ਕਾਂਡ 1
1 ਪਿਆਰੇ ਥਿਉਫ਼ਿਲੁਸ,ਜੋ ਘਟਨਾਵਾਂ ਸਾਡੇ ਦਰਮਿਆਨ ਵਾਪਰੀਆਂ ਹਨ, ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਦਾ ਇਤਿਹਾਸ ਲਿਖਣ ਦੀ ਕੋਸ਼ਿਸ਼ ਕੀਤੀ ਹੈ।
2 ਜੋ ਕੁਝ ਅਸੀਂ ਦੂਜਿਆਂ ਕੋਲੋਂ ਸਿਖਿਆ ਉਨ੍ਹਾਂ ਨੇ ਵੀ ਉਹੀ ਗੱਲਾਂ ਲਿਖੀਆਂ ਹਨ। ਇਹ ਉਨ੍ਹਾਂ ਵੱਲੋਂ ਹੈ ਜਿਨ੍ਹਾਂ ਨੇ ਮੁਢੋਂ ਹੀ ਇਹ ਵਾਪਰਦਿਆਂ ਆਪਣੀ ਅਖੀਂ ਵੇਖਿਆ ਅਤੇ ਜਿਨ੍ਹਾਂ ਨੇ ਪ੍ਰਭੂ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾ ਕੇ ਪ੍ਰਭੂ ਦੀ ਸੇਵਾ ਕੀਤੀ।
3 ਮਾਣ ਯੋਗ ਥਿਉਫ਼ਿਲੁਸ, ਕਿਉਂਕਿ ਮੈਂ ਮੁਢ ਤੋਂ ਹੀ ਇਸ ਸਭ ਕਾਸੇ ਦਾ ਬੜੇ ਧਿਆਨ ਨਾਲ ਅਧਿਐਨ ਕੀਤਾ ਹੈ, ਇਸ ਲਈ ਮੈਂ ਮਹਿਸੂਸ ਕੀਤਾ ਕਿ ਮੈਂ ਤੈਨੂੰ ਇਹ ਸਭ ਕਰਮਵਾਰ ਦੱਸਾਂ ਕਿ ਇਹ ਕਿਵੇਂ ਵਾਪਰਿਆ।
4 ਤਾਂ ਜੋ ਤੁਸੀਂ ਜਾਣ ਸਕੋਂ ਕਿ ਤੁਹਾਨੂੰ ਜੋ ਕੁਝ ਵੀ ਸਿਖਾਇਆ ਗਿਆ ਹੈ ਉਹ ਸਭ ਸੱਚ ਹੈ।
5 ਉਨ੍ਹਾਂ ਦਿਨਾਂ ਵਿੱਚ ਜਦੋਂ ਹੇਰੋਦੇਸ ਯਹੂਦਿਯਾ ਵਿੱਚ ਰਾਜ ਕਰਦਾ ਸੀ, ਉਥੇ ਜ਼ਕਰਯਾਹ ਨਾਉਂ ਦਾ ਇੱਕ ਜਾਜਕ ਸੀ। ਉਹ ਅਬੀਯਾਹ ਦੇ ਜਾਜਕ ਸਮੂਹ ਵਿੱਚੋਂ ਸੀ ਅਤੇ ਉਸਦੀ ਪਤਨੀ ਦਾ ਨਾਉਂ ਇਲੀਸਬਤ ਸੀ ਅਤੇ ਉਹ ਆਰੋਨ ਦੇ ਖਾਨਦਾਨ ਵਿੱਚੋਂ ਸੀ।
6 ਉਹ ਦੋਨੋਂ ਜੀਅ ਪਰਮੇਸ਼ੁਰ ਦੀ ਦ੍ਰਿਸ਼ਟੀ ਵਿੱਚ ਬੜੇ ਚੰਗੇ ਸਨ, ਉਨ੍ਹਾਂ ਨੇ ਪ੍ਰਭੂ ਦੇ ਸਾਰੇ ਆਦੇਸ਼ਾਂ ਅਤੇ ਅਸੂਲਾਂ ਨੂੰ ਬੜੇ ਧਿਆਨ ਨਾਲ ਮੰਨਿਆ। ਉਹ ਦੋਨੋ ਜਨੇ ਦੋਸ਼ ਰਹਿਤ ਸਨ।
7 ਪਰ ਜ਼ਕਰਯਾਹ ਅਤੇ ਇਲੀਸਬਤ ਦੇ ਕੋਈ ਔਲਾਦ ਨਹੀਂ ਸੀ। ਇਲੀਸਬਤ ਬਾਂਝ ਸੀ ਅਤੇ ਉਹ ਦੋਵੇਂ ਵੱਡੀ ਉਮਰ ਦੇ ਸਨ।
8 ਜ਼ਕਰਯਾਹ ਆਪਣੇ ਸਮੂਹ ਲਈ ਮੰਦਰ ਵਿੱਚ ਜਾਜਕ ਦੇ ਤੌਰ ਤੇ ਕਾਰਜ ਕਰਦਾ ਸੀ। ਉਹ ਉਥੇ ਪਰਮੇਸ਼ੁਰ ਨੂੰ ਸੇਵਾ ਭੇਟ ਕਰਨ ਲਈ ਉਪਸਥਿਤ ਸੀ।
9 ਜਦੋਂ ਉਸਦੇ ਸਮੂਹ ਦੀ ਵਾਰੀ ਆਈ, ਤਾਂ ਉਸਨੂੰ ਰਿਵਾਜ਼ ਦੇ ਮੁਤਾਬਿਕ ਪਰਚੀਆਂ ਪਾਕੇ ਪ੍ਰਭੂ ਦੇ ਮੰਦਰ ਵਿੱਚ ਜਾਕੇ ਧੂਪ ਧੁਖਾਉਣ ਲਈ ਚੁਣਿਆ ਗਿਆ ਸੀ।
10 ਜਿਸ ਵਕਤ ਧੂਪ ਧੁਖਾਉਣ ਦਾ ਵੇਲਾ ਸੀ, ਸਾਰੇ ਲੋਕ ਇਕਠ੍ਠੇ ਹੋਕੇ ਮੰਦਰ ਦੇ ਬਾਹਰ ਪ੍ਰਾਰਥਨਾ ਕਰ ਰਹੇ ਸਨ।
11 ਤਦ ਜ਼ਕਰ੍ਯਾਹ ਨੂੰ ਧੂਪ ਦੀ ਵੇਦੀ ਦੇ ਸੱਜੇ ਪਾਸੇ ਪ੍ਰਭੂ ਦਾ ਇੱਕ ਦੂਤ ਖਲੋਤਾ ਦਿਖਿਆ।
12 ਜਦੋਂ ਜ਼ਕਰਯਾਹ ਨੇ ਦੂਤ ਨੂੰ ਵੇਖਿਆ ਤਾਂ ਉਹ ਬੜਾ ਘਬਰਾ ਗਿਆ ਅਤੇ ਡਰ ਨੇ ਉਸਨੂੰ ਘੇਰ ਲਿਆ।
13 ਫ਼ੇਰ ਪ੍ਰਭੂ ਦੇ ਦੂਤ ਨੇ ਉਸਨੂੰ ਕਿਹਾ, “ਜ਼ਕਰਯਾਹ ਡਰ ਨਾ! ਤੇਰੀ ਪ੍ਰਾਰਥਨਾ ਪ੍ਰਭੂ ਨੇ ਸੁਣ ਲਈ ਹੈ। ਤੇਰੀ ਪਤਨੀ ਇਲੀਸਬਤ ਇੱਕ ਬੱਚੇ ਨੂੰ ਜਨਮ ਦੇਵੇਗੀ। ਅਤੇ ਤੂੰ ਉਸਦਾ ਨਾਮ ਯੂਹੰਨਾ ਰੱਖੀਂ।
14 ਤੈਨੂੰ ਬੜੀ ਖੁਸ਼ੀ ਅਤੇ ਅਨੰਦ ਮਿਲੇਗਾ ਅਤੇ ਬਹੁਤ ਸਾਰੇ ਹੋਰ ਲੋਕ ਵੀ ਯੂਹੰਨਾ ਦੀ ਆਮਦ ਤੇ ਖੁਸ਼ ਹੋਣਗੇ।
15 ਕਿਉਂਕਿ ਉਹ ਪ੍ਰਭੂ ਦੀ ਦ੍ਰਿਸ਼ਟੀ ਵਿੱਚ ਮਹਾਨ ਹੋਵੇਗਾ। ਉਹ ਕਦੇ ਵੀ ਕੋਈ ਮੈਅ ਜਾਂ ਨਸ਼ੀਲੀ ਚੀਜ਼ ਨਹੀਂ ਪੀਵੇਗਾ। ਅਤੇ ਉਹ ਆਪਣੀ ਮਾਤਾ ਦੀ ਕੁਖੋਂ ਹੀ ਪਵਿੱਤਰ ਆਤਮਾ ਨਾਲ ਭਰਪੂਰ ਪੈਦਾ ਹੋਵੇਗਾ।
16 “ਉਹ ਇਸਰਾਏਲ ਦੇ ਬਹੁਤ ਸਾਰੇ ਲੋਕਾਂ ਨੂੰ ਪ੍ਰਭੂ ਉਨ੍ਹਾਂ ਦੇ ਪਰਮੇਸ਼ੁਰ ਵੱਲ ਵਾਪਸ ਲਿਆਵੇਗਾ।
17 ਯੂਹੰਨਾ ਖੁਦ ਪ੍ਰਭੂ ਦੇ ਅੱਗੇ-ਅੱਗੇ ਚੱਲੇਗਾ। ਅਤੇ ਉਹ ਏਲੀਯਾਹ ਵਾਂਗ ਹੀ ਸ਼ਕਤੀਸ਼ਾਲੀ ਹੋਵੇਗਾ। ਉਸ ਕੋਲ ਉਹ ਆਤਮਾ ਹੋਵੇਗਾ ਜੋ ਏਲੀਯਾਹ ਕੋਲ ਸੀ। ਉਹ ਪਿਤਾ ਅਤੇ ਉਸਦੇ ਬਚਿਆਂ ਵਿੱਚਕਾਰ ਸ਼ਾਂਤੀ ਪੈਦਾ ਕਰੇਗਾ। ਜਿਹੜੇ ਪਰਮੇਸ਼ੁਰ ਦੀ ਪਾਲਣਾ ਨਹੀਂ ਕਰਦੇ ਉਹ ਉਨ੍ਹਾਂ ਦੀਆਂ ਸੋਚਾਂ ਨੂੰ ਧਰਮੀ ਲੋਕਾਂ ਦੀਆਂ ਸੋਚਾਂ ਵਿੱਚ ਬਦਲ ਦੇਵੇਗਾ, ਉਹ ਲੋਕਾਂ ਨੂੰ ਪ੍ਰਭੂ ਲਈ ਤਿਆਰ ਕਰੇਗਾ।”
18 ਜ਼ਕਰਯਾਹ ਨੇ ਦੂਤ ਨੂੰ ਪੁੱਛਿਆ, “ਮੈਨੂੰ ਕਿਵੇਂ ਪਤਾ ਲੱਗੇ ਕਿ ਜੋ ਤੂੰ ਆਖਿਆ ਹੈ ਉਹ ਸੱਚ ਹੈ ਕਿਉਂਕਿ ਮੇਰੀ ਪਤਨੀ ਅਤੇ ਮੈਂ ਖੁਦ ਕਾਫ਼ੀ ਬੁਢੇ ਹੋ ਗਏ ਹਾਂ।”
19 ਦੂਤ ਨੇ ਫ਼ਰਮਾਇਆ, “ਮੈਂ ਜ਼ਿਬਰਾਏਲ ਹਾਂ ਜੋ ਕਿ ਪਰਮੇਸ਼ੁਰ ਦੇ ਸਾਮ੍ਹਣੇ ਹਾਜ਼ਰ ਰਹਿੰਦਾ ਹੈ। ਮੈਨੂੰ ਤੇਰੇ ਨਾਲ ਗੱਲਾਂ ਕਰਨ ਅਤੇ ਤੈਨੂੰ ਇਹ ਖੁਸ਼-ਖਬਰੀ ਦੱਸਣ ਲਈ ਭੇਜਿਆ ਗਿਆ ਹੈ।
20 ਹੁਣ ਸੁਣ, ਜਦੋਂ ਤੱਕ ਇਹ ਗੱਲਾਂ ਪੂਰੀਆਂ ਨਾ ਹੋ ਜਾਣ ਤੂੰ ਚੁੱਪ ਰਹੇਂਗਾ ਅਤੇ ਬੋਲਣ ਦੇ ਯੋਗ ਨਹੀਂ ਹੋਵੇਂਗਾ। ਕਿਉਂਕਿ ਤੂੰ ਮੇਰੀਆਂ ਆਖੀਆਂ ਗੱਲਾਂ ਨੂੰ ਸੱਚ ਨਹੀਂ ਮੰਨਿਆ, ਜਿਹੜੀਆਂ ਨਿਯੁਕਤ ਸਮੇਂ ਤੇ ਪੂਰੀਆਂ ਹੋਣਗੀਆਂ।”
21 ਬਾਹਰ ਲੋਕ ਅਜੇ ਵੀ ਜ਼ਕਰਯਾਹ ਦਾ ਇੰਤਜ਼ਾਰ ਕਰ ਰਹੇ ਸਨ। ਉਹ ਹੈਰਾਨ ਸਨ ਕਿ ਉਸਨੇ ਮੰਦਰ ਅੰਦਰ ਇੰਨਾ ਸਮਾਂ ਲਾਇਆ।
22 ਜਦੋਂ ਉਹ ਬਾਹਰ ਆਇਆ ਤਾਂ ਉਹ ਲੋਕਾਂ ਨਾਲ ਗੱਲ ਨਾ ਕਰ ਸਕਿਆ। ਉਸਨੇ ਮੰਦਰ ਵਿੱਚ ਕੋਈ ਦਰਸ਼ਨ ਵੇਖਿਆ ਸੀ, ਕਿਉਂਕਿ ਉਹ ਗੂੰਗਾ ਹੋ ਗਿਆ ਸੀ ਅਤੇ ਉਹ ਸਿਰਫ਼ ਲੋਕਾਂ ਨਾਲ ਇਸ਼ਾਰੇ ਹੀ ਕਰ ਸਕਿਆ।
23 ਜਦੋਂ ਉਸਦੀ ਸੇਵਾ ਮੁਕੰਮਲ ਹੋ ਗਈ ਤਾਂ ਉਹ ਘਰ ਵਾਪਿਸ ਮੁੜ ਆਇਆ।
24 ਫ਼ਿਰ ਕੁਝ ਦਿਨਾਂ ਪਿਛੋਂ ਉਸਦੀ ਪਤਨੀ ਇਲੀਸਬਤ ਗਰਭਵਤੀ ਹੋ ਗਈ ਅਤੇ ਉਹ ਪੰਜ ਮਹੀਨਿਆਂ ਵਾਸਤੇ ਘਰੋਂ ਬਾਹਰ ਨਾ ਗਈ। ਉਸਨੇ ਆਖਿਆ,
25 “ਪ੍ਰਭੂ ਨੇ ਮੇਰੀ ਹਾਲਤ ਵੇਖੀ ਸੀ ਅਤੇ ਹੁਣ ਮੇਰੀ ਸਹਾਇਤਾ ਕਰਨ ਦਾ ਫ਼ੈਸਲਾ ਕੀਤਾ ਹੈ। ਉਸਨੇ ਲੋਕਾਂ ਅੱਗੇ ਮੇਰਾ ਬਾਂਝ ਹੋਣ ਦਾ ਕਲੰਕ ਦੂਰ ਕਰਨ ਲਈ ਕਾਰਵਾਈ ਕੀਤੀ।”
26 ਜਦੋਂ ਇਲੀਸਬਤ ਗਰਭ ਅਵਸਥਾ ਦੇ ਛੇਵੇਂ ਮਹੀਨੇ ਵਿੱਚ ਸੀ ਤਾਂ ਜ਼ਿਬਰਾਏਲ ਦੂਤ ਨੂੰ ਪਰਮੇਸ਼ੁਰ ਦੇ ਵੱਲੋਂ ਨਾਸਰਤ ਨਾਮੀ ਗਲੀਲ ਦੇ ਇੱਕ ਨਗਰ ਦੇ ਵਿੱਚ ਇੱਕ ਕੁਆਰੀ ਕੁੜੀ ਕੋਲ ਭੇਜਿਆ ਗਿਆ। ਉਸ ਕੁੜੀ ਦੀ ਦਾਊਦ ਦੇ ਪਰਿਵਾਰ ਵਿੱਚੋਂ ਯੂਸੁਫ਼ ਨਾਉਂ ਦੇ ਇੱਕ ਆਦਮੀ ਨਾਲ ਕੁੜਮਾਈ ਹੋਈ ਸੀ, ਅਤੇ ਉਸ ਕੁੜੀ ਦਾ ਨਾਮ ਮਰਿਯਮ ਸੀ।
27
28 ਦੂਤ ਉਸ ਕੁੜੀ ਕੋਲ ਆਇਆ ਅਤੇ ਆਖਿਆ, “ਮੁਬਾਰਕ ਹੋਵੇ! ਪ੍ਰਭੂ ਤੇਰੇ ਨਾਲ ਹੈ ਅਤੇ ਤੇਰੇ ਤੇ ਪ੍ਰਭੂ ਨੇ ਆਪਣੀ ਕਿਰਪਾ ਵਿਖਾਈ ਹੈ।”
29 ਜਦੋਂ ਉਸਨੇ ਦੂਤ ਦੇ ਸ਼ਬਦ ਸੁਣੇ, ਉਹ ਪਰੇਸ਼ਾਨ ਹੋ ਗਈ ਅਤੇ ਘਬਰਾ ਗਈ। ਉਹ ਸੋਚਣ ਲੱਗੀ, “ਇਸ ਸ਼ੁਭਕਾਮਨਾ ਦਾ ਕੀ ਅਰਥ ਹੋਇਆ।”
30 ਦੂਤ ਨੇ ਉਸਨੂੰ ਆਖਿਆ, “ਮਰਿਯਮ, ਤੂੰ ਘਬਰਾ ਨਾ, ਕਿਉਂਕਿ ਪ੍ਰਭੂ ਤੇਰੇ ਤੇ ਬੜਾ ਪ੍ਰਸੰਨ ਹੈ।
31 ਅਤੇ ਵੇਖ! ਤੂੰ ਗਰਭਵਤੀ ਹੋਵੇਂਗੀ, ਅਤੇ ਇੱਕ ਪੁੱਤਰ ਪੈਦਾ ਕਰੇਂਗੀ ਅਤੇ ਉਸਦਾ ਨਾਉਂ ਯਿਸੂ ਰੱਖਣਾ।
32 ਉਹ ਮਹਾਨ ਹੋਵੇਗਾ ਅਤੇ ਲੋਕ ਉਸਨੂੰ ਅੱਤ ਉਚ੍ਚ ਪਰਮੇਸ਼ੁਰ ਦਾ ਪੁੱਤਰ ਆਖਣਗੇ। ਅਤੇ ਪ੍ਰਭੂ ਪਰਮੇਸ਼ੁਰ ਉਸਦੇ ਪਿਤਾ ਦਾਊਦ ਦਾ ਤਖਤ ਉਸਨੂੰ ਦੇਵੇਗਾ।
33 ਉਹ ਹਮੇਸ਼ਾ ਲਈ ਇਸਰਾਏਲੀਆਂ ਤੇ ਹਕੂਮਤ ਕਰੇਗਾ ਅਤੇ ਉਸਦਾ ਰਾਜ ਕਦੀ ਵੀ ਖਤਮ ਨਹੀਂ ਹੋਵੇਗਾ।”
34 ਤਾਂ ਮਰਿਯਮ ਨੇ ਦੂਤ ਨੂੰ ਪੁੱਛਿਆ, “ਇਹ ਕਿਵੇਂ ਵਾਪਰੇਗਾ? ਮੈਂ ਤਾਂ ਅਜੇ ਕੁਆਰੀ ਹਾਂ!”
35 ਦੂਤ ਨੇ ਮਰਿਯਮ ਨੂੰ ਕਿਹਾ, “ਪਵਿੱਤਰ ਆਤਮਾ ਤੇਰੇ ਕੋਲ ਆਵੇਗਾ ਅਤੇ ਅੱਤ ਉਚ ਪਰਮੇਸ਼ੁਰ ਦੀ ਸ਼ਕਤੀ ਤੇਰੇ ਉੱਪਰ ਆਪਣੀ ਪਰਛਾਈ ਢਾਲੇਗੀ ਅਤੇ ਇਸ ਲਈ ਜਿਹੜਾ ਪਵਿੱਤਰ ਬਾਲਕ ਪੈਦਾ ਹੋਣ ਵਾਲਾ ਹੈ, ਪਰਮੇਸ਼ੁਰ ਦਾ ਪੁੱਤਰ ਕਹਾਵੇਗਾ।
36 ਅਤੇ ਸੁਣ, ਤੇਰੀ ਰਿਸ਼ਤੇਦਾਰ ਇਲੀਸਬਤ ਵੀ ਗਰਭਵਤੀ ਹੈ। ਭਾਵੇਂ ਉਹ ਬੜੀ ਬੁਢੀ ਹੈ ਪਰ ਉਸਨੂੰ ਬੱਚਾ ਹੋਣ ਵਾਲਾ ਹੈ। ਇਹ ਔਰਤ, ਜਿਸਨੂੰ ਲੋਕ ਬਾਂਝ ਆਖਦੇ ਸਨ, ਇਸਨੂੰ ਗਰਭਵਤੀ ਹੋਈ ਨੂੰ ਛੇ ਮਹੀਨੇ ਹੋ ਗਏ ਹਨ!
37 ਕਿਉਂਕਿ ਪਰਮੇਸ਼ੁਰ ਲਈ ਕੁਝ ਵੀ ਅਸੰਭਵ ਨਹੀਂ ਹੈ।”
38 ਮਰਿਯਮ ਨੇ ਕਿਹਾ, “ਮੈਂ ਤਾਂ ਪ੍ਰਭੂ ਦੀ ਦਾਸੀ ਹਾਂ ਸੋ ਮੇਰੇ ਨਾਲ ਸਭ ਤੇਰੇ ਕਹੇ ਅਨੁਸਾਰ ਹੀ ਵਾਪਰੇ!” ਤਦ ਦੂਤ ਉਸ ਪਾਸੋਂ ਚਲਾ ਗਿਆ।
39 ਮਰਿਯਮ ਤਿਆਰ ਹੋਈ ਅਤੇ ਛੇਤੀ ਹੀ ਯਹੂਦਿਯਾ ਦੇ ਪਹਾੜੀ ਇਲਾਕੇ ਦੇ ਇੱਕ ਨਗਰ ਨੂੰ ਗਈ।
40 ਫ਼ਿਰ ਉਹ ਜ਼ਕਰਯਾਹ ਦੇ ਘਰ ਜਾ ਵੜੀ ਅਤੇ ਇਲੀਸਬਤ ਨੂੰ ਸਲਾਮ ਕੀਤਾ।
41 ਜਦੋਂ ਇਲੀਸਬਤ ਨੇ ਮਰਿਯਮ ਦੀਆਂ ਸ਼ੁਭਕਾਮਨਾਵਾਂ ਸੁਣੀਆਂ ਤਾਂ ਉਸਦੀ ਕੁਖ ਵਿੱਚ ਬੱਚਾ ਨਚ ਪਿਆ ਅਤੇ ਇਲੀਸਬਤ ਪਵਿੱਤਰ ਆਤਮਾ ਨਾਲ ਭਰਪੂਰ ਹੋ ਗਈ।
42 ਉਸਨੇ ਉੱਚੀ ਅਵਾਜ਼ ਵਿੱਚ ਆਖਿਆ, “ਤੂੰ ਸਭ ਔਰਤਾਂ ਤੋਂ ਵਧੇਰੇ ਧੰਨ ਹੈ। ਅਤੇ ਉਹ ਜੋ ਬਾਲਕ ਤੈਨੂੰ ਪੈਦਾ ਹੋਵੇਗਾ ਉਹ ਵੀ ਧੰਨ ਹੈ।
43 ਮੇਰੇ ਪ੍ਰਭੂ ਦੀ ਮਾਤਾ ਦਾ ਮੇਰੇ ਕੋਲ ਆਉਣ ਦਾ ਭਾਗ ਮੈਨੂੰ ਕਿਵੇਂ ਪ੍ਰਾਪਤ ਹੋਇਆ!
44 ਮੈਂ ਕਿੰਨੀ ਖੁਸ਼ਨਸੀਬ ਹਾਂ। ਜਦੋਂ ਮੈਂ ਤੇਰੀ ਅਵਾਜ਼ ਸੁਣੀ ਤਾਂ ਮੇਰੀ ਕੁਖ ਅੰਦਰਲਾ ਬੱਚਾ ਖੁਸ਼ੀ ਨਾਲ ਉਛਲ ਪਿਆ।
45 ਤੂੰ ਸੱਚ-ਮੁੱਚ ਧੰਨ ਹੈ! ਕਿਉਂਕਿ ਤੂੰ ਵਿਸ਼ਵਾਸ ਕੀਤਾ ਹੈ ਕਿ, ਜਿਹੜੀਆਂ ਗੱਲਾਂ ਪ੍ਰਭੂ ਨੇ ਤੈਨੂੰ ਕਹੀਆਂ, ਉਹ ਜ਼ਰੂਰ ਪੂਰੀਆਂ ਹੋਣਗੀਆਂ।”
46 ਤਾਂ ਮਰਿਯਮ ਨੇ ਕਿਹਾ,
47 “ਮੇਰਾ ਆਤਮਾ ਪ੍ਰਭੂ ਦੀ ਉਸਤਤਿ ਕਰਦਾ ਹੈਮੇਰਾ ਦਿਲ ਬੜਾ ਖੁਸ਼ ਹੈ ਕਿਉਂਕਿ ਪ੍ਰਭੂ ਮੇਰਾ ਮੁਕਤੀਦਾਤਾ ਹੈ।
48 ਉਸਨੇ ਆਪਣੇ ਦੀਨ ਦਾਸੀਵੱਲ ਆਪਣਾ ਧਿਆਨ ਦਿੱਤਾ ਹੈ।ਹਾਂ, ਹੁਣ ਤੋਂ ਸਭਮੈਨੂੰ ਧੰਨ ਆਖਣਗੇ,
49 ਕਿਉਂਕਿ, ਇਸ ਸਰਬ ਸ਼ਕਤੀਮਾਨ ਨੇ ਮੇਰੇ ਲਈ ਮਹਾਨ ਕਾਰਜ ਕੀਤੇ ਹਨਅਤੇ ਉਸਦਾ ਨਾਮ ਪਵਿੱਤਰ ਹੈ।
50 ਜਿਹੜੇ ਲੋਕ ਉਸਤੋਂ ਡਰਦੇ ਹਨ ਉਹ ਉਨ੍ਹਾਂ ਤੇ, ਅਤੇ ਉਨ੍ਹਾਂ ਦੀਆਂ ਉਲਾਦਾਂ ਤੇ ਮਿਹਰਬਾਨ ਹੁੰਦਾ ਹੈ।
51 ਉਸਨੇ ਆਪਣੀਆਂ ਬਾਹਾਂ ਦੀ ਤਾਕਤ ਵਿਖਾਈ।ਉਸਨੇ ਹੰਕਾਰੀ ਲੋਕਾਂ ਨੂੰ ਉਨ੍ਹਾਂ ਦੀਆਂ ਹੰਕਾਰੀ ਸੋਚਾਂ ਨਾਲ ਖਿੰਡਾ ਦਿੱਤਾ।
52 ਉਸਨੇ ਸ਼ਕਤੀਸ਼ਾਲੀ ਹਾਕਮਾਂ ਨੂੰ ਉਨ੍ਹਾਂ ਦੇ ਸਿੰਘਾਸਨਾਂ ਤੋਂ ਹਟਾ ਦਿੱਤਾ ਹੈਅਤੇ ਉਸਨੇ ਦੀਨ ਲੋਕਾਂ ਨੂੰ ਉੱਚਾ ਉਠਾਇਆ।
53 ਉਸਨੇ ਭੁਖਿਆਂ ਨੂੰ ਚੰਗੀਆਂ ਚੀਜ਼ਾਂ ਨਾਲ ਰਜਾ ਦਿੱਤਾਅਤੇ ਅਮੀਰ ਲੋਕਾਂ ਨੂੰ ਖਾਲੀ ਹੱਥੀ ਭੇਜ ਦਿੱਤਾ।
54 ਉਹ ਇਸਰਾਏਲ ਦੇ ਲੋਕਾਂ ਦੀ ਮਦਦ ਲਈ ਆਇਆ ਜਿਨ੍ਹਾਂ ਨੂੰ ਉਸਨੇ ਆਪਣੀ ਸੇਵਾ ਲਈ ਚੁਣਿਆ ਸੀ।ਉਸਨੇ ਸਾਨੂੰ ਆਪਣੀ ਮਿਹਰ ਵਿਖਾਈ ਤਾਂ ਜੋ ਅਸੀਂ ਉਸਨੂੰ ਯਾਦ ਰੱਖੀਏ।
55 ਇਸ ਤਰ੍ਹਾਂ ਉਸਨੇ ਸਾਡੇ ਪੁਰਖਿਆਂ, ਅਬਰਾਹਾਮ ਅਤੇ ਉਸਦੀਆਂ ਉਲਾਦਾਂ, ਨਾਲ ਕੀਤਾ ਵਚਨ ਸਦੀਵੀ ਪੂਰਾ ਕੀਤਾ।
56 ਮਰਿਯਮ ਇਲੀਸਬਤ ਨਾਲ ਤਿੰਨ ਕੁ ਮਹੀਨੇ ਰਹੀ ਅਤੇ ਫ਼ਿਰ ਘਰ ਮੁੜ ਆਈ।
57 ਜਦੋਂ ਇਲੀਸਬਤ ਦੇ ਜਣਨ ਦਾ ਵੇਲਾ ਆ ਗਿਆ ਤਾਂ ਉਸਦੇ ਘਰ ਇੱਕ ਪੁੱਤਰ ਨੇ ਜਨਮ ਲਿਤਾ।
58 ਜਦੋਂ ਉਸਦੇ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਨੇ ਸੁਣਿਆ ਕਿ ਪ੍ਰਭੂ ਨੇ ਉਸ ਉੱਪਰ ਆਪਣੀ ਮਹਾਨ ਦਯਾ ਵਿਖਾਈ ਹੈ ਤਾਂ ਉਹ ਉਸਦੇ ਨਾਲ ਜਸ਼ਨ ਮਨਾਉਣ ਲਈ ਆਏ।
59 ਜਦੋਂ ਬਾਲਕ ਅਠਾਂ ਦਿਨਾਂ ਦਾ ਹੋ ਗਿਆ ਤਾਂ ਉਹ ਲੋਕ ਬੱਚੇ ਦੀ ਸੁੰਨਤ ਕਰਨ ਲਈ ਆਏ ਅਤੇ ਉਸਦਾ ਨਾਉਂ ਜ਼ਕਰਯਾਹਰੱਖਣ ਲੱਗੇ, ਕਿਉਂਕਿ ਇਹੀ ਉਸਦੇ ਪਿਤਾ ਦਾ ਨਾਉਂ ਸੀ।
60 ਪਰ ਉਸਦੀ ਮਾਤਾ ਨੇ ਆਖਿਆ, “ਨਹੀਂ! ਉਹ ਯੂਹੰਨਾ ਸਦਵਾਏਗਾ।
61 ਫ਼ਿਰ ਉਨ੍ਹਾਂ ਨੇ ਉਸਨੂੰ ਕਿਹਾ, “ਤੇਰੇ ਸਾਕਾਂ ਵਿੱਚੋਂ ਕੋਈ ਵੀ ਅਜਿਹਾ ਨਹੀਂ ਹੈ ਜੋ ਇਸ ਨਾਉਂ ਨਾਲ ਸਦਵਾਉਂਦਾ ਹੋਵੇ।”
62 ਤਦ ਉਨ੍ਹਾਂ ਨੇ ਉਸਦੇ ਪਿਤਾ ਵੱਲ ਇਸ਼ਾਰਾ ਕੀਤਾ “ਉਹ ਉਸਦਾ ਕੀ ਨਾਉਂ ਰੱਖਣਾ ਚਾਹੁੰਦਾ ਹੈ?”
63 ਤਾਂ ਉਸਨੇ ਲਿਖਣ ਵਾਸਤੇ ਕੁਝ ਮੰਗਵਾਕੇ ਉਸ ਉੱਪਰ ਲਿਖਿਆ ਕਿ, ‘ਇਸਦਾ ਨਾਮ ਯੂਹੰਨਾ ਹੈ।” ਸਾਰੇ ਲੋਕ ਵੇਖਕੇ ਹੈਰਾਨ ਰਹਿ ਗਏ।
64 ਫ਼ੇਰ ਤੁਰੰਤ ਹੀ ਉਸਦਾ ਮੂੰਹ ਖੁਲ੍ਹਿਆ ਅਤੇ ਉਸਦੀ ਜੀਭ ਢਿਲੀ ਹੋ ਗਈ ਅਤੇ ਉਸਨੇ ਪ੍ਰਭੂ ਦੀ ਉਸਤਤਿ ਕਰਨੀ ਸ਼ੁਰੂ ਕਰ ਦਿੱਤੀ।
65 ਤਾਂ ਸਾਰੇ ਆਂਢੀ-ਗੁਆਂਢੀ ਇਹ ਵੇਖਕੇ ਘਬਰਾ ਗਏ ਅਤੇ ਯਹੂਦਿਯਾ ਦੇ ਸਾਰੇ ਪਹਾੜੀ ਖੇਤ੍ਰ ਵਿੱਚ ਇਨ੍ਹਾਂ ਸਾਰੀਆਂ ਗੱਲਾਂ ਬਾਰੇ ਚਰਚਾ ਕਰਨ ਲੱਗ ਪਏ।
66 ਸਾਰੇ ਲੋਕ ਜਿਨ੍ਹਾਂ ਨੇ ਵੀ ਅਜਿਹੀਆਂ ਗੱਲਾਂ ਸੁਣੀਆਂ ਉਹ ਹੈਰਾਨ ਹੋਏ ਅਤੇ ਪੁੱਛਿਆ, “ਇਹ ਬੱਚਾ ਕਿਵੇਂ ਦਾ ਹੋਵੇਗਾ?” ਕਿਉਂਕਿ ਪ੍ਰਭੂ ਦਾ ਹੱਥ ਉਸ ਬੱਚੇ ਦੇ ਨਾਲ ਸੀ।
67 ਤਦ ਯੂਹੰਨਾ ਦਾ ਪਿਤਾ ਜ਼ਕਰਯਾਹ ਪਵਿੱਤਰ ਆਤਮਾ ਨਾਲ ਭਰਪੂਰ ਸੀ ਅਤੇ ਉਹ ਲੋਕਾਂ ਨੂੰ ਦੱਸਦਾ ਕਿ ਭਵਿਖ ਵਿੱਚ ਕੀ ਵਾਪਰੇਗਾ:
68 :ਉਸਤਤਿ ਹੋਵੇ ਇਸਰਾਏਲ ਦੇ ਪ੍ਰਭੂ ਦੀ,ਕਿਉਂ ਜੁ ਉਹ ਆਪਣੇ ਲੋਕਾਂ ਦੀ ਮਦਦ ਕਰਨ ਲਈ ਆਇਆ ਹੈ ਅਤੇ ਉਨ੍ਹਾਂ ਨੂੰ ਛੁਟਕਾਰਾ ਦਿੱਤਾ ਹੈ।
69 ਉਸਨੇ ਸਾਨੂੰ ਆਪਣੇ ਸੇਵਕ ਦਾਊਦ ਦੇਪਰਿਵਾਰ ਵਿੱਚੋਂ ਸ਼ਕਤੀਸ਼ਾਲੀ ਮੁਕਤੀਦਾਤਾ ਬਖਸ਼ਿਆ ਹੈ।
70 ਉਸਨੇ ਅਜਿਹਾ ਉਸ ਵਾਦੇ ਲਈ ਕੀਤਾ ਜਿਹੜਾਉਸਨੇ ਬਹੁਤ ਪਹਿਲਾਂ ਆਪਣੇ ਨਬੀਆਂ ਰਾਹੀਂ ਕੀਤਾ ਸੀ।
71 ਉਸਨੇ ਸਾਨੂੰ ਸਾਡੇ ਵੈਰੀਆਂ ਤੋਂਅਤੇ ਉਨ੍ਹਾਂ ਸਭਨਾਂ ਲੋਕਾਂ ਦੇ ਹੱਥਾਂ ਤੋਂ ਬਚਾਉਣ ਦਾ ਵਾਦਾ ਕੀਤਾ ਜੋ ਸਾਨੂੰ ਨਫ਼ਰਤ ਕਰਦੇ ਹਨ।
72 ਪ੍ਰਭੂ ਨੇ ਵਾਦਾ ਕੀਤਾ ਸੀ ਕਿ ਉਹ ਸਾਡੇ ਪਿਉ-ਦਾਦਿਆਂ ਤੇ ਮਿਹਰਬਾਨ ਹੋਵੇਗਾਅਤੇ ਆਪਣੇ ਪਵਿੱਤਰ ਵਾਦੇ ਨੂੰ ਚੇਤੇ ਰੱਖੇਗਾ।
73 ਉਸਨੇ ਅਬਰਾਹਾਮ, ਸਾਡੇ ਪੂਰਵਜ ਨਾਲ ਇਕਰਾਰ ਕੀਤਾ
74 ਕਿ ਉਹ ਸਾਨੂੰ ਸਾਡੇ ਦੁਸ਼ਮਣਾਂ ਦੇ ਹੱਥੋਂ ਛੁਟਕਾਰਾ ਦੁਆਵੇਗਾ ਤਾਂ ਜੋਅਸੀਂ ਉਸਦੀ ਨਿਰਭੈ ਹੋਕੇ ਸੇਵਾ ਕਰ ਸਕੀਏ
75 ਅਸੀਂ ਆਪਣੀ ਸਾਰੀ ਜ਼ਿੰਦਗੀ ਵਿੱਚ ਉਸਦੇ ਸਾਮ੍ਹਣੇ ਪਵਿੱਤਰ ਅਤੇ ਧਰਮੀ ਰਹਾਂਗੇ।
76 ਹੇ ਬਾਲਕ, ਹੁਣ ਤੂੰ ਅੱਤ ਉਚ ਪਰਮੇਸ਼ੁਰ ਦਾ ਨਬੀ ਅਖਵਾਏਂਗਾ ਕਿਉਂਕਿ ਤੂੰਪ੍ਰਭੂ ਦੇ ਅੱਗੇ-ਅੱਗੇ ਜਾਵੇਂਗਾ ਅਤੇ ਉਸ ਲਈ ਰਾਹ ਤਿਆਰ ਕਰੇਂਗਾ।
77 ਅਤੇ ਤੂੰ ਉਸਦੇ ਲੋਕਾਂ ਨੂੰ ਦੱਸੇਂਗਾ ਕਿ ਉਹ ਆਪਣੇ ਪਾਪਾਂ ਦੀ ਮਾਫ਼ੀ ਰਾਹੀਂ ਬਚਾਏ ਜਾਣਗੇ।
78 ਸਾਡੇ ਪਰਮੇਸ਼ੁਰ ਦੀ ਮਹਾਨ ਦਯਾ ਦੇ ਕਾਰਣ,ਇੱਕ ਨਵੀਂ ਸਵੇਰ ਸਾਡੇ ਉੱਪਰ ਆਵੇਗੀ।
79 ਇਹ ਨਵੀਂ ਸਵੇਰ ਉਨ੍ਹਾਂ ਲੋਕਾਂ ਤੇ ਚਮਕੇਗੀ ਜੋ ਹਨੇਰੇ ਅਤੇ ਮੌਤ ਦੇ ਪਰਛਾਵੇਂ ਵਿੱਚ ਰਹਿ ਰਹੇ ਹਨ। ਤਾਂ ਜੋਸਾਡੇ ਕਦਮ ਸ਼ਾਂਤੀ ਵੱਲ ਵਧ ਸਕਣ।”
80 ਇਉਂ ਉਹ ਛੋਟਾ ਬੱਚਾ ਵੱਡਾ ਹੋਇਆ ਅਤੇ ਆਤਮਾ ਵਿੱਚ ਤਾਕਤਵਰ ਬਣਿਆ। ਅਤੇ ਇਸਰਾਏਲ ਉੱਤੇ ਆਪਣੇ ਪਰਗਟ ਹੋਣ ਦੇ ਦਿਨ ਤੀਕਰ, ਉਜਾੜ ਵਿੱਚ ਰਿਹਾ।