ਕਾਂਡ 1
1 ਪਰਮੇਸ਼ੁਰ ਦੇ ਪੁੱਤਰ ਯਿਸੂ ਮਸੀਹ ਦੀ ਖੁਸ਼-ਖਬਰੀ ਦਾ ਆਰੰਭ:
2 ਜਿਵੇਂ ਕਿ ਇਹ ਨਬੀ ਯਸਾਯਾਹ ਦੀ ਪੁਸਤਕ ਵਿੱਚ ਲਿਖਿਆ ਹੋਇਆ ਹੈ:“ਸੁਣੋ! ਮੈਂ ਆਪਣੇ ਦੂਤ ਨੂੰ ਤੇਰੇ ਅੱਗੇ ਭੇਜਾਂਗਾ।ਉਹ ਤੇਰੇ ਲਈ ਰਸਤਾ ਤਿਆਰ ਕਰੇਗਾ।”
3 “ਉਜਾੜ ਵਿੱਚ ਇੱਕ ਮਨੁੱਖ ਪੁਕਾਰ ਰਿਹਾ ਹੈ:‘ਪ੍ਰਭੂ ਲਈ ਰਸਤੇ ਨੂੰ ਤਿਆਰ ਕਰੋ,ਉਸਦੇ ਰਾਹਾਂ ਨੂੰ ਸਿਧੇ ਕਰੋ।’”
4 ਯੂਹੰਨਾ ਬਪਤਿਸਮਾ ਦੇਣ ਵਾਲਾ ਆਇਆ, ਅਤੇ ਉਸਨੇ ਉਜਾੜ ਵਿੱਚ ਆਕੇ ਲੋਕਾਂ ਨੂੰ ਬਪਤਿਸਮਾ ਦਿੱਤਾ। ਉਸਨੇ ਉਨ੍ਹਾਂ ਨੂੰ ਸਿਖਾਇਆ ਕਿ ਉਹ ਬਪਤਿਸਮਾ ਲੈਕੇ ਇਹ ਵਿਖਾਉਣ ਕਿ ਉਨ੍ਹਾਂ ਨੇ ਆਪਣੇ ਜੀਵਨ ਬਦਲ ਲਏ ਹਨ। ਇਸ ਤਰ੍ਹਾਂ, ਉਨ੍ਹਾਂ ਦੇ ਪਾਪ ਮਾਫ਼ ਕੀਤੇ ਜਾ ਸਕਣਗੇ।
5 ਸਾਰੇ ਯਹੂਦਿਯਾ ਅਤੇ ਯਰੂਸ਼ਲਮ ਦੇਸ਼ ਦੇ ਲੋਕ ਉਸ ਕੋਲ ਆਏ ਅਤੇ ਆਪੋ-ਆਪਣੇ ਕੀਤੇ ਪਾਪਾਂ ਬਾਰੇ ਦੱਸਣ ਲੱਗੇ ਤਾਂ ਉਸਤੋਂ ਬਾਦ ਯੂਹੰਨਾ ਨੇ ਉਨ੍ਹਾਂ ਨੂੰ ਯਰਦਨ ਨਦੀ ਵਿੱਚ ਬਪਤਿਸਮਾ ਦਿੱਤਾ।
6 ਯੂਹੰਨਾ ਦੇ ਕੱਪੜੇ ਊਠ ਦੇ ਵਾਲਾਂ ਦੇ ਸਨ ਅਤੇ ਉਸਦੀ ਕਮਰ ਉੱਤੇ ਚਮੜੇ ਦੀ ਪੇਟੀ ਬੰਧੀ ਹੋਈ ਸੀ। ਉਹ ਟਿੱਡੀਆਂ ਅਤੇ ਜੰਗਲੀ ਸ਼ਹਿਦ ਖਾਂਦਾ ਸੀ।
7 ਅਤੇ ਉਸਨੇ ਲੋਕਾਂ ਵਿੱਚ ਇਹ ਪ੍ਰਚਾਰ ਕੀਤਾ ਕਿ ਭਈ: “ਮੇਰੇ ਤੋਂ ਬਾਦ ਉਹ ਇੱਕ ਆਵੇਗਾ ਅਤੇ ਉਹ ਮੇਰੇ ਤੋਂ ਵਧ ਮਹਾਨ ਹੈ ਅਤੇ ਮੈਂ ਇਸ ਲਾਇਕ ਵੀ ਨਹੀਂ ਕਿ ਨਿਉਂ ਕੇ ਉਸਦੀ ਜੁੱਤੀ ਦਾ ਤਸਮਾ ਖੋਲ੍ਹਾਂ।
8 ਮੈਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੱਤਾ ਹੈ ਪਰ ਉਹ ਮਨੁੱਖ ਜਿਹੜਾ ਕਿ ਆ ਰਿਹਾ ਹੈ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦੇਵੇਗਾ।”
9 ਉਸ ਵਕਤ ਯਿਸੂ ਗਲੀਲ ਦੇ ਨਾਸਰਤ ਸ਼ਹਿਰ ਤੋਂ ਯੂਹੰਨਾ ਦੇ ਕੋਲ ਆਇਆ ਅਤੇ ਯੂਹੰਨਾ ਨੇ ਉਸਨੂੰ ਯਰਦਨ ਨਦੀ ਵਿੱਚ ਬਪਤਿਸਮਾ ਦਿੱਤਾ।
10 ਜਿਸ ਵਕਤ ਯਿਸੂ ਪਾਣੀ ਵਿੱਚੋਂ ਬਾਹਰ ਨਿਕਲ ਰਿਹਾ ਸੀ ਤਾਂ ਉਸਨੇ ਅਕਾਸ਼ ਨੂੰ ਖੁਲ੍ਹਦਿਆਂ ਵੇਖਿਆ ਅਤੇ ਉਸ ਵਿੱਚੋਂ ਪਵਿੱਤਰ ਆਤਮਾ ਯਿਸੂ ਕੋਲ ਘੁੱਗੀ ਵਾਂਗ ਥੱਲੇ ਉੱਤਰਿਆ।
11 ਸਵਰਗ ਵਿੱਚੋਂ ਅਕਾਸ਼ਵਾਣੀ ਹੋਈ, “ਤੂੰ ਮੇਰਾ ਪਿਆਰਾ ਪੁੱਤਰ ਹੈ। ਮੈਂ ਤੈਥੋਂ ਬਹੁਤ ਖੁਸ਼ ਹਾਂ।”
12 ਤਦ ਆਤਮਾ ਯਿਸੂ ਨੂੰ ਇਕਲਿਆਂ ਉਜ੍ਜਾੜ ਵਿੱਚ ਲੈ ਗਿਆ।
13 ਉਹ ਉਥੇ ਚਾਲੀ ਦਿਨ ਤੱਕ ਸ਼ੈਤਾਨ ਦੁਆਰਾ ਪਰਤਿਆਇਆ ਗਿਆ। ਜਦੋਂ ਉਹ ਉਥੇ ਜੰਗਲੀ ਜਾਨਵਰਾਂ ਨਾਲ ਸੀ, ਤਾਂ ਉਦੋਂ ਦੂਤ ਉਸਦੀ ਸੇਵਾ ਕਰ ਰਹੇ ਸਨ।
14 ਉਸਤੋਂ ਬਾਦ, ਯੂਹੰਨਾ ਨੂੰ ਕੈਦ ਕਰ ਦਿੱਤਾ ਗਿਆ ਅਤੇ ਫ਼ੇਰ ਯਿਸੂ ਗਲੀਲ ਨੂੰ ਆਇਆ ਅਤੇ ਪਰਮੇਸ਼ੁਰ ਦੀ ਖੁਸ਼-ਖਬਰੀ ਦਾ ਪ੍ਰਚਾਰ ਕੀਤਾ ਅਤੇ ਕਿਹ,
15 “ਹੁਣ ਠੀਕ ਸਮਾਂ ਆ ਗਿਆ ਹੈ। ਪਰਮੇਸ਼ੁਰ ਦਾ ਰਾਜ ਨੇੜੇ ਆ ਗਿਆ ਹੈ। ਤੁਸੀਂ ਆਪਣਾ ਜੀਵਨ ਬਦਲ ਲਵੋ ਅਤੇ ਇਸ ਖੁਸ਼-ਖਬਰੀ ਉੱਤੇ ਇਤਬਾਰ ਕਰੋ।”
16 ਗਲੀਲ ਝੀਲ ਦੇ ਕੰਢੇ ਉੱਤੇ ਫ਼ਿਰਦਿਆਂ ਯਿਸੂ ਨੇ ਸ਼ਮਊਨ ਅਤੇ ਉਸਦੇ ਭਰਾ ਅੰਦ੍ਰਿਯਾਸ ਨੂੰ ਜੋ ਕਿ ਮਛੇਰੇ ਸਨ, ਝੀਲ ਵਿੱਚ ਮਛੀਆਂ ਫ਼ੜਲ ਲਈ ਜਾਲ ਪਾਉਂਦਿਆਂ ਵੇਖਿਆ।
17 ਤਾਂ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਆਓ ਅਤੇ ਮੇਰੇ ਪਿਛੇ ਚੱਲੋ, ਮੈਂ ਤੁਹਾਨੂੰ ਲੋਕਾਂ ਨੂੰ ਇਕਠੇ ਕਰਨ ਵਾਲੇ ਬਨਾਵਾਂਗਾ।”
18 ਤਾਂ ਸ਼ਮਊਨ ਅਤੇ ਅੰਦ੍ਰਿਯਾਸ ਆਪਣੇ ਜਾਲ ਨੂੰ ਉਥੇ ਹੀ ਛੱਡਕੇ ਉਸਦੇ ਮਗਰ ਹੋ ਤੁਰੇ।
19 ਯਿਸੂ ਗਲੀਲ ਝੀਲ ਦੇ ਕਿਨਾਰੇ ਥੋੜਾ ਹੋਰ ਅੱਗੇ ਤੁਰਿਆ ਉਸਨੇ ਦੋ ਹੋਰ ਭਰਾਵਾਂ, ਜ਼ਬਦੀ ਦੇ ਪੁੱਤਰ ਯਾਕੂਬ ਅਤੇ ਯੂਹੰਨਾ, ਨੂੰ ਵੇਖਿਆ, ਜੋ ਕਿ ਆਪਣੀ ਬੇੜੀ ਵਿੱਚ ਆਪਣੇ ਜਾਲਾਂ ਨੂੰ ਠੀਕ ਕਰ ਰਹੇ ਸਨ ਤਾਂ ਕਿ ਮਛੀਆਂ ਫ਼ੜ ਸਕਣ।
20 ਜਦੋਂ ਯਿਸੂ ਨੇ ਦੋਹਾਂ ਭਰਾਵਾਂ ਨੂੰ ਬੁਲਾਇਆ, ਉਹ ਆਪਣੇ ਪਿਤਾ ਤੇ ਉਨ੍ਹਾਂ ਦੇ ਕਾਮਿਆਂ ਨੂੰ ਛੱਡਕੇ ਯਿਸੂ ਦੇ ਪਿਛੇ ਹੋ ਤੁਰੇ।
21 ਯਿਸੂ ਅਤੇ ਉਸਦੇ ਚੇਲੇ ਫ਼ਿਰ ਕਫ਼ਰਨਾਹੂਮ ਵਿੱਚ ਗਏ। ਸਬਤ ਦੇ ਦਿਨ ਉਹ ਪ੍ਰਾਰਥਨਾ ਸਥਾਨ ਤੇ ਜਾਕੇ ਲੋਕਾਂ ਨੂੰ ਉਪਦੇਸ਼ ਦੇਣ ਲੱਗੇ।
22 ਲੋਕ ਯਿਸੂ ਦੇ ਉਪਦੇਸ਼ ਤੇ ਹੈਰਾਨ ਸਨ। ਉਸਨੇ ਉਨ੍ਹਾਂ ਨੂੰ ਉਸ ਮਨੁੱਖ ਵਾਂਗ ਉਪਦੇਸ਼ ਦਿੱਤੇ ਜਿਸ ਕੋਲ ਅਧਿਕਾਰ ਹੋਵੇ ਨਾ ਕਿ ਨੇਮ ਦੇ ਉਪਦੇਸ਼ਕਾਂ ਵਾਂਗ।
23 ਜਦੋਂ ਅਜੇ ਯਿਸੂ ਪ੍ਰਾਰਥਨਾ ਸਥਾਨ ਵਿੱਚ ਹੀ ਸੀ, ਉਥੇ ਇੱਕ ਮਨੁੱਖ ਸੀ ਜਿਸਨੂੰ ਭਰਿਸ਼ਟ ਆਤਮਾ ਚਿੰਬੜਿਆ ਹੋਇਆ ਸੀ। ਅਤੇ ਉਹ ਚੀਕਦਾ ਹੋਇਆ ਯਿਸੂ ਕੋਲ ਆਇਆ,
24 “ਓ ਯਿਸੂ ਨਾਸਰੀ! ਤੂੰ ਸਾਡੇ ਕੋਲ ਕਿਸ ਲਈ ਆਇਆ ਹੈਂ? ਕੀ ਤੂੰ ਸਾਡਾ ਨਾਸ਼ ਕਰਨ ਆਇਆ ਹੈਂ? ਮੈਂ ਜਾਣਦਾ ਹਾਂ ਕਿ ਤੂੰ ਕੌਣ ਹੈਂ, ਤੂੰ ਪਰਮੇਸ਼ੁਰ ਦਾ ਪਵਿੱਤਰ ਪੁਰਖ ਹੈਂ।”
25 ਯਿਸੂ ਨੇ ਬੜੇ ਰੋਅਬ ਨਾਲ ਉਸਨੂੰ ਕਿਹਾ, “ਚੁੱਪ ਕਰ! ਅਤੇ ਇਸ ਮਨੁੱਖ ਵਿੱਚੋਂ ਨਿਕਲ ਜਾ!”
26 ਫ਼ੇਰ ਭਰਿਸ਼ਟ ਆਤਮਾ ਨੇ ਉਸ ਮਨੁੱਖ ਨੂੰ ਕੰਬਣੀ ਛੇੜੀ। ਫ਼ੇਰ ਉਹ ਭਰਿਸ਼ਟ ਆਤਮਾ ਉੱਚੀ-ਉੱਚੀ ਚੀਕਦਾ ਹੋਇਆ ਉਸ ਵਿੱਚੋਂ ਬਾਹਰ ਨਿਕਲ ਆਇਆ।
27 ਲੋਕ ਇਹ ਵੇਖਕੇ ਹੈਰਾਨ ਹੋਏ। ਉਨ੍ਹਾਂ ਇੱਕ ਦੂਜੇ ਤੋਂ ਪੁੱਛਿਆ, “ਇਥੇ ਕੀ ਹੋ ਰਿਹਾ ਹੈ? ਇਹ ਨਵੀਂ ਤਰ੍ਹਾਂ ਦਾ ਹੀ ਉਪਦੇਸ਼ ਹੈ, ਇਹ ਆਦਮੀ ਤਾਂ ਬੜੇ ਅਧਿਕਾਰ ਦੇ ਨਾਲ ਉਪਦੇਸ਼ ਦਿੰਦਾ ਹੈ ਅਤੇ ਇਥੋਂ ਤੱਕ ਕਿ ਇਹ ਤਾਂ ਭਰਿਸ਼ਟ ਆਤਮਿਆਂ ਨੂੰ ਹੁਕਮ ਵੀ ਦਿੰਦਾ ਹੈ ਅਤੇ ਉਹ ਉਸਦੀ ਮੰਨ ਲੈਂਦੇ ਹਨ।”
28 ਇਉਂ ਗਲੀਲ ਦੇ ਸਾਰੇ ਖੇਤ੍ਰ ਵਿੱਚ ਯਿਸੂ ਬਾਰੇ ਖ਼ਬਰ ਬੜਰੀ ਤੇਜ਼ੀ ਨਾਲ ਫ਼ੈਲੀ ਗਈ।
29 ਯਿਸੂ ਅਤੇ ਉਸਦੇ ਚੇਲੇ ਫ਼ਿਰ ਪ੍ਰਾਰਥਨਾ ਸਥਾਨ ਛੱਡਕੇ ਯਾਕੂਬ ਅਤੇ ਯੂਹੰਨਾ ਸਮੇਤ ਸ਼ਮਊਨ ਅਤੇ ਅੰਦ੍ਰਿਯਾਸ ਦੇ ਘਰ ਆਏ।
30 ਸ਼ਮਊਨ ਦੀ ਸੱਸ ਮੰਜੇ ਤੇ ਪਈ ਤਾਪ ਨਾਲ ਤਪ ਰਹੀ ਸੀ। ਉਥੇ ਲੋਕਾਂ ਨੇ ਯਿਸੂ ਨੂੰ ਉਸਦੇ ਬਾਰੇ ਦਸਿਆ।
31 ਤਾਂ ਯਿਸੂ ਉਸਦੇ ਮੰਜੇ ਕੋਲ ਗਿਆ। ਉਸਨੇ ਉਸਦਾ ਹੱਥ ਫ਼ੜਕੇ ਉਸਨੂੰ ਉਠਾਇਆ, ਅਤੇ ਬੁਖਾਰ ਨੇ ਉਸਨੂੰ ਛੱਡ ਦਿੱਤਾ। ਉਸ ਤੋਂ ਬਾਦ ਉਸਨੇ ਯਿਸੂ ਦੀ ਸੇਵਾ ਕੀਤੀ।
32 ਉਸ ਰਾਤ, ਜਦੋਂ ਸੂਰਜ ਡੁੱਬ ਚੁੱਕਾ ਤਾਂ ਲੋਕ ਬਹੁਤ ਸਾਰੇ ਬਿਮਾਰ ਲੋਕਾਂ ਅਤੇ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ, ਯਿਸੂ ਕੋਲ ਲਿਆਏ।
33 ਸਾਰਾ ਨਗਰ ਉਸ ਘਰ ਦੇ ਬੂਹੇ ਅੱਗੇ ਇਕੱਠਾ ਹੋ ਗਿਆ।
34 ਯਿਸੂ ਨੇ ਬਹੁਤ ਸਾਰੇ ਲੋਕਾਂ ਨੂੰ ਵਖ-ਵਖ ਤਰ੍ਹਾਂ ਦੇ ਰੋਗਾਂ ਤੋਂ ਚੰਗਾ ਕੀਤਾ। ਅਤੇ ਉਸਨੇ ਬਹੁਤ ਸਾਰੇ ਲੋਕਾਂ ਵਿੱਚੋਂ ਭੂਤ ਕਢੇ। ਪਰ ਉਸਨੇ ਭੂਤਾਂ ਨੂੰ ਬੋਲਣ ਦੀ ਆਗਿਆ ਨਾ ਦਿੱਤੀ ਕਿਉਂਕਿ ਉਹ ਉਸਨੂੰ ਜਾਣਦੇ ਸਨ।
35 ਅਗਲੀ ਸਵੇਰ, ਯਿਸੂ ਬੜੀ ਸਵਖਤੇ ਉਠਿਆ। ਅਜੇ ਹਨੇਰਾ ਹੀ ਸੀ ਜਦੋਂ ਉਹ ਘਰੋਂ ਨਿਕਲ ਪਿਆ, ਅਤੇ ਇਕਾਂਤ ਵਿੱਚ ਜਾਕੇ ਉਸਨੇ ਪ੍ਰਾਰਥਨਾ ਕੀਤੀ।
36 ਬਾਦ ਵਿੱਚ ਸ਼ਮਊਨ ਅਤੇ ਉਸਦੇ ਸਾਥੀ ਉਸਨੂੰ ਲਭਣ ਗਏ।
37 ਜਦੋਂ ਉਨ੍ਹਾਂ ਨੇ ਯਿਸੂ ਨੂੰ ਲਭ ਲਿਆ ਤਾਂ ਆਖਣ ਲੱਗੇ, “ਸਭ ਲੋਕ ਤੁਹਾਨੂੰ ਭਾਲ ਰਹੇ ਹਨ।”
38 ਯਿਸੂ ਨੇ ਆਖਿਆ, “ਆਓ, ਅਸੀਂ ਇਹ ਜਗ੍ਹਾ ਛੱਡੀਏ ਅਤੇ ਨੇੜੇ ਦੇ ਹੋਰ ਨਗਰਾਂ ਵਿੱਚ ਜਾਈਏ ਤਾਂ ਜੋ ਮੈਂ ਉਨ੍ਹਾਂ ਥਾਵਾਂ ਤੇ ਵੀ ਪ੍ਰਚਾਰ ਕਰ ਸਕਾਂ ਜਿਸ ਲਈ ਮੈਂ ਆਇਆ ਹਾਂ।”
39 ਇਸ ਤਰ੍ਹਾਂ, ਯਿਸੂ ਪ੍ਰਾਰਥਨਾ ਸਥਾਨਾਂ ਵਿੱਚ ਪ੍ਰਚਾਰ ਕਰਦਾ ਹੋਇਆ ਪੂਰੀ ਗਲੀਲ ਵਿੱਚ ਹਰ ਜਗ੍ਹਾ ਗਿਆ ਅਤੇ ਉਸਨੇ ਲੋਕਾਂ ਵਿੱਚੋਂ ਭੂਤ ਕਢੇ।
40 ਇੱਕ ਆਦਮਈ ਜਿਸਨੂੰ ਕੋਢ਼ ਹੋਇਆ ਸੀ, ਉਸਨੇ ਝੁਕ ਕੇ ਯਿਸੂ ਅੱਗੇ ਅਰਜੋਈ ਕੀਤੀ, “ਜੇ ਤੂੰ ਚਾਹੇਂ ਤਾਂ ਮੈਨੂੰ ਠੀਕ ਕਰ ਸਕਦਾ ਹੈ।”
41 ਯਿਸੂ ਨੂੰ ਉਸ ਮਨੁੱਖ ਤੇ ਤਰਸ ਆਇਆ ਤਾਂ ਉਸਨੇ ਉਸ ਆਦਮੀ ਨੂੰ ਛੂਹਿਆ ਅਤੇ ਕਿਹਾ, “ਮੈਂ ਚਾਹੁੰਦਾ ਹਾਂ ਕਿ ਤੂੰ ਠੀਕ ਹੋ ਜਾਵੇਂ ਸੋ ਤੂੰ ਰਾਜੀ ਹੋ ਜਾ।”
42 ਫ਼ਿਰ ਕੋਢ਼ ਨੇ ਉਸਨੂੰ ਛੱਡ ਦਿੱਤਾ ਅਤੇ ਉਹ ਨਿਰਮਲ ਹੋ ਗਿਆ।
43 ਯਿਸੂ ਨੇ ਉਸ ਆਦਮੀ ਨੂੰ ਬੜੀ ਸਖਤੀ ਨਾਲ ਤਗੀਦ ਕਰਕੇ ਭੇਜ ਦਿੱਤਾ,
44 ਉਸਨੇ ਉਸਨੂੰ ਆਖਿਆ, “ਤੂੰ ਇਸ ਬਾਰੇ ਕਿਸੇ ਨੂੰ ਨਾ ਦਸੀਂ। ਪਰ ਜਾ ਅਤੇ ਆਪਣੇ-ਆਪ ਨੂੰ ਜਾਜਕ ਨੂੰ ਵਿਖਾ। ਕਿਉਂਕਿ ਤੂੰ ਚੰਗਾ ਕੀਤਾ ਗਿਆ ਹੈਂ, ਪਰਮੇਸ਼ੁਰ ਨੂੰ ਭੇਟਾ ਪੇਸ਼ ਕਰ। ਤੂੰ ਉਹੀ ਭੇਟਾ ਅਰਪਨ ਕਰੀ ਜਿਸਦਾ ਮੂਸਾ ਨੇ ਹੁਕਮ ਦਿੱਤਾ ਸੀ। ਇਸ ਨਾਲ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਤੂੰ ਰਾਜੀ ਹੋ ਗਿਆ ਹੈਂ।”
45 ਪਰ ਉਹ ਆਦਮੀ ਬਾਹਰ ਜਾਕੇ ਇਹ ਚਰਚਾ ਕਰਨ ਲੱਗਾ ਕਿ ਯਿਸੂ ਨੇ ਉਸਨੂੰ ਰਾਜੀ ਕੀਤਾ ਹੈ। ਇਉਂ ਯਿਸੂ ਦੀ ਖਬਰ ਸਭ ਜਗ੍ਹਾ ਫ਼ੈਲ ਗਈ। ਇਸ ਲਈ ਯਿਸੂ ਖੁਲ੍ਹੇ-ਆਮ ਕਿਸੇ ਨਗਰ ਵਿੱਚ ਨਾ ਵੜ ਸਕਿਆ। ਤਾਂ ਉਸਨੇ ਇਕਾਂਤ ਜਗ੍ਹਾਵਾਂ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਪਰ ਤਾਂ ਵੀ ਲੋਕਾਂ ਨੇ ਸਭ ਨਗਰਾਂ ਤੋਂ ਯਿਸੂ ਕੋਲ ਆਉਣਾ ਜਾਰੀ ਰੱਖਿਆ।