ, ਮਾਰਿਆ ਜਾਵੇਗਾ। ਉਹ ਬੰਦਾ ਤਲਵਾਰ ਨਾਲ, ਭੁੱਖ ਨਾਲ ਜਾਂ ਕਿਸੇ ਭਿਆਨਕ ਬਿਮਾਰੀ ਨਾਲ ਮਾਰਿਆ ਜਾਵੇਗਾ। ਪਰ ਜਿਹੜਾ ਵੀ ਬੰਦਾ ਯਰੂਸ਼ਲਮ ਤੋਂ ਬਾਹਰ ਨਿਕਲ ਕੇ ਬਾਬਲ ਦੀ ਫ਼ੌਜ ਸਾਮ੍ਹਣੇ ਆਤਮ ਸਮਰਪਨ ਕਰੇਗਾ, ਜਿਉਂਦਾ ਰਹੇਗਾ! ਉਸ ਫ਼ੌਜ ਨੇ ਸ਼ਹਿਰ ਨੂੰ ਘੇਰਾ ਪਾ ਲਿਆ ਹੈ। ਇਸ ਲਈ ਕੋਈ ਵੀ ਬੰਦਾ ਸ਼ਹਿਰ ਵਿੱਚ ਭੋਜਨ ਲੈਕੇ ਨਹੀਂ ਆ ਸਕਦਾ। ਪਰ ਜਿਹੜਾ ਕੋਈ ਬੰਦਾ ਸ਼ਹਿਰ ਨੂੰ ਛੱਡ ਜਾਂਦਾ ਹੈ, ਆਪਣੀ ਜਾਨ ਬਚਾ ਲਵੇਗਾ।
10 ਮੈਂ ਯਰੂਸ਼ਲਮ ਦੇ ਸ਼ਹਿਰ ਲਈ ਮੁਸੀਬਤ ਪੈਦਾ ਕਰਨ ਦਾ ਨਿਰਣਾ ਕਰ ਲਿਆ ਹੈ। ਮੈਂ ਸ਼ਹਿਰ ਦੀ ਸਹਾਇਤਾ ਨਹੀਂ ਕਰਾਂਗਾ।"' ਇਹ ਸੰਦੇਸ਼ ਯਹੋਵਾਹ ਵੱਲੋਂ ਹੈ - "'ਮੈਂ ਯਰੂਸ਼ਲਮ ਦੇ ਸ਼ਹਿਰ ਨੂੰ ਬਾਬਲ ਦੇ ਰਾਜੇ ਦੇ ਹਵਾਲੇ ਕਰ ਦਿਆਂਗਾ। ਉਹ ਇਸਨੂੰ ਅੱਗ ਨਾਲ ਸਾੜ ਦੇਵੇਗਾ।'
11 "ਇਹ ਗੱਲਾਂ ਯਹੂਦਾਹ ਦੇ ਸ਼ਾਹੀ ਪਰਿਵਾਰ ਨੂੰ ਦੱਸੋ: ਯਹੋਵਾਹ ਦੇ ਸੰਦੇਸ਼ ਨੂੰ ਸੁਣੋ।
12 ਦਾਊਦ ਦੇ ਪਰਿਵਾਰ, ਯਹੋਵਾਹ ਇਹ ਗੱਲਾਂ ਆਖਦਾ ਹੈ: 'ਤੁਹਾਨੂੰ ਚਾਹੀਦਾ ਹੈ ਕਿ ਹਰ ਰੋਜ਼ ਨਿਰਪੱਖਤਾ ਨਾਲ ਲੋਕਾਂ ਬਾਰੇ ਨਿਰਣਾ ਕਰੋ। ਮੁਜਰਿਮਾਂ ਕੋਲੋਂ ਉਨ੍ਹਾਂ ਦੇ ਸ਼ਿਕਾਰ ਬੰਦਿਆਂ ਨੂੰ ਬਚਾਓ। ਜੇ ਤੁਸੀਂ ਅਜਿਹਾ ਨਹੀਂ ਕਰੋਗੇ, ਤਾਂ ਮੈਂ ਬਹੁਤ ਹੀ ਕਹਿਰਵਾਨ ਹੋ ਜਾਵਾਂਗਾ। ਮੇਰਾ ਕਹਿਰ ਉਸ ਅੱਗ ਵਰਗਾ ਹੋਵੇਗਾ, ਜਿਸ ਨੂੰ ਕੋਈ ਵੀ ਬੰਦਾ ਨਹੀਂ ਬੁਝਾ ਸਕਦਾ। ਅਜਿਹਾ ਇਸ ਲਈ ਵਾਪਰੇਗਾ ਕਿਉਂ ਕਿ ਤੁਸੀਂ ਮੰਦੀਆਂ ਗੱਲਾਂ ਕੀਤੀਆਂ ਨੇ!'
13 ਯਰੂਸ਼ਲਮ, ਮੈਂ ਤੇਰੇ ਵਿਰੁੱਧ ਹਾਂ। ਤੂੰ ਪਰਬਤ ਦੇ ਸਿਖਰ ਉੱਤੇ ਬੈਠਾ ਹੋਇਆ ਹੈਂ ਜਿਵੇਂ ਕੋਈ ਚੱਟਾਨ ਵਾਦੀ ਨੂੰ ਦੇਖਦੀ ਹੋਵੇ। ਤੁਸੀਂ, ਯਰੂਸ਼ਲਮ ਦੇ ਲੋਕ ਆਖਦੇ ਹੋ, 'ਕੋਈ ਵੀ ਬੰਦਾ ਸਾਡੇ ਉੱਤੇ ਹਮਲਾ ਨਹੀਂ ਕਰ ਸਕਦਾ। ਕੋਈ ਵੀ ਬੰਦਾ ਸਾਡੇ ਮਜ਼ਬੂਤ ਸ਼ਹਿਰ ਨੂੰ ਹਰਾ ਨਹੀਂ ਸਕਦਾ।' ਪਰ ਯਹੋਵਾਹ ਦੇ ਇਸ ਸੰਦੇਸ਼ ਨੂੰ ਸੁਣੋ।
14 ਤੁਸੀਂ ਉਹੀ ਸਜ਼ਾ ਪਾਵੋਁਗੇ, ਜਿਸਦੇ ਤੁਸੀਂ ਅਧਿਕਾਰੀ ਹੋ। ਮੈਂ ਤੁਹਾਡੇ ਜੰਗਲਾਂ ਅੰਦਰ ਅੱਗ ਲਾ ਦਿਆਂਗਾ। ਉਹ ਅੱਗ ਤੁਹਾਡੇ ਚਾਰ-ਚੁਫ਼ੇਰੇ ਦੀ ਹਰ ਸ਼ੈਅ ਨੂੰ ਸਾੜ ਦੇਵੇਗੀ।"