ਮਰਕੁਸ

ਕਾਂਡ : 1 2 3 4 5 6 7 8 9 10 11 12 13 14 15 16


ਕਾਂਡ 4

1 ਇੱਕ ਹੋਰ ਸਮੇਂ ਯਿਸੂ ਨੇ ਝੀਲ ਦੇ ਕਿਨਾਰੇ ਉਪਦੇਸ਼ ਦੇਣਾ ਸ਼ੁਰੂ ਕੀਤਾ ਅਤੇ ਬੁਹਤ ਸਾਰੀ ਭੀੜ ਉਸਦੇ ਗਿਰਦ ਜੁੜ ਗਈ। ਤਾਂ ਉਹ ਇੱਕ ਬੇੜੀ ਵਿੱਚ ਚਢ਼ ਗਿਆ ਜੋ ਕਿ ਝੀਲ ਦੇ ਵਿੱਚ ਸੀ ਤੇ ਬੈਠ ਗਿਆ। ਬਾਕੀ ਦੇ ਲੋਕ ਝੀਲ ਦੇ ਕੰਢੇ ਧਰਤੀ ਉੱਪਰ ਖੜੇ ਰਹੇ।
2 ਯਿਸੂ ਨੇ ਲੋਕਾਂ ਨੂੰ ਬੇੜੀ ਤੋਂ ਬਹੁਤ ਸਾਰੀਆਂ ਗੱਲਾਂ ਦ੍ਰਿਸ਼ਟਾਤਾਂ ਰਾਹੀਂ ਸਮਝਾਈਆਂ। ਉਸਨੇ ਕਿਹਾ,
3 “ਸੁਣੋ! ਇੱਕ ਕਿਸਾਨ ਬੀਜ ਬੀਜਣ ਲਈ ਨਿਕਲਿਆ।”
4 ਜਦੋਂ ਉਹ ਬੀਜ ਬੋ ਰਿਹਾ ਸੀ, ਤਾਂ ਕੁਝ ਬੀਜ ਸੜਕ ਦੇ ਕਿਨਾਰੇ ਡਿੱਗ ਪਏ, ਪੰਛੀ ਆਏ ਤੇ ਉਨ੍ਹਾਂ ਬੀਜਾਂ ਨੂੰ ਚੁਗ ਗਏ।
5 ਕੁਝ ਬੀਜ ਪੱਥਰੀਲੀ ਜ਼ਮੀਨ ਤੇ ਡਿੱਗੇ, ਉਸ ਜ਼ਮੀਨ ਤੇ ਬਹੁਤੀ ਮਿੱਟੀ ਨਹੀਂ ਸੀ। ਉਥੇ ਬੀਜ ਬੜੀ ਜਲਦੀ ਫ਼ੁੱਟ ਪਏ ਕਿਉਂਕਿ ਮਿੱਟੀ ਜ਼ਿਆਦਾ ਡੂੰਘੀ ਨਹੀਂ ਸੀ।
6 ਪਰ ਜਦੋਂ ਹੀ ਸੂਰਜ ਚਢ਼ਿਆ ਤਾਂ ਪੌਦੇ ਕੁਮਲਾ ਗਏ ਅਤੇ ਸੜ ਗਏ। ਉਹ ਪੌਦੇ ਇਸ ਲਈ ਸੁੱਕ-ਸੜ ਗਏ ਕਿਉਂਕਿ ਉਨ੍ਹਾਂ ਦੀ ਜਢ਼ ਬਹੁਤੀ ਡੂੰਘੀ ਨਹੀਂ ਸੀ।
7 ਕੁਝ ਹੋਰ ਬੀਜ ਕੰਡਿਆਲੀਆਂ ਝਾੜੀਆਂ ਦੇ ਵਿਚਕਾਰ ਡਿੱਗੇ, ਪਰ ਉਥੇ ਕੰਡਿਆਲੀਆਂ ਝਾੜੀਆਂ ਵਧੀਆਂ ਅਤੇ ਉਨ੍ਹਾਂ ਨੂੰ ਘੁੱਟ ਲਿਆ ਅਤੇ ਉਨ੍ਹਾਂ ਨੂੰ ਵਧਣ ਨਾ ਦਿੱਤਾ ਇਸ ਲਈ ਉਨ੍ਹਾਂ ਬੀਜਾਂ ਨੇ ਫ਼ਲ ਨਾ ਦਿੱਤੇ।
8 ਕੁਝ ਹੋਰ ਬੀਜ ਵਧੀਆ ਜਮੀਨ ਉੱਪਰ ਡਿੱਗੇ। ਅਤੇ ਜਦੋਂ ਉਸ ਵਧੀਆ ਜ਼ਮੀਨ ਤੇ ਬੀਜ ਡਿੱਗੇ ਤਾਂ ਉਹ ਪੁੰਗਰੇ ਅਤੇ ਅਨਾਜ ਪੈਦਾ ਕੀਤਾ। ਕੁਝ ਪੌਦਿਆਂ ਨੇ ਤੀਹ ਗੁਣਾ ਕੁਝ ਨੇ ਸਠ ਗੁਣਾ ਅਤੇ ਕੁਝ ਨੇ ਸੌ ਗੁਣਾ ਵਧ ਝਾੜ ਦਿੱਤਾ।
9 ਫ਼ਿਰ ਯਿਸੂ ਨੇ ਕਿਹਾ, “ਜੇਕਰ ਤੁਸੀਂ ਸੁਣ ਸਕਦੇ ਹੋ ਤਾਂ, ਮੇਰੇ ਵੱਲ ਧਿਆਨ ਦਿਉ।”
10 ਬਾਦ ਵਿੱਚ ਜਦੋਂ ਯਿਸੂ ਇਕਾਂਤ ਵਿੱਚ ਸੀ ਤਾਂ ਬਾਰ੍ਹਾਂ ਰਸੂਲਾਂ ਅਤੇ ਚੇਲਿਆਂ ਨੇ ਉਸਨੂੰ ਦ੍ਰਿਸ਼ਟਾਤਾਂ ਦਾ ਅਰਥ ਪੁੱਛਿਆ।
11 ਉਸਨੇ ਆਖਿਆ, “ਪਰਮੇਸ਼ੁਰ ਦੇ ਰਾਜ ਦੇ ਭੇਤ ਦਾ ਪਤਾ ਸਿਰਫ਼ ਤੁਹਾਨੂੰ ਹੀ ਦਿੱਤਾ ਗਿਆ ਹੈ। ਪਰ ਦੂਜੇ ਲੋਕਾਂ ਨੂੰ, ਮੈਂ ਦ੍ਰਿਸ਼ਟਾਤਾਂ ਵਿੱਚ ਦੱਸਦਾ ਹਾਂ।
12 ਮੈਂ ਇਉਂ ਕਰਦਾ ਹਾਂ ਤਾਂ ਜੋ:‘ਉਹ ਤੱਕਦੇ ਰਹਿਣਗੇ ਪਰ ਕਦੇ ਵੀ ਨਹੀਂ ਵੇਖਣਗੇ।ਉਹ ਸੁਨਦੇ ਰਹਿਣਗੇ ਪਰ ਕਦੇ ਵੀ ਨਹੀਂ ਸਮਝਣਗੇ।ਜੇਕਰ ਉਨ੍ਹਾਂ ਨੇ ਵੇਖਿਆ ਅਤੇ ਸਮਝਿਆ ਹੁੰਦਾ ਤਾਂ ਸ਼ਾਇਦ ਉਹ ਪਰਮੇਸ਼ੁਰ ਵੱਲ ਮੁੜ ਪੈਂਦੇ ਅਤੇ ਪਾਪਾਂ ਦੀ ਮਾਫ਼ੀ ਪ੍ਰਾਪਤ ਕਰ ਸਕਦੇ।’”
13 ਫ਼ਿਰ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਕੀ ਤੁਸੀਂ ਇਸ ਦ੍ਰਿਸ਼ਟਾਂਤ ਨੂੰ ਸਮਝੇ ਹੋ? ਜੇਕਰ ਤੁਸੀਂ ਇਹ ਨਹੀਂ ਸਮਝੇ ਤਾਂ ਬਾਕੀ ਦੇ ਦ੍ਰਿਸ਼ਟਾਂਤ ਕਿਵੇਂ ਸਮਝੋਂਗੇ?
14 ਬੀਜਨ ਵਾਲਾ ਉਸ ਮਨੁੱਖ ਵਾਂਗ ਹੈ ਜੋ ਲੋਕਾਂ ਵਿੱਚ ਪਰਮੇਸ਼ੁਰ ਦਾ ਬਚਨ ਬੀਜਦਾ ਹੈ।
15 ਕੁਝ ਲੋਕ ਉਨ੍ਹਾਂ ਬੀਜਾਂ ਵਰਗੇ ਹਨ ਜਿਹੜੇ ਰਸਤੇ ਦੇ ਕਿਨਾਰੇ ਵਾਲੀ ਜਗ੍ਹਾ ਡਿੱਗੇ। ਪਰਮੇਸ਼ੁਰ ਦਾ ਸੰਦੇਸ਼ ਉਨ੍ਹਾਂ ਵਿੱਚ ਬੋਇਆ ਗਿਆ ਹੈ। ਉਹ ਉਸਨੂੰ ਸੁਣਦੇ ਹਨ, ਪਰ ਸ਼ੈਤਾਨ ਆਉਂਦਾ ਹੈ ਤੇ ਜੋ ਉਪਦੇਸ਼ ਉਨ੍ਹਾਂ ਵਿੱਚ ਬੋਏ ਗਏ ਸਨ ਉਨ੍ਹਾਂ ਨੂੰ ਲੈ ਜਾਂਦਾ ਹੈ।
16 “ਬਾਕੀ ਲੋਕ ਉਨ੍ਹਾਂ ਬੀਜਾਂ ਵਾਂਗ ਹਨ ਜਿਹੜੇ ਪੱਥਰੀਲੀ ਜ਼ਮੀਨ ਉੱਤੇ ਡਿੱਗੇ। ਉਹ ਉਪਦੇਸ਼ ਸੁਣਦਿਆਂ ਸਾਰ ਉਨ੍ਹਾਂ ਨੂੰ ਖੁਸ਼ੀ ਨਾਲ ਕਬੂਲ ਲੈਂਦੇ ਹਨ।
17 ਪਰ ਇਹ ਲੋਕ ਉਪਦੇਸ਼ ਨੂੰ ਆਪਣੇ ਵਿੱਚ ਡੂੰਘਿਆਂ ਨਹੀਂ ਜਾਣ ਦਿੰਦੇ। ਉਹ ਸਿਰਫ਼ ਥੋੜੀ ਦੇਰ ਲਈ ਹੀ ਇਨ੍ਹਾਂ ਦਾ ਅਨੁਸਰਨ ਕਰਦੇ ਹਨ। ਜਦੋਂ ਉਪਦੇਸ਼ਾਂ ਕਾਰਣ ਸੰਕਟ ਜਾਂ ਦੰਡ ਮਿਲਦਾ ਹੈ ਤਾਂ ਉਹ ਝੱਟ ਹੀ ਇਨ੍ਹਾਂ ਨੂੰ ਤਿਆਗ ਦਿੰਦੇ ਹਨ।
18 “ਬਾਕੀ ਕੁਝ ਲੋਕ ਉਨ੍ਹਾਂ ਬੀਜਾਂ ਵਰਗੇ ਹਨ ਜਿਹੜੇ ਕੰਡਿਆਲੀਆਂ ਝਾੜੀਆਂ ਤੇ ਡਿੱਗੇ। ਇਹ ਲੋਕ ਉਪਦੇਸ਼ ਸੁਣਦੇ ਹਨ,
19 ਪਰ ਜਦੋਂ ਇਸ ਜ਼ਿੰਦਗੀ ਦੀਆਂ ਚਿੰਤਾਵਾਂ, ਧਨ ਦੀ ਚਮਕ-ਦਮਕ ਅਤੇ ਸਾਰੀਆਂ ਚੀਜ਼ਾਂ ਤੇ ਕਬਜ਼ਾ ਕਰਨ ਦਾ ਲਾਲਚ ਉਨ੍ਹਾਂ ਦੇ ਦਿਲਾਂ ਵਿੱਚ ਆਉਂਦਾ ਹੈ ਤਾਂ, ਇਹ ਗੱਲਾਂ ਉਪਦੇਸ਼ਾਂ ਨੂੰ ਘੁੱਟ ਦਿੰਦੀਆਂ ਹਨ ਅਤੇ ਉਹ ਫ਼ਲ ਨਹੀਂ ਦੇਣ ਦਿੰਦੀਆਂ। ਇਸ ਲਈ ਉਹ ਅਫ਼ਲ ਰਹਿ ਜਾਂਦੇ ਹਨ।
20 “ਬਾਕੀ ਲੋਕ ਵਧੀਆ ਜ਼ਮੀਨ ਤੇ ਬੀਜੇ ਗਏ ਬੀਜ ਵਾਂਗ ਹਨ। ਉਹ ਉਪਦੇਸ਼ਾਂ ਨੂੰ ਸੁਣਦੇ ਹਨ ਅਤੇ ਉਨ੍ਹਾਂ ਨੂੰ ਕਬੂਲ ਲੈਂਦੇ ਹਨ ਅਤੇ ਉਹ ਫ਼ਲ ਪੈਦਾ ਕਰਦੇ ਹਨ, ਕੋਈ ਤੀਹ ਗੁਣਾ, ਕੋਈ ਸਠ ਗੁਣਾ ਅਤੇ ਕੋਈ ਸੌ ਗੁਣਾ।”
21 ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਕੀ ਤੁਸੀਂ ਦੀਵਾ ਲਿਆਕੇ ਉਸਨੂੰ ਕਟੋਰੇ ਹੇਠ ਜਾਂ ਮੰਜੇ ਹੇਠ ਰਖ ਦਿੰਦੇ ਹੋ? ਨਹੀਂ। ਤੁਸੀਂ ਉਸ ਦੀਵੇ ਨੂੰ ਸ਼ਮ੍ਹਾਦਾਨ ਤੇ ਰਖਦੇ ਹੋ।
22 ਹਰ ਲੁਕੀ ਚੀਜ਼ ਦਸੀ ਜਾਵੇਗੀ ਅਤੇ ਹਰ ਗੁਪਤ ਗੱਲ ਪ੍ਰਗਟ ਕੀਤੀ ਜਾਵੇਗੀ।
23 ਤੁਸੀਂ ਲੋਕ ਜੋ ਸੁਣ ਸਕਦੇ ਹੋ, ਸੁਣੋ!
24 “ਉਸਨੇ ਉਨ੍ਹਾਂ ਨੂੰ ਇਹ ਵੀ ਆਖਿਆ, “ਜੋ ਕੁਝ ਵੀ ਤੁਸੀਂ ਸੁਣੋ, ਉਸ ਬਾਰੇ ਧਿਆਨ ਨਾਲ ਸੋਚੋ। ਜਿਸ ਨਾਪ ਨਾਲ ਤੁਸੀਂ ਨਾਪਦੇ ਹੋ ਉਸੇ ਨਾਲ ਤੁਹਾਡੇ ਲਈ ਵੀ ਨਾਪਿਆ ਜਾਵੇਗਾ ਪਰ ਪਰਮੇਸ਼ੁਰ ਤੁਹਾਨੂੰ ਉਸਤੋਂ ਵਧੀਕ ਦੇਵੇਗਾ ਜਿੰਨਾ ਤੁਸੀਂ ਦਿੱਤਾ ਹੈ।
25 ਜਿਸ ਮਨੁੱਖ ਕੋਲ ਕੁਝ ਹੈ ਉਸਨੂੰ ਹੋਰ ਦਿੱਤਾ ਜਾਵੇਗਾ ਪਰ ਜਿਸ ਮਨੁੱਖ ਕੋਲ ਕੁਝ ਜ਼ਿਆਦਾ ਨਹੀਂ ਹੈ, ਤਾਂ ਜੋ ਕੁਝ ਵੀ ਉਸਦੇ ਕੋਲ ਹੈ ਉਹ ਵੀ ਲੈ ਲਿਆ ਜਾਵੇਗਾ।”
26 ਫ਼ੇਰ ਯਿਸੂ ਨੇ ਕਿਹਾ, “ਪਰਮੇਸ਼ੁਰ ਦਾ ਰਾਜ ਉਸ ਮਨੁੱਖ ਵਾਂਗ ਹੈ ਜੋ ਧਰਤੀ ਉੱਤੇ ਬੀਜ ਬੀਜਦਾ ਹੈ।
27 ਬੀਜ ਵਧਣ ਲੱਗਦਾ ਹੈ। ਉਹ ਦਿਨ-ਰਾਤ ਵਧਦਾ ਹੈ। ਇਹ ਜ਼ਰੂਰੀ ਨਹੀਂ ਕਿ ਮਨੁੱਖ ਸੁੱਤਾ ਹੈ ਜਾਂ ਜਾਗਦਾ ਹੈ ਬੀਜ਼ ਤਾਂ ਵਧਦਾ ਹੀ ਰਹੇਗਾ। ਮਨੁੱਖ ਨਹੀਂ ਜਾਣਦਾ ਕਿ ਉਹ ਬੀਜ਼ ਕਿਵੇਂ ਵਧ ਰਿਹਾ ਹੈ।
28 ਜ਼ਮੀਨ ਤਾਂ ਆਪਣੇ-ਆਪ ਦਾਣੇ ਪੈਦਾ ਕਰਦੀ ਹੈ। ਪਹਿਲਾਂ, ਟਹਿਣੀ ਵਧਦੀ ਹੈ, ਫ਼ੇਰ ਸਿਟ੍ਟਾ, ਫ਼ੇਰ ਉਸ ਸਿੱਟੇ ਵਿੱਚ ਪੂਰੇ ਦਾਣੇ ਬਣਦੇ ਹਨ।
29 ਜਦੋਂ ਤੀਕਰ ਦਾਣੇ ਪਕ੍ਕ ਜਾਂਦੇ ਹਨ ਤਾਂ ਫ਼ੇਰ ਮਨੁੱਖ ਉਸਨੂੰ ਵਢਦਾ ਹੈ ਕਿਉਂਕਿ ਫ਼ੇਰ ਵਾਢੀ ਦਾ ਸਮਾ ਆ ਜਾਂਦਾ ਹੈ।”
30 ਫ਼ੇਰ ਯਿਸੂ ਨੇ ਕਿਹਾ, “ਪਰਮੇਸ਼ੁਰ ਦੇ ਰਾਜ ਦਾ ਵਰਨਣ ਕਰਨ ਲਈ ਮੈਂ ਕਿਹੜਾ ਉਦਾਹਰਨ ਦੇਵਾਂ? ਇੰਝ ਵਿਸਤਾਰ ਪੂਰਵਕ ਦੱਸਣ ਲਈ ਮੈਂ ਕਿਹੜੀ ਕਹਾਣੀ ਵਰਤੋਂ ‘ਚ ਲਿਆਵਾਂ
31 ਪਰਮੇਸ਼ੁਰ ਦਾ ਰਾਜ ਉਸ ਰਾਈ ਦੇ ਦਾਣੇ ਵਾਂਗ ਹੈ ਜਿਹੜਾ ਕਿ ਸਭ ਬੀਜਾਂ ਤੋਂ ਛੋਟਾ ਹੁੰਦਾ ਹੈ ਅਤੇ ਧਰਤੀ ਤੇ ਬੋਇਆ ਜਾਂਦਾ ਹੈ।
32 ਪਰ ਜਦੋਂ ਇਹ ਬੀਜਿਆ ਜਾਂਦਾਹੈ, ਇਹ ਵਧਦਾ ਹੈ ਅਤੇ ਇਹ ਤੁਹਾਡੇ ਬਾਗ ਦੇ ਸਾਰੇ ਪੌਦਿਆਂ ਵਿੱਚੋਂ ਸਭ ਤੋਂ ਵਧ ਵੱਡਾ ਬਣ ਜਾਂਦਾ ਹੈ। ਇਸ ਦੀਆਂ ਸ਼ਾਖਾਵਾਂ ਬੜੀਆਂ ਵੱਡੀਆਂ ਹੁੰਦੀਆਂ ਹਨ। ਇਥੇ ਜੰਗਲੀ ਪੰਛੀ ਆਕੇ ਆਪਣੇ ਆਲ੍ਹਣੇ ਪਾਕੇ ਆਪਣੇ-ਆਪ ਨੂੰ ਧੁਪ੍ਪ ਤੋਂ ਬਚਾਉਂਦੇ ਹਨ।”
33 ਯਿਸੂ ਨੇ ਅਜਿਹੇ ਕਈ ਦ੍ਰਿਸ਼ਟਾਂਤ ਉਨ੍ਹਾਂ ਨੂੰ ਪ੍ਰਚਾਰ ਕਰਦੇ ਸਮੇਂ ਦਿੱਤੇ। ਯਿਸੂ ਨੇ ਉਨ੍ਹਾਂ ਨੂੰ ਉਨੇ ਹੀ ਉਪਦੇਸ਼ ਦਿੱਤੇ ਜਿੰਨੇ ਵਧ ਤੋਂ ਵਧ ਉਹ ਸਮਝਣ ਯੋਗ ਸਨ।
34 ਯਿਸੂ ਹਮੇਸ਼ਾ ਲੋਕਾਂ ਵਿੱਚ ਪ੍ਰਚਾਰ ਕਰਨ ਲਈ ਕਹਾਣੀਆਂ ਦੀ ਵਰਤੋਂ ਕਰਦਾ। ਪਰ ਜਦੋਂ ਉਹ ਆਪਣੇ ਚੇਲਿਆਂ ਦੇ ਨਾਲ ਇਕੱਲਾ ਹੁੰਦਾ ਤਾਂ ਉਹ ਉਨ੍ਹਾਂ ਨੂੰ ਹਰ ਗੱਲ ਦਾ ਵਿਸਤਾਰ ਦਿੰਦਾ।
35 ਉਸ ਦਿਨ ਸ਼ਾਮ ਵੇਲੇ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਆਓ! ਝੀਲ ਦੇ ਉਸ ਪਾਰ ਚੱਲੀਏ।”
36 ਯਿਸੂ ਤੇ ਉਸਦੇ ਚੇਲੇ ਬਾਕੀ ਲੋਕਾਂ ਨੂੰ ਉਥੇ ਹੀ ਛੱਡਕੇ, ਉਸ ਬੇੜੀ ਵਿੱਚ ਬੈਠਕੇ ਚਲੇ ਗਏ ਜਿਸ ਬੇੜੀ ‘ਚ ਬੈਠਕੇ ਉਹ ਉਪਦੇਸ਼ ਦੇ ਰਿਹਾ ਸੀ। ਕੁਝ ਹੋਰ ਵੀ ਬੇੜੀਆਂ ਉਸਦੇ ਨਾਲ ਸਨ।
37 ਤਦ ਝੀਲ ਤੇ ਭਿਆਨਕ ਹਨੇਰੀ ਵਗ੍ਹੀ। ਲਹਿਰਾਂ ਬੇੜੀ ਦੇ ਨਾਲ ਵਜ੍ਜ ਰਹੀਆਂ ਸਨ। ਬੇੜੀ ਪਾਣੀ ਨਾਲ ਭਰ ਚੱਲੀ ਸੀ।
38 ਯਿਸੂ ਉਸ ਵਕਤ ਬੇੜੀ ਦੇ ਪਿਛਲੇ ਪਾਸੇ ਇੱਕ ਸਿਰਹਾਣਾ ਰਖਕੇ ਸੁੱਤਾ ਹੋਇਆ ਸੀ। ਉਸਦੇ ਚੇਲਿਆਂ ਨੇ ਉਸਨੂੰ ਉਠਾਇਆ। ਉਨ੍ਹਾਂ ਆਖਿਆ, “ਗੁਰੂ ਜੀ, ਕੀ ਤੁਹਾਨੂੰ ਕੋਈ ਫ਼ਿਕਰ ਨਹੀਂ ਕਿ ਅਸੀਂ ਡੁੱਬ ਰਹੇ ਹਾਂ।”
39 ਯਿਸੂ ਉਠਿਆ ਅਤੇ ਉਸਨੇ ਹਨੇਰੀ ਅਤੇ ਲਹਿਰਾਂ ਨੂੰ ਹੁਕਮ ਦਿੱਤਾ “ਸ਼ਾਂਤ ਹੋ ਜਾਓ, ਥੰਮ ਜਾਓ।” ਤਾਂ ਹਨੇਰੀ ਰੁਕ ਗਈ ਅਤੇ ਝੀਲ ਸ਼ਾਂਤ ਹੋ ਗਈ।
40 ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਤੁਸੀਂ ਇੰਨੇ ਘਬਰਾਏ ਹੋਏ ਕਿਉਂ ਹੋ? ਕੀ ਤੁਹਾਨੂੰ ਅਜੇ ਵੀ ਵਿਸ਼ਵਾਸ ਨਹੀਂ?”
41 ਚੇਲੇ ਬਹੁਤ ਡਰੇ ਹੋਏ ਸਨ ਅਤੇ ਇੱਕ ਦੂਜੇ ਤੋਂ ਪੁਛ ਰਹੇ ਸਨ, “ਇਹ ਕਿਹੋ ਜਿਹਾ ਮਨੁੱਖ ਹੈ? ਹਵਾ ਅਤੇ ਝੀਲ ਵੀ ਉਸਦੀ ਆਗਿਆ ਦਾ ਪਾਲਣ ਕਰਦੇ ਹਨ।”