ਪਰਕਾਸ਼ ਦੀ ਪੋਥੀ

ਕਾਂਡ : 1 2 3 4 5 6 7 8 9 10 11 12 13 14 15 16 17 18 19 20 21 22


ਕਾਂਡ 4

1 ਤਾਂ ਮੈਂ ਤਕਿਆ, ਅਤੇ ਮੈਂ ਆਪਣੇ ਸਾਮ੍ਹਣੇ ਸਵਰਗ ਵਿੱਚ ਇੱਕ ਖੁਲ੍ਹਾ ਦਰਵਾਜ਼ਾ ਵੇਖਿਆ, ਅਤੇ ਮੈਂ ਉਹੀ ਅਵਾਜ਼ ਸੁਣੀ ਜਿਹੜੀ ਪਹਿਲਾਂ ਹੀ ਮੇਰੇ ਨਾਲ ਬੋਲੀ ਸੀ। ਇਹ ਅਜਿਹੀ ਅਵਾਜ਼ ਸੀ ਜਿਹੜੀ ਬਿਗਲ ਵਰਗੀ ਸੀ। ਅਵਾਜ਼ ਨੇ ਆਖਿਆ, “ਇਥੇ ਆਓ, ਅਤੇ ਮੈਂ ਤੈਨੂੰ ਦਰਸ਼ਾਵਾਂਗਾ ਕਿ ਅੱਗੋਂ ਕੀ ਹੋਣ ਵਾਲਾ ਹੈ।”
2 ਫ਼ੇਰ ਆਤਮੇ ਨੇ ਮੈਨੂੰ ਆਪਣੇ ਅਧਿਕਾਰ ਵਿੱਚ ਲੈ ਲਿਆ। ਸਵਰਗ ਵਿੱਚ ਮੇਰੇ ਸਾਮ੍ਹਣੇ ਇੱਕ ਤਖਤ ਸੀ। ਅਤੇ ਕੋਈ ਉਸ ਤਖਤ ਉੱਤੇ ਬੈਠਾ ਹੋਇਆ ਸੀ।
3 ਜਿਹੜਾ ਉਸ ਤਖਤ ਤੇ ਬੈਠਾ ਸੀ ਉਹ ਕੀਮਤੀ ਹੀਰੇ ਮੋਤੀਆਂ ਵਰਗਾ ਨਜ਼ਰ ਆਉਂਦਾ ਸੀ। ਤਖਤ ਦੇ ਆਲੇ-ਦੁਆਲੇ ਇੱਕ ਸਤਰੰਗੀ ਪੀਂਘ ਸੀ ਜੋ ਇੱਕ ਪੰਨੇ ਵਾਂਗ ਚਮਕ ਰਹੀ ਸੀ।
4 ਤਖਤ ਦੇ ਆਲੇ-ਦੁਆਲੇ ਉਥੇ ਚੌਵੀ ਹੋਰ ਤਖਤ ਸਨ, ਅਤੇ ਉਨ੍ਹਾਂ ਚੌਵੀ ਤਖਤਾਂ ਉੱਤੇ ਚੌਵੀ ਬਜ਼ੁਰਗ ਬੈਠੇ ਸਨ। ਬਜ਼ੁਰਗਾਂ ਨੇ ਚਿਟੀ ਪੋਸ਼ਾਕਾਂ ਪਹਿਨੀਆਂ ਹੋਈਆਂ ਸਨ ਅਤੇ ਉਨ੍ਹਾਂ ਦੇ ਸਿਰਾਂ ਤੇ ਸੁਨਹਿਰੀ ਤਾਜ ਸਨ।
5 ਤਖਤ ਵੱਲੋਂ ਬਿਜਲੀ ਦਿਆਂ ਝਲਕਾਂ ਅਤੇ ਕੜਕਣ ਦੀਆਂ ਅਵਾਜ਼ਾਂ ਆ ਰਹੀਆਂ ਸਨ। ਤਖਤ ਦੇ ਸਾਮ੍ਹਣੇ ਸੱਤ ਦੀਵੇ ਬਲ ਰਹੇ ਸਨ। ਇਹ ਦੀਵੇ ਪਰਮੇਸ਼ੁਰ ਦੇ ਸੱਤ ਆਤਮੇ ਸਨ।
6 ਅਤੇ ਤਖਤ ਦੇ ਅੱਗੇ ਸ਼ੀਸ਼ੇ ਦੇ ਸਮੁੰਦਰ ਵਰਗੀ ਕੋਈ ਸ਼ੈਅ ਦਿਖਾਈ ਦਿੰਦੀ ਸੀ। ਇਹ ਬਲੌਰ ਵਰਗੀ ਸਾਫ਼ ਸੀ।ਤਖਤ ਦੇ ਸਾਮ੍ਹਣੇ ਅਤੇ ਉਸਦੇ ਚੌਹੀਂ ਪਾਸੀਂ ਚਾਰ ਸਜੀਵ ਚੀਜ਼ਾਂ ਸਨ। ਇਨ੍ਹਾਂ ਸਜੀਵ ਚੀਜ਼ਾਂ ਤੇ, ਪੂਰੇ ਜਿਸਮ ਤੇ, ਅੱਗੇ ਪਿਛੇ ਅੱਖਾਂ ਹੀ ਅੱਖਾਂ ਸਨ।
7 ਪਹਿਲੀ ਸਈਵ ਚੀਜ਼ ਸ਼ੇਰ ਵਰਗੀ ਸੀ। ਦੂਸਰੀ ਵੱਛੇ ਵਰਗੀ ਸੀ। ਤੀਸਰੀ ਦਾ ਮੂੰਹ ਇੱਕ ਆਦਮੀ ਵਰਗਾ ਸੀ। ਚੌਥੀ ਉਡਦੇ ਹੋਏ ਬਾਜ਼ ਵਰਗੀ ਸੀ।
8 ਇਨ੍ਹਾਂ ਚੌਹਾਂ ਸਜੀਵ ਚੀਜ਼ਾਂ ਵਿੱਚੋਂ ਹਰ ਇੱਕ ਦੇ ਛੇ ਖੰਭ ਸਨ। ਇਹ ਸਜੀਵ ਚੀਜ਼ਾਂ ਅੰਦਰੋਂ ਬਾਹਰੋਂ ਸਾਰੇ ਪਾਸੇ ਅਖਾਂ ਨਾਲ ਢਕੀਆਂ ਹੋਈਆਂ ਸਨ। ਦਿਨ ਅਤੇ ਰਾਤ ਇਨ੍ਹਾਂ ਚੌਹਾਂ ਸਜੀਵ ਚੀਜ਼ਾਂ ਨੇ ਕਦੇ ਵੀ ਆਖਣਾ ਬੰਦ ਨਹੀਂ ਕੀਤਾ:“ਪਵਿੱਤਰ, ਪਵਿੱਤਰ, ਪਵਿੱਤਰ ਹੈ ਪ੍ਰਭੂ ਪਰਮੇਸ਼ੁਰ ਸਰਬ ਸ਼ਕਤੀਸ਼ਾਲੀ।ਉਹ ਹਮੇਸ਼ਾ ਸੀ, ਉਹ ਹੈ ਅਤੇ ਆਉਣ ਵਾਲਾ ਹੈ।”
9 ਇਹ ਸਜੀਵ ਚੀਜ਼ਾਂ ਉਸਨੂੰ ਮਹਿਮਾ ਅਤੇ ਸਤਿਕਾਰ ਅਤੇ ਧਨਵਾਦ ਕਰਦੀਆਂ ਰਹਿੰਦੀਆਂ ਹਨ ਜਿਹੜਾ ਤਖਤ ਉੱਤੇ ਬੈਠਾ ਸੀ। ਉਹ ਹੀ ਹੈ ਜਿਹੜਾ ਸਦਾ ਅਤੇ ਸਦਾ ਲਈ ਜਿਉਂਦਾ ਹੈ। ਅਤੇ ਹਰ ਵਾਰ ਸਜੀਵ ਚੀਜ਼ਾਂ ਇਉਂ ਕਰਦੀਆਂ ਸਨ।
10 ਫ਼ੇਰ ਚੌਵੀ ਬਜ਼ੁਰਗ ਉਸ ਅੱਗੇ ਝੁਕ ਗਏ ਜਿਹੜਾ ਤਖਤ ਤੇ ਬੈਠਦਾ ਸੀ ਅਤੇ ਉਸਦੀ ਉਪਾਸਨਾ ਕੀਤੀ ਜਿਹੜਾ ਸਦੀਵੀ ਜਿਉਂਦਾ ਉਨ੍ਹਾਂ ਨੇ ਆਪਣੇ ਤਾਜ ਹੇਠਾਂ ਤਖਤ ਦੇ ਸਾਮ੍ਹਣੇ ਰਖਕੇ ਆਖਿਆ,
11 “ਸਾਡੇ ਪ੍ਰਭੂ ਅਤੇ ਪਰਮੇਸ਼ੁਰ,ਤੂੰ ਮਹਿਮਾ, ਸਤਿਕਾਰ ਅਤੇ ਸ਼ਕਤੀ ਪ੍ਰਾਪਤ ਕਰਨ ਦੇ ਯੋਗ ਹੈਂ।ਤੂੰ ਹੀ ਸਭ ਕੁਝ ਸਾਜਿਆ ਹੈ।ਇਹ ਤੇਰੀ ਰਜ਼ਾ ਦੁਆਰਾ ਹੀ ਹੈ ਕੋ ਜੋ ਸਾਰੀਆਂ ਚੀਜ਼ਾਂ ਮੌਜ਼ੂਦ ਹਨ ਅਤੇ ਸਾਜੀਆਂ ਗਈਆਂ ਸਨ।”