ਕਾਂਡ 8
1 ਇਸਤੋਂ ਬਾਦ ਯਿਸੂ ਸ਼ਹਿਰ-ਸ਼ਹਿਰ ਅਤੇ ਨਗਰ-ਨਗਰ ਵਿੱਚ ਪਰਮੇਸ਼ੁਰ ਦੇ ਰਾਜ ਬਾਰੇ ਖੁਸ਼-ਖਬਰੀ ਫ਼ੈਲਾਉਂਦਾ ਹੋਇਆ ਯਾਤਰਾ ਕਰਦਾ ਰਿਹਾ ਅਤੇ ਬਾਰ੍ਹਾਂ ਰਸੂਲ ਵੀ ਉਸਦੇ ਨਾਲ ਸਨ।
2 ਕੁਝ ਔਰਤਾਂ ਵੀ ਉਸਦੇ ਨਾਲ ਸਨ ਜਿਨ੍ਹਾਂ ਨੂੰ ਉਸਨੇ ਉਨ੍ਹਾਂ ਦੇ ਰੋਗਾਂ ਅਤੇ ਭਰਿਸ਼ਟ ਆਤਮਿਆਂ ਤੋਂ ਮੁਕਤ ਕੀਤਾ ਸੀ। ਉਥੇ ਉਨ੍ਹਾਂ ਵਿਚਕਾਰ ਮਰਿਯਮ ਮਗਦਲੀਨੀ ਨਾਂ ਦੀ ਔਰਤ ਵੀ ਸੀ। ਉਸਨੂੰ ਸੱਤ ਭੂਤ ਚਿੰਬੜੇ ਹੋਏ ਸਨ। ਯਿਸੂ ਨੇ ਉਨ੍ਹਾਂ ਭੂਤਾਂ ਨੂੰ ਉਸ ਵਿੱਚੋਂ ਕਢਿਆ ਸੀ।
3 ਇਹ ਔਰਤਾਂ ਵੀ ਨਾਲ ਸਨ: ਹੇਰੋਦੇਸ ਦੇ ਉਚ੍ਚ ਅਧਿਕਾਰੀ ਚੁਜ਼ਾ, ਦੀ ਪਤਨੀ ਯੋਆਨਾ ਵੀ ਉਨ੍ਹਾਂ ਵਿੱਚੋਂ ਹੀ ਸੀ। ਸੁਸ਼ੰਨਾ ਅਤੇ ਕਈ ਹੋਰ ਔਰਤਾਂ ਉਸਦੇ ਨਾਲ ਸਨ। ਇਹ ਔਰਤਾਂ ਆਪਣੇ ਧਨ ਨਾਲ ਯਿਸੂ ਅਤੇ ਉਸਦੇ ਰਸੂਲਾਂ ਦੀ ਸੇਵਾ ਕਰ ਰਹੀਆਂ ਸਨ।
4 ਸਾਰਿਆਂ ਸ਼ਹਿਰਾਂ ਤੋਂ ਲੋਕ ਇਕਠੇ ਹੋਕੇ ਵੱਡੀ ਭੀੜ ਵਾਂਗ ਆਏ। ਅਤੇ ਉਸਨੇ ਲੋਕਾਂ ਨੂੰ ਇਹ ਦ੍ਰਿਸ਼ਟਾਂਤ ਸੁਣਾਇਆ:
5 “ਇੱਕ ਕਿਸਾਨ ਬੀਜ ਬੀਜਣ ਲਈ ਨਿਕਲਿਆ, ਜਦੋਂ ਉਹ ਬੀਜ ਬੋਅ ਰਿਹਾ ਸੀ ਤਾਂ ਕੁਝ ਬੀਜ ਸੜਕ ਦੇ ਨਾਲ ਡਿੱਗ ਪਏ, ਉਸ ਉੱਪਰੋਂ ਦੀ ਲੋਕ ਲੰਘਦੇ ਰਹੇ, ਅਤੇ ਡਿੱਗੇ ਹੋਏ ਬੀਜ ਪੰਛੀ ਚੁਗ ਗਏ।
6 ਕੁਝ ਬੀਜ ਪੱਥਰੀਲੀ ਜਮੀਨ ਤੇ ਡਿੱਗੇ ਅਤੇ ਉਹ ਉਗਣੇ ਸ਼ੁਰੂ ਹੋ ਗਏ ਪਰ ਉਥੇ ਨਮੀ ਨਾ ਹੋਣ ਦੇ ਕਾਰਣ ਉਹ ਸੁੱਕ ਗਏ।
7 ਕੁਝ ਬੀਜ ਕੰਡਿਆਲੀਆਂ ਝਾੜੀਆਂ ਵਿੱਚ ਡਿੱਗ ਪਏ। ਉਹ ਕੰਡਿਆਂ ਵਿਚਕਾਰ ਉਗੇ ਪਰ ਥੋਹਰਾਂ ਨੇ ਉਨ੍ਹਾਂ ਨੂੰ ਪੁੰਗਰਨ ਨਾ ਦਿੱਤਾ ਤੇ ਇਹ ਉਨ੍ਹਾਂ ਹੇਠ ਦਬ ਗਏ।
8 ਕੁਝ ਬੀਜ ਉਪਜਾਊ ਜ਼ਮੀਨ ਤੇ ਡਿੱਗੇ ਅਤੇ ਇਥੋ ਵਾਲੇ ਬੀਜਾਂ ਦੀ ਫ਼ਸਲ ਸੌ ਗੁਣਾ ਵਧ ਪੈਦਾ ਹੋਈ।”ਯਿਸੂ ਨੇ ਇਹ ਦ੍ਰਿਸ਼ਟਾਂਤ ਜਦੋਂ ਖਤਮ ਕੀਤਾ ਤਾਂ ਆਖਿਆ, “ਤੁਸੀਂ ਲੋਕ ਜੋ ਮੈਨੂੰ ਸੁਨਣ ਆਏ ਹੋ, ਸੁਣੋ।”
9 ਯਿਸੂ ਦੇ ਚੇਲਿਆਂ ਨੇ ਉਸਤੋਂ ਪੁੱਛਿਆ, “ਇਸ ਦ੍ਰਿਸ਼ਟਾਂਤ ਦਾ ਕੀ ਅਰਥ ਹੈ?”
10 ਯਿਸੂ ਨੇ ਆਖਿਆ, “ਤੁਹਾਨੂੰ ਪਰਮੇਸ਼ੁਰ ਦੇ ਰਾਜ ਦੇ ਗੁਪਤਾਂ ਨੂੰ ਜਾਨਣ ਦਾ ਅਧਿਕਾਰ ਦਿੱਤਾ ਗਿਆ ਹੈ, ਪਰ ਹੋਰਾਂ ਲਈ ਮੈਂ ਦ੍ਰਿਸ਼ਟਾਂਤਾਂ ਰਾਹੀਂ ਬੋਲਦਾ ਹਾਂ ਤਾਂ ਜੋ:‘ਉਹ ਵੇਖਦੇ ਹੋਏ ਵੀਨਾ ਵੇਖਣਅਤੇ ਸੁਣਦਿਆਂ ਹੋਇਆਂ ਵੀਨਾ ਸਮਝਣ।’
11 “ਇਸ ਉੱਪਰਲੇ ਦ੍ਰਿਸ਼ਟਾਂ ਦਾ ਅਰਥ ਇਹ ਹੈ ਕਿ: ਬੀਜ ਪਰਮੇਸ਼ੁਰ ਦੇ ਉਪਦੇਸ਼ ਹਨ।
12 ਜਿਹੜੇ ਬੀਜ ਸੜਕ ਦੇ ਕਿਨਾਰੇ ਡਿੱਗੇ, ਉਹ ਉਨ੍ਹਾਂ ਲੋਕਾਂ ਵਾਂਗ ਹਨ ਜੋ ਉਪਦੇਸ਼ ਸੁਣਦੇ ਹਨ। ਅਤੇ ਫ਼ੇਰ ਸ਼ੈਤਾਨ ਆਉਂਦਾ ਹੈ ਅਤੇ ਉਨ੍ਹਾਂ ਦੇ ਦਿਲਾਂ ਵਿੱਚੋਂ ਉਪਦੇਸ਼ ਨੂੰ ਕਢ ਦਿੰਦਾ ਹੈ। ਇਸਲਈ ਉਹ ਵਿਸ਼ਵਾਸ ਨਹੀਂ ਕਰ ਸਕਦੇ ਅਤੇ ਬਚਾਏ ਨਹੀਂ ਜਾ ਸਕਦੇ।
13 ਜਿਹੜੇ ਬੀਜ ਪੱਥਰੀਲੀ ਜ਼ਮੀਨ ਤੇ ਡਿੱਗੇ, ਉਹ ਉਨ੍ਹਾਂ ਲੋਕਾਂ ਵਾਂਗ ਹਨ ਜੋ ਉਪਦੇਸ਼ ਸੁਣਦੇ ਹਨ ਅਤੇ ਅਨੰਦ ਨਾਲ ਉਨ੍ਹਾਂ ਨੂੰ ਕਬੂਲ ਕਰ ਲੈਦੇ ਹਨ। ਪਰ ਇਹ ਉਨ੍ਹਾਂ ਦੇ ਵਿੱਚ ਡੂੰਘੀਆਂ ਜੜ੍ਹਾਂ ਨਹੀਂ ਫ਼ੜਦੇ। ਉਹ ਕੁਝ ਸਮੇਂ ਲਈ ਵਿਸ਼ਵਾਸ ਕਰਦੇ ਹਨ ਪਰ ਜਦੋਂ ਪਰਖ ਦਾ ਸਮਾਂ ਆਉਂਦਾ ਹੈ ਤਾਂ ਉਹ ਵਿਸ਼ਵਾਸ ਕਰਨਾ ਬੰਦ ਕਰ ਦਿੰਦੇ ਹਨ।
14 “ਅਤੇ ਜਿਹੜੇ ਬੀਜ ਕੰਡਿਆਂ ਵਿਚਕਾਰ ਡਿੱਗੇ, ਉਹ ਉਨ੍ਹਾਂ ਲੋਕਾਂ ਵਾਂਗ ਹਨ ਜੋ ਉਪਦੇਸ਼ ਨੂੰ ਸੁਣਦੇ ਹਨ, ਪਰ ਜਦੋਂ ਉਸਦੇ ਅਨੁਸਾਰ ਰਹਿਣਾ ਸ਼ੁਰੂ ਕਰਦੇ ਹਨ, ਫ਼ੇਰ ਚਿੰਤਾਵਾਂ, ਧਨ ਅਤੇ ਜ਼ਿੰਦਗੀ ਦੇ ਸੁਖ ਚੈਨ ਉਨ੍ਹਾਂ ਨੂੰ ਵਧਣ ਤੋਂ ਦਬਾ ਲੈਂਦੇ ਹਨ ਇਸੇ ਲਈ ਉਹ ਕਦੇ ਵੀ ਫ਼ਲ ਨਹੀਂ ਪਾਉਂਦੇ।
15 ਅਤੇ ਉਹ ਬੀਜ ਜਿਹੜੇ ਉਪਜਾਊ ਜ਼ਮੀਨ ਤੇ ਡਿੱਗੇ, ਉਹ ਉਨ੍ਹਾਂ ਲੋਕਾਂ ਵਾਂਗ ਹਨ ਜੋ ਚੰਗੇ ਅਤੇ ਨਿਸ਼ਕਪਟ ਦਿਲਾਂ ਨਾਲ ਉਪਦੇਸ਼ ਨੂੰ ਸੁਣਦੇ ਹਨ ਅਤੇ ਉਪਦੇਸ਼ ਅਨੁਸਾਰ ਜਿਉਂਦੇ ਹਨ ਫ਼ਿਰ ਉਹ ਧੀਰਜ ਨਾਲ ਚੰਗੇ ਫ਼ਲ ਦਿੰਦੇ ਹਨ।
16 “ਕੋਈ ਵੀ ਮਨੁੱਖ ਦੀਵਾ ਬਾਲਕੇ ਉਸਨੂੰ ਭਾਂਡੇ ਨਾਲ ਢਕ ਕੇ ਲੁਕਾਉਂਦਾ ਨਹੀਂ, ਨਾ ਹੀ ਮੰਜੇ ਹੇਠਾਂ ਰੱਖਦਾ ਹੈ, ਸਗੋਂ ਉਹ ਮਨੁੱਖ ਦੀਵੇ ਨੂੰ ਸ਼ਮ੍ਹਾਦਾਨ ਉੱਤੇ ਰੱਖਦਾ ਹੈ ਤਾਂ ਜੋ ਆਉਣ ਵਾਲੇ ਹਨੇਰੇ ਵਿੱਚੋਂ ਚਾਨਣ ਨੂੰ ਵੇਖ ਸਕਣ।
17 ਕਿਉਂਕਿ ਅਜਿਹਾ ਕੁਝ ਵੀ ਲੁਕਿਆ ਹੋਇਆ ਨਹੀਂ ਹੈ ਜੋ ਜਾਹਿਰ ਨਹੀਂ ਕੀਤਾ ਜਾਵੇਗਾ, ਅਤੇ ਇਥੇ ਕੁਝ ਵੀ ਲੁਕਿਆ ਹੋਇਆ ਨਹੀਂ ਹੈ ਜਿਹੜਾ ਦਸਿਆ ਨਹੀਂ ਜਾਵੇਗਾ ਅਤੇ ਚਾਨਣ ਵਿੱਚ ਨਹੀਂ ਲਿਆਂਦਾ ਜਾਵੇਗਾ।
18 ਇਸਲਈ ਹੋਸ਼ਿਆਰ ਰਹੋ ਕਿ ਤੁਸੀਂ ਕਿਵੇਂ ਸੁਣਦੇ ਹੋਂ ਕਿਉਂਕਿ ਜਿਸ ਕਿਸੇ ਕੋਲ ਹੈ ਉਹ ਜ਼ਿਆਦਾ ਹਾਸਿਲ ਕਰੇਗਾ ਅਤੇ ਜਿਸ ਕਿਸੇ ਕੋਲ ਨਹੀਂ ਹੈ ਉਹ ਉਸਨੂੰ ਵੀ ਗੁਆ ਲਵੇਗਾ, ਜੋ ਉਹ ਸੋਚਦਾ ਹੈ ਕਿ, ਉਸ ਕੋਲ ਹੈ।”
19 ਯਿਸੂ ਦੇ ਮਾਤਾ ਅਤੇ ਭਰਾ ਉਸਨੂੰ ਮਿਲਣ ਲਈ ਆਏ, ਪਰ ਯਿਸੂ ਦੇ ਆਲੇ-ਦੁਆਲੇ ਇੰਨੀ ਭੀੜ ਇਕੱਤਰ ਸੀ ਕਿ ਉਹ ਉਸਦੇ ਨੇੜੇ ਨਾ ਜਾ ਸਕੇ।
20 ਤਾਂ ਕਿਸੇ ਨੇ ਉਸਨੂੰ ਕਿਹਾ, “ਤੇਰੇ ਮਾਤਾ ਅਤੇ ਭਰਾ ਬਾਹਰ ਖੜ੍ਹੇ ਹਨ, ਉਹ ਤੈਨੂੰ ਵੇਖਣਾ ਚਾਹੁੰਦੇ ਹਨ।”
21 ਯਿਸੂ ਨੇ ਉਨ੍ਹਾਂ ਨੂੰ ਆਖਿਆ, “ਮੇਰੀ ਮਾਂ ਅਤੇ ਭਰਾ ਉਹ ਲੋਕ ਹਨ ਜੋ ਪਰਮੇਸ਼ੁਰ ਦੇ ਉਪਦੇਸ਼ ਨੂੰ ਸੁਣਦੇ ਹਨ ਅਤੇ ਉਸਤੇ ਅਮਲ ਕਰਦੇ ਹਨ।”
22 ਇੱਕ ਦਿਨ ਯਿਸੂ ਅਤੇ ਉਸਦੇ ਚੇਲੇ ਬੇੜੀ ਉੱਤੇ ਚੜ੍ਹੇ ਤਾਂ ਯਿਸੂ ਨੇ ਉਨ੍ਹਾਂ ਨੂੰ ਆਖਿਆ, “ਆਓ ਇਸ ਝੀਲ ਦੇ ਪਾਰ ਚੱਲੀਏ।” ਤਾਂ ਉਹ ਇੱਕ ਬੇੜੀ ਵਿੱਚ ਬੈਠੇ ਅਤੇ ਚੱਲ ਪਏ।
23 ਜਦੋ ਉਹ ਬੇੜੀ ਚਲਾ ਰਹੇ ਸਨ ਯਿਸੂ ਸੌਂ ਗਿਆ। ਉਥੇ ਬੜਾ ਤੇਜ ਤੂਫ਼ਾਨ ਆਇਆ ਅਤੇ ਪਾਣੀ ਬੇੜੀ ਵਿੱਚ ਭਰਨਾ ਸ਼ੁਰੂ ਹੋ ਗਿਆ। ਉਹ ਖਤਰੇ ਵਿੱਚ ਸਨ।
24 ਚੇਲੇ ਯਿਸੂ ਕੋਲ ਗਏ ਅਤੇ ਜਾਕੇ ਉਸਨੂੰ ਜਗਾਇਆ।ਉਨ੍ਹਾਂ ਆਖਿਆ, “ਪ੍ਰਭੂ! ਪ੍ਰਭੂ! ਅਸੀਂ ਤਾਂ ਡੁੱਬ ਚਲੇ ਹਾਂ।” ਯਿਸੂ ਉਠਿਆ ਅਤੇ ਉਸਨੇ ਹਵਾ ਅਤੇ ਲਹਿਰਾਂ ਨੂੰ ਝਿੜਕਿਆ ਅਤੇ ਰੁਕ ਜਾਣ ਲਈ ਕਿਹਾ ਤਾਂ ਇੱਕਦਮ ਹਵਾ ਤੇ ਝੀਲ ਸ਼ਾਂਤ ਹੋ ਗਈ।
25 ਫ਼ੇਰ ਯਿਸੂ ਨੇ ਉਨ੍ਹਾਂ ਨੂੰ ਆਖਿਆ, “ਕਿਥੇ ਹੈ ਤੁਹਾਡਾ ਵਿਸ਼ਵਾਸ?”ਚੇਲੇ ਡਰ ਗਏ ਅਤੇ ਹੈਰਾਨ ਸਨ ਉਨ੍ਹਾਂ ਇੱਕ ਦੂਸਰੇ ਨੂੰ ਆਖਿਆ, “ਇਹ ਕੌਣ ਮਨੁੱਖ ਹੈ? ਜੋ ਹਵਾਵਾਂ ਅਤੇ ਪਾਣੀਆਂ ਨੂੰ ਵੀ ਹੁਕਮ ਦੇ ਸਕਦਾ ਹੈ ਤੇ ਉਹ ਉਸਨੂੰ ਮੰਨਦੇ ਹਨ?”
26 ਫ਼ਿਰ ਯਿਸੂ ਅਤੇ ਉਸਦੇ ਚੇਲੇ ਝੀਲ ਦੇ ਪਰਲੇ ਪਾਰ ਗਿਰਸੇਨੀਆ ਦੇ ਦੇਸ਼ ਵਿੱਚ ਪਹੁੰਚੇ ਜੋ ਗਲੀਲ ਦੇ ਸਾਮ੍ਹਣੇ ਹੈ।
27 ਜਦੋਂ ਯਿਸੂ ਬੇੜੀ ਵਿੱਚੋਂ ਉਤਰਿਆ, ਤਾਂ ਉਸ ਸ਼ਹਿਰ ਵਿੱਚੋਂ ਇੱਕ ਮਨੁੱਖ ਯਿਸੂ ਕੋਲ ਆਇਆ ਜਿਸਨੂੰ ਭੂਤ ਚਿੰਬੜਿਆ ਹੋਇਆ ਸੀ। ਬੜੇ ਲੰਬੇ ਸਮੇਂ ਤੋਂ ਉਸਨੇ ਕੋਈ ਕੱਪੜੇ ਨਹੀਂ ਪਹਿਨੇ ਸਨ ਨਾ ਹੀ ਘਰ ਵਿੱਚ ਰਿਹਾ ਸੀ, ਸਗੋਂ ਉਹ ਕਬਰਸਤਾਨ ਵਿੱਚ ਰਹਿੰਦਾ ਸੀ।
28 ਜਦੋਂ ਉਸਨੇ ਯਿਸੂ ਨੂੰ ਵੇਖਿਆ ਤਾਂ ਉਸਨੇ ਉੱਚੀ-ਉੱਚੀ ਚੀਕਾਂ ਮਾਰੀਆਂ ਅਤੇ ਉਸਦੇ ਪੈਰਾਂ ਤੇ ਡਿੱਗ ਪਿਆ ਅਤੇ ਉਸਨੇ ਉੱਚੀ ਅਵਾਜ਼ ਵਿੱਚ ਆਖਿਆ, “ਹੇ ਯਿਸੂ! ਸਰਬ ਉਚ ਪਰਮੇਸ਼ੁਰ ਦੇ ਪੁੱਤਰ, ਤੈਨੂੰ ਮੈਥੋਂ ਕੀ ਚਾਹੀਦਾ ਹੈ? ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿਰਪਾ ਕਰਕੇ ਮੈਨੂੰ ਦੁਖ ਨਾ ਦੇ!” ਉਸਨੇ ਅਜਿਹਾ ਇਸਲਈ ਆਖਿਆ ਕਿਉਂਕਿ ਯਿਸੂ ਨੇ ਉਸ ਭਰਿਸ਼ਟ ਆਤਮਾ ਨੂੰ ਉਸ ਬੰਦੇ ਦਾ ਸ਼ਰੀਰ ਛੱਡਣ ਲਈ ਹੁਕਮ ਦਿੱਤਾ। ਭੂਤ ਕਈ ਵਾਰੀ ਉਸ ਬੰਦੇ ਨੂੰ ਚਿੰਬੜਿਆ ਸੀ। ਅਜਿਹੇ ਅਵਸਰਾਂ ਤੇ, ਹਾਲਾਂ ਕਿ ਉਸਦੇ ਪੈਰਾਂ ਅਤੇ ਹੱਥਾਂ ਵਿੱਚ ਜੰਜੀਰਾਂ ਪਾਈਆਂ ਹੋਈਆਂ ਸਨ ਅਤੇ ਜੇਲ੍ਹ ਵਿੱਚ ਰੱਖਿਆ ਗਿਆ ਸੀ, ਉਹ ਜੰਜੀਰਾਂ ਨੂੰ ਤੋੜ ਸੁੱਟਦਾ ਅਤੇ ਭੂਤ ਉਸਨੂੰ ਸੁੰਨਸਾਨ ਥਾਵਾਂ ਉੱਤੇ ਜਾਣ ਲਈ ਮਜਬੂਰ ਕਰਦਾ।
29
30 ਯਿਸੂ ਨੇ ਉਸਨੂੰ ਪੁੱਛਿਆ, “ਤੇਰਾ ਨਾਮ ਕੀ ਹੈ?”ਮਨੁੱਖ ਨੇ ਜਵਾਬ ਦਿੱਤਾ, “ਲਸ਼ਕਰ” ਕਿਉਂਕਿ ਉਸ ਵਿੱਚ ਬਹੁਤ ਸਾਰੇ ਭੂਤਾਂ ਦਾ ਵਾਸਾ ਸੀ।
31 ਭੂਤਾਂ ਨੇ ਯਿਸੂ ਅੱਗੇ ਅਰਜੋਈ ਕੀਤੀ ਕਿ ਉਹ ਉਨ੍ਹਾਂ ਨੂੰ ਅਥਾਹ ਹਨੇਰੇ ਵਿੱਚ ਨਾ ਭੇਜੇ।
32 ਉਸ ਪਹਾੜੀ ਤੇ ਸੂਰਾਂ ਦਾ ਇੱਕ ਵੱਡਾ ਇੱਜੜ ਚਰ ਰਿਹਾ ਸੀ ਤਾਂ ਭੂਤਾਂ ਨੇ ਯਿਸੂ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ ਨੂੰ ਸੂਰਾਂ ਵਿੱਚ ਪ੍ਰਵੇਸ਼ ਕਰਨ ਦੇਵੇ। ਤਾਂ ਯਿਸੂ ਨੇ ਉਨ੍ਹਾਂ ਨੂੰ ਆਗਿਆ ਦੇ ਦਿੱਤੀ।
33 ਉਹ ਭੂਤ ਉਸ ਆਦਮੀ ਵਿੱਚੋਂ ਬਾਹਰ ਨਿਕਲੇ ਅਤੇ ਉਨ੍ਹਾਂ ਸੂਰਾਂ ਵਿੱਚ ਜਾ ਵੜੇ। ਫ਼ਿਰ ਸੂਰਾਂ ਦਾ ਪੂਰਾ ਇੱਜੜ ਪਹਾੜੀ ਦੇ ਸਿਰੇ ਤੋਂ ਢਲਵੀ ਥਾਂ ਨੂੰ ਭਜਿਆ ਅਤੇ ਝੀਲ ਵਿੱਚ ਡਿੱਗ ਪਿਆ। ਸਾਰੇ ਸੂਰ ਡੁੱਬ ਗਏ।
34 ਜਦੋਂ ਸੂਰ ਚਰਾਉਣ ਵਾਲਿਆਂ ਨੇ ਇਹ ਸਭ ਵੇਖਿਆ ਤਾਂ ਉਹ ਉਥੋਂ ਭੱਜ ਗਏ ਅਤੇ ਉਨ੍ਹਾਂ ਨੇ ਇਸ ਖਬਰ ਦਾ ਵਰਨਣ ਸਾਰੇ ਲੋਕਾਂ ਨੂੰ ਕੀਤਾ ਜੋ ਖੇਤਾਂ ਤੇ ਸ਼ਹਿਰਾਂ ਵਿੱਚ ਸਨ।
35 ਅਤੇ ਲੋਕ ਇਹ ਸਭ ਵੇਖਣ ਲਈ ਬਾਹਰ ਨਿਕਲੇ ਤਾਂ ਲੋਕ ਯਿਸੂ ਕੋਲ ਆਏ ਅਤੇ ਉਸ ਆਦਮੀ ਨੂੰ ਯਿਸੂ ਦੇ ਚਰਣਾ ਵਿੱਚ ਬੈਠਾ ਪਾਇਆ। ਹੁਣ ਉਹ ਬੰਦਾ ਸਜਿਆ ਹੋਇਆ ਸੀ ਅਤੇ ਉਸਦਾ ਦਿਮਾਗ ਵੀ ਸਹੀ ਸੀ ਕਿਉਂਕਿ ਭੂਤਾਂ ਨੇ ਉਸਨੂੰ ਛੱਡ ਦਿੱਤਾ ਸੀ।
36 ਇਹ ਸਭ ਵੇਖ ਲੋਕੀ ਭੈਭੀਤ ਹੋ ਗਏ। ਜਿਨ੍ਹਾਂ ਲੋਕਾਂ ਨੇ ਵੇਖਿਆ ਸੀ ਕਿ ਕਿਵੇਂ ਯਿਸੂ ਨੇ ਉਸਨੂੰ ਰਾਜੀ ਕੀਤਾ ਸੀ ਉਨ੍ਹਾਂ ਨੇ ਇਸਦੀ ਵਿਆਖਿਆ ਬਾਕੀ ਲੋਕਾਂ ਨੂੰ ਵੀ ਕੀਤੀ ਕਿ ਯਿਸੂ ਨੇ ਕਿਵੇਂ ਉਸ ਵਿਅਕਤੀ ਨੂੰ ਚੰਗਾ ਕੀਤਾ ਸੀ।
37 ਤਾਂ ਗਿਰਸੇਨੀਆ ਦੇ ਇਲਾਕੇ ਦੇ ਸਾਰੇ ਲੋਕਾਂ ਨੇ ਯਿਸੂ ਨੂੰ ਬੇਨਤੀ ਕੀਤੀ ਕਿ ਉਹ ਉਥੋਂ ਦੂਰ ਚਲਾ ਜਾਵੇ ਕਿਉਂਕਿ ਉਹ ਸਭ ਬਹੁਤ ਡਰ ਗਏ ਸਨ।ਤਾਂ ਯਿਸੂ ਬੇੜੀ ਤੇ ਚੜ੍ਹਕੇ ਮੁੜ ਗਲੀਲ ਵੱਲ ਨੂੰ ਮੁੜਿਆ।
38 ਜਿਸ ਮਨੁੱਖ ਨੂੰ ਉਸਨੇ ਠੀਕ ਕੀਤਾ ਸੀ ਉਸਨੇ ਯਿਸੂ ਦੇ ਨਾਲ ਜਾਣ ਦੀ ਬੇਨਤੀ ਕੀਤੀ।
39 ਪਰ ਯਿਸੂ ਨੇ ਇਹ ਕਹਿ ਕਿ ਉਸ ਆਦਮੀ ਨੂੰ ਭੇਜ ਦਿੱਤਾ ਕਿ, “ਉਹ ਆਪਣੇ ਘਰ ਵਾਪਸ ਜਾਕੇ ਲੋਕਾਂ ਨੂੰ ਦੱਸੇ ਕਿ ਪਰਮੇਸ਼ੁਰ ਨੇ ਤੇਰੇ ਲਈ ਕੀ ਕੀਤਾ ਹੈ?”ਤਾਂ ਉਸ ਆਦਮੀ ਨੇ ਸਾਰੇ ਸ਼ਹਿਰ ਵਿੱਚ ਜਾਕੇ ਦਸਿਆ ਕਿ ਯਿਸੂ ਨੇ ਉਸ ਲਈ ਕੀ ਕੀਤਾ ਸੀ।
40 ਜਦੋਂ ਯਿਸੂ ਗਲੀਲ ਵਾਪਸ ਮੁੜਿਆ ਤਾਂ ਲੋਕਾਂ ਨੇ ਗਲੀਲ ਵਿੱਚ ਉਸਦਾ ਸੁਆਗਤ ਕੀਤਾ। ਸਭ ਲੋਕ ਉਸਦੀ ਉਡੀਕ ਕਰ ਰਹੇ ਸਨ।
41 ਜੈਰੂਸ ਨਾਮ ਦਾ ਇੱਕ ਮਨੁੱਖ ਯਿਸੂ ਕੋਲ ਆਇਆ ਜੋ ਕਿ ਪ੍ਰਾਰਥਨਾ ਸਥਾਨ ਦਾ ਆਗੂ ਸੀ। ਜੈਰੂਸ ਯਿਸੂ ਦੇ ਪੈਰੀਂ ਡਿੱਗ ਪਿਆ ਅਤੇ ਅਰਜੋਈ ਕੀਤੀ ਕਿ ਉਹ ਉਸਦੇ ਘਰ ਚੱਲੇ।
42 ਜੈਰੂਸ ਦੀ ਇਕੱਲੀ ਧੀ, ਜੋ ਕਿ ਬਾਰ੍ਹਾਂ ਸਾਲਾਂ ਦੀ ਸੀ, ਮਰਨ ਕਿਨਾਰੇ ਸੀ।ਜਦੋਂ ਯਿਸੂ ਜੈਰੂਸ ਦੇ ਘਰ ਜਾ ਰਿਹਾ ਸੀ ਤਾਂ ਸਾਰੇ ਪਾਸਿਉਂ ਲੋਕ ਉਸਨੂੰ ਧਕ੍ਕੇ ਦੇ ਰਹੇ ਸਨ।
43 ਉਥੇ ਇੱਕ ਔਰਤ ਆਈ ਜਿਸਨੂੰ ਬਾਰ੍ਹਾਂ ਸਾਲਾਂ ਤੋਂ ਖੂਨ ਆ ਰਿਹਾ ਸੀ। ਉਹ ਆਪਣਾ ਸਾਰਾ ਧਨ ਆਪਣੇ ਇਲਾਜ ਲਈ ਵੈਦਾਂ ਉੱਪਰ ਖਰਚ ਚੁੱਕੀ ਸੀ, ਪਰ ਕੋਈ ਵੀ ਵੈਦ ਉਸਨੂੰ ਰਾਜੀ ਨਾ ਕਰ ਸਕਿਆ।
44 ਤਾਂ ਔਰਤ ਪਿਛੋਂ ਦੀ ਯਿਸੂ ਦੇ ਨੇੜੇ ਆਈ ਅਤੇ ਉਸਦੇ ਚੋਗੇ ਦੇ ਕਿਨਾਰੇ ਨੂੰ ਛੂਹਿਆ। ਉਸੇ ਪਲ ਉਸਦਾ ਖੂਨ ਵਗਣਾ ਬੰਦ ਹੋ ਗਿਆ।
45 ਤਦ ਯਿਸੂ ਨੇ ਆਖਿਆ, “ਕਿਸਨੇ ਮੈਨੂੰ ਛੂਹਿਆ ਹੈ?”ਸਭ ਲੋਕਾਂ ਆਖਿਆ ਕਿ ਉਨ੍ਹਾਂ ਨੇ ਉਸਨੂੰ ਨਹੀਂ ਛੋਹਿਆ। ਪਤਰਸ ਨੇ ਕਿਹਾ, “ਸੁਆਮੀ, ਤੇਰੇ ਆਲੇ-ਦੁਆਲੇ ਇੰਨੇ ਲੋਕ ਹਨ ਕਿ ਉਹ ਤੇਰੇ ਉੱਤੇ ਡਿੱਗ ਰਹੇ ਹਨ।”
46 ਪਰ ਯਿਸੂ ਨੇ ਕਿਹਾ, “ਨਹੀਂ! ਕਿਸੇ ਨੇ ਮੈਨੂੰ ਛੋਹਿਆ ਹੈ ਅਤੇ ਮੈਂ ਆਪਣੇ ਵਿੱਚੋਂ ਸ਼ਕਤੀ ਬਾਹਰ ਜਾਂਦੀ ਮਹਿਸੂਸ ਕੀਤੀ ਹੈ।”
47 ਜਦੋਂ ਉਸ ਔਰਤ ਨੇ ਮਹਿਸੂਸ ਕੀਤਾ ਕਿ ਮੈਂ ਲੁਕ ਨਹੀਂ ਸਕਦੀ। ਤਾਂ ਉਹ ਕੰਬਦੀ ਹੋਈ ਬਾਹਰ ਆਈ ਅਤੇ ਯਿਸੂ ਅੱਗੇ ਆਕੇ ਝੁਕ ਗਈ। ਜਦੋਂ ਸਾਰੇ ਲੋਕੀ ਸੁਣ ਰਹੇ ਸਨ ਤਾਂ ਉਸਨੇ ਦਸਿਆ ਕਿ ਕਿਉਂ ਉਸਨੇ ਯਿਸੂ ਨੂੰ ਛੋਹਿਆ ਸੀ। ਤਦ ਉਸਨੇ ਦਸਿਆ ਕਿ ਉਸੇ ਵਕਤ ਉਸਨੂੰ ਅਰਾਮ ਆ ਗਿਆ ਸੀ ਜਦੋਂ ਹੀ ਉਸਨੇ ਯਿਸੂ ਨੂੰ ਛੂਹਿਆ ਸੀ।
48 ਯਿਸੂ ਨੇ ਉਸਨੂੰ ਕਿਹਾ, “ਮੇਰੀ ਬਚੀ, ਤੂੰ ਇਸਲਈ ਰਾਜੀ ਹੋ ਗਈ ਹੈਂ ਕਿਉਂਕਿ ਤੈਨੂੰ ਵਿਸ਼ਵਾਸ ਹੈ, ਸ਼ਾਂਤ ਹੋਕੇ ਜਾਹ।”
49 ਜਦੋਂ ਯਿਸੂ ਅਜੇ ਬੋਲ ਹੀ ਰਿਹਾ ਸੀ ਤਾਂ ਪ੍ਰਾਰਥਨਾ ਸਥਾਨ ਤੋਂ ਜੈਰੁਸ ਦੇ ਘਰੋਂ ਇੱਕ ਆਦਮੀ ਆਇਆ ਅਤੇ ਉਸਨੇ ਆਕੇ ਜੈਰੁਸ ਨੂੰ ਆਖਿਆ, “ਤੇਰੀ ਪੁੱਤਰੀ ਮਰ ਗਈ ਹੈ, ਇਸਲਈ ਤੂੰ ਸੁਆਮੀ ਨੂੰ ਹੋਰ ਪਰੇਸ਼ਾਨ ਨਾ ਕਰ।”
50 ਯਿਸੂ ਨੇ ਇਹ ਸਭ ਸੁਣਿਆ ਤਾਂ ਜੈਰੁਸ ਨੂੰ ਆਖਿਆ, “ਡਰ ਨਾ। ਸਿਰਫ਼ ਵਿਸ਼ਵਾਸ ਕਰ, ਤੇਰੀ ਕੁੜੀ ਬਿਲਕੁਲ ਰਾਜੀ ਹੋ ਜਾਵੇਗੀ।”
51 ਯਿਸੂ ਜੈਰੁਸ ਦੇ ਘਰ ਪਹੁੰਚਿਆ ਅਤੇ ਉਸਨੇ ਆਪਣੇ ਨਾਲ ਸਿਰਫ਼ ਪਤਰਸ, ਯੂਹੰਨਾ ਅਤੇ ਯਾਕੂਬ ਅਤੇ ਕੁੜੀ ਦੇ ਮਾਂ-ਬਾਪ ਨੂੰ ਹੀ ਘਰ ਅੰਦਰ ਆਉਣ ਦਿੱਤਾ।
52 ਉਸਨੇ ਹੋਰ ਕਿਸੇ ਨੂੰ ਵੀ ਅੰਦਰ ਆਉਣ ਤੋਂ ਰੋਕ ਦਿੱਤਾ। ਸਭ ਰੋ ਰਹੇ ਸਨ ਅਤੇ ਮਾਤਮ ਮਨਾ ਰਹੇ ਸਨ ਕਿਉਂਕਿ ਉਹ ਜਾਣਦੇ ਸਨ ਕਿ ਕੁੜੀ ਮਰ ਚੁੱਕੀ ਸੀ। ਪਰ ਯਿਸੂ ਨੇ ਕਿਹਾ, “ਰੋਵੋ ਨਹੀਂ। ਉਹ ਮਰੀ ਨਹੀਂ ਉਹ ਸਿਰਫ਼ ਸੁਤ੍ਤੀ ਹੋਈ ਹੈ।”
53 ਸਾਰੇ ਲੋਕ ਯਿਸੂ ਉੱਪਰ ਹੱਸੇ ਕਿਉਂਕਿ ਉਹ ਜਾਣਦੇ ਸਨ ਕਿ ਕੁੜੀ ਮਰ ਚੁੱਕੀ ਸੀ।
54 ਪਰ ਯਿਸੂ ਨੇ ਉਸਦਾ ਹੱਥ ਆਪਣੇ ਹੱਥ ਵਿੱਚ ਲਿਆ ਅਤੇ ਉਸਨੂੰ ਪੁਕਾਰਿਆ, “ਛੋਟੀ ਬਚੀ! ਖੜੀ ਹੋ ਜਾਹ!”
55 ਉਸਦਾ ਆਤਮਾ ਉਸਦੇ ਸ਼ਰੀਰ ਵਿੱਚ ਵਾਪਸ ਪਰਤ ਆਇਆ ਤੇ ਉਹ ਝੱਟ ਉਠ ਖਲੋਤੀ। ਯਿਸੂ ਨੇ ਕਿਹਾ, “ਉਸਨੂੰ ਕੁਝ ਖਾਣ ਲਈ ਦੇਵੋ।”
56 ਕੁੜੀ ਦੇ ਮਾਪੇ ਇਹ ਸਭ ਵੇਖਕੇ ਹੈਰਾਨ ਰਹਿ ਗਏ। ਯਿਸੂ ਨੇ ਉਨ੍ਹਾਂ ਨੂੰ ਕਿਹਾ ਕਿ ਇਹ ਕਿਸੇ ਨੂੰ ਨਾ ਦੱਸਣਾ।