ਕਾਂਡ 21
1 ਯਿਸੂ ਨੇ ਕੁਝ ਅਮੀਰ ਆਦਮੀਆਂ ਨੂੰ ਮੰਦਰ ਦੇ ਗੋਲਕ ਵਿੱਚ ਆਪਣਾ ਪੈਸਾ ਪਾਉਂਦਿਆਂ ਵੇਖਿਆ।
2 ਤਦ ਉਸਨੇ ਇੱਕ ਗਰੀਬ ਵਿਧਵਾ ਵੇਖੀ।
3 ਉਸਨੇ ਤਾਂਬੇ ਦੇ ਦੋ ਸਿੱਕੇ ਗੋਲਕ ਵਿੱਚ ਪਾਏ। ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਭਾਵੇਂ ਇਸ ਔਰਤ ਨੇ ਦੋ ਛੋਟੇ ਸਿੱਕੇ ਪਾਏ ਹਨ, ਅਸਲ ਵਿੱਚ ਉਸਨੇ ਅਮੀਰ ਲੋਕਾਂ ਨਾਲੋਂ ਵਧ ਪਾਇਆ ਹੈ।
4 ਅਮੀਰ ਲੋਕਾਂ ਕੋਲ ਬਹੁਤ ਅਧਿਕ ਧਨ ਹੈ। ਉਨ੍ਹਾਂ ਨੇ ਸਿਰਫ਼ ਉਹ ਦਿੱਤਾ ਜੋ ਉਨ੍ਹਾਂ ਨੂੰ ਲੋੜੀਦਾ ਨਹੀਂ ਸੀ। ਇਹ ਔਰਤ ਬਹੁਤ ਗਰੀਬ ਹੈ, ਪਰ ਜੋ ਕੁਝ ਇਸ ਕੋਲ ਸੀ ਉਸਨੇ ਸਭ ਦੇ ਦਿੱਤਾ ਜਦ ਕਿ ਇਹ ਪੈਸੇ ਉਸਨੂੰ ਜਿਉਣ ਵਾਸਤੇ ਚਾਹੀਦੇ ਸਨ।”
5 ਕੁਝ ਚੇਲੇ ਆਪਸ ਵਿੱਚ ਮੰਦਰ ਬਾਰੇ ਗੱਲਾਂ ਕਰਦੇ ਹੋਏ ਕਹਿ ਰਹੇ ਸਨ, “ਇਹ ਬੜਾ ਖੂਬਸੂਰਤ ਮੰਦਰ ਹੈ, ਜੋ ਕਿ ਸਭ ਤੋਂ ਵਧੀਆ ਪੱਥਰਾਂ ਦਾ ਬਣਿਆ ਹੋਇਆ ਹੈ। ਵੇਖੋ, ਇਸ ਮੰਦਰ ਨੂੰ ਸਜਾਉਣ ਵਾਸਤੇ ਕਿੰਨੇ ਤੋਹਫ਼ੇ ਭੇਂਟ ਕੀਤੇ ਗਏ ਹਨ।
6 ਪਰ ਯਿਸੂ ਨੇ ਕਿਹਾ, “ਇੱਕ ਸਮਾਂ ਆਵੇਗਾ ਜਦੋਂ ਤੁਸੀਂ ਵੇਖੋਂਗੇ ਕਿ ਜੋ ਕੁਝ ਵੀ ਇਥੇ ਦਿਸ ਰਿਹਾ ਹੈ ਸਭ ਨਸ਼ਟ ਹੋ ਜਾਵੇਗਾ। ਇਸ ਮੰਦਰ ਦੇ ਹਰ ਪੱਥਰ ਨੂੰ ਥੱਲੇ ਧਰਤੀ ਤੇ ਸੁਟਿਆ ਜਾਵੇਗਾ। ਇੱਕ ਵੀ ਪੱਥਰ ਦੂਜੇ ਪੱਥਰ ਉੱਤੇ ਟਿਕਿਆ ਨਹੀਂ ਰਹੇਗਾ।”
7 ਚੇਲਿਆਂ ਨੇ ਯਿਸੂ ਨੂੰ ਪੁੱਛਿਆ, “ਗੁਰੂ ਜੀ, ਇਹ ਗੱਲਾਂ ਕਦੋਂ ਹੋਣਗੀਆਂ? ਕਿਹੜਾ ਨਿਸ਼ਾਨ ਵਿਖਾਵੇਗਾ ਕਿ ਇਹ ਇਨ੍ਹਾਂ ਗੱਲਾਂ ਦੇ ਹੋਣ ਦਾ ਸਮਾਂ ਹੈ?”
8 ਯਿਸੂ ਨੇ ਕਿਹਾ, “ਸਾਵਧਾਨ ਰਹੋ! ਤਾਂ ਜੋ ਕੋਈ ਵੀ ਤੁਹਾਨੂੰ ਮੂਰਖ ਨਾ ਬਣਾ ਸਕੇ। ਬਹੁਤ ਸਾਰੇ ਲੋਕ ਮੇਰੇ ਨਾਂ ਤੇ ਆਉਣਗੇ ਅਤੇ ਆਖਣਗੇ, ‘ਮੈਂ ਮਸੀਹ ਹਾਂ’, ਅਤੇ ‘ਸਹੀ ਵਕਤ ਆ ਗਿਆ ਹੈ!’ ਪਰ ਉਨ੍ਹਾਂ ਦੇ ਪਿਛੇ ਨਾ ਲਗਿਓ।
9 ਪਰ ਜਦੋਂ ਤੁਸੀਂ ਲੜਾਈਆਂ ਅਤੇ ਦੰਗਿਆਂ ਬਾਰੇ ਸੁਣੋ ਤਾਂ ਡਰਿਓ ਨਾ। ਇਹ ਸਭ ਕੁਝ ਪਹਿਲੋਂ ਹੋਣਾ ਹੈ, ਪਰ ਅੰਤ ਬਾਦ ਵਿੱਚ ਆਵੇਗਾ।”
10 ਤਦ ਯਿਸੂ ਨੇ ਉਨ੍ਹਾਂ ਨੂੰ ਆਖਿਆ, “ਕੌਮਾਂ ਇੱਕ ਦੂਸਰੇ ਦੇ ਖਿਲਾਫ਼ ਯੁਧ ਕਰਨਗੀਆਂ, ਅਤੇ ਰਾਜ ਇੱਕ ਦੂਸਰੇ ਦੇ ਖਿਲਾਫ਼ ਯੁਧ ਕਰਨਗੇ।
11 ਇਥੇ ਬਹੁਤ ਵੱਡੇ ਭੁਚਾਲ ਆਉਣਗੇ, ਕਾਲ ਪੈਣਗੇ ਅਤੇ ਵਖ-ਵਖ ਥਾਵਾਂ ਤੇ ਮਹਾਮਾਰੀ ਪਵੇਗੀ, ਕੁਝ ਡਰਾਉਣੀਆਂ ਗੱਲਾਂ ਵਾਪਰਨਗੀਆਂ ਕੁਝ ਮਹਾਨ ਨਿਸ਼ਾਨ ਲੋਕਾਂ ਨੂੰ ਚੇਤਾਵਨੀ ਦੇਣ ਲਈ ਸਵਰਗ ਤੋਂ ਆਉਣਗੇ।
12 “ਪਰ ਇਹ ਸਭ ਗੱਲਾਂ ਵਾਪਰਨ ਤੋਂ ਪਹਿਲਾਂ, ਤੁਸੀਂ ਗਿਰਫ਼ਤਾਰ ਕੀਤੇ ਜਾਵੋਂਗੇ ਅਤੇ ਤੁਹਾਨੂੰ ਤਸੀਹੇ ਦਿੱਤੇ ਜਾਣਗੇ। ਲੋਕ ਪ੍ਰਾਰਥਨਾ ਸਥਾਨਾਂ ਵਿੱਚ ਤੁਹਾਡਾ ਨਿਰਣਾ ਕਰਨਗੇ ਅਤੇ ਤੁਹਾਨੂੰ ਕੈਦ ਵਿੱਚ ਪਾ ਦੇਣਗੇ। ਤੁਹਾਨੂੰ ਮੇਰੇ ਕਾਰਣ ਰਾਜਿਆਂ ਅਤੇ ਰਾਜਪਾਲਾਂ ਸਾਮ੍ਹਣੇ ਖੜ੍ਹੇ ਹੋਣ ਲਈ ਮਜਬੂਰ ਕੀਤਾ ਜਾਵੇਗਾ।
13 ਇਹ ਸਭ ਗੱਲਾਂ ਮੇਰੇ ਬਾਰੇ ਗਵਾਹੀ ਦੇਣ ਲਈ ਤੁਹਾਨੂੰ ਅਵਸਰ ਦੇਣਗੀਆਂ।
14 ਪਰ ਆਪਣੇ ਮਨਾਂ ਨੂੰ ਪਕਿਆਂ ਕਰੋ’ ਪਹਿਲਾਂ ਤੋਂ ਹੀ ਇਸ ਗੱਲੋਂ ਨਾ ਘਬਰਾਓ ਕਿ ਤੁਹਾਨੂੰ ਖੁਦ ਦੀ ਰੱਖਿਆ ਕਰਨ ਲਈ ਕੀ ਆਖਣਾ ਚਾਹੀਦਾ ਹੈ।
15 ਮੈਂ ਤੁਹਾਨੂੰ ਇਸ ਬਾਰੇ ਸਿਆਣਪ ਦੇਵਾਂਗਾਂ ਕਿ ਤੁਹਾਨੂੰ ਕੀ ਜਵਾਬ ਦੇਣਾ ਚਾਹੀਦਾ ਹੈ, ਤਾਂ ਜੋ ਤੁਹਾਡਾ ਕੋਈ ਵੀ ਵੈਰੀ ਇਹ ਸਾਬਤ ਕਰਨ ਦੇ ਯੋਗ ਨਾ ਹੋ ਸਕੇ ਕਿ ਜੋ ਤੁਸੀਂ ਆਖਿਆ ਹੈ ਉਹ ਗਲਤ ਹੈ ਜਾਂ ਉਹ ਤੁਹਾਨੂੰ ਉੱਤਰ ਦੇਣ ਦੇ ਯੋਗ ਹੋ ਸਕੇ।
16 ਇਥੋਂ ਤੱਕ ਕਿ ਤੁਹਾਡੇ ਮਾਂ-ਬਾਪ, ਭਰਾ, ਰਿਸ਼ਤੇਦਾਰ, ਦੋਸਤ ਤੁਹਾਡਾ ਵਿਰੋਧ ਕਰਨਗੇ। ਉਹ ਤੁਹਾਡੇ ਵਿੱਚੋਂ ਕਈਆਂ ਨੂੰ ਮਾਰ ਵੀ ਦੇਣਗੇ।
17 ਸਭ ਲੋਕ ਤੁਹਾਨੂੰ ਨਫਰਤ ਕਰਨਗੇ ਕਿਉਂਕਿ ਤੁਸੀਂ ਮੇਰੇ ਪਿਛੇ ਤੁਰੇ।
18 ਪਰ ਇਹ ਸਭ ਚੀਜਾਂ ਤੁਹਾਡਾ ਕੁਝ ਵੀ ਨਹੀਂ ਵਿਗਾੜ ਸਕਦੀਆਂ।
19 ਤੁਸੀਂ ਆਪਣੇ ਵਿਸ਼ਵਾਸ ਵਿੱਚ ਤਕੜੇ ਰਹਿਕੇ ਆਪਣੇ-ਆਪ ਨੂੰ ਬਚਾ ਲਵੋਂਗੇ।
20 “ਤੁਸੀਂ ਵੇਖੋਂਗੇ ਫੌਜਾਂ ਯਰੂਸ਼ਲਮ ਨੂੰ ਘੇਰਨਗੀਆਂ। ਤਾਂ ਤੁਸੀਂ ਸਮਝ ਜਾਵੋਂਗੇ ਕਿ ਯਰੂਸ਼ਲਮ ਦੇ ਨਸ਼ਟ ਹੋਣ ਦਾ ਵੇਲਾ ਆ ਗਿਆ ਹੈ।
21 ਉਸ ਵੇਲੇ, ਉਹ ਜਿਹੜੇ ਯਹੂਦਿਯਾ ਵਿੱਚ ਹਨ, ਪਹਾੜਾਂ ਵੱਲ ਫ਼ਰਾਰ ਹੋ ਜਾਣ ਅਤੇ ਉਨ੍ਹਾਂ ਸਾਰਿਆਂ ਨੂੰ, ਜਿਹੜੇ ਯਰੂਸ਼ਲਮ ਵਿੱਚ ਹਨ ਉਥੋਂ ਭੱਜ ਜਾਣਾ ਚਾਹੀਦਾ ਹੈ। ਜੇਕਰ ਤੁਸੀਂ ਸ਼ਹਿਰ ਦੇ ਕੋਲ ਹੋਵੋ ਤਾਂ ਅੰਦਰ ਨਾ ਵੜੋ।
22 ਨਬੀਆਂ ਨੇ ਉਸ ਸਮੇਂ ਬਾਰੇ ਬੜੀਆਂ ਗੱਲਾਂ ਲਿਖਿਆਂ ਹਨ ਜਦੋਂ ਪਰਮੇਸ਼ੁਰ ਆਪਣੇ ਲੋਕਾਂ ਨੂੰ ਸਜਾਵਾਂ ਦੇਵੇਗਾ। ਇਹ ਸਮਾਂ ਹੁਣ ਹੈ ਜਦੋਂ ਇਹ ਸਭ ਵਾਪਰੇਗਾ।
23 “ਇਹ ਸਮਾਂ ਗਰਭਵਤੀ ਔਰਤਾਂ ਵਾਸਤੇ ਬੜਾ ਵਿਕਰਾਲ ਹੋਵੇਗਾ, ਅਤੇ ਉਨ੍ਹਾਂ ਮਾਵਾਂ ਵਾਸਤੇ ਵੀ, ਜਿਨ੍ਹਾਂ ਕੋਲ ਦੁਧ ਪੀਂਦੇ ਨਿਆਣੇ ਹਨ। ਕਿਉਂਕਿ ਇਸ ਧਰਤੀ ਤੇ ਬਹੁਤ ਮਾੜਾ ਸਮਾਂ ਆਉਣ ਵਾਲਾ ਹੈ। ਪ੍ਰਭੂ ਇਨ੍ਹਾਂ ਲੋਕਾਂ ਨਾਲ ਬੜੇ ਕਰੋਧ ਵਿੱਚ ਹੋਵੇਗਾ।
24 ਇਨ੍ਹਾਂ ਵਿੱਚੋਂ ਕੁਝ ਲੋਕ ਸਿਪਾਹੀਆਂ ਹੱਥੋਂ ਮਾਰੇ ਜਾਣਗੇ, ਕੁਝ ਲੋਕ ਕੈਦੀ ਬਣਾ ਕੇ ਸਭ ਕੌਮਾਂ ਅਤੇ ਦੇਸ਼ਾਂ ਵਿੱਚ ਪਹੁੰਚਾਏ ਜਾਣਗੇ। ਗੈਰ-ਯਹੂਦੀ ਯਰੂਸ਼ਲਮ ਤੇ ਕਬਜ਼ਾ ਕਰਨਗੇ ਅਤੇ ਜਦੋਂ ਤੱਕ ਉਨ੍ਹਾਂ ਦਾ ਸਮਾਂ ਪੂਰਾ ਨਹੀਂ ਹੁੰਦਾ ਉਹ ਇਸਨੂੰ ਪੈਰਾਂ ਥੱਲੇ ਮਿਧਣਗੇ।
25 “ਸੂਰਜ-ਚੰਦ ਅਤੇ ਤਾਰਿਆਂ ਵਿੱਚ ਹੈਰਾਨੀਜਨਕ ਨਿਸ਼ਾਨ ਦਿਖਾਈ ਦੇਣਗੇ। ਜਦੋਂ ਧਰਤੀ ਦੀਆਂ ਕੌਮਾਂ ਸਮੁੰਦਰ ਦਾ ਉਛਲਨਾ ਅਤੇ ਗਰਜਨਾ ਵੇਖਣਗੀਆਂ ਤਾਂ ਡਰ ਅਤੇ ਵਿਆਕੁਲਤਾ ਮਹਿਸੂਸ ਕਰਨਗੀਆਂ।
26 ਲੋਕ ਘਬਰਾ ਜਾਣਗੇ ਅਤੇ ਉਹ ਇਸ ਗੱਲੋਂ ਚਿੰਤਿਤ ਹੋਣਗੇ ਕਿ ਦੁਨੀਆ ਦਾ ਕੀ ਬਣੇਗਾ ਹਰ ਚੀਜ਼ ਅਕਾਸ਼ ਵਿੱਚ ਬਦਲ ਜਾਵੇਗੀ।
27 ਫ਼ਿਰ ਲੋਕ ਮਨੁੱਖ ਦੇ ਪੁੱਤਰ ਨੂੰ ਸ਼ਕਤੀ ਅਤੇ ਮਹਾਨ ਮਹਿਮਾ ਨਾਲ ਬੱਦਲਾਂ ਉੱਤੇ ਆਉਂਦਿਆਂ ਵੇਖਣਗੇ।
28 ਜਦੋਂ ਇਹ ਗੱਲਾਂ ਵਾਪਰਨੀਆਂ ਸ਼ੁਰੂ ਹੋਣ, ਖੜ੍ਹੇ ਹੋਵੋ ਅਤੇ ਹੌਂਸਲਾ ਰੱਖੋ, ਕਿਉਂਕਿ ਤੁਹਾਡੇ ਛੁਟਕਾਰੇ ਦਾ ਸਮਾਂ ਨੇੜੇ ਹੈ।”
29 ਤਦ ਯਿਸੂ ਨੇ ਇਹ ਦ੍ਰਿਸ਼ਟਾਂਤ ਕਹੀ, “ਅੰਜੀਰ ਦੇ ਰੁੱਖ ਨੂੰ ਅਤੇ ਸਾਰੇ ਰੁਖਾਂ ਨੂੰ ਵੇਖੋ। ਅੰਜੀਰ ਦਾ ਰੁੱਖ ਇੱਕ ਵਧੀਆ ਮਿਸਾਲ ਹੈ।
30 ਜਦੋਂ ਇਸ ਉੱਪਰ ਹਰੇ ਪਤ੍ਤੇ ਨਿਕਲਦੇ ਹਨ ਤਾਂ ਤੁਸੀਂ ਜਾਣ ਜਾਂਦੇ ਹੋ ਕਿ ਗਰਮੀ ਦੀ ਰੁੱਤ ਨੇੜੇ ਆ ਗਈ ਹੈ।
31 ਇਸੇ ਤਰ੍ਹਾਂ ਹੀ ਜੋ ਗੱਲਾਂ ਮੈਂ ਤੁਹਾਨੂੰ ਆਖੀਆਂ ਵਾਪਰਨੀਆਂ ਹਨ। ਜਦੋਂ ਤੁਸੀਂ ਇਹ ਸਭ ਗੱਲਾਂ ਵਾਪਰਦੀਆਂ ਵੇਖੋਂਗੇ ਤਾਂ ਤੁਸੀਂ ਜਾਣ ਜਾਵੋਂਗੇ ਕਿ ਪਰਮੇਸ਼ੁਰ ਦਾ ਰਾਜ ਬਹੁਤ ਨਜ਼ਦੀਕ ਹੈ।”
32 “ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਇਸ ਸਮੇਂ ਦੇ ਲੋਕਾਂ ਦੇ ਜਿਉਂਦੇ ਜੀਅ ਇਹ ਸਭ ਗੱਲਾਂ ਵਾਪਰਨਗੀਆਂ।
33 ਪੂਰੀ ਦੁਨੀਆਂ, ਧਰਤੀ ਅਤੇ ਅਕਾਸ਼ ਸਭ ਨਸ਼ਟ ਹੋ ਜਾਣਗੇ ਪਰ ਜੋ ਵਾਕ ਮੈਂ ਬੋਲ ਰਿਹਾ ਹਾਂ ਕਦੇ ਵੀ ਨਸ਼ਟ ਨਹੀਂ ਕੀਤੇ ਜਾਣਗੇ।”
34 “ਸਚੇਤ ਰਹੋ! ਅਸਭਿਅਤ ਦਾਵਤਾਂ ਬਾਰੇ, ਪੀਣ ਬਾਰੇ, ਅਤੇ ਦੁਨਿਆਵੀ ਚੀਜ਼ਾਂ ਬਾਰੇ ਚਿੰਤਾ ਕਰਨ ਵਿੱਚ ਆਪਣਾ ਸਮਾਂ ਬਰਬਾਦ ਨਾ ਕਰੋ। ਜੇਕਰ ਤੁਸੀਂ ਅਜਿਹਾ ਕਰੋਂਗੇ ਤਾਂ ਤੁਸੀਂ ਸਹੀ ਸੋਚਣ ਦੇ ਯੋਗ ਨਹੀਂ ਹੋਵੋਂਗੇ। ਅਤੇ ਜਦੋਂ ਤੁਸੀਂ ਹਾਲੇ ਤਿਆਰ ਵੀ ਨਹੀਂ ਹੋਵੋਂਗੇ ਕਿ ਅੰਤ ਤੁਹਾਨੂੰ ਫ਼ੜ ਲਵੇਗਾ।
35 ਕਿਉਂਕਿ ਉਹ ਦਿਨ ਧਰਤੀ ਉੱਤੇ ਸਾਰੇ ਲੋਕਾਂ ਲਈ ਅਚਾਨਕ ਇੱਕ ਝਾਂਸੇ ਵਾਂਗ ਆਵੇਗਾ।
36 ਇਸ ਲਈ ਹਰ ਵਕਤ ਤਿਆਰ ਰਹੋ ਅਤੇ ਪ੍ਰਾਰਥਨਾ ਕਰੋ ਕਿ ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਤੋਂ ਜਿਹੜੀਆਂ ਹੋਣ ਵਾਲੀਆਂ ਹਨ, ਬਚ ਸਕੋ। ਅਤੇ ਤੁਸੀਂ ਮਨੁੱਖ ਦੇ ਪੁੱਤਰ ਦੇ ਸਾਮ੍ਹਣੇ ਖੜਨ ਦੇ ਯੋਗ ਹੋਵੋਂ।”
37 “ਹਰ ਦਿਨ ਯਿਸੂ ਮੰਦਰ ਵਿੱਚ ਉਪਦੇਸ਼ ਦਿੰਦਾ ਅਤੇ ਹਰ ਸ਼ਾਮ ਉਹ ਜੈਤੂਨ ਦੇ ਪਹਾੜ ਤੇ ਜਾਕੇ ਰਾਤ ਵਤੀਤ ਕਰਦਾ ਹੁੰਦਾ ਸੀ।
38 ਹਰ ਸਵੇਰ ਲੋਕ ਤੜਕਸਾਰ ਉਠਕੇ, ਮੰਦਰ ਵਿੱਚ ਯਿਸੂ ਦੇ ਉਪਦੇਸ਼ ਸੁਨਣ ਲਈ ਜਾਂਦੇ।