ਪਰਕਾਸ਼ ਦੀ ਪੋਥੀ

ਕਾਂਡ : 1 2 3 4 5 6 7 8 9 10 11 12 13 14 15 16 17 18 19 20 21 22


ਕਾਂਡ 1

1 ਇਹ ਯਿਸੂ ਮਸੀਹ ਦਾ ਪਰਕਾਸ਼ ਹੈ। ਪਰਮੇਸ਼ੁਰ ਨੇ ਯਿਸੂ ਨੂੰ ਇਹ ਗੱਲਾਂ ਦਿੱਤੀਆਂ ਤਾਂ ਜੋ ਉਹ ਆਪਣੇ ਸੇਵਕਾਂ ਨੂੰ ਇਹ ਦਰਸ਼ਾ ਸਕੇ ਕਿ ਜਲਦੀ ਹੀ ਕੀ ਵਾਪਰਨਾ ਚਾਹੀਦਾ ਹੈ। ਮਸੀਹ ਨੇ ਇਹ ਗੱਲਾਂ ਆਪਣੇ ਨੌਕਰ ਯੂਹੰਨਾ ਨੂੰ ਦਰਸ਼ਾਉਣ ਲਈ ਆਪਣੇ ਦੂਤ ਨੂੰ ਘਲਿਆ।
2 ਯੂਹੰਨਾ ਨੇ ਉਹ ਸਭ ਕੁਝ ਕਿਹਾ ਜੋ ਉਸਨੇ ਦੇਖਿਆ ਸੀ। ਇਹ ਉਹ ਸੱਚ ਹੈ ਜਿਹੜਾ ਯਿਸੂ ਮਸੀਹ ਨੇ ਉਸਨੂੰ ਦਸਿਆ ਸੀ; ਇਹ ਪਰਮੇਸ਼ੁਰ ਦਾ ਸੰਦੇਸ਼ ਹੈ।
3 ਧੰਨ ਹੈ ਉਹ ਜਿਹੜਾ ਪਰਮੇਸ਼ੁਰ ਦੇ ਇਸ ਸੰਦੇਸ਼ ਦੇ ਸ਼ਬਦ ਸੰਗਤ ਨੂੰ ਪੜ੍ਹਕੇ ਸੁਣਾਉਂਦਾ ਹੈ। ਅਤੇ ਧੰਨ ਹਨ ਉਹ, ਜਿਹੜੇ ਸੁਣਦੇ ਹਨ ਅਤੇ ਉਸਤੇ ਅਮਲ ਕਰਦੇ ਹਨ, ਜੋ ਇਸ ਵਿੱਚ ਲਿਖਿਆ ਹੋਇਆ ਹੈ। ਬਹੁਤਾ ਸਮਾਂ ਨਹੀਂ ਬਚਿਆ।
4 ਯੂਹੰਨਾ ਵੱਲੋਂ,ਅਸਿਯਾ ਦੇ ਸੂਬੇ ਵਿੱਚ ਸੱਤ ਕਲੀਸਿਯਾਵਾਂ ਨੂੰ:ਉਸ ਇੱਕ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ, ਜੋ ਹੈ, ਜੋ ਹਮੇਸ਼ਾ ਸੀ ਅਤੇ ਜੋ ਆ ਰਿਹਾ ਹੈ; ਅਤੇ ਉਸਦੇ ਤਖਤ ਦੇ ਅੱਗੇ ਦੇ ਸੱਤ ਆਤਮਿਆਂ ਵੱਲੋਂ ਅਤੇ ਯਿਸੂ ਮਸੀਹ ਵੱਲੋਂ।
5 ਯਿਸੂ ਇੱਕ ਵਫ਼ਾਦਾਰ ਗਵਾਹ ਹੈ ਉਹ ਉਨ੍ਹਾਂ ਵਿੱਚੋਂ ਪਹਿਲਾ ਸੀ ਜਿਨ੍ਹਾਂ ਨੂੰ ਮੌਤ ਤੋਂ ਉਭਾਰਿਆ ਗਿਆ ਸੀ। ਯਿਸੂ ਧਰਤੀ ਦੇ ਰਾਜਿਆਂ ਦਾ ਸ਼ਾਸਕ ਹੈ।ਯਿਸੂ ਹੀ ਹੈ ਜਿਸਨੇ ਸਾਨੂੰ ਪਿਆਰ ਕੀਤਾ ਅਤੇ ਉਸਦੇ ਲਹੂ ਰਾਹੀਂ ਸਾਨੂੰ ਆਪਣੇ ਪਾਪਾਂ ਤੋਂ ਮੁਕਤ ਕੀਤਾ।
6 ਯਿਸੂ ਨੇ ਸਾਨੂੰ ਆਪਣੀ ਮਿਹਨਤ ਨਾਲ ਬਣਾਇਆ ਹੈ। ਉਸਨੇ ਸਾਨੂੰ ਅਜਿਹੇ ਜਾਜਕ ਬਣਾਇਆ ਜਿਹੜੇ ਸਦੇ ਪਿਤਾ ਪਰਮੇਸ਼ੁਰ ਦੀ ਸੇਵਾ ਕਰਦੇ ਹਨ। ਇਥੇ ਉਸਨੂੰ ਹਮੇਸ਼ਾ ਅਤੇ ਹਮੇਸ਼ਾ ਮਹਿਮਾ ਅਤੇ ਸ਼ਕਤੀ ਹੋਵੇ। ਆਮੀਨ।
7 ਦੇਖੋ, ਯਿਸੂ ਬੱਦਲਾਂ ਦੇ ਸੰਗ ਆ ਰਿਹਾ ਹੈ। ਹਰ ਕੋਈ ਉਸਨੂੰ ਦੇਖੇਗਾ, ਉਹ ਵੀ ਵੇਖਣਗੇ ਜਿਨ੍ਹਾਂ ਨੇ ਉਸਨੂੰ ਛੇਕਿਆ ਸੀ। ਧਰਤੀ ਦੇ ਸਾਰੇ ਲੋਕ ਉਸਦੇ ਕਾਰਣ ਉੱਚੀ-ਉੱਚੀ ਵਿਰਲਾਪ ਕਰਨਗੇ। ਹਾਂ, ਅਜਿਹਾ ਵਾਪਰੇਗਾ। ਆਮੀਨ।
8 ਪ੍ਰਭੂ ਪਰਮੇਸ਼ੁਰ ਆਖਦਾ ਹੈ, “ਮੈਂ ਹੀ ਅਲਫ਼ਾ ਤੇ ਓਮੇਗਾ ਹਾਂ। ਮੈਂ ਹੀ ਉਹ ਹਾਂ ਜਿਹੜਾ ਹਮੇਸ਼ਾ ਸੀ ਅਤੇ ਜਿਹੜਾ ਆ ਰਿਹਾ ਹੈ। ਮੈਂ ਸਰਬਸ਼ਕਤੀਮਾਨ ਹਾਂ।”
9 ਮੈਂ ਯੂਹੰਨਾ ਹਾਂ ਅਤੇ ਮਸੀਹ ਵਿੱਚ ਮੈਂ ਤੁਹਾਡਾ ਭਰਾ ਹਾਂ। ਅਸੀਂ ਇਕਠੇ ਯਿਸੂ ਵਿੱਚ ਹਾਂ ਅਤੇ ਇਹ ਸਾਰੀਆਂ ਗੱਲਾਂ ਸਾਂਝੀਆਂ ਕਰਦੇ ਹਾਂ; ਦੁਖ, ਰਾਜ ਅਤੇ ਸਹਿਣਸ਼ਕਤੀ। ਮੈਂ ਆਤਮੁਸ ਦੇ ਟਾਪੂ ਉੱਤੇ ਸਾਂ ਕਿਉਂਕਿ ਮੈਂ ਪਰਮੇਸ਼ੁਰ ਦੇ ਸੰਦੇਸ਼ ਅਤੇ ਯਿਸੂ ਦੇ ਸੱਚ ਪ੍ਰਤੀ ਵਫ਼ਾਦਾਰ ਸਾਂ।
10 ਪ੍ਰਭੂ ਦੇ ਦਿਨ ਆਤਮਾ ਨੇ ਮੇਰੇ ਉੱਪਰ ਅਧਿਕਾਰ ਕਰ ਲਿਆ। ਮੈਂ ਆਪਣੇ ਪਿੱਛੇ ਉੱਚੀ ਅਵਾਜ਼ ਸੁਣੀ। ਇਹ ਅਵਾਜ਼ ਬਿਗੁਲ ਵਰਗੀ ਸੀ।
11 ਆਵਾਜ਼ ਨੇ ਆਖਿਆ, “ਉਹ ਸਾਰੀਆਂ ਗੱਲਾਂ ਜਿਹੜੀਆਂ ਤੂੰ ਵੇਖੀਆਂ ਹਨ ਉਹ ਸਾਰੀਆਂ ਇੱਕ ਕਿਤਾਬ ਵਿੱਚ ਲਿਖ ਅਤੇ ਉਨ੍ਹਾਂ ਨੂੰ ਸੱਤ ਕਲੀਸਿਯਾਵਾਂ ਨੂੰ ਭੇਜ। ਅਫ਼ਸੁਸ, ਸਮੁਰਨੇ, ਪਰਗਮੁਮ, ਥੂਆਤੀਰੇ, ਸਾਰਦੀਸ, ਫ਼ਿਲਦਲਫ਼ੀਏ ਅਤੇ ਲਾਉਦਿਕੀਏ ਨੂੰ।
12 ਮੈਂ ਮੁੜਕੇ ਦੇਖਿਆ ਕਿ ਮੇਰੇ ਨਾਲ ਕੌਣ ਗੱਲ ਕਰ ਰਿਹਾ ਸੀ। ਜਦੋਂ ਮੈਂ ਮੁੜਿਆ, ਮੈਂ ਸੋਨੇ ਦੇ ਸੱਤ ਸ਼ਮ੍ਹਾਦਾਨ ਦੇਖੇ।
13 ਇਨ੍ਹਾਂ ਸ਼ਮ੍ਹਾਦਾਨਾਂ ਵਿਚਕਾਰ ਮੈਂ ਕਿਸੇ ਨੂੰ ਖਲੋਤਿਆਂ ਦੇਖਿਆ ਜਿਹੜਾ “ਮਨੁੱਖ ਦੇ ਪੁੱਤਰ ਵਰਗਾ” ਸੀ। ਉਸਨੇ ਉਸਦੇ ਪੈਰਾਂ ਤੱਕ ਪਹੁੰਚਦਾ ਇੱਕ ਲੰਮਾ ਚੋਗਾ ਪਾਇਆ ਹੋਇਆ ਸੀ ਅਤੇ ਉਸਦੀ ਛਾਤੀ ਦੁਆਲੇ ਇੱਕ ਸੋਨੇ ਦੀ ਪੇਟੀ ਬੰਨ੍ਹੀ ਹੋਈ ਸੀ।
14 ਉਸਦਾ ਸਿਰ ਅਤੇ ਵਾਲ ਉੱਨ ਅਤੇ ਬਰਫ਼ ਵਾਂਗ ਚਿਟੇ ਸਨ। ਅਤੇ ਉਸਦੀਆਂ ਅੱਖਾਂ ਅੱਗ ਦੇ ਅੰਗਿਆਰਾਂ ਵਰਗੀਆਂ ਸਨ।
15 ਉਸਦੇ ਪੈਰ ਭੱਠੀ ਵਿੱਚ ਦਗਦੇ ਹੋਏ ਤਾਂਬੇ ਵਰਗੇ ਸਨ। ਉਸਦੀ ਅਵਾਜ਼ ਹੜ ਦੇ ਪਾਣੀ ਵਰਗੀ ਸੀ।
16 ਉਸਨੇ ਆਪਣੇ ਸੱਜੇ ਹੱਥ ਵਿੱਚ ਸੱਤ ਸਿਤਾਰੇ ਫ਼ੜੇ ਹੋਏ ਸਨ। ਉਸਦੇ ਮੁਖ ਵਿੱਚੋਂ ਤਿੱਖੀ ਦੋ ਧਾਰੀ ਤਲਵਾਰ ਨਿਕਲ ਰਹੀ ਸੀ। ਉਹ ਦੁਪਿਹਰ ਦੇ ਸੂਰਜ ਵਰਗਾ ਦਿਖਿਆ।
17 ਜਦੋਂ ਮੈਂ ਉਸਨੂੰ ਤਕਿਆ ਤਾਂ ਮੈਂ ਉਸਦੇ ਚਰਨਾਂ ਤੇ ਮੁਰਦਾ ਲਾਸ਼ ਵਾਂਗ ਢਹਿ ਪਿਆ। ਉਸਨੇ ਅਪਣਾ ਸਜਾ ਹੱਥ ਮੇਰੇ ਉੱਤੇ ਰੱਖਿਆ ਅਤੇ ਆਖਿਆ, “ਭੈਭੀਤ ਨਾ ਹੋਵੋ। ਮੈਂ ਹੀ ਪਹਿਲਾ ਤੇ ਅਖੀਰ ਹਾਂ।
18 ਮੈਂ ਹੀ ਹਾਂ ਜਿਹੜਾ ਜਿਉਂਦਾ ਹੈ। ਮੈਂ ਮਰ ਚੁੱਕਾ ਸੀ, ਪਰ ਦੇਖੋ, ਮੈਂ ਸਦਾ ਅਤੇ ਸਦਾ ਲਈ ਜੀਵਿਤ ਹਾਂ ਅਤੇ ਮੇਰੇ ਕੋਲ ਹੀ ਮੌਤ ਅਤੇ ਪਾਤਾਲ ਦੀਆਂ ਕੁੰਜੀਆਂ ਹਨ।
19 ਇਸ ਲਈ ਉਹੀ ਗੱਲਾਂ ਲਿਖੋ ਜਿਹੜੀਆਂ ਤੁਸੀਂ ਵੇਖੀਆਂ ਹਨ। ਉਹ ਗੱਲਾਂ ਜੋ ਹੁਣ ਵਾਪਰ ਰਹੀਆਂ ਹਨ ਅਤੇ ਜੋ ਗੱਲਾਂ ਭਵਿਖ ਵਿੱਚ ਵਾਪਰਨਗੀਆਂ।
20 ਉਨ੍ਹਾਂ ਸੱਤਾਂ ਤਾਰਿਆਂ ਦਾ ਜੋ ਤੁਸੀਂ ਮੇਰੇ ਹੱਥ ਵਿੱਚ ਵੇਖੇ ਅਤੇ ਉਨ੍ਹਾਂ ਸ਼ਮ੍ਹਾਦਾਨਾਂ ਦਾ ਜੋ ਤੁਸੀਂ ਵੇਖੇ ਲੁਕਿਆ ਹੋਇਆ ਮਤਲਬ ਇਹ ਹੈ; ਸੱਤ ਸ਼ਮ੍ਹਾਦਾਨ ਸੱਤ ਕਲੀਸਿਯਾਵਾਂ ਹਨ ਅਤੇ ਸੱਤ ਤਾਰੇ ਇਨ੍ਹਾਂ ਕਲੀਸਿਯਾਵਾਂ ਦੇ ਦੂਤ ਹਨ।