ਕਾਂਡ 4
1 ਤਾਂ ਮੂਸਾ ਨੇ ਪਰਮੇਸ਼ੁਰ ਨੂੰ ਆਖਿਆ, “ਪਰ ਜਦੋਂ ਮੈਂ ਇਸਰਾਏਲ ਦੇ ਲੋਕਾਂ ਨੂੰ ਦੱਸਾਂਗਾ ਕਿ ਤੂੰ ਮੈਨੂੰ ਭੇਜਿਆ ਹੈ ਤਾਂ ਉਹ ਮੇਰੇ ਉੱਤੇ ਵਿਸ਼ਵਾਸ ਨਹੀਂ ਕਰਨਗੇ। ਉਹ ਆਖਣਗੇ, ‘ਯਹੋਵਾਹ ਤੇਰੇ ਅੱਗੇ ਪ੍ਰਗਟ ਨਹੀਂ ਹੋਇਆ।’”
2 ਪਰ ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, “ਇਹ ਕੀ ਚੀਜ਼ ਹੈ ਜੋ ਤੇਰੇ ਹੱਥ ਵਿੱਚ ਹੈ?”ਮੂਸਾ ਨੇ ਜਵਾਬ ਦਿੱਤਾ, “ਇਹ ਮੇਰੀ ਤੁਰਨ ਵਾਲੀ ਸੋਟੀ ਹੈ।”
3 ਤਾਂ ਪਰਮੇਸ਼ੁਰ ਨੇ ਆਖਿਆ, “ਆਪਣੀ ਸੋਟੀ ਧਰਤੀ ਤੇ ਸੁੱਟ।”ਇਸ ਲਈ ਮੂਸਾ ਨੇ ਆਪਣੀ ਸੋਟੀ ਧਰਤੀ ਤੇ ਸੁੱਟ ਦਿੱਤੀ। ਅਤੇ ਸੋਟੀ ਸੱਪ ਬਣ ਗਈ। ਮੂਸਾ ਡਰ ਗਿਆ ਅਤੇ ਇਸਤੋਂ ਦੂਰ ਭਜਿਆ।
4 ਪਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਅੱਗੇ ਵਧਕੇ ਸੱਪ ਨੂੰ ਇਸਦੀ ਪੂੰਛ ਤੋਂ ਫ਼ੜ ਲੈ।”ਤਾਂ ਮੂਸਾ ਅੱਗੇ ਵਧਿਆ ਤੇ ਸੱਪ ਦੀ ਪੂੰਛ ਫ਼ੜ ਲਈ। ਜਦੋਂ ਮੂਸਾ ਨੇ ਅਜਿਹਾ ਕੀਤਾ, ਤਾਂ ਸੱਪ ਇੱਕ ਵਾਰੀ ਫ਼ੇਰ ਸੋਟੀ ਬਣ ਗਿਆ।
5 ਤਾਂ ਪਰਮੇਸ਼ੁਰ ਨੇ ਆਖਿਆ, “ਆਪਣੀ ਸੋਟੀ ਨੂੰ ਇਸੇ ਤਰ੍ਹਾਂ ਵਰਤੀਂ ਅਤੇ ਲੋਕ ਵਿਸ਼ਵਾਸ ਕਰ ਲੈਣਗੇ ਕਿ ਤੂੰ ਯਹੋਵਾਹ, ਆਪਣੇ ਪੁਰਖਿਆਂ ਦੇ ਪਰਮੇਸ਼ੁਰ, ਅਬਰਾਹਾਮ ਦੇ ਪਰਮੇਸ਼ੁਰ, ਇਸਹਾਕ ਦੇ ਪਰਮੇਸ਼ੁਰ ਅਤੇ ਯਾਕੂਬ ਦੇ ਪਰਮੇਸ਼ੁਰ ਨੂੰ ਦੇਖਿਆ ਹੈ।”
6 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਮੈਂ ਤੈਨੂੰ ਇੱਕ ਹੋਰ ਸਬੂਤ ਦੇਵਾਂਗਾ। ਆਪਣਾ ਹੱਥ ਆਪਣੇ ਚੋਲੇ ਅੰਦਰ ਪਾ।”ਤਾਂ ਮੂਸਾ ਨੇ ਆਪਣਾ ਹੱਥ ਆਪਣੇ ਚੋਲੇ ਅੰਦਰ ਪਾਇਆ। ਫ਼ੇਰ ਜਦੋਂ ਉਸਨੇ ਚੋਲੇ ਵਿੱਚੋਂ ਆਪਣਾ ਹੱਥ ਬਾਹਰ ਕਢਿਆ, ਇਸਨੂੰ ਬਿਮਾਰੀ ਲੱਗ ਗਈ ਸੀ ਅਤੇ ਇਹ ਬਰਫ਼ ਵਾਂਗ ਸਫ਼ੇਦ ਹੋ ਗਿਆ ਸੀ।
7 ਤਾਂ ਪਰਮੇਸ਼ੁਰ ਨੇ ਆਖਿਆ, “ਹੁਣ ਆਪਣਾ ਹੱਥ ਇੱਕ ਵਾਰੀ ਫ਼ੇਰ ਆਪਣੇ ਚੋਲੇ ਅੰਦਰ ਕਰ।” ਤਾਂ ਮੂਸਾ ਨੇ ਇੱਕ ਵਾਰੀ ਫ਼ੇਰ ਆਪਣਾ ਹੱਥ ਚੋਲੇ ਅੰਦਰ ਕਰ ਲਿਆ। ਫ਼ੇਰ ਮੂਸਾ ਨੇ ਆਪਣਾ ਹੱਥ ਬਾਹਰ ਕਢਿਆ, ਅਤੇ ਉਸਦਾ ਹੱਥ ਬਦਲ ਗਿਆ ਸੀ। ਹੁਣ ਉਸਦਾ ਹੱਥ ਪਹਿਲਾਂ ਵਾਂਗ ਹੀ ਇੱਕ ਵਾਰੀ ਫ਼ੇਰ ਠੀਕ ਹੋ ਗਿਆ ਸੀ।
8 ਤਾਂ ਪਰਮੇਸ਼ੁਰ ਨੇ ਆਖਿਆ, “ਜਦ ਤੂੰ ਆਪਣੀ ਸੋਟੀ ਦੀ ਵਰਤੋਂ ਕਰੇਂ ਪਰ ਲੋਕ ਤੇਰਾ ਵਿਸ਼ਵਾਸ ਨਾ ਕਰਨ ਤਾਂ ਤੂੰ ਇਹ ਨਿਸ਼ਾਨ ਉਨ੍ਹਾਂ ਨੂੰ ਦਿਖਾਵੀਂ, ਉਹ ਤੇਰੇ ਉੱਤੇ ਜ਼ਰੂਰ ਵਿਸ਼ਵਾਸ ਕਰ ਲੈਣਗੇ।
9 ਜੇ ਉਹ ਹਾਲੇ ਵੀ ਵਿਸ਼ਵਾਸ ਨਹੀਂ ਕਰਦੇ ਜਦ ਕਿ ਤੂੰ ਉਨ੍ਹਾਂ ਨੂੰ ਇਹ ਦੋਵੇਂ ਚੀਜ਼ਾਂ ਦਿਖਾ ਦਿੱਤੀਆਂ ਹੋਣ, ਤਾਂ ਨੀਲ ਨਦੀ ਵਿੱਚੋਂ ਕੁਝ ਪਾਣੀ ਲਵੀਂ। ਪਾਣੀ ਨੂੰ ਧਰਤੀ ਤੇ ਡੋਲ੍ਹ ਦੇਵੀਂ, ਅਤੇ ਜਿਵੇਂ ਹੀ ਇਹ ਧਰਤੀ ਨੂੰ ਛੂਹੇਗਾ ਇਹ ਖੂਨ ਬਣ ਜਾਵੇਗਾ।”
10 ਪਰ ਮੂਸਾ ਨੇ ਯਹੋਵਾਹ ਨੂੰ ਆਖਿਆ, “ਯਹੋਵਾਹ, ਮੈਂ ਤੈਨੂੰ ਸੱਚ ਦੱਸ ਰਿਹਾ ਹਾਂ, ਮੈਂ ਕੋਈ ਚੰਗਾ ਬੁਲਾਰਾ ਨਹੀਂ ਹਾਂ। ਮੈਂ ਕਦੇ ਵੀ ਠੀਕ ਤਰ੍ਹਾਂ ਬੋਲਣ ਦੇ ਕਾਬਿਲ ਨਹੀਂ ਰਿਹਾ ਹਾਂ। ਹੁਣ, ਤੇਰੇ ਨਾਲ ਗੱਲਾਂ ਕਰਨ ਤੋਂ ਮਗਰੋਂ ਵੀ, ਮੈਂ ਚੰਗਾ ਬੁਲਾਰਾ ਨਹੀਂ ਹਾਂ ਤੂੰ ਜਾਣਦਾ ਹੈਂ ਕਿ ਮੈਂ ਹੌਲੀ ਅਤੇ ਬੇਢਂਗਾ ਬੋਲਦਾ ਹਾਂ।”
11 ਤਾਂ ਯਹੋਵਾਹ ਨੇ ਉਸਨੂੰ ਆਖਿਆ, ‘ਆਦਮੀ ਦਾ ਮੂੰਹ ਕਿਸਨੇ ਬਣਾਇਆ ਹੈ? ਅਤੇ ਕੌਣ ਕਿਸੇ ਆਦਮੀ ਨੂੰ ਬੋਲਾ ਜਾਂ ਗੂਂਗਾ ਬਣਾ ਸਕਦਾ ਹੈ? ਕੌਣ ਕਿਸੇ ਆਦਮੀ ਨੂੰ ਅੰਨ੍ਹਾ ਬਣਾ ਸਕਦਾ ਹੈ? ਕੌਣ ਕਿਸੇ ਆਦਮੀ ਨੂੰ ਦੇਖਣ ਦੇ ਯੋਗ ਬਣਾ ਸਕਦਾ ਹੈ? ਮੈਂ ਹੀ ਹਾਂ ਉਹ ਜਿਹੜਾ ਇਹ ਸਾਰੀਆਂ ਗੱਲਾਂ ਕਰ ਸਕਦਾ ਹੈ - ਮੈਂ ਯਾਹਵੇਹ ਹਾਂ।
12 ਇਸ ਲਈ ਜਾਹ। ਜਦੋਂ ਤੂੰ ਬੋਲੇਂਗਾ, ਮੈਂ ਤੇਰੇ ਅੰਗ-ਸੰਗ ਹੋਵਾਂਗਾ। ਮੈਂ ਤੈਨੂੰ ਆਖਣ ਲਈ ਸ਼ਬਦ ਦੇਵਾਂਗਾ।”
13 ਪਰ ਮੂਸਾ ਨੇ ਆਖਿਆ, “ਮੇਰੇ ਯਹੋਵਾਹ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਮੈਨੂੰ ਨਹੀਂ, ਕਿਸੇ ਹੋਰ ਬੰਦੇ ਨੂੰ ਭੇਜੋ।”
14 ਤਾਂ ਯਹੋਵਾਹ ਮੂਸਾ ਉੱਪਰ ਬਹੁਤ ਕਰੋਧਵਾਨ ਹੋ ਗਿਆ ਅਤੇ ਆਖਿਆ, “ਠੀਕ ਹੈ। ਮੈਂ ਤੇਰੀ ਸਹਾਇਤਾ ਲਈ ਤੈਨੂੰ ਕੋਈ ਬੰਦਾ ਦੇਵਾਂਗਾ। ਮੈਂ ਲੇਵੀ ਦੇ ਪਰਿਵਾਰ ਵਿੱਚੋਂ, ਤੇਰੇ ਭਰਾ, ਹਾਰੂਨ ਦੀ ਵਰਤੋਂ ਕਰਾਂਗਾ ਉਹ ਚੰਗਾ ਬੁਲਾਰਾ ਹੈ ਹਾਰੂਨ ਪਹਿਲਾਂ ਹੀ ਤੈਨੂੰ ਮਿਲਣ ਲਈ ਆ ਰਿਹਾ ਹੈ ਉਹ ਤੈਨੂੰ ਮਿਲਕੇ ਪ੍ਰਸੰਨ ਹੋਵੇਗਾ।
15 ਉਹ ਤੇਰੇ ਨਾਲ ਫ਼ਿਰਊਨ ਕੋਲ ਜਾਵੇਗਾ ਮੈਂ ਤੈਨੂੰ ਦੱਸਾਂਗਾ ਕਿ ਤੂੰ ਕੀ ਬੋਲਣਾ ਹੈ। ਫ਼ੇਰ ਤੂੰ ਹਾਰੂਨ ਨੂੰ ਦਸੇਂਗਾ ਅਤੇ ਮੈਂ ਪ੍ਰਪੱਕ ਕਰਾਂਗਾ ਕਿ ਤੇਰਾ ਮੂੰਹ ਅਤੇ ਉਸਦਾ ਮੂੰਹ ਸਹੀ ਗੱਲਾਂ ਆਖਣ।
16 ਹਾਰੂਨ ਤੇਰੀ ਖਾਤਰ ਲੋਕਾਂ ਨਾਲ ਵੀ ਗੱਲ ਕਰੇਗਾ। ਤੂੰ ਉਸ ਲਈ ਪਰਮੇਸ਼ੁਰ ਵਾਂਗ ਹੋਵੇਂਗਾ, ਅਤੇ ਉਹ ਤੇਰਾ ਦਫ਼ਤਰੀ ਬੁਲਾਰਾ ਹੋਵੇਗਾ।
17 ਇਸ ਲਈ ਜਾਹ ਇਹ ਸੋਟੀ ਆਪਣੇ ਨਾਲ ਲੈ, ਜਿਸ ਨਾਲ ਤੂੰ ਲੋਕਾਂ ਨੂੰ ਵਿਖਾਉਣ ਲਈ ਕਿ ਮੈਂ ਤੇਰੇ ਨਾਲ ਹਾਂ, ਕਰਿਸ਼ਮੇ ਕਰ ਸਕਦਾ ਹੈਂ।”
18 ਤਾਂ ਮੂਸਾ ਆਪਣੇ ਸਹੁਰੇ ਯਿਥਰੋ ਵੱਲ ਵਾਪਸ ਚਲਾ ਗਿਆ। ਮੂਸਾ ਨੇ ਯਿਥਰੋ ਨੂੰ ਆਖਿਆ, “ਮਿਹਰਬਾਨੀ ਕਰਕੇ ਮੈਨੂੰ ਮਿਸਰ ਵਾਪਸ ਜਾਣ ਦਿਓ। ਮੈਂ ਦੇਖਣਾ ਚਾਹੁੰਦਾ ਹਾਂ ਕਿ ਕੀ ਮੇਰੇ ਲੋਕ ਹਾਲੇ ਵੀ ਜਿਉਂਦੇ ਹਨ।” ਯਿਥਰੋ ਨੇ ਮੂਸਾ ਨੂੰ ਆਖਿਆ, “ਜ਼ਰੂਰ। ਅਤੇ ਤੂੰ ਸ਼ਾਂਤੀ ਨਾਲ ਜਾ ਸਕਦਾ ਹੈਂ।”
19 ਤਾਂ ਜਦੋਂ ਮੂਸਾ ਹਾਲੇ ਮਿਦਯਾਨ ਵਿੱਚ ਹੀ ਸੀ, ਪਰਮੇਸ਼ੁਰ ਨੇ ਉਸਨੂੰ ਆਖਿਆ, “ਤੇਰੇ ਲਈ ਹੁਣ ਮਿਸਰ ਵਾਪਸ ਜਾਣਾ ਸੁਰਖਿਅਤ ਹੈ। ਜਿਹੜੇ ਆਦਮੀ ਤੈਨੂੰ ਮਾਰਨਾ ਚਾਹੁੰਦੇ ਸਨ, ਉਹ ਮਰ ਚੁੱਕੇ ਹਨ।”
20 ਇਸ ਲਈ ਮੂਸਾ ਨੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਗਧੇ ਉੱਤੇ ਬਿਠਾਇਆ ਅਤੇ ਮਿਸਰ ਪਰਤ ਆਇਆ। ਮੂਸਾ ਨੇ ਆਪਣੇ ਨਾਲ ਆਪਣੀ ਸੋਟੀ ਵੀ ਲੈ ਲਈ - ਪਰਮੇਸ਼ੁਰ ਦੀ ਸ਼ਕਤੀ ਵਾਲੀ, ਤੁਰਨ ਵਾਲੀ ਸੋਟੀ।
21 ਜਦੋਂ ਮੂਸਾ ਮਿਸਰ ਵੱਲ ਵਾਪਸ ਜਾ ਰਿਹਾ ਸੀ, ਪਰਮੇਸ਼ੁਰ ਨੇ ਉਸਦੇ ਨਾਲ ਗੱਲ ਕੀਤੀ। ਪਰਮੇਸ਼ੁਰ ਨੇ ਆਖਿਆ, “ਜਦੋਂ ਤੂੰ ਫ਼ਿਰਊਨ ਨਾਲ ਗੱਲ ਕਰੇਂ ਤਾਂ ਉਹ ਸਾਰੇ ਕਰਿਸ਼ਮੇ ਦਿਖਾਉਣੇ ਚੇਤੇ ਰਖੀਂ ਜਿਨ੍ਹਾਂ ਨੂੰ ਕਰਨ ਦੀ ਤਾਕਤ ਮੈਂ ਤੈਨੂੰ ਦਿੱਤੀ ਹੈ। ਪਰ ਮੈਂ ਫ਼ਿਰਊਨ ਨੂੰ ਬਹੁਤ ਜ਼ਿੱਦੀ ਬਣਾ ਦਿਆਂਗਾ। ਉਹ ਲੋਕਾਂ ਨੂੰ ਜਾਣ ਨਹੀਂ ਦੇਵੇਗਾ।
22 ਤਾਂ ਤੈਨੂੰ ਫ਼ਿਰਊਨ ਨੂੰ ਆਖਣਾ ਚਾਹੀਦਾ;
23 ਯਹੋਵਾਹ ਆਖਦਾ ਹੈ, ‘ਇਸਰਾਏਲ ਮੇਰਾ ਪਲੇਠਾ ਪੁੱਤਰ ਹੈ। ਅਤੇ ਮੈਂ ਤੈਨੂੰ ਆਖ ਰਿਹਾ ਹਾਂ ਕਿ ਮੇਰੇ ਪੁੱਤਰ ਨੂੰ ਜਾਣ ਦੇ ਅਤੇ ਮੇਰੀ ਉਪਾਸਨਾ ਕਰਨ ਦੇ। ਜੇ ਤੂੰ ਇਸਰਾਏਲ ਨੂੰ ਨਹੀਂ ਜਾਣ ਦੇਵੇਂਗਾ, ਤਾਂ ਮੈਂ ਤੇਰੇ ਪਲੇਠੇ ਪੁੱਤਰ ਨੂੰ ਮਾਰ ਦਿਆਂਗਾ।”‘
24 ਮਿਸਰ ਦੇ ਰਸਤੇ ਉੱਤੇ ਮੂਸਾ ਇੱਕ ਥਾਂ ਰਾਤ ਬਿਤਾਉਣ ਲਈ ਠਹਿਰ ਗਿਆ। ਯਹੋਵਾਹ ਮੂਸਾ ਨੂੰ ਉਸ ਥਾਂ ਮਿਲਿਆ ਅਤੇ ਉਸਨੂੰ ਮਾਰਨ ਦੀ ਕੋਸ਼ਿਸ਼ ਕੀਤੀ।
25 ਪਰ ਸਿੱਪੋਰਾਹ ਨੇ ਇੱਕ ਫ਼ੌਲਾਦੀ ਛੁਰੀ ਲਈ ਅਤੇ ਆਪਣੇ ਪੁੱਤਰ ਦੀ ਸੁੰਨਤ ਕਰ ਦਿੱਤੀ। ਉਸਨੇ ਚਮੜੀ ਲਈ ਅਤੇ ਉਸਦੇ ਪੈਰੀਂ ਹੱਥ ਲਾਇਆ। ਫ਼ੇਰ ਉਸਨੇ ਮੂਸਾ ਨੂੰ ਆਖਿਆ, “ਤੂੰ ਮੇਰੇ ਲਈ ਖੂਨ ਦਾ ਲਾੜਾ ਹੈਂ।”
26 ਸਿੱਪੋਰਾਹ ਨੇ ਇਹ ਇਸ ਵਾਸਤੇ ਆਖਿਆ ਕਿਉਂਕਿ ਉਸਨੂੰ ਆਪਣੇ ਪੁੱਤਰ ਦੀ ਸੁੰਨਤ ਕਰਨੀ ਪਈ ਸੀ। ਇਸ ਲਈ ਪਰਮੇਸ਼ੁਰ ਨੇ ਮੂਸਾ ਨੂੰ ਬਖਸ਼ ਦਿੱਤਾ ਅਤੇ ਉਸਨੂੰ ਨਹੀਂ ਮਾਰਿਆ।
27 ਯਹੋਵਾਹ ਨੇ ਹਾਰੂਨ ਨਾਲ ਗੱਲ ਕੀਤੀ। ਯਹੋਵਾਹ ਨੇ ਉਸਨੂੰ ਆਖਿਆ ਸੀ, “ਮਾਰੂਥਲ ਵਿੱਚ ਜਾਹ ਤੇ ਮੂਸਾ ਨੂੰ ਮਿਲ।” ਇਸ ਲਈ ਹਾਰੂਨ ਚਲਾ ਗਿਆ ਅਤੇ ਮੂਸਾ ਨੂੰ ਪਰਮੇਸ਼ੁਰ ਦੇ ਪਰਬਤ ਉੱਤੇ ਜਾ ਮਿਲਿਆ। ਹਾਰੂਨ ਨੇ ਮੂਸਾ ਨੂੰ ਦੇਖਿਆ ਅਤੇ ਉਸਨੂੰ ਚੁੰਮਿਆ।
28 ਮੂਸਾ ਨੇ ਹਾਰੂਨ ਨੂੰ ਦੱਸਿਆ ਕਿ ਯਹੋਵਾਹ ਨੇ ਉਸਨੂੰ ਕਿਉਂ ਭੇਜਿਆ ਸੀ। ਅਤੇ ਮੂਸਾ ਨੇ ਹਾਰੂਨ ਨੂੰ ਉਨ੍ਹਾਂ ਸਾਰੇ ਕਰਿਸ਼ਮਿਆਂ ਅਤੇ ਹੋਰ ਗੱਲਾਂ ਬਾਰੇ ਵੀ ਦੱਸਿਆ ਜੋ ਉਸਨੇ ਇਹ ਸਾਬਤ ਕਰਨ ਲਈ ਕਰਨੀਆਂ ਸਨ ਕਿ ਪਰਮੇਸ਼ੁਰ ਨੇ ਉਸਨੂੰ ਭੇਜਿਆ ਸੀ। ਮੂਸਾ ਨੇ ਹਾਰੂਨ ਨੂੰ ਉਹ ਹਰ ਗੱਲ ਦੱਸ ਦਿੱਤੀ ਜਿਹੜੀ ਯਹੋਵਾਹ ਨੇ ਆਖੀ ਸੀ।
29 ਤਾਂ ਮੂਸਾ ਅਤੇ ਹਾਰੂਨ ਗਏ ਅਤੇ ਇਸਰਾਏਲ ਦੇ ਲੋਕਾਂ ਦੇ ਸਾਰੇ ਬਜ਼ੁਰਗਾਂ ਨੂੰ ਇਕਠਿਆਂ ਕੀਤਾ।
30 ਤਾਂ ਹਾਰੂਨ ਨੇ ਲੋਕਾਂ ਨਾਲ ਗੱਲ ਕੀਤੀ। ਉਸਨੇ ਉਨ੍ਹਾਂ ਨੂੰ ਉਹ ਸਾਰੀਆਂ ਗੱਲਾਂ ਦਸੀਆਂ ਜਿਹੜੀਆਂ ਯਹੋਵਾਹ ਨੇ ਮੂਸਾ ਨੂੰ ਆਖੀਆਂ ਸਨ। ਫ਼ੇਰ ਮੂਸਾ ਨੇ ਸਾਰੇ ਲੋਕਾਂ ਦੇ ਦੇਖਣ ਲਈ ਸਬੂਤ ਪੇਸ਼ ਕੀਤੇ।
31 ਲੋਕਾਂ ਨੇ ਵਿਸ਼ਵਾਸ ਕਰ ਲਿਆ ਕਿ ਪਰਮੇਸ਼ੁਰ ਨੇ ਹੀ ਮੂਸਾ ਨੂੰ ਭੇਜਿਆ ਸੀ। ਇਸਰਾਏਲ ਦੇ ਲੋਕ ਜਾਣਦੇ ਸਨ ਕਿ ਪਰਮੇਸ਼ੁਰ ਨੇ ਉਨ੍ਹਾਂ ਦੀਆਂ ਮੁਸੀਬਤਾਂ ਦੇਖ ਲਈਆਂ ਸਨ ਅਤੇ ਉਹ ਉਨ੍ਹਾਂ ਦੀ ਮਦਦ ਕਰਨ ਲਈ ਆ ਗਿਆ ਸੀ। ਇਸ ਲਈ ਉਨ੍ਹਾਂ ਨੇ ਮਥਾ ਟੇਕਿਆ ਅਤੇ ਪਰਮੇਸ਼ੁਰ ਦੀ ਉਪਾਸਨਾ ਕੀਤੀ।