ਕਾਂਡ 18
1 ਯਿਸੂ ਨੇ ਉਨ੍ਹਾਂ ਨੂੰ ਇਹ ਸਮਝਾਉਣ ਲਈ ਇੱਕ ਦ੍ਰਿਸ਼ਟਾਂਤ ਦਿੱਤਾ ਕਿ ਕਿਵੇਂ ਉਨ੍ਹਾਂ ਨੂੰ ਹਮੇਸ਼ਾ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਆਸ ਨਹੀਂ ਛੱਡਣੀ ਚਾਹੀਦੀ।
2 “ਇੱਕ ਵਾਰ, ਇੱਕ ਸ਼ਹਿਰ ਵਿੱਚ, ਇੱਕ ਨਿਆਂਕਾਰ ਸੀ ਜੋ ਪਰਮੇਸ਼ੁਰ ਤੋਂ ਨਹੀਂ ਡਰਦਾ ਸੀ ਅਤੇ ਨਾ ਹੀ ਲੋਕਾਂ ਵੱਲ ਧਿਆਨ ਦਿੰਦਾ ਸੀ ਕਿ ਉਹ ਉਸ ਬਾਰੇ ਕੀ ਸੋਚਦੇ ਹਨ।
3 ਉਸੇ ਸ਼ਹਿਰ ਵਿੱਚ, ਇੱਕ ਔਰਤ ਰਹਿੰਦੀ ਸੀ ਜਿਸਦਾ ਪਤੀ ਮਰ ਚੁੱਕਾ ਸੀ। ਉਹ ਔਰਤ ਉਸ ਹਾਕਮ ਪਾਸ ਬਹੁਤ ਵਾਰ ਆਈ ਅਤੇ ਕਿਹਾ, ‘ਇੱਕ ਆਦਮੀ ਮੈਨੂੰ ਕਸ਼ਟ ਦਿੰਦਾ ਹੈ। ਕਿਰਪਾ ਕਰਕੇ ਮੈਨੂੰ ਨਿਆਂ ਦੇਵੋ!”
4 ਪਰ ਉਹ ਹਾਕਮ ਉਸ ਔਰਤ ਦੀ ਮਦਦ ਨਹੀਂ ਸੀ ਕਰਨਾ ਚਾਹੁੰਦਾ। ਬਹੁਤ ਦੇਰ ਬਾਦ ਹਾਕਮ ਨੇ ਆਪਣੇ ਮਨ ਵਿੱਚ ਸੋਚਿਆ, ‘ਨਾ ਤਾਂ ਮੈਂ ਪਰਮੇਸ਼ੁਰ ਤੋਂ ਡਰਦਾ ਹਾਂ ਅਤੇ ਨਾ ਹੀ ਇਸ ਗੱਲ ਦੀ ਪ੍ਰਵਾਹ ਕਰਦਾ ਹਾਂ ਕਿ ਲੋਕ ਮੇਰੇ ਬਾਰੇ ਕੀ ਸੋਚਦੇ ਹਨ।
5 ਪਰ ਇਹ ਔਰਤ ਮੈਨੂੰ ਕਿੰਨਾ ਦੁਖ ਦਿੰਦੀ ਹੈ। ਜੇਕਰ ਇਹ ਜੋ ਚਾਹੁੰਦੀ ਹੈ ਮੈਂ ਇਸਨੂੰ ਦੇ ਦੇਵਾਂ ਤਾਂ ਇਹ ਮੈਨੂੰ ਇਕਲਿਆਂ ਛਡ ਜਾਵੇਗੀ ਤੇ ਜੇਕਰ ਮੈਂ ਉਸਦੀ ਸਮਸਿਆ ਹਲ ਨਾ ਕੀਤੀ, ਉਹ ਆਉਣਾ ਜਾਰੀ ਰੱਖੇਗੀ ਅਤੇ ਮੈਨੂੰ ਪਰੇਸ਼ਾਨ ਕਰਦੀ ਰਹੇਗੀ।’”
6 ਫਿਰ ਪ੍ਰਭੂ ਨੇ ਆਖਿਆ, “ਸੁਣੋ! ਇਸ ਵਿੱਚ ਡੂੰਘਾ ਭਾਵ ਹੈ, ਜੋ ਕਿ ਹਾਕਮ ਨੇ ਕਿਹਾ।
7 ਜਦੋਂ ਪਰਮੇਸ਼ੁਰ ਦੇ ਚੁਣੇ ਹੋਏ ਲੋਕ ਦਿਨ-ਰਾਤ ਉਸ ਅੱਗੇ ਚੀਕਦੇ ਰਹਿੰਦੇ ਹਨ ਤਾਂ ਨਿਸ਼ਚਿਤ ਹੀ ਉਹ ਆਪਣੇ ਲੋਕਾਂ ਨੂੰ ਨਿਆਂ ਦੇਵੇਗਾ। ਉਹ ਬਿਨਾ ਦੇਰੀ ਕੀਤਿਆਂ ਆਪਣੇ ਚੁਣੇ ਹੋਏ ਲੋਕਾਂ ਨੂੰ ਜਵਾਬ ਦੇਵੇਗਾ।
8 ਮੈਂ ਤੁਹਾਨੂੰ ਦੱਸਦਾ ਹਾਂ ਕਿ ਪਰਮੇਸ਼ੁਰ ਛੇਤੀ ਹੀ ਆਪਣੇ ਲੋਕਾਂ ਦੀ ਮਦਦ ਕਰੇਗਾ ਅਤੇ ਉਨ੍ਹਾਂ ਨੂੰ ਨਿਆਂ ਦੇਵੇਗਾ। ਪਰ ਜਦੋਂ ਮਨੁੱਖ ਦਾ ਪੁੱਤਰ ਆਵੇਗਾ, ਕੀ ਉਹ ਧਰਤੀ ਤੇ ਉਨ੍ਹਾਂ ਲੋਕਾਂ ਨੂੰ ਲੱਭੇਗਾ ਜਿਨ੍ਹਾਂ ਨੂੰ ਉਸ ਵਿੱਚ ਵਿਸ਼ਵਾਸ ਹੈ?”
9 ਉਥੇ ਕੁਝ ਲੋਕ ਸਨ ਜੋ ਆਪਣੇ-ਆਪ ਨੂੰ ਬਹੁਤ ਭਲਾ ਸਮਝਦੇ ਸਨ। ਉਹ ਬਾਕੀ ਲੋਕਾਂ ਨੂੰ ਆਪਣੇ ਨਾਲੋਂ ਹੀਣੇ ਮੰਨਦੇ ਸਨ। ਤਾਂ ਯਿਸੂ ਨੇ ਉਨ੍ਹਾਂ ਨੂੰ ਇਹ ਦ੍ਰਿਸ਼ਟਾਂਤ ਦਿੱਤਾ।
10 “ਇੱਕ ਵਾਰ ਇੱਕ ਫਰੀਸੀ ਅਤੇ ਇੱਕ ਮਸੂਲੀਆ ਸੀ। ਇੱਕ ਦਿਨ ਉਹ ਦੋਵੇ ਇਕਠ੍ਠੇ ਪ੍ਰਾਰਥਨਾ ਕਰਨ ਲਈ ਮੰਦਰ ਗਏ।
11 ਫਰੀਸੀ ਮਸੂਲੀਏ ਕੋਲੋਂ ਦੂਰ ਅਲੱਗ ਪ੍ਰਾਰਥਨਾ ਕਰਨ ਲਈ ਖੜਾ ਹੋਇਆ। ਜਦੋਂ ਫਰੀਸੀ ਪ੍ਰਾਰਥਨਾ ਕਰ ਰਿਹਾ ਸੀ ਤਾਂ ਉਸਨੇ ਆਖਿਆ, ‘ਹੇ ਪ੍ਰਭੂ! ਮੈਂ ਤੇਰਾ ਸ਼ੁਕਰਾਨਾ ਕਰਦਾ ਹਾਂ ਕਿਉਂਕਿ ਮੈਂ ਬਾਕੀ ਲੋਕਾਂ ਵਾਂਗ ਭੈੜਾ ਨਹੀਂ ਹਾਂ। ਮੈਂ ਕੋਈ ਚੋਰ ਜਾਂ ਧੋਖੇਬਾਜ ਜਾਂ ਕੋਈ ਬਦਕਾਰ ਨਹੀਂ ਹਾਂ। ਮੈਂ ਤੇਰਾ ਸ਼ੁਕਰਾਨਾ ਕਰਦਾ ਹਾਂ ਕਿਉਂਕਿ ਮੈਂ ਇਸ ਮਸੂਲੀਏ ਨਾਲੋਂ ਚੰਗਾ ਹਾਂ।
12 ਮੈਂ ਚੰਗਾ ਹਾਂ, ਮੈਂ ਹਫਤੇ ਵਿੱਚ ਦੋ ਵਾਰ ਵਰਤ ਰੱਖਦਾ ਹਾਂ ਅਤੇ ਆਪਣੀ ਸਾਰੀ ਕਮਾਈ ਵਿੱਚੋਂ ਦਸਵੰਧ ਦਿੰਦਾ ਹਾਂ।’
13 “ਮਸੂਲੀਆ ਇੱਕ ਖੂਂਜੇ ਵਿੱਚ ਖੜਾ ਹੋ ਗਿਆ, ਜਦੋਂ ਉਹ ਪ੍ਰਾਰਥਨਾ ਕਰ ਰਿਹਾ ਸੀ, ਉਸਨੇ ਆਪਣਾ ਸਿਰ ਵੀ ਸਵਰਗ ਵੱਲ ਚੁੱਕਣ ਦੀ ਦਲੇਰੀ ਨਾ ਕੀਤੀ। ਉਸਨੇ ਪਰਮੇਸ਼ੁਰ ਅੱਗੇ ਆਪਣੇ-ਆਪ ਨੂੰ ਬੜਾ ਨਿਮਾਣਾ ਪ੍ਰਗਟ ਕੀਤਾ ਅਤੇ ਆਖਿਆ, ‘ਹੇ ਪ੍ਰਭੂ! ਮੇਰੇ ਤੇ ਮਿਹਰ ਕਰ! ਮੈਂ ਇੱਕ ਪਾਪੀ ਹਾਂ!’
14 ਮੈਂ ਤੁਹਾਨੂੰ ਦੱਸਦਾ ਹਾਂ ਕਿ ਇਹ ਆਦਮੀ ਪਰਮੇਸ਼ੁਰ ਦੀ ਦ੍ਰਿਸ਼ਟੀ ਵਿੱਚ ਧਰਮੀ ਬਣਕੇ ਘਰ ਗਿਆ, ਪਰ ਫਰੀਸੀ ਜਿਸਨੇ ਆਪਣੇ-ਆਪ ਨੂੰ ਇੱਕ ਚੰਗਾ ਆਦਮੀ ਸਮਝਿਆ, ਧਰਮੀ ਨਹੀਂ ਸੀ। ਕੋਈ ਵੀ ਜੋ ਆਪਣੇ-ਆਪ ਨੂੰ ਉੱਚਾ ਚੁੱਕਦਾ ਹੈ ਥੱਲੇ ਲਿਆਂਦਾ ਜਾਵੇਗਾ ਅਤੇ ਜੋ ਵਿਅਕਤੀ ਆਪਣੇ-ਆਪ ਨੂੰ ਨਿਮ੍ਰ ਬਣਾਉਂਦਾ ਹੈ ਸੋ ਉੱਚਾ ਚੁਕਿਆ ਜਾਵੇਗਾ।”
15 ਕੁਝ ਲੋਕ ਆਪਣੇ ਛੋਟੇ ਬਚਿਆਂ ਨੂੰ ਯਿਸੂ ਕੋਲ ਲਿਆਏ ਤਾਂ ਜੋ ਉਹ ਉਨ੍ਹਾਂ ਨੂੰ ਛੂਹਵੇ। ਪਰ ਜਦੋਂ ਉਸਦੇ ਚੇਲਿਆਂ ਨੇ ਵੇਖਿਆ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਝਿੜਕਿਆ।
16 ਪਰ ਯਿਸੂ ਨੇ ਛੋਟੇ ਬਾਲਕਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਆਪਣੇ ਚੇਲਿਆਂ ਨੂੰ ਆਖਿਆ, “ਬਚਿਆਂ ਨੂੰ ਮੇਰੇ ਕੋਲ ਆਉਣ ਦੇਵੋ! ਉਨ੍ਹਾਂ ਨੂੰ ਰੋਕੋ ਨਾ। ਕਿਉਂਕਿ ਪਰਮੇਸ਼ੁਰ ਦਾ ਰਾਜ ਉਨ੍ਹਾਂ ਲੋਕਾਂ ਨਾਲ ਸੰਬੰਧਿਤ ਹੈ ਜੋ ਇਨ੍ਹਾਂ ਬਚਿਆਂ ਵਰਗੇ ਹਨ।
17 ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਕੋਈ ਵੀ ਜਿਹੜਾ ਪਰਮੇਸ਼ੁਰ ਦੇ ਰਾਜ ਨੂੰ ਬਚਿਆਂ ਦੇ ਭਰੋਸੇ ਵਾਂਗ ਨਹੀਂ ਕਬੂਲਦਾ, ਉਹ ਕਦੀ ਵੀ ਪਰਮੇਸ਼ੁਰ ਦੇ ਰਾਜ ਅੰਦਰ ਪ੍ਰਵੇਸ਼ ਨਹੀਂ ਕਰੇਗਾ।”
18 ਇੱਕ ਯਹੂਦੀ ਆਗੂ ਨੇ ਯਿਸੂ ਨੂੰ ਪੁੱਛਿਆ, “ਚੰਗੇ ਗੁਰੂ ਜੀ, ਕਦੀ ਵੀ ਖਤਮ ਨਾ ਹੋਣ ਵਾਲਾ ਜੀਵਨ ਪਾਉਣ ਵਾਸਤੇ ਮੈਂ ਕੀ ਕਰਾਂ?”
19 ਯਿਸੂ ਨੇ ਉਸਨੂੰ ਆਖਿਆ, ‘ਤੂੰ ਮੈਨੂੰ ਚੰਗਾ ਕਿਉਂ ਆਖਦਾ ਹੈਂ। ਇਕੱਲਾ ਪਰਮੇਸ਼ੁਰ ਹੀ ਚੰਗਾ ਹੈ।
20 ਪਰ ਮੈਂ ਤੇਰੇ ਸਵਾਲ ਦਾ ਜਵਾਬ ਦੇਵਾਂਗਾ। ਤੂੰ ਹੁਕਮਨਾਮਿਆਂ ਨੂੰ ਜਾਣਦਾ ਹੈਂ? ‘ਤੈਨੂੰ ਬਦਕਾਰੀ ਦਾ ਪਾਪ ਨਹੀਂ ਕਰਨਾ ਚਾਹੀਦਾ, ਤੈਨੂੰ ਕਿਸੇ ਦਾ ਕਤਲ ਨਹੀਂ ਕਰਨਾ ਚਾਹੀਦਾ, ਤੈਨੂੰ ਚੋਰੀ ਨਹੀਂ ਕਰਨੀ ਚਾਹੀਦੀ, ਤੈਨੂੰ ਝੂਠੀ ਗਵਾਹੀ ਨਹੀਂ ਦੇਣੀ ਚਾਹੀਦੀ ਅਤੇ ਤੈਨੂੰ ਆਪਣੇ ਮਾਤਾ-ਪਿਤਾ ਦੀ ਇਜ੍ਜਤ ਕਰਨੀ ਚਾਹੀਦੀ ਹੈ।”
21 ਪਰ ਆਗੂ ਨੇ ਕਿਹਾ, “ਇਹ ਸਾਰੇ ਹੁਕਮ ਤਾਂ ਮੈਂ ਬਚਪਨ ਤੋਂ ਮੰਨਦਾ ਚਲਿਆ ਆ ਰਿਹਾ ਹਾਂ।”
22 ਜਦੋਂ ਯਿਸੂ ਨੇ ਇਹ ਸੁਣਿਆ ਤਾਂ ਉਸਨੇ ਆਗੂ ਨੂੰ ਆਖਿਆ, “ਅਜੇ ਵੀ ਇੱਕ ਚੀਜ ਹੈ ਜਿਸਦੀ ਤੇਰੇ ਵਿੱਚ ਘਾਟ ਹੈ। ਉਹ ਇਹ ਕਿ ਤੇਰੇ ਕੋਲ ਜਿੰਨੀ ਵੀ ਦੌਲਤ ਹੈ ਉਸਨੂੰ ਵੇਚਕੇ ਧਨ ਗਰੀਬਾਂ ਵਿੱਚ ਵੰਡ ਦੇ। ਤੈਨੂੰ ਸਵਰਗ ਵਿੱਚ ਤੇਰਾ ਖਜਾਨਾ ਮਿਲੇਗਾ। ਇਹ ਸਭ ਕਰਕੇ ਫਿਰ ਤੂੰ ਮੇਰੇ ਕੋਲ ਆ ਤੇ ਮੇਰੇ ਪਿਛੇ-ਪਿਛੇ ਚੱਲ।”
23 ਪਰ ਜਦੋਂ ਉਸ ਆਗੂ ਨੇ ਇਹ ਸੁਣਿਆ ਤਾਂ ਉਹ ਬੜਾ ਉਦਾਸ ਹੋਇਆ ਕਿਉਂਕਿ ਉਹ ਬੜਾ ਅਮੀਰ ਸੀ ਅਤੇ ਸਾਰੀ ਦੌਲਤ ਆਪਣੇ ਕੋਲ ਰੱਖਣੀ ਚਾਹੁੰਦਾ ਸੀ।
24 ਜਦੋਂ ਯਿਸੂ ਨੇ ਵੇਖਿਆ ਕਿ ਉਹ ਮਨੁੱਖ ਬੜਾ ਉਦਾਸ ਹੋ ਗਿਆ ਹੈ ਤਾਂ ਉਸਨੇ ਆਖਿਆ “ਧਨਵਾਨ ਵਾਸਤੇ ਪਰਮੇਸ਼ੁਰ ਦੇ ਰਾਜ ਵਿੱਚ ਜਾਣਾ ਬੜਾ ਔਖਾ ਹੈ।
25 ਅਮੀਰ ਆਦਮੀ ਲਈ ਪਰਮੇਸ਼ੁਰ ਦੇ ਰਾਜ ਵਿੱਚ ਵੜਨ ਨਾਲੋਂ ਇੱਕ ਊਠ ਦਾ ਸੂਈ ਦੇ ਨਕ੍ਕੇ ਵਿੱਚੋਂ ਲੰਘਣਾ ਸੌਖਾ ਹੈ।”
26 ਜਦੋਂ ਲੋਕਾਂ ਨੇ ਇਹ ਸੁਣਿਆ ਤਾਂ ਆਖਣ ਲੱਗੇ, “ਫਿਰ ਕੌਣ ਬਚਾਇਆ ਜਾ ਸਕਦਾ ਹੈ?”
27 ਯਿਸੂ ਨੇ ਆਖਿਆ, “ਜਿਹੜੀਆਂ ਗੱਲਾਂ ਮਨੁੱਖਾਂ ਲਈ ਅਣਹੋਣੀਆਂ ਹਨ, ਉਹ ਪਰਮੇਸ਼ੁਰ ਤੋਂ ਹੋ ਸਕਦੀਆਂ ਹਨ।”
28 ਪਤਰਸ ਨੇ ਕਿਹਾ, “ਵੇਖ, ਅਸੀਂ ਆਪਣਾ ਸਭ ਕੁਝ ਛੱਡਕੇ ਤੇਰੇ ਮਗਰ ਹੋ ਤੁਰੇ ਹਾਂ।”
29 ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਉਹ ਹਰ ਕੋਈ, ਜਿਸਨੇ ਆਪਣੇ ਘਰ, ਪਤਨੀ, ਭਰਾਵਾਂ, ਮਾਪਿਆਂ, ਅਤੇ ਬਚਿਆਂ ਨੂੰ ਪਰਮੇਸ਼ੁਰ ਦੇ ਰਾਜ ਵਾਸਤੇ ਛਡਿਆ ਹੈ,
30 ਉਹ ਆਪਣੇ ਛੱਡੇ ਤੋਂ ਕਿਤੇ ਵਧ ਪਾਵੇਗਾ। ਉਹ ਆਪਣੀ ਜ਼ਿੰਦਗੀ ਵਿੱਚ ਛੱਡੇ ਹੋਏ ਤੋਂ ਕਿਤੇ ਵਧੇਰੇ ਪ੍ਰਾਪਤ ਕਰੇਗਾ ਅਤੇ ਜਦੋਂ ਉਹ ਮਰੇਗਾ, ਉਸਦਾ ਵਾਸਾ ਹਮੇਸ਼ਾ ਪਰਮੇਸ਼ੁਰ ਦੇ ਨਾਲ ਹੋਵੇਗਾ।”
31 ਫਿਰ ਯਿਸੂ ਬਾਰ੍ਹਾਂ ਰਸੂਲਾਂ ਨੂੰ ਇੱਕ ਪਾਸੇ ਲਿਆਇਆ ਅਤੇ ਉਨ੍ਹਾਂ ਨੂੰ ਆਖਿਆ, “ਸੁਣੋ! ਅਸੀਂ ਯਰੂਸ਼ਲਮ ਨੂੰ ਜਾ ਰਹੇ ਹਾਂ। ਉਹ ਸਾਰੀਆਂ ਗੱਲਾਂ ਜੋ ਨਬੀਆਂ ਨੇ ਮਨੁੱਖ ਦੇ ਪੁੱਤਰ ਬਾਰੇ ਲਿਖੀਆਂ ਹਨ, ਪੂਰਨ ਹੋ ਜਾਣਗੀਆਂ।
32 ਉਸਨੂੰ ਗੈਰ-ਯਹੂਦੀ ਲੋਕਾਂ ਦੇ ਹੱਥਾਂ ਵਿੱਚ ਦੇ ਦਿੱਤਾ ਜਾਵੇਗਾ। ਉਹ ਉਸਦਾ ਮਜ਼ਾਕ ਉਡਾਉਣਗੇ, ਉਸਦੀ ਬੇਇੱਜ਼ਤੀ ਕਰਨਗੇ ਅਤੇ ਉਸ ਉੱਪਰ ਥੁਕਣਗੇ।
33 ਉਸਨੂੰ ਕੁਟਣਗੇ ਅਤੇ ਫੇਰ ਉਸਨੂੰ ਮਾਰ ਦੇਣਗੇ। ਪਰ ਉਸਨੂੰ ਤੀਜੇ ਦਿਨ ਜੀਵਨ ਵੱਲ ਉਭਾਰ ਲਿਆ ਜਾਵੇਗਾ।”
34 ਰਸੂਲਾਂ ਨੇ ਉਸਦੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਮਝ ਨਾ ਸਕੇ, ਉਨ੍ਹਾਂ ਲਈ ਅਰਥ ਗੁਪਤ ਰੱਖਿਆ ਗਿਆ ਸੀ।
35 ਜਦੋਂ ਯਿਸੂ ਯਰੀਹੋ ਦੇ ਨੇੜੇ ਆਇਆ ਉਥੇ, ਪੈਸੇ ਮੰਗਦਾ ਹੋਇਆ ਇੱਕ ਅੰਨ੍ਹਾ ਸੜਕ ਦੇ ਕਿਨਾਰੇ ਬੈਠਾ ਸੀ।
36 ਜਦੋਂ ਉਸਨੇ ਭੀੜ ਲੰਘਦੀ ਨੂੰ ਸੁਣਿਆ ਤਾਂ ਉਸਨੇ ਪੁੱਛਿਆ, “ਇਹ ਕੀ ਵਾਪਸ ਰਿਹਾ ਹੈ?”
37 ਲੋਕਾਂ ਨੇ ਉਸਨੂੰ ਦਸਿਆ, “ਯਿਸੂ ਨਾਸਰੀ, ਇਥੇ ਆ ਰਿਹਾ ਹੈ।”
38 ਅੰਨ੍ਹਾ ਆਦਮੀ ਬੜਾ ਉਤਸਾਹਤ ਹੋਇਆ ਅਤੇ ਆਖਣ ਲੱਗਾ, “ਯਿਸੂ, ਦਾਊਦ ਦੇ ਪੁੱਤਰ ਮੇਰੇ ਤੇ ਮਿਹਰ ਕਰ!”
39 ਜਿਹੜੇ ਲੋਕ ਅੱਗੇ ਆਗੂ ਬਣਕੇ ਚਲ ਰਹੇ ਸਨ ਉਨ੍ਹਾਂ ਨੇ ਅੰਨ੍ਹੇ ਆਦਮੀ ਨੂੰ ਇਉਂ ਬੋਲਣ ਤੋਂ ਵਰਜਿਆ। ਪਰ ਅੰਨ੍ਹਾ ਆਦਮੀ ਹੋਰ ਵੀ ਜੋਰ ਦੀ ਰੌਲਾ ਪਾਉਣ ਲੱਗਾ, “ਯਿਸੂ, ਦਾਊਦ ਦੇ ਪੁੱਤਰ, ਮੇਰੇ ਤੇ ਮਿਹਰ ਕਰ!”
40 ਯਿਸੂ ਉਥੇ ਰੁਕਿਆ ਅਤੇ ਆਖਿਆ, “ਉਸ ਅੰਨ੍ਹੇ ਆਦਮੀ ਨੂੰ ਮੇਰੇ ਕੋਲ ਲਿਆਵੋ। ਜਦੋਂ ਅੰਨ੍ਹਾ ਆਦਮੀ ਨੇੜੇ ਆਇਆ ਤਾਂ ਉਸਨੇ ਉਸਨੂੰ ਪੁੱਛਿਆ,
41 “ਤੂੰ ਮੈਥੋਂ ਆਪਣੇ ਵਾਸਤੇ ਕੀ ਕਰਾਉਣਾ ਚਾਹੁੰਦਾ ਹੈ?”ਉਸਨੇ ਆਖਿਆ, “ਪ੍ਰਭੂ! ਮੈਂ ਵੇਖਣਾ ਚਾਹੁੰਦਾ ਹਾਂ।”
42 ਯਿਸੂ ਨੇ ਉਸਨੂੰ ਕਿਹਾ, “ਆਪਣੀ ਦ੍ਰਿਸ਼ਟੀ ਪ੍ਰਾਪਤ ਕਰ! ਤੇਰੀ ਆਸਥਾ ਨੇ ਤੈਨੂੰ ਰਾਜੀ ਕੀਤਾ ਹੈ।”
43 ਤਦ ਉਹ ਮਨੁੱਖ ਵੇਖਣ ਦੇ ਸਮਰਥ ਸੀ। ਉਹ ਪਰਮੇਸ਼ੁਰ ਦੀ ਉਸਤਤਿ ਕਰਦਾ ਹੋਇਆ ਯਿਸੂ ਦਾ ਅਨੁਸਰਣ ਕਰਨ ਲੱਗਾ। ਜਿਨ੍ਹਾ ਸਾਰੇ ਲੋਕਾਂ ਨੇ ਇਹ ਵੇਖਿਆ ਉਨ੍ਹਾਂ ਨੇ ਵੀ ਪਰਮੇਸ਼ੁਰ ਦੀ ਉਸਤਤਿ ਕੀਤੀ।