ਕਾਂਡ 6
1 ਫ਼ੇਰ ਮੈਂ ਲੇਲੇ ਨੂੰ ਸੱਤਾਂ ਵਿੱਚੋਂ ਪਹਿਲੀ ਮੋਹਰ ਖੋਲ੍ਹਦਿਆਂ ਦੇਖਿਆ। ਮੈਂ ਚਾਰਾਂ ਸਜੀਵ ਚੀਜ਼ਾਂ ਵਿੱਚੋਂ ਕਿਸੇ ਨੂੰ ਤੂਫ਼ਾਨੀ ਗਰਜ ਵਰਗੀ ਅਵਾਜ਼ ਵਿੱਚ ਬੋਲਦਿਆਂ ਸੁਣਿਆ। ਇਸਨੇ ਆਖਿਆ, “ਆਓ।”
2 ਮੈਂ ਤਕਿਆ, ਅਤੇ ਉਥੇ ਮੇਰੇ ਅੱਗੇ ਇੱਕ ਚਿਟਾ ਘੋੜਾ ਸੀ। ਘੁੜਸਵਾਰ ਦੇ ਹੱਥ ਵਿੱਚ ਇੱਕ ਧਨੁਸ਼ ਫ਼ੜਿਆ ਹੋਇਆ ਸੀ। ਅਤੇ ਉਸਨੂੰ ਇੱਕ ਤਾਜ ਦਿੱਤਾ ਹੋਇਆ ਸੀ। ਉਹ ਵਧ ਜਿੱਤਾਂ ਪ੍ਰਾਪਤ ਕਰਨ ਲਈ ਇੱਕ ਜੇਤੂ ਦੀ ਤਰ੍ਹਾਂ ਬਾਹਰ ਗਿਆ।
3 ਲੇਲੇ ਨੇ ਦੂਸਰੀ ਮੋਹਰ ਖੋਲ੍ਹੀ। ਫ਼ੇਰ ਮੈਂ ਦੂਸਰੀ ਸਜੀਵ ਚੀਜ਼ ਨੂੰ ਇਹ ਆਖਦਿਆਂ ਸੁਣਿਆ, “ਆਓ।”
4 ਫ਼ੇਰ ਇੱਕ ਹੋਰ ਘੋੜਾ ਬਾਹਰ ਆਇਆ। ਇਹ ਲਾਲ ਘੋੜਾ ਸੀ। ਘੁੜਸਵਾਰ ਨੂੰ ਧਰਤੀ ਤੋਂ ਸ਼ਾਂਤੀ ਹਟਾਉਣ ਅਤੇ ਲੋਕਾਂ ਨੂੰ ਇੱਕ ਦੂਜੇ ਤੋਂ ਮਰਾਉਣ ਦੀ ਸ਼ਕਤੀ ਦਿੱਤੀ ਗਈ ਸੀ। ਇਸ ਘੁੜਸਵਾਰ ਨੂੰ ਇੱਕ ਵੱਡੀ ਤਲਵਾਰ ਦਿੱਤੀ ਗਈ ਸੀ।
5 ਲੇਲੇ ਨੇ ਤੀਜੀ ਮੋਹਰ ਖੋਲ੍ਹੀ। ਫ਼ੇਰ ਮੈਂ ਤੀਸਰੀ ਸਜੀਵ ਚੀਜ਼ ਨੂੰ ਇਹ ਆਖਦਿਆਂ ਸੁਣਿਆ, “ਆਓ।” ਮੈਂ ਤਕਿਆ ਅਤੇ ਉਥੇ ਮੇਰੇ ਅੱਗੇ ਇੱਕ ਕਾਲਾ ਘੋੜਾ ਸੀ। ਘੁੜਸਵਾਰ ਨੇ ਆਪਣੇ ਹੱਥ ਵਿੱਚ ਇੱਕ ਤੱਕੜੀ ਫ਼ੜੀ ਹੋਈ ਸੀ।
6 ਫ਼ੇਰ ਮੈਂ ਇੱਕ ਅਵਾਜ਼ ਵਰਗੀ ਚੀਜ਼ ਸੁਣੀ। ਇਹ ਅਵਾਜ਼ ਓਥੋਂ ਆ ਰਹੀ ਸੀ ਜਿਥੇ ਚਾਰ ਸਜੀਵ ਚੀਜ਼ਾਂ ਸਨ। ਅਵਾਜ਼ ਨੇ ਆਖਿਆ, “ਇੱਕ ਦਿਨ ਦੀ ਤਨਖਾਹ ਵਜੋਂ ਇੱਕ ਚੌਥਾਈ ਕਣਕ ਦਾ ਮਾਪ। ਅਤੇ ਇੱਕ ਦਿਨ ਦੀ ਤਨਖਾਹ ਵਜੋਂ ਤਿੰਨ ਚੌਥਾਈ ਜੌਆਂ ਡਾ ਮਾਪ। ਪਰ ਤੇਲ ਅਤੇ ਮੈਨੂੰ ਬਰਬਾਦ ਨਾ ਕਰੋ।”
7 ਲੇਲੇ ਨੇ ਚੌਥੀ ਮੋਹਰ ਖੋਲ੍ਹੀ। ਫ਼ੇਰ ਮੈਂ ਚੌਥੀ ਸਜੀਵ ਚੀਜ਼ ਦੀ ਅਵਾਜ਼ ਨੂੰ ਇਹ ਆਖਦਿਆਂ ਸੁਣਿਆ, “ਆਓ।”
8 ਮੈਂ ਦੇਖਿਆ, ਅਤੇ ਉਥੇ ਮੇਰੇ ਸਾਮ੍ਹਣੇ ਇੱਕ ਫ਼ਿੱਕੇ ਰੰਗ ਦਾ ਘੋੜਾ ਸੀ। ਘੁੜਸਵਾਰ ਮੌਤ ਸੀ। ਉਸਦੇ ਪਿਛੇ, ਪਤਾਲ ਆ ਰਿਹਾ ਸੀ। ਉਨ੍ਹਾਂ ਨੂੰ ਧਰਤੀ ਦੇ ਇੱਕ ਚੌਥਾਈ ਹਿੱਸੇ ਉੱਪਰ ਅਧਿਕਾਰ ਦਿੱਤਾ ਗਿਆ ਸੀ। ਉਨ੍ਹਾਂ ਨੂੰ ਤਲਵਾਰ ਦੁਆਰਾ, ਅਕਾਲ ਦੁਆਰਾ, ਖਤਰਨਾਕ ਬਿਮਾਰੀਆਂ ਦੁਆਰਾ ਅਤੇ ਧਰਤੀ ਦੇ ਜੰਗਲੀ ਜਾਨਵਰਾਂ ਦੁਆਰਾ ਮਾਰਨ ਦੀ ਸ਼ਕਤੀ ਦਿੱਤੀ ਗਈ ਸੀ।
9 ਲੇਲੇ ਨੇ ਪੰਜਵੀਂ ਮੋਹਰ ਖੋਲ੍ਹੀ। ਫ਼ੇਰ ਮੈਂ ਕੁਝ ਰੂਹਾਂ ਨੂੰ ਜਗਵੇਦੀ ਹੇਠਾਂ ਵੇਖਿਆ। ਇਹ ਉਨ੍ਹਾਂ ਲੋਕਾਂ ਦੀਆਂ ਰੂਹਾਂ ਸਨ ਜੋ ਕਿ ਇਸ ਲਈ ਮਾਰੇ ਗਏ ਸਨ ਕਿਉਂਕਿ ਉਹ ਪਰਮੇਸ਼ੁਰ ਦੇ ਸੰਦੇਸ਼ ਲਈ ਵਫ਼ਾਦਾਰ ਸਨ ਅਤੇ ਆਪਣੀ ਨਿਹਚਾ ਬਾਰੇ ਬੋਲੇ ਸਨ।
10 ਇਹ ਰੂਹਾਂ ਉੱਚੀ ਅਵਾਜ਼ ਵਿੱਚ ਚੀਕੀਆਂ, “ਪਵਿੱਤਰ ਅਤੇ ਸੱਚੇ ਪ੍ਰਭੂ, ਤੇਰੇ ਲਈ ਧਰਤੀ ਦੇ ਲੋਕਾਂ ਦਾ ਨਿਰਣਾ ਕਰਨਾ ਹੋਵੇ ਤਾਂ ਕਿੰਨਾ ਚਿਰ ਲੱਗੇਗਾ ਤੇਰੇ ਲਈ ਉਨ੍ਹਾਂ ਲੋਕਾਂ ਨੂੰ ਸਾਨੂੰ ਮਾਰਨ ਲਈ ਸਜ਼ਾ ਦੇਣ ਲਈ ਹੋਰ ਕਿੰਨਾ ਸਮਾਂ ਲੱਗੇਗਾ?”
11 ਫ਼ੇਰ ਉਨ੍ਹਾਂ ਵਿੱਚੋਂ ਹਰ ਰੂਹ ਨੂੰ ਇੱਕ ਚਿਟ੍ਟਾ ਚੋਲਾ ਦਿੱਤਾ ਗਿਆ ਸੀ। ਉਨ੍ਹਾਂ ਨੂੰ ਕੁਝ ਸਮਾਂ ਉਡੀਕਣ ਲਈ ਕਿਹਾ ਗਿਆ ਸੀ, ਜਿੰਨਾ ਚਿਰ ਉਨ੍ਹਾਂ ਦੇ ਕੁਝ ਹੋਰ ਭਰਾ ਜਿਹੜੇ ਮਸੀਹ ਦੀ ਸੇਵਾ ਕਰ ਰਹੇ ਹਨ, ਉਨ੍ਹਾਂ ਵਾਂਗ ਹੀ ਨਾ ਮਾਰੇ ਜਾਣ। ਉਨ੍ਹਾਂ ਨੂੰ ਓਨਾ ਚਿਰ ਇੰਤਜ਼ਾਰ ਕਰਨ ਲਈ ਕਿਹਾ ਗਿਆ ਜਿੰਨਾ ਚਿਰ ਮਾਰੇ ਜਾਣ ਵਾਲੇ ਲੋਕਾਂ ਦੀ ਗਿਣਤੀ ਸੰਪੂਰਣ ਨਾ ਹੋ ਜਾਵੇ।
12 ਫ਼ੇਰ ਮੈਂ ਦੇਖ ਰਿਹਾ ਸੀ ਜਦੋਂ ਲੇਲੇ ਨੇ ਛੇਵੀਂ ਮੋਹਰ ਖੋਲ੍ਹੀ। ਉਥੇ ਬਹੁਤ ਵੱਡਾ ਭੁਚਾਲ ਆ ਗਿਆ। ਸੂਰਜ ਬੱਕਰੀ ਦੇ ਵਾਲਾਂ ਦੇ ਬਣੇ ਬੋਰੇ ਵਰਗਾ ਕਾਲਾ ਹੋ ਗਿਆ। ਪੂਰਾ ਚੰਨ ਲਹੂ ਵਾਂਗ ਲਾਲ ਹੋ ਗਿਆ।
13 ਅਕਾਸ਼ ਦੇ ਤਾਰੇ ਧਰਤੀ ਉੱਤੇ ਇੰਝ ਡਿੱਗ ਪਏ ਜਿਵੇਂ ਕਿ ਹੰਜ਼ੀਰ ਦਾ ਬੂਟਾ ਜਦੋਂ ਹਵਾ ਵਗਦੀ ਹੈ ਤਾਂ ਆਪਣੇ ਕਚੇ ਫ਼ਲ ਸੁੱਟ ਦਿੰਦਾ ਹੈ।
14 ਅਕਾਸ਼ ਲਪੇਟੇ ਕਾਗਜ਼ ਵਾਂਗੂ ਅਲੋਪ ਹੋ ਗਿਆ। ਸਾਰੇ ਪਹਾੜ ਅਤੇ ਜਜੀਰੇ ਆਪਣੀਆਂ ਜਗ਼੍ਹਾਵਾਂ ਤੋਂ ਹਿੱਲ ਗਏ ਸਨ।
15 ਫ਼ੇਰ ਸਾਰੇ ਲੋਕਾਂ ਨੇ ਆਪਣੇ ਆਪ ਨੂੰ ਗੁਫ਼ਾਵਾਂ ਅਤੇ ਪਹਾੜਾਂ ਦੀਆਂ ਉਤਲੀਆਂ ਚੱਟਾਨਾਂ ਪਿਛੇ ਲਕੋ ਲਿਆ। ਉਥੇ ਰਾਜੇ, ਰਾਜਪਾਲ, ਜਰਨੈਲ, ਅਮੀਰ ਅਤੇ ਸ਼ਕਤੀਸ਼ਾਲੀ ਲੋਕ ਸਨ। ਹਰ ਵਿਅਕਤੀ ਨੇ, ਭਾਵੇਂ ਉਹ ਗੁਲਾਮ ਸੀ ਜਾਂ ਅਜ਼ਾਦ ਖੁਦ ਨੂੰ ਲਕੋ ਲਿਆ।
16 ਲੋਕਾਂ ਨੇ ਪਹਾੜਾਂ ਅਤੇ ਚੱਟਾਨਾਂ ਨੂੰ ਆਖਿਆ, “ਸਾਡੇ ਉੱਪਰ ਡਿੱਗ ਪਵੋ। ਸਾਨੂੰ ਉਸਤੋਂ ਲਕੋ ਲਵੋ ਜਿਹੜਾ ਤਖਤ ਤੇ ਬੈਠਦਾ ਹੈ ਅਤੇ ਲੇਲੇ ਦੇ ਗੁੱਸੇ ਤੋਂ ਲਕੋ ਲਵੋ।
17 ਉਨ੍ਹਾਂ ਦੇ ਗੁੱਸੇ ਦਾ ਮਹਾਨ ਦਿਨ ਆ ਚੁਕਿਆ ਹੈ। ਕੌਣ ਇਸਦਾ ਸਾਮ੍ਹਣਾ ਕਰ ਸਕਦਾ ਹੈ?”