ਕਾਂਡ 21
1 ਫ਼ੇਰ ਮੈਂ ਇੱਕ ਨਵਾਂ ਸਵਰਗ ਅਤੇ ਨਵੀਂ ਧਰਤੀ ਦੇਖੀ। ਪਹਿਲਾ ਸਵਰਗ ਅਤੇ ਪਹਿਲੀ ਧਰਤੀ ਅਲੋਪ ਹੋ ਗਏ ਸਨ। ਹੁਣ ਉਥੇ ਕੋਈ ਸਮੁੰਦਰ ਨਹੀਂ ਸੀ।
2 ਮੈਂ ਸਵਰਗ ਤੋਂ ਪਰਮੇਸ਼ੁਰ ਵੱਲੋਂ ਨਿਕਲ ਕੇ ਥੱਲੇ ਆ ਰਹੇ ਪਵਿੱਤਰ ਸ਼ਹਿਰ ਨੂੰ ਵੀ ਦੇਖਿਆ। ਇਹ ਪਵਿੱਤਰ ਸ਼ਹਿਰ ਨਵਾਂ ਯਰੂਸ਼ਲਮ ਹੈ। ਇਸਨੂੰ ਵਰ ਲਈ ਵਹੁਟੀ ਦੀ ਤਰ੍ਹਾਂ ਸਜਾਇਆ ਗਿਆ ਸੀ।
3 ਮੈਂ ਤਖਤ ਵੱਲੋਂ ਆਉਂਦੀ ਇੱਕ ਉੱਚੀ ਅਵਾਜ਼ ਸੁਣੀ। ਅਵਾਜ਼ ਨੇ ਆਖਿਆ, “ਹੁਣ ਪਰਮੇਸ਼ੁਰ ਦਾ ਘਰ ਲੋਕਾਂ ਦੇ ਨਾਲ ਹੈ। ਉਹ ਉਨ੍ਹਾਂ ਦੇ ਨਾਲ ਹੋਵੇਗਾ। ਉਹ ਉਸ ਦੇ ਲੋਕ ਹੋਣਗੇ। ਪਰਮੇਸ਼ੁਰ ਖੁਦ ਉਨ੍ਹਾਂ ਦੇ ਨਾਲ ਰਹੇਗਾ ਅਤੇ ਉਨ੍ਹਾਂ ਦਾ ਪਰਮੇਸ਼ੁਰ ਹੋਵੇਗਾ।
4 ਪਰਮੇਸ਼ੁਰ ਉਨ੍ਹਾਂ ਦੀਆਂ ਅੱਖਾਂ ਵਿਚਲਾ ਹਰ ਅੱਥਰੂ ਪੂੰਝ ਦੇਵੇਗਾ। ਹੁਣ ਕਦੀ ਵੀ ਮੌਤ, ਉਦਾਸੀ, ਰੋਣਾ ਜਾਂ ਦੁੱਖ ਦਰਦ ਨਹੀਂ ਹੋਵੇਗਾ। ਸਾਰੇ ਪੁਰਾਣੇ ਰਾਹ ਗੁਜ਼ਰ ਗਏ ਹਨ।”
5 ਜਿਹੜਾ ਤਖਤ ਉੱਤੇ ਬੈਠਾ ਸੀ ਉਸਨੇ ਆਖਿਆ, “ਦੇਖੋ। ਮੈਂ ਹਰ ਚੀਜ਼ ਨਵੀਂ ਬਣਾ ਰਿਹਾ।” ਫ਼ੇਰ ਉਸਨੇ ਆਖਿਆ, “ਇਸਨੂੰ ਲਿਖੋ ਕਿਉਂਕਿ ਇਹ ਸ਼ਬਦ ਸੱਚੇ ਹਨ ਅਤੇ ਇਨ੍ਹਾਂ ਉੱਪਰ ਭਰੋਸਾ ਕੀਤਾ ਜਾ ਸਕਦਾ ਹੈ।”
6 ਜਿਹੜਾ ਤਹਤ ਉੱਤੇ ਬੈਠਾ ਸੀ ਉਸਨੇ ਮੈਨੂੰ ਆਖਿਆ, “ਇਹ ਖਤਮ ਹੋ ਚੁਕਿਆ ਹੈ। ਮੈਂ ਹੀ ਅਲਫ਼ਾ ਅਤੇ ਓਮੇਗਾ ਹਾਂ। ਮੈਂ ਹੀ ਮੁਢ ਅਤੇ ਅੰਤ ਹਾਂ। ਮੈਂ ਉਨ੍ਹਾਂ ਸਾਰਿਆਂ ਨੂੰ ਮੁਫ਼ਤ ਹੀ ਜੀਵਨ ਦੇ ਪਾਣੀ ਦੇ ਝਰਨੇ ਤੋਂ ਪਾਣੀ ਦਿਆਂਗਾ, ਜਿਹੜੇ ਪਿਆਸੇ ਹਨ।
7 ਜਿਹੜਾ ਵੀ ਵਿਅਕਤੀ ਜਿੱਤ ਪ੍ਰਾਪਤ ਕਰਦਾ ਹੈ ਉਹ ਇਸ ਸਭ ਕੁਝ ਨੂੰ ਪ੍ਰਾਪਤ ਕਰੇਗਾ। ਅਤੇ ਮੈਂ ਉਸਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ।
8 ਪਰ ਉਹ ਲੋਕ ਜਿਹੜੇ ਕਾਇਰ ਹਨ, ਉਹ ਲੋਕ ਜਿਹੜੇ ਆਸਥਾ ਤੋਂ ਮੁਨਕਰ ਹਨ, ਉਹ ਲੋਕ ਜਿਹੜੇ ਭਿਆਨਕ ਗੱਲਾਂ ਕਰਦੇ ਹਨ, ਉਹ ਲੋਕ ਜਿਹੜੇ ਕਤਲ ਕਰਦੇ ਹਨ, ਉਹੋ ਕਿ ਜਿਹੜੇ ਜਿਨਸੀ ਪਾਪ ਕਰਦੇ ਹਨ, ਉਹ ਲੋਕ ਜਿਹੜੇ ਕਾਲਾ ਜਾਦੂ ਕਰਦੇ ਹਨ, ਉਹ ਲੋਕ ਜਿਹੜੇ ਮੂਰਤੀ ਉਪਾਸਨਾ ਕਰਦੇ ਹਨ, ਅਤੇ ਉਹ ਲੋਕ ਜਿਹੜੇ ਝੂਠ ਬੋਲਦੇ ਹਨ, ਉਨ੍ਹਾਂ ਸਾਰੇ ਲੋਕਾਂ ਦੀ ਥਾਂ ਬਦਲੀ ਹੋਈ ਗੰਧਕ ਦੀ ਝੀਲ ਵਿੱਚ ਹੋਵੇਗੀ। ਇਹੀ ਹੈ ਦੂਸਰੀ ਮੌਤ।”
9 ਉਨ੍ਹਾਂ ਸੱਤਾਂ ਦੂਤਾਂ ਵਿੱਚੋਂ ਇੱਕ ਮੇਰੇ ਕੋਲ ਆਇਆ, ਜਿਸ ਕੋਲ ਆਖਰੀ ਸੱਤ ਮੁਸ਼ਕਿਲਾਂ ਨਾਲ ਭਰੇ ਸੱਤ ਕਟੋਰੇ ਸਨ। ਦੂਤ ਨੇ ਆਖਿਆ, “ਮੇਰੇ ਨਾਲ ਆ, ਮੈਂ ਤੁਹਾਨੂੰ ਲੇਲੇ ਦੀ ਪਤਨੀ, ਲਾੜੀ ਦਿਖਾਵਾਂਗਾ।”
10 ਦੂਤ ਮੈਨੂੰ ਆਤਮਾ ਨਾਲ ਚੁੱਕ ਕੇ ਇੱਕ ਬਹੁਤ ਵੱਡੇ ਅਤੇ ਉੱਚੇ ਪਹਾੜ ਉੱਤੇ ਲੈ ਗਿਆ। ਦੂਤ ਨੇ ਮੈਨੂੰ ਯਰੂਸ਼ਲਮ ਦਾ ਪਵਿੱਤਰ ਸ਼ਹਿਰ ਦਿਖਾਇਆ। ਇਹ ਸ਼ਹਿਰ ਪਰਮੇਸ਼ੁਰ ਵੱਲੋਂ ਸਵਰਗ ਤੋਂ ਬਾਹਰ ਆ ਰਿਹਾ ਸੀ।
11 ਇਹ ਸ਼ਹਿਰ ਪਰਮੇਸ਼ੁਰ ਦੀ ਮਹਿਮਾ ਨਾਲ ਚਮਕ ਰਿਹਾ ਸੀ। ਇਹ ਕਿਸੇ ਬਹੁਤ ਹੀ ਕੀਮਤੀ ਜਵਾਹਰ ਵਾਂਗ, ਇੱਕ ਪੁਰਖਤ ਪਥਰ ਵਾਂਗੂ ਚਮਕ ਰਿਹਾ ਸੀ। ਇਹ ਬਲੌਰ ਵਰਗਾ ਸਾਫ਼ ਸੀ।
12 ਉਸ ਸ਼ਹਿਰ ਦੇ ਗਿਰਦ ਬਹੁਤ ਉੱਚੀ ਕੰਧ ਸੀ ਜਿਸਦੇ ਬਾਰ੍ਹਾਂ ਦਰਵਾਜ਼ੇ ਸਨ। ਇਨ੍ਹਾਂ ਦਰਵਾਜ਼ਿਆਂ ਉੱਪਰ ਬਾਰ੍ਹਾਂ ਦੂਤ ਖਲੋਤੇ ਸਨ। ਦਰਵਾਜ਼ਿਆਂ ਉੱਤੇ ਇਸਰਾਏਲ ਦੇ ਹਰ ਵੰਸ਼ ਦੇ ਮੁਖੀ ਦੇ ਨਾਂ ਲਿਖੇ ਹੋਏ ਸਨ।
13 ਤਿੰਨ ਦਰਵਾਜ਼ੇ ਪੂਰਬ ਵੱਲ ਸਨ, ਤਿੰਨ ਬੂਹੇ ਉੱਤਰ ਵੱਲ, ਤਿੰਨ ਦਰਵਾਜ਼ੇ ਦਖਣ ਵੱਲ ਅਤੇ ਤਿੰਨ ਦਰਵਾਜ਼ੇ ਪਛਮ ਵੱਲ ਸਨ।
14 ਸ਼ਹਿਰ ਦੀਆਂ ਕੰਧਾਂ ਬਾਰ੍ਹਾਂ ਨੀਹ ਪਥਰਾਂ ਉੱਤੇ ਉਸਾਰੀਆਂ ਗਈਆਂ ਸਨ। ਪਥਰਾਂ ਉੱਤੇ ਲੇਲੇ ਦੇ ਬਾਰ੍ਹਾਂ ਰਸੂਲਾਂ ਦੇ ਨਾਮ ਲਿਖੇ ਹੋਏ ਸਨ।
15 ਜਿਹੜਾ ਦੂਤ ਮੇਰੇ ਨਾਲ ਗੱਲ ਕਰ ਰਿਹਾ ਸੀ ਉਸਦੇ ਕੋਲ ਇੱਕ ਸੋਨੇ ਦਾ ਪੈਮਾਨਾ ਸੀ। ਦੂਤ ਕੋਲ ਇਹ ਪੈਮਾਨਾ ਇਸਦੇ ਸ਼ਹਿਰ, ਇਸਦੇ ਦਰਵਾਜ਼ਿਆਂ ਅਤੇ ਇਸਦੀ ਕੰਧ ਨੂੰ ਨਾਪਣ ਲਈ ਸੀ।
16 ਸ਼ਹਿਰ ਦੀ ਉਸਾਰੀ ਵਰਗਾਕਾਰ ਰੂਪ ਵਿੱਚ ਹੋਈ ਸੀ। ਇਸਦੀ ਲੰਬਾਈ ਚੌੜਾਈ ਦੇ ਬਰਾਬਰ ਸੀ। ਦੂਤ ਨੇ ਸ਼ਹਿਰ ਨੂੰ ਪੈਮਾਨੇ ਨਾਲ ਨਾਪਿਆ। ਸ਼ਹਿਰ ਦੀ ਲੰਬਾਈ ਬਾਰ੍ਹਾਂ ਹਜ਼ਾਰ ਸਟੇਡੀਆ ਸੀ, ਚੌੜਾਈ ਬਾਰ੍ਹਾ ਹਜ਼ਾਰ ਸਟੇਡੀਆ ਸੀ ਅਤੇ ਉਚਾਈ ਬਾਰ੍ਹਾ ਹਜ਼ਾਰ ਸਟੇਡੀਆ ਸੀ।
17 ਦੂਤ ਨੇ ਕੰਧ ਨੂੰ ਵੀ ਨਾਪਿਆ ਇਹ
14 4 ਹੱਥ ਉੱਚੀ ਸੀ। ਦੂਤ ਵੀ ਉਹੀ ਨਾਪ ਤੋਲ ਵਰਤ ਰਿਹਾ ਸੀ ਜੋ ਲੋਕ ਵਰਤਦੇ ਹਨ।
18 ਕੰਧ ਜੈਸਪਰ ਦੀ ਬਣੀ ਹੋਈ ਸੀ। ਸ਼ਹਿਰ ਸ਼ੁਧ ਸ਼ੀਸ਼ੇ ਵਰਗੇ ਸੋਨੇ ਦਾ ਬਣਿਆ ਹੋਇਆ ਸੀ ਸ਼ੀਸ਼ੇ ਵਰਗੇ ਸ਼ੁਧ ਸੋਨੇ ਦਾ।
19 ਸ਼ਹਿਰ ਦੀਆਂ ਕੰਧਾਂ ਦੀ ਨੀਂਹ ਦੇ ਪੱਥਰ ਕਈ ਤਰ੍ਹਾਂ ਦੇ ਕੀਮਤੀ ਜਵਾਹਰਾਂ ਨਾਲ ਸਜਾਏ ਹੋਏ ਸਨ। ਪਹਿਲਾ ਨੀਂਹ ਦਾ ਪੱਥਰ ਬਦਾਮੀ ਰੰਗ ਦਾ ਸੀ। ਦੂਸਰਾ ਨੀਲਮ ਦਾ, ਤੀਸਰਾ ਦੁਧੀਆ ਅਕੀਕ ਦਾ,
20 ਚੌਥਾ ਪੰਨੇ ਦਾ, ਪੰਜਵਾਂ ਸੁਲੇਮਾਨੀ ਦਾ, ਛੇਵਾਂ ਲਾਲ ਅਕੀਕ ਦਾ, ਸੱਤਵਾਂ ਜ਼ੁਬਰਜ਼ਦ ਦਾ, ਅਠਵਾਂ ਬੈਰੁਜ਼ ਦਾ, ਨੌਵਾਂ ਸੁਨਹਿਲੇ ਦਾ, ਦੱਸਵਾਂ ਹਰੇ ਅਕੀਕ ਦਾ, ਗਿਆਰਵਾਂ ਜ਼ੁਰਕਨ ਦਾ ਬਾਰ੍ਹਵਾਂ ਕਟਹਲੇ ਦਾ।
21 ਬਾਰ੍ਹਾਂ ਦਰਵਾਜ਼ੇ ਬਾਰ੍ਹਾਂ ਮੋਤੀ ਸਨ। ਹਰ ਦਰਵਾਜ਼ਾ ਇੱਕ ਮੋਤੀ ਤੋਂ ਬਣਿਆ ਹੋਇਆ ਸੀ। ਸ਼ਹਿਰ ਦੀ ਗਲੀ ਸ਼ੁਧ ਸੋਨੇ ਦੀ ਬਣੀ ਹੋਈ ਸੀ। ਸੋਨਾ ਬਲੌਰ ਵਰਗਾ ਸਾਫ਼ ਸੀ।
22 ਮੈਂ ਸ਼ਹਿਰ ਵਿੱਚ ਕੋਈ ਮੰਦਰ ਨਹੀਂ ਦੇਖਿਆ। ਪ੍ਰਭੂ ਪਰਮੇਸ਼ੁਰ ਸਰਬ ਸ਼ਕਤੀਮਾਨ ਅਤੇ ਲੇਲਾ (ਯਿਸੂ) ਹੀ ਸ਼ਹਿਰ ਦੇ ਮੰਦਰ ਹਨ।
23 ਸ਼ਹਿਰ ਨੂੰ ਸੂਰਜ ਜਾਂ ਚੰਨ ਦੀ ਚਮਕ ਦੀ ਲੋੜ ਨਹੀਂ ਸੀ। ਪਰਮੇਸ਼ੁਰ ਦੀ ਸ਼ਾਨ ਹੀ ਸ਼ਹਿਰ ਨੂੰ ਰੌਸ਼ਨੀ ਪ੍ਰਦਾਨ ਕਰਦੀ ਹੈ। ਲੇਲਾ (ਯਿਸੂ) ਸ਼ਹਿਰ ਦਾ ਦੀਪਕ ਹੈ।
24 ਦੁਨੀਆਂ ਦੀਆਂ ਕੌਮਾਂ ਲੇਲੇ ਦੁਆਰਾ ਦਿੱਤੀ ਹੋਈ ਰੌਸ਼ਨੀ ਦੁਆੜਾ ਫ਼ਿਰਨ ਤੁਰਨਗੇ। ਧਰਤੀ ਦੇ ਰਾਜੇ ਸ਼ਹਿਰ ਵਿੱਚ ਆਪਣੀ ਮਹਿਮਾ ਲੈਕੇ ਆਉਣਗੇ।
25 ਸ਼ਹਿਰ ਦੇ ਦਰਵਾਜ਼ੇ ਕਿਸੇ ਵੀ ਦਿਨ ਬੰਦ ਨਹੀਂ ਕੀਤੇ ਜਾਣਗੇ ਕਿਉਂਕਿ ਉਥੇ ਰਾਤ ਹੈ ਹੀ ਨਹੀਂ।
26 ਕੌਮਾਂ ਦੀ ਮਹਾਨਤਾ ਅਤੇ ਦੌਲਤ ਸ਼ਹਿਰ ਵਿੱਚ ਲਿਆਂਦੀ ਜਾਵੇਗੀ।
27 ਕੋਈ ਵੀ ਨਾਪਾਕ ਚੀਜ਼ ਕਦੇ ਸ਼ਹਿਰ ਵਿੱਚ ਦਾਖਲ ਨਹੀਂ ਹੋਵੇਗੀ ਕੋਈ ਵੀ ਵਿਅਕਤੀ ਜਿਹੜਾ ਸ਼ਰਮਿੰਦਗੀ ਭਰੀਆਂ ਗੱਲਾਂ ਕਰਦਾ ਹੈ ਜਾਂ ਝੂਠ ਬੋਲਦਾ ਹੈ ਕਦੇ ਸ਼ਹਿਰ ਵਿੱਚ ਦਾਖਲ ਨਹੀਂ ਹੋਵੇਗਾ। ਸਿਰਫ਼ ਉਹੀ ਲੋਕ ਸ਼ਹਿਰ ਵਿੱਚ ਦਾਖਲ ਹੋਣਗੇ ਜਿਨ੍ਹਾਂ ਦੇ ਨਾਮ ਲੇਲੇ ਦੀ ਜੀਵਨ ਦੀ ਪੁਸਤਕ ਵਿੱਚ ਲਿਖੇ ਹੋਏ ਸਨ।