ਮਰਕੁਸ

ਕਾਂਡ : 1 2 3 4 5 6 7 8 9 10 11 12 13 14 15 16


ਕਾਂਡ 5

1 ਯਿਸੂ ਅਤੇ ਉਸਦੇ ਚੇਲੇ ਝੀਲ ਦੇ ਦੂਜੇ ਪਾਰ ਗਏ ਅਤੇ ਗਿਰਸੇਨੀਆ ਦੇ ਦੇਸ਼ ਨੂੰ ਆਏ।
2 ਜਦੋਂ ਯਿਸੂ ਬੇੜੀ ਵਿੱਚੋਂ ਬਾਹਰ ਆਇਆ ਤਾਂ, ਕਬਰਾਂ ਵੱਲੋਂ ਇੱਕ ਮਨੁੱਖ ਜਿਸਨੂੰ ਭਰਿਸ਼ਟ ਆਤਮਾ ਚਿੰਬੜਿਆ ਹੋਇਆ ਸੀ, ਉਸ ਕੋਲ ਆਇਆ।
3 ਇਹ ਮਨੁੱਖ ਕਬਰਾਂ ਵਿਚਕਾਰ ਰਹਿੰਦਾ ਸੀ। ਕੋਈ ਉਸਨੂੰ ਜੰਜ਼ੀਰਾਂ ਨਾਲ ਵੀ ਨਹੀਂ ਬੰਨ੍ਹ ਸਕਦਾ ਸੀ।
4 ਕਈ ਵਾਰ ਉਸਦੇ ਹੱਥ ਅਤੇ ਪੈਰ ਸੰਗਲਾਂ ਨਾਲ ਜਕੜੇ ਗਏ ਸਨ। ਪਰ ਉਹ ਉਨ੍ਹਾਂ ਨੂੰ ਤੋੜ ਸੁੱਟਾਦਾ। ਕੋਈ ਵੀ ਆਦਮੀ ਇੰਨਾ ਤਾਕਤਵਰ ਨਹੀਂ ਸੀ ਕਿ ਉਸਨੂੰ ਕਾਬੂ ਕਰ ਸਕਦਾ।
5 ਦਿਨ-ਰਾਤ ਇਹ ਆਦਮੀ ਕਬਰਾਂ ਵਿਚਕਾਰ ਅਤੇ ਪਹਾੜੀਆਂ ਤੇ ਰਹਿੰਦਾ ਸੀ। ਅਤੇ ਚੀਕਦਾ ਰਹਿੰਦਾ ਅਤੇ ਆਪਣੇ-ਆਪ ਨੂੰ ਪੱਥਰਾਂ ਨਾਲ ਜ਼ਖਮੀ ਕਰਦਾ ਰਹਿੰਦਾ ਸੀ।
6 ਜਦੋਂ ਯਿਸੂ ਅਜੇ ਦੂਰ ਹੀ ਸੀ ਤਾਂ ਇਸ ਆਦਮੀ ਨੇ ਉਸਨੂੰ ਵੇਖ ਲਿਆ ਅਤੇ ਉਹ ਉਸ ਵੱਲ ਨਸਿਆ। ਅਤੇ ਉਸ ਅੱਗੇ ਜਾਕੇ ਝੁਕ ਗਿਆ।
7 ਤੇ ਉਹ ਚੀਕਿਆ, “ਯਿਸੂ, ਤੂੰ ਮੇਰੇ ਨਾਲ ਕੀ ਕਰਨਾ ਚਾਹੁੰਦਾ? ਤੂੰ ਅੱਤ-ਮਹਾਨ ਪਰਮੇਸ਼ੁਰ ਦਾ ਪੁੱਤਰ ਹੈ! ਮੈਂ ਤੈਨੂੰ ਪਰਮੇਸ਼ੁਰ ਦੀ ਸੌਂਹ ਦਿੰਦਾ ਹਾਂ ਕਿ ਤੂੰ ਮੈਨੂੰ ਕਸ਼ਟ ਨਹੀਂ ਦੇਵੇਂਗਾ।”
8 ਉਸਨੇ ਅਜਿਹਾ ਇਸ ਲਈ ਆਖਿਆ ਕਿਉਂਕਿ ਯਿਸੂ ਨੇ ਉਸ ਆਦਮੀ ਨੂੰ ਆਖਿਆ ਸੀ, “ਤੂੰ ਭਰਿਸ਼ਟ ਆਤਮਾ, ਇਸ ਮਨੁੱਖ ਵਿੱਚੋਂ ਬਾਹਰ ਆ ਜਾ।”
9 ਫ਼ਿਰ ਯਿਸੂ ਨੇ ਉਸ ਮਨੁੱਖ ਨੂੰ ਪੁੱਛਿਆ, “ਤੇਰਾ ਕੀ ਨਾਂ ਹੈ?”ਉਸ ਮਨੁੱਖ ਨੇ ਜਵਾਬ ਦਿੱਤਾ, “ਮੇਰਾ ਨਾਉਂ ਲਸ਼ਕਰ ਹੈ, ਕਿਉਂਕਿ ਬਹੁਤ ਸਾਰੇ ਭਰਿਸ਼ਟ ਆਤਮੇ ਮੇਰੇ ਅੰਦਰ ਹਨ।”
10 ਫ਼ਿਰ ਉਸ ਆਦਮੀ ਨੇ ਯਿਸੂ ਅੱਗੇ ਬੇਨਤੀ ਕੀਤੀ ਕਿ ਉਹ ਉਨ੍ਹਾਂ ਨੂੰ ਉਸ ਥਾਂ ਤੋਂ ਬਾਹਰ ਨਾ ਕਾਢੇ।
11 ਉਥੇ ਪਹਾੜ ਦੇ ਨੇੜੇ ਸੂਰਾਂ ਦਾ ਇੱਕ ਵੱਡਾ ਇੱਜੜ ਚਰ ਰਿਹਾ ਸੀ।
12 ਉਨ੍ਹਾਂ ਭਰਿਸ਼ਟ ਆਤਮਿਆਂ ਨੇ ਉਸ ਅੱਗੇ ਅਰਜੋਈ ਕੀਤੀ ਕਿ “ਸਾਨੂੰ ਸੂਰਾਂ ਵਿੱਚ ਭੇਜ ਦੇ ਤਾਂ ਜੋ ਅਸੀਂ ਉਨ੍ਹਾਂ ਵਿੱਚ ਜਾ ਵੜੀਏ।”
13 ਤਾਂ ਯਿਸੂ ਨੇ ਉਨ੍ਹਾਂ ਨੂੰ ਜਾਣ ਦਿੱਤਾ। ਤਾਂ ਉਹ ਭਰਿਸ਼ਟ ਆਤਮੇ ਉਸ ਮਨੁੱਖ ਵਿੱਚੋਂ ਨਿਕਲਕੇ ਸੂਰਾਂ ਵਿੱਚ ਜਾ ਵੜੇ। ਅਤੇ ਇੱਜੜ ਪਹਾੜੀ ਦੀ ਸਿਧੀ ਢਲਾਣ ਤੇ ਭੱਜਦਾ ਹੋਇਆ ਝੀਲ ਵਿੱਚ ਡਿੱਗ ਪਿਆ। ਉਸ ਇੱਜੜ ਵਿੱਚ ਦੋ-ਹਜ਼ਾਰ ਦੇ ਕਰੀਬ ਸੂਰ ਸਨ ਅਤੇ ਉਹ ਸਾਰੇ ਦੇ ਸਾਰੇ ਝੀਲ ਵਿੱਚ ਡੁੱਬ ਗਏ।
14 ਜਿਹੜੇ ਆਦਮੀ ਉਥੇ ਸੂਰਾਂ ਨੂੰ ਚਰਵਾ ਅਤੇ ਉਨ੍ਹਾਂ ਰਖਵਾਲੀ ਕਰ ਰਹੇ ਸਨ ਨਸ੍ਸ ਗਏ ਅਤੇ ਨਸ੍ਸਦੇ ਹੋਏ ਸ਼ਹਿਰਾਂ ਅਤੇ ਖੇਤਾਂ ਵਿੱਚ ਜਾਕੇ ਉਨ੍ਹਾਂ ਨੇ ਲੋਕਾਂ ਨੂੰ ਇਹ ਸਾਰਾ ਹਾਲ ਜਾ ਸੁਣਾਇਆ। ਲੋਕ ਵੇਖਣ ਲਈ ਆਏ ਕਿ ਕੀ ਵਾਪਰਿਆ ਸੀ।
15 ਜਦੋਂ ਉਹ ਯਿਸੂ ਕੋਲ ਆਏ, ਉਨ੍ਹਾਂ ਨੇ ਉਸ ਆਦਮੀ ਨੂੰ ਵੇਖਿਆ ਜੋ ਭਰਿਸ਼ਟ ਆਤਮਿਆ ਦੇ ਕਬਜ਼ੇ ਵਿੱਚ ਸੀ। ਉਹ ਆਦਮੀ ਉਥੇ ਕੱਪੜੇ ਪਾਈ ਬੈਠਾ ਸੀ ਅਤੇ ਉਸਦੀ ਸੁਰਤ ਵੀ ਹੁਣ ਟਿਕਾਣੇ ਸੀ। ਇਹ ਵੇਖ ਲੋਕੀ ਡਰ ਗਏ।
16 ਕੁਝ ਲੋਕ ਉਥੇ ਸਨ, ਅਤੇ ਉਨ੍ਹਾਂ ਇਹ ਸਭ ਜੋ ਯਿਸੂ ਨੇ ਕੀਤਾ ਸੀ ਵੇਖਿਆ। ਉਨ੍ਹਾਂ ਨੇ, ਜੋ ਕੁਝ ਵੀ ਉਸ ਭੂਤਾਂ ਦੇ ਕਬਜ਼ੇ ਹੇਠ ਆਦਮੀ ਨਾਲ ਵਾਪਰਿਆ, ਆਣ ਸੁਣਾਇਆ, ਅਤੇ ਉਨ੍ਹਾਂ ਨੇ ਲੋਕਾਂ ਨੂੰ ਸੂਰਾਂ ਬਾਰੇ ਵੀ ਦਸਿਆ।
17 ਤਦ ਉਨ੍ਹਾਂ ਨੇ ਯਿਸੂ ਨੂੰ ਉਨ੍ਹਾਂ ਦਾ ਇਲਾਕਾ ਛੱਡਕੇ ਚਲੇ ਜਾਣ ਲਈ ਮਿੰਨਤ ਕੀਤੀ।
18 ਜਿਉਂ ਹੀ ਯਿਸੂ ਬੇੜੀ ਵਿੱਚ ਚਢ਼ਨ ਵਾਲਾ ਸੀ, ਜੋ ਵਿਅਕਤੀ ਭੂਤਾਂ ਤੋਂ ਮੁਕਤ ਹੋਇਆ ਸੀ ਉਸਨੇ ਉਸਦਾ ਅਨੁਸਰਣ ਕਰਨ ਦੀ ਆਗਿਆ ਮੰਗੀ।
19 ਪਰ ਯਿਸੂ ਨੇ ਉਸਨੂੰ ਆਪਣੇ ਨਾਲ ਆਉਣ ਦੀ ਇਜਾਜ਼ਤ ਨਾ ਦਿੱਤੀ ਅਤੇ ਕਿਹਾ, “ਤੂੰ ਆਪਣੇ ਪਰਿਵਾਰ ਅਤੇ ਸੰਗੀ-ਸਾਥੀਆਂ ਵਿੱਚ ਜਾ। ਤੂੰ ਉਨ੍ਹਾਂ ਨੂੰ ਦੱਸ ਜੋ ਪ੍ਰਭੂ ਨੇ ਤੇਰੇ ਲਈ ਕੀਤਾ ਹੈ। ਉਨ੍ਹਾਂ ਨੂੰ ਦੱਸ ਕਿ ਉਹ ਤੇਰੇ ਤੇ ਮਿਹਰਬਾਨ ਹੋਇਆ ਹੈ।”
20 ਉਹ ਆਦਮੀ ਚਲਿਆ ਗਿਆ। ਉਸਨੇ ਦਿਕਾਪੁਲਿਸ ਦੇ ਲੋਕਾਂ ਨੂੰ ਦਸਿਆ ਕਿ ਯਿਸੂ ਨੇ ਉਸ ਵਾਸਤੇ ਕੀ ਕੀਤਾ ਸੀ। ਸਾਰੇ ਲੋਕ ਉਸਦੀਆਂ ਗੱਲਾਂ ਸੁਣਕੇ ਹੈਰਾਨ ਸਨ।
21 ਜਿਵੇਂ ਹੀ ਯਿਸੂ ਫ਼ੇਰ ਤੋਂ ਬੇੜੀ ਦੁਆਰਾ ਝੀਲ ਦੇ ਦੂਜੇ ਪਾਸੇ ਗਿਆ, ਝੀਲ ਦੇ ਨੇੜੇ ਉਸ ਕੋਲ ਇੱਕ ਵੱਡੀ ਭੀੜ ਇਕਠੀ ਹੋ ਗਈ।
22 ਉਥੇ ਪ੍ਰਾਰਥਨਾ ਸਥਾਨ ਦਾ ਇੱਕ ਆਗੂ ਉਸ ਕੋਲ ਆਇਆ ਜਿਸਦਾ ਨਾਉਂ ਜੈਰੁਸ ਸੀ। ਜਦੋਂ ਉਸਨੇ ਯਿਸੂ ਨੂੰ ਲਭ ਲਿਆ, ਤਾਂ ਉਹ ਉਸਦੇ ਪੈਰੀਂ ਪੈ ਗਿਆ।
23 ਅਤੇ ਉਹ ਉਸਦੇ ਪੈਰੀਂ ਪੈਕੇ ਬਾਰ-ਬਾਰ ਮਿੰਨਤ ਕਰਨ ਲੱਗਾ, “ਮੇਰੀ ਛੋਟੀ ਜਿਹੀ ਧੀ ਮਰਨ ਕਿਨਾਰੇ ਹੈ। ਕਿਰਪਾ ਕਰਕੇ ਆਪਣੇ ਹੱਥ ਉਸ ਉੱਪਰ ਰਖ ਦਿਉ। ਉਹ ਚੰਗੀ ਹੋ ਜਾਵੇਗੀ ਤੇ ਜਿਉਂ ਪਵੇਗੀ।”
24 ਤਾਂ ਉਹ ਜੈਰੁਸ ਦੇ ਨਾਲ ਗਿਆ। ਬਹੁਤ ਸਾਰੇ ਲੋਕ ਉਸਦਾ ਪਿਛਾ ਕਰ ਰਹੇ ਸਨ ਅਤੇ ਉਹ ਉਸਨੂੰ ਦਬਾਈ ਜਾ ਰਹੇ ਸਨ।
25 ਉਥੇ ਇੱਕ ਔਰਤ ਸੀ, ਜਿਸਨੂੰ ਪਿਛਲੇ ਬਾਰ੍ਹਾਂ ਵਰ੍ਹਿਆਂ ਤੋਂ ਖੂਨ ਆ ਰਿਹਾ ਸੀ।
26 ਉਹ ਔਰਤ ਬੜੀ ਤਕਲੀਫ਼ ਵਿੱਚ ਸੀ ਅਤੇ ਬਹੁਤ ਸਾਰੇ ਵੈਦਾਂ ਨੇ ਉਸਨੂੰ ਠੀਕ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਉਸ ਕੋਲ ਜਿੰਨੀ ਵੀ ਦੌਲਤ ਸੀ ਉਸਨੇ ਆਪਣੇ ਇਲਾਜ ਤੇ ਖਰਚ ਦਿੱਤੀ ਸੀ, ਪਰ ਉਹ ਚੰਗੀ ਨਾ ਹੋਈ। ਅਤੇ ਉਸਦੀ ਹਾਲਤ ਹੋਰ ਵੀ ਖਰਾਬ ਹੋ ਗਈ।
27 ਜਦੋਂ ਉਸ ਔਰਤ ਨੇ ਯਿਸੂ ਬਾਰੇ ਸੁਣਿਆ ਅਤੇ ਉਹ ਭੀੜ ਵਿਚਕਾਰ ਉਸਦੇ ਪਿਛੇ ਆ ਗਈ ਅਤੇ ਉਸਦੇ ਕੱਪੜੇ ਨੂੰ ਛੂਹਿਆ।
28 ਉਸ ਔਰਤ ਨੇ ਸੋਚਿਆ, “ਜੇਕਰ ਮੈਂ ਸਿਰਫ਼ ਯਿਸੂ ਦੇ ਕੱਪੜੇ ਨੂੰ ਵੀ ਛੂਹ ਲਵਾਂ, ਮੈਂ ਚੰਗੀ ਹੋ ਜਾਵਾਂਗੀ।”
29 ਜਦੋਂ ਉਸ ਔਰਤ ਨੇ ਯਿਸੂ ਦਾ ਕੱਪੜਾ ਛੂਹਿਆ, ਉਸਦਾ ਲਹੂ ਵਗਣਾ ਰੁਕ ਗਿਆ ਅਤੇ ਉਸਨੇ ਆਪਣੇ ਸ਼ਰੀਰ ਵਿੱਚ ਇਹ ਮਹਿਸੂਸ ਕੀਤਾ ਕਿ ਉਹ ਆਪਣੀਆਂ ਤਕਲੀਫ਼ਾਂ ਤੋਂ ਚੰਗੀ ਹੋ ਗਈ ਸੀ।
30 ਜਦੋਂ ਯਿਸੂ ਨੇ ਮਹਿਸੂਸ ਕੀਤਾ ਕਿ ਕੋਈ ਸ਼ਕਤੀ ਉਸ ਵਿੱਚੋਂ ਬਾਹਰ ਆਈ ਹੈ, ਉਸਨੇ ਆਸੇ-ਪਾਸੇ ਵੇਖਿਆ ਅਤੇ ਪੁੱਛਿਆ, “ਕਿਸਨੇ ਮੇਰਾ ਕੱਪੜਾ ਛੋਹਿਆ ਹੈ?”
31 ਉਸਦੇ ਚੇਲਿਆਂ ਨੇ ਉਸਨੂੰ ਆਖਿਆ, “ਤੂੰ ਜਾਣਦਾ ਹੈਂ ਕਿ ਲੋਕ ਤੈਨੂੰ ਦਬਾਈ ਜਾ ਰਹੇ ਹਨ। ਅਤੇ ਹਾਲੇ ਵੀ ਤੂੰ ਪੁਛ ਰਿਹਾ ਹੈ, ਕਿਸਨੇ ਮੈਨੂੰ ਛੁਹਿਆ ਹੈ?”
32 ਪਰ ਯਿਸੂ ਉਸ ਵਿਅਕਤੀ ਨੂੰ ਲਭਣ ਲਈ ਆਸੇ-ਪਾਸੇ ਵੇਖ ਰਿਹਾ ਸੀ ਕਿ ਉਹ ਕੌਣ ਹੈ।
33 ਉਹ ਔਰਤ ਜਾਣ ਗਈ ਸੀ ਕਿ ਉਹ ਹੁਣ ਠੀਕ ਹੋ ਗਈ ਹੈ ਉਹ ਯਿਸੂ ਕੋਲ ਆਈ ਅਤੇ ਡਰ ਨਾਲ ਕੰਬਦੀ ਹੋਈ ਯਿਸੂ ਦੇ ਚਰਨਾਂ ਤੇ ਡਿੱਗ ਪਈ। ਉਸਨੇ ਯਿਸੂ ਨੂੰ ਸਾਰੀ ਵਾਰਤਾ ਸੁਣਾਈ।
34 ਤਾਂ ਉਸਨੇ ਉਸ ਔਰਤ ਨੂੰ ਆਖਿਆ, “ਹੇ ਪਿਆਰੀ ਇਸਤਰੀ! ਤੂੰ ਆਪਣੇ ਵਿਸ਼ਵਾਸ ਕਾਰਣ ਚੰਗੀ ਹੋਈ ਹੈਂ। ਖੁਸ਼ ਰਹਿ! ਹਣ ਤੂੰ ਕੋਈ ਹੋਰ ਤਕਲੀਫ਼ ਨਹੀਂ ਝੱਲੇਂਗੀ।”
35 ਜਦੋਂ ਯਿਸੂ ਅਜੇੇ ਬੋਲ ਰਿਹਾ ਸੀ, ਕੁਝ ਲੋਕ ਪ੍ਰਾਰਥਨਾ-ਸਥਾਨ ਦੇ ਆਗੂ ਜੈਰੁਸ ਦੇ ਘਰੋ ਆਏ ਅਤੇ ਉਸਨੂੰ ਆਖਿਆ, “ਤੇਰੀ ਧੀ ਮਰ ਗਈ ਹੈ। ਤੂੰ ਗੁਰੂ ਨੂੰ ਹੋਰ ਖੇਚਲ ਕਿਉਂ ਦੇ ਰਿਹਾ ਹੈਂ?”
36 ਪਰ ਯਿਸੂ ਨੇ ਉਸ ਗੱਲ ਦੀ ਬਿਲਕੁਲ ਕੋਈ ਪਰਵਾਹ ਨਾ ਕੀਤੀ ਕਿ ਉਹ ਕੀ ਆਖ ਰਹੇ ਸਨ ਅਤੇ ਪ੍ਰਾਰਥਨਾ ਸਥਾਨ ਦੇ ਆਗੂ ਨੂੰ ਆਖਿਆ, “ਡਰ ਨਹੀਂ! ਸਿਰਫ਼ ਭਰੋਸਾ ਰਖ।”
37 ਯਿਸੂ ਨੇ ਆਪਣੇ ਨਾਲ ਪਤਰਸ, ਯਾਕੂਬ ਅਤੇ ਉਸਦੇ ਭਰਾ ਯੂਹੰਨਾ ਨੂੰ ਲਿਆ ਅਤੇ ਪ੍ਰਾਰਥਨਾ ਸਥਾਨ ਦੇ ਆਗੂ ਜੈਰੁਸ ਦੇ ਘਰ ਚਲਾ ਗਿਆ।
38 ਜਦੋਂ ਉਹ ਉਥੇ ਪਹੁੰਚੇ, ਯਿਸੂ ਨੇ ਉਥੇ ਬਹੁਤ ਸਾਰੇ ਲੋਕਾਂ ਨੂੰ ਰੋਂਦਿਆਂ ਅਤੇ ਪਿਟਦਿਆਂ ਵੇਖਿਆ। ਉਥੇ ਬੜੀ ਭਾਜੜ ਪਈ ਹੋਈ ਸੀ।
39 ਯਿਸੂ ਉਸ ਘਰ ਦੇ ਅੰਦਰ ਵੜਿਆ ਅਤੇ ਲੋਕਾਂ ਨੂੰ ਕਿਹਾ, “ਤੁਸੀਂ ਲੋਕ ਕਿਉਂ ਰੋ ਰਹੇ ਹੋ ਅਤੇ ਅਸ਼ਾਂਤੀ ਕਿਉਂ ਫ਼ੈਲਾ ਰਹੇ ਹੋ? ਬਚ੍ਚੀ ਮਰੀ ਨਹੀਂ ਉਹ ਸਿਰਫ਼ ਸੌਂ ਰਹੀ ਹੈ।”
40 ਪਰ ਲੋਕਾਂ ਨੇ ਯਿਸੂ ਦਾ ਮਜਾਕ ਉਡਾਇਆ।ਉਸਨੇ ਸਭ ਨੂੰ ਘਰੋਂ ਚਲੇ ਜਾਣ ਵਾਸਤੇ ਕਿਹਾ। ਉਹ ਉਸ ਕਮਰੇ ਵਿੱਚ ਗਿਆ ਜਿਥੇ ਬਚ੍ਚੀ ਸੀ। ਉਸਨੇ ਆਪਣੇ ਨਾਲ ਉਸ ਕਮਰੇ ਵਿੱਚ ਬਚ੍ਚੀ ਦੇ ਪਿਤਾ-ਮਾਤਾ ਅਤੇ ਆਪਣੇ ਤਿੰਨ ਚੇਲਿਆਂ ਨੂੰ ਲਿਆ।
41 ਤਦ ਯਿਸੂ ਨੇ ਉਸ ਕੁੜੀ ਦਾ ਹੱਥ ਫ਼ੜਿਆ ਅਤੇ ਉਸਨੂੰ ਕਿਹਾ, ਜਿਸਦਾ ਅਰਥ ਹੈ ਕਿ ਹੇ ਕੰਨਿਆ, “ਮੈਂ ਤੈਨੂੰ ਆਖਦਾ ਹਾਂ, ਉਠ!
42 ਕੁੜੀ ਝੱਟ ਉਠ ਖਢ਼ੀ ਹੋਈ ਅਤੇ ਤੁਰਨ-ਫ਼ਿਰਨ ਲੱਗੀ। ਉਹ ਕੁੜੀ ਬਾਰ੍ਹਾਂ ਵਰ੍ਹਿਆਂ ਦੀ ਸੀ। ਉਸਦੇ ਮਾਂ-ਪਿਉ ਅਤੇ ਚੇਲੇ ਬੜੇ ਹੈਰਾਨ ਹੋ ਗਏ।
43 ਅਤੇ ਯਿਸੂ ਨੇ ਉਨ੍ਹਾਂ ਨੂੰ ਸਖਤ ਚਿਤਾਵਨੀ ਦਿੱਤੀ ਕਿ ਉਹ ਲੋਕਾਂ ਨੂੰ ਇਸ ਬਾਰੇ ਨਾ ਦੱਸਣ। ਉਸਨੇ ਉਨ੍ਹਾਂ ਨੂੰ ਉਸ ਕੁੜੀ ਨੂੰ ਕੁਝ ਖਾਣ ਨੂੰ ਦੇਣ ਲਈ ਕਿਹਾ।