ਕਾਂਡ 39
1 ਕਾਰੀਗਰਾਂ ਨੇ ਜਾਜਕਾਂ ਦੇ ਉਸ ਵੇਲੇ ਪਹਿਨਣ ਵਾਲੇ ਖਾਸ ਵਸਤਰਾਂ ਲਈ, ਨੀਲੇ ਬੈਂਗਣੀ ਅਤੇ ਲਾਲ ਸੂਤ ਦੀ ਵਰਤੋਂ ਕੀਤੀ, ਜਦੋਂ ਉਹ ਯਹੋਵਾਹ ਦੇ ਪਵਿੱਤਰ ਸਥਾਨ ਉੱਤੇ ਸੇਵਾ ਕਰਦੇ ਸਨ। ਉਨ੍ਹਾਂ ਨੇ ਹਾਰੂਨ ਦੇ ਪਹਿਨਣ ਲਈ ਵੀ ਖਾਸ ਵਸਤਰ ਤਿਆਰ ਕੀਤੇ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
2 ਫ਼ੇਰ ਉਨ੍ਹਾਂ ਨੇ ਸੋਨੇ ਨੂੰ ਡੰਡੀਆਂ ਵਿੱਚ ਕੱਟਕੇ ਲੰਬਾ ਧਾਗਾ ਬਣਾਇਆ, ਮਹੀਨ ਲਿਨਨ ਅਤੇ ਨੀਲੇ ਬੈਂਗਣੀ ਤੇ ਲਾਲ ਸੂਤ ਦਾ ਏਫ਼ੋਦ ਬਣਾਇਆ।
3 (ਉਨ੍ਹਾਂ ਨੇ ਸੋਨੇ ਨੂੰ ਪਤਲੀਆਂ ਪੱਤਰੀਆਂ ਵਿੱਚ ਕੁਟਿਆ ਅਤੇ ਉਨ੍ਹਾਂ ਨੂੰ ਲੰਮੇ ਧਾਗਿਆਂ ਵਿੱਚ ਕੱਟ ਲਿਆ। ਫ਼ੇਰ ਉਨ੍ਹਾਂ ਨੇ ਸੋਨੇ ਨੂੰ ਨੀਲੇ, ਬੈਂਗਣੀ ਅਤੇ ਲਾਲ ਸੂਤ ਅਤੇ ਮਹੀਨ ਲਿਨਨ ਵਿੱਚ ਕੱਤ ਦਿੱਤਾ। ਇਹ ਬਹੁਤ ਹੀ ਮਾਹਰ ਕਾਰੀਗਰਾਂ ਦਾ ਕੰਮ ਸੀ।)
4 ਉਨ੍ਹਾਂ ਨੇ ਏਫ਼ੋਦ ਦੇ ਮੋਢਿਆਂ ਵਾਲੇ ਟੁਕੜੇ ਬਣਾਏ। ਉਨ੍ਹਾਂ ਨੇ ਇਨ੍ਹਾਂ ਮੋਢੇ ਦੇ ਟੁਕੜਿਆਂ ਨੂੰ ਏਫ਼ੋਦ ਦੇ ਦੋ ਕੋਨਿਆਂ ਨਾਲ ਬੰਨ੍ਹ ਦਿੱਤਾ।
5 ਉਨ੍ਹਾਂ ਨੇ ਪੇਟੀ ਬੁਣੀ ਅਤੇ ਇਸਨੂੰ ਏਫ਼ੋਦ ਉੱਤੇ ਕਸ ਦਿੱਤਾ। ਇਹ ਓਸੇ ਤਰ੍ਹਾਂ ਬਣਾਈ ਗਈ ਸੀ ਜਿਵੇਂ ਏਫ਼ੋਦ ਬਣਾਇਆ ਗਿਆ ਸੀ - ਉਨ੍ਹਾਂ ਨੇ ਸੋਨੇ ਦੀ ਤਾਰ, ਮਹੀਨ ਲਿਨਨ ਅਤੇ ਨੀਲੇ, ਬੈਂਗਣੀ ਅਤੇ ਲਾਲ ਸੂਤ ਦੀ ਵਰਤੋਂ ਕੀਤੀ, ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
6 ਕਾਰੀਗਰਾਂ ਨੇ ਏਫ਼ੋਦ ਲਈ ਸੁਲੇਮਾਨੀ ਪੱਥਰਾਂ ਨੂੰ ਸੋਨੇ ਵਿੱਚ ਜੜਿਆ। ਉਨ੍ਹਾਂ ਨੇ ਇਨ੍ਹਾਂ ਪੱਥਰਾਂ ਉੱਤੇ ਇਸਰਾਏਲ ਦੇ ਪੁੱਤਰਾਂ ਦੇ ਨਾਮ ਲਿਖ ਦਿੱਤੇ।
7 ਫ਼ੇਰ ਉਨ੍ਹਾਂ ਨੇ ਇਹ ਸੁਲੇਮਾਨੀ ਪੱਥਰ ਏਫ਼ੋਦ ਦੇ ਮੋਢਿਆਂ ਦੇ ਟੁਕੜਿਆਂ ਉੱਪਰ ਜੜ ਦਿੱਤੇ। ਇਹ ਸੁਲੇਮਾਨੀ ਪੱਥਰ ਪਰਮੇਸ਼ੁਰ ਨੂੰ ਇਸਰਾਏਲ ਦੇ ਲੋਕਾਂ ਦਾ ਚੇਤਾ ਕਰਾਉਣ ਵਿੱਚ ਸਹਾਇਤਾ ਕਰਨ ਲਈ ਸਨ। ਇਸਨੂੰ ਉਵੇਂ ਕੀਤਾ ਗਿਆ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
8 ਫ਼ੇਰ ਉਨ੍ਹਾਂ ਨੇ ਸੀਨੇ-ਬੰਦ ਬਣਾਇਆ। ਇਹ ਏਫ਼ੋਦ ਵਾਂਗ ਹੀ ਮਾਹਰ ਕਾਰੀਗਰਾਂ ਦਾ ਕੰਮ ਸੀ। ਇਸਨੂੰ ਸੋਨੇ ਦੇ ਧਾਗਿਆਂ, ਮਹੀਨ ਲਿਨਨ ਅਤੇ ਨੀਲੇ, ਬੈਂਗਣੀ ਅਤੇ ਲਾਲ ਸੂਤ ਤੋਂ ਬਣਾਇਆ ਗਿਆ ਸੀ।
9 ਸੀਨੇ-ਬੰਦ ਨੂੰ ਦੂਹਰਾ ਕਰਕੇ ਚੌਰਸ ਜੇਬ ਬਣਾ ਦਿੱਤਾ ਗਿਆ ਸੀ। ਇਹ ਇੱਕ ਗਿਠ ਲੰਮਾ ਅਤੇ ਇੱਕ ਗਿਠ ਚੌੜਾ ਸੀ।
10 ਫ਼ੇਰ ਕਾਰੀਗਰਾਂ ਨੇ ਸੀਨੇ-ਬੰਦ ਉੱਤੇ ਸੁੰਦਰ ਹੀਰਿਆਂ ਦੀਆਂ ਚਾਰ ਪਾਲਾਂ ਜੜੀਆਂ। ਪਹਿਲੀ ਪਾਲ ਵਿੱਚ ਲਾਲ ਅਕੀਕ ਸੁਨਹਿਲਾ ਅਤੇ ਜਬਰਜ਼ਦ ਸਨ।
11 ਦੂਸਰੀ ਪਾਲ ਵਿੱਚ ਪੰਨਾ, ਨੀਲਮ ਅਤੇ ਬਿਲੌਰ ਸਨ।
12 ਤੀਸਰੀ ਪਾਲ ਵਿੱਚ ਜਰਕਨ, ਹਰੀ ਅਕੀਕ, ਕਟਹਿਲਾ ਸਨ।
13 ਚੌਥੀ ਪਾਲ ਵਿੱਚ ਪੰਨਾ, ਸੁਲੇਮਾਨੀ ਅਤੇ ਯਸ਼ੁਬ ਸਨ। ਇਹ ਸਾਰੇ ਪੱਥਰ ਸੋਨੇ ਵਿੱਚ ਜੜੇ ਹੋਏ ਸਨ।
14 ਉਥੇ ਸੀਨੇ-ਬੰਦ ਉੱਤੇ ਬਾਰ੍ਹਾਂ ਪੱਥਰ ਸਨ ਇੱਕ-ਇੱਕ ਪੱਥਰ ਇਸਰਾਏਲ (ਯਾਕੂਬ) ਦੇ ਹਰੇਕ ਪੁੱਤਰ ਲਈ। ਹਰੇਕ ਪੱਥਰ ਉੱਤੇ ਇਸਰਾਏਲ ਦੇ ਪੁੱਤਰਾਂ ਵਿੱਚੋਂ ਇੱਕ ਦਾ ਨਾਮ ਮੁਹਰ ਵਾਂਗ ਉਕਰਿਆ ਹੋਇਆ ਸੀ।
15 ਕਾਰੀਗਰਾਂ ਨੇ ਸੀਨੇ-ਬੰਦ ਲਈ ਸ਼ੁਧ ਸੋਨੇ ਦੀਆਂ ਦੋ ਜ਼ੰਜ਼ੀਰੀਆਂ ਬਣਾਈਆਂ। ਇਹ ਜ਼ੰਜ਼ੀਰੀਆਂ ਰਸੀ ਵਾਂਗ ਵਟੀਆਂ ਹੋਈਆਂ ਸਨ।
16 ਕਾਰੀਗਰਾਂ ਨੇ ਸੋਨੇ ਦੀਆਂ ਦੋ ਮੁੰਦਰੀਆਂ ਬਣਾਈਆਂ ਅਤੇ ਇਨ੍ਹਾਂ ਨੂੰ ਸੀਨੇ-ਬੰਦ ਦੇ ਦੋਹਾਂ ਕੋਨਿਆਂ ਉੱਤੇ ਬੰਨ੍ਹ ਦਿੱਤਾ ਅਤੇ ਉਨ੍ਹਾਂ ਨੇ ਮੋਢਿਆਂ ਦੇ ਟੁਕੜਿਆਂ ਉੱਤੇ ਲਾਉਣ ਲਈ ਸੋਨੇ ਦੀਆਂ ਦੋ ਸੈਟਿਂਗਸ ਬਣਾਈਆਂ।
17 ਉਨ੍ਹਾਂ ਨੇ ਸੋਨੇ ਦੀਆਂ ਜ਼ੰਜ਼ੀਰੀਆਂ ਸੀਨੇ-ਬੰਦ ਦੇ ਕੋਨਿਆਂ ਉਤਲੀਆਂ ਮੁੰਦਰੀਆਂ ਨਾਲ ਬੰਨ੍ਹ ਦਿੱਤੀਆਂ।
18 ਉਨ੍ਹਾਂ ਨੇ ਸੋਨੇ ਦੀਆਂ ਜ਼ੰਜ਼ੀਰੀਆਂ ਦੇ ਦੂਸਰੇ ਸਿਰਿਆਂ ਨੂੰ ਮੋਢਿਆਂ ਦੇ ਟੁਕੜਿਆਂ ਉੱਤੇ ਲੱਗੀਆਂ ਹੋਈਆਂ ਸੈਟਿੰਗਜ਼ ਨਾਲ ਬੰਨ੍ਹ ਦਿੱਤਾ। ਉਨ੍ਹਾਂ ਨੇ ਇਨ੍ਹਾਂ ਨੂੰ ਏਫ਼ੋਦ ਦੇ ਸਾਮ੍ਹਣੇ ਵਾਲੇ ਪਾਸੇ ਬੰਨ੍ਹ ਦਿੱਤਾ।
19 ਫ਼ੇਰ ਉਨ੍ਹਾਂ ਨੇ ਸੋਨੇ ਦੀਆਂ ਦੋ ਹੋਰ ਮੁੰਦਰੀਆਂ ਬਣਾਈਆਂ ਅਤੇ ਉਨ੍ਹਾਂ ਨੂੰ ਸੀਨੇ-ਬੰਦ ਦੇ ਦੂਸਰੇ ਦੋ ਕੋਨਿਆਂ ਨਾਲ ਬੰਨ੍ਹ ਦਿੱਤਾ ਇਹ ਏਫ਼ੋਦ ਦੇ ਨਾਲ ਲੱਗਦੀ ਸੀਨੇ-ਬੰਦ ਦੇ ਅੰਦਰਲੇ ਕੋਨੇ ਉੱਤੇ ਸੀ।
20 ਉਨ੍ਹਾਂ ਨੇ ਸੋਨੇ ਦੀਆਂ ਦੋ ਮੁੰਦਰੀਆਂ ਏਫ਼ੋਦ ਦੇ ਸਾਮ੍ਹਣੇ ਮੋਢਿਆਂ ਵਾਲੇ ਟੁਕੜਿਆਂ ਦੇ ਹੇਠਲੇ ਸਿਰੇ ਉੱਤੇ ਵੀ ਲਗਾ ਦਿੱਤੀਆਂ। ਇਹ ਮੁੰਦਰੀਆਂ ਪੇਟੀ ਦੇ ਰਤਾ ਕੁ ਉੱਪਰ ਕਸਣ ਵਾਲੇ ਹਿੱਸੇ ਦੇ ਨੇੜੇ ਸਨ।
21 ਫ਼ੇਰ ਉਨ੍ਹਾਂ ਨੇ ਨੀਲਾ ਰਿਬਨ ਲਿਆ ਅਤੇ ਸੀਨੇ-ਬੰਦ ਦੀਆਂ ਮੁੰਦਰੀਆਂ ਨੂੰ ਏਫ਼ੋਦ ਦੀਆਂ ਮੁੰਦਰੀਆਂ ਨਾਲ ਬੰਨ੍ਹ ਦਿੱਤਾ। ਇਸ ਤਰ੍ਹਾਂ, ਸੀਨੇ-ਬੰਦ ਪੇਟੀ ਦੇ ਨਜ਼ਦੀਕ ਟਿਕਿਆ ਹੋਇਆ ਸੀ ਅਤੇ ਏਫ਼ੋਦ ਨਾਲ ਕਸਿਆ ਹੋਇਆ ਸੀ। ਉਨ੍ਹਾਂ ਨੇ ਸਭ ਕੁਝ ਓਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ।
22 ਫ਼ੇਰ ਉਨ੍ਹਾਂ ਨੇ ਏਫ਼ੋਦ ਲਈ ਚੋਲਾ ਬਣਾਇਆ। ਇਹ ਉਨ੍ਹਾਂ ਨੇ ਨੀਲੇ ਕੱਪੜੇ ਦਾ ਬਣਾਇਆ। ਇਸਨੂੰ ਕੁਸ਼ਲ ਕਾਰੀਗਰ ਨੇ ਬੁਣਿਆ ਸੀ।
23 ਉਨ੍ਹਾਂ ਨੇ ਚੋਲੇ ਦੇ ਕੇਂਦਰ ਵਿੱਚ ਇੱਕ ਸੁਰਾਖ ਕੀਤਾ ਅਤੇ ਇਸ ਸੁਰਾਖ ਦੇ ਕੰਢੇ ਦੇ ਆਲੇ-ਦੁਆਲੇ ਕੱਪੜੇ ਦਾ ਟੁਕੜਾ ਸਿਉਂ ਦਿੱਤਾ। ਇਹ ਕੱਪੜਾ ਸੁਰਾਖ ਨੂੰ ਪਾਟਣ ਤੋਂ ਰੋਕਦਾ ਸੀ।
24 ਫ਼ੇਰ ਉਨ੍ਹਾਂ ਨੇ ਮਹੀਨ ਲਿਨਨ ਅਤੇ ਨੀਲਾ, ਬੈਂਗਣੀ ਅਤੇ ਲਾਲ ਸੂਤ ਲੈਕੇ ਕੱਪੜੇ ਦੇ ਅਨਾਰ ਬਣਾਏ। ਉਨ੍ਹਾਂ ਨੇ ਇਹ ਅਨਾਰ ਚੋਲੇ ਦੇ ਹੇਠਲੇ ਕਿਨਾਰੇ ਦੇ ਆਲੇ-ਦੁਆਲੇ ਟੰਗ ਦਿੱਤੇ।
25 ਫ਼ੇਰ ਉਨ੍ਹਾਂ ਨੇ ਸ਼ੁਧ ਸੋਨੇ ਦੀਆਂ ਘੰਟੀਆਂ ਬਣਾਈਆਂ। ਉਨ੍ਹਾਂ ਨੇ ਇਹ ਘੰਟੀਆਂ ਚੋਲੇ ਦੇ ਹੇਠਲੇ ਕਿਨਾਰੇ ਉੱਤੇ ਅਨਾਰਾਂ ਦੇ ਵਿਚਕਾਰ ਬੰਨ੍ਹ ਦਿੱਤੀਆਂ।
26 ਚੋਲੇ ਦੇ ਹੇਠਲੇ ਕਿਨਾਰੇ ਦੇ ਆਲੇ-ਦੁਆਲੇ ਘੰਟੀਆਂ ਅਤੇ ਅਨਾਰ ਸਨ। ਹਰੇਕ ਦੋ ਅਨਾਰਾਂ ਦੇ ਵਿਚਕਾਰ ਇੱਕ ਘੰਟੀ ਸੀ। ਇਹ ਚੋਲਾ ਜਾਜਕ ਵੱਲੋਂ ਉਦੋਂ ਪਹਿਨਿਆ ਜਾਣਾ ਸੀ ਜਦੋਂ ਉਸਨੇ ਯਹੋਵਾਹ ਦੀ ਸੇਵਾ ਕਰਨੀ ਸੀ, ਬਿਲਕੁਲ ਉਵੇਂ ਹੀ, ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
27 ਕੁਸ਼ਲ ਕਾਰੀਗਰਾਂ ਨੇ ਹਾਰੂਨ ਅਤੇ ਉਸਦੇ ਪੁੱਤਰਾਂ ਲਈ ਦੋ ਕਮੀਜ਼ਾਂ ਬੁਣੀਆਂ। ਇਹ ਕਮੀਜ਼ਾਂ ਮਹੀਨ ਲਿਨਨ ਦੀਆਂ ਬਣੀਆਂ ਹੋਈਆਂ ਸਨ।
28 ਅਤੇ ਕਾਰੀਗਰਾਂ ਨੇ ਮਹੀਨ ਲਿਨਨ ਦੀ ਇੱਕ ਪਗੜੀ (ਅਮਾਮਾ) ਬਣਾਈ। ਉਨ੍ਹਾਂ ਨੇ ਮਹੀਨ ਲਿਨਨ ਲੈਕੇ ਸਿਰ ਦੇ ਪਟਕੇ ਅਤੇ ਅੰਦਰਲੇ ਵਸਤਰ ਵੀ ਬਣਾਏ।
29 ਫ਼ੇਰ ਉਨ੍ਹਾਂ ਨੇ ਮਹੀਨ ਲਿਨਨ ਅਤੇ ਨੀਲੇ ਬੈਂਗਣੀ ਅਤੇ ਲਾਲ ਸੂਤ ਦੀ ਪੇਟੀ ਬਣਾਈ। ਕੱਪੜੇ ਵਿੱਚ ਨਮੂਨੇ ਕੱਢੇ ਹੋਏ ਸਨ। ਇਹ ਚੀਜ਼ਾਂ ਉਵੇਂ ਹੀ ਬਣਾਈਆਂ ਗਈਆਂ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਕੀਤਾ ਸੀ।
30 ਫ਼ੇਰ ਉਨ੍ਹਾਂ ਨੇ ਪਵਿੱਤਰ ਤਾਜ ਲਈ ਸੋਨੇ ਦੀ ਪੱਤੀ ਬਣਾਈ। ਉਨ੍ਹਾਂ ਨੇ ਇਹ ਸ਼ੁਧ ਸੋਨੇ ਦੀ ਬਣਾਈ। ਉਨ੍ਹਾਂ ਨੇ ਸੋਨੇ ਉੱਤੇ ਸ਼ਬਦ ਲਿਖੇ। ਉਨ੍ਹਾਂ ਨੇ ਇਹ ਸ਼ਬਦ ਲਿਖੇ: ।
31 ਉਨ੍ਹਾਂ ਨੇ ਸੋਨੇ ਦੀ ਪੱਤੀ ਇੱਕ ਨੀਲੇ ਰਿਬਨ ਨਾਲ ਬੰਨ੍ਹ ਦਿੱਤੀ। ਫ਼ੇਰ ਉਨ੍ਹਾਂ ਨੇ ਨੀਲਾ ਰਿਬਨ ਪਗੜੀ ਦੇ ਆਲੇ-ਦੁਆਲੇ ਬੰਨ੍ਹ ਦਿੱਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਕੀਤਾ ਸੀ।
32 ਇਸ ਤਰ੍ਹਾਂ ਪਵਿੱਤਰ ਤੰਬੂ ਅਰਥਾਤ ਮੰਡਲੀ ਵਾਲੇ ਤੰਬੂ ਦਾ ਸਾਰਾ ਕੰਮ ਮੁੱਕ ਗਿਆ। ਇਸਰਾਏਲ ਦੇ ਲੋਕਾਂ ਨੇ ਹਰ ਕੰਮ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
33 ਫ਼ੇਰ ਉਨ੍ਹਾਂ ਨੇ ਪਵਿੱਤਰ ਤੰਬੂ ਮੂਸਾ ਨੂੰ ਦਿਖਾਇਆ। ਉਨ੍ਹਾਂ ਨੇ ਉਸਨੂੰ ਤੰਬੂ ਅਤੇ ਉਸ ਵਿਚਲੀਆਂ ਸਾਰੀਆਂ ਚੀਜ਼ਾਂ; ਕੜੇ, ਤਖਤੀਆਂ, ਬਰੇਸਾਂ, ਚੋਬਾਂ ਅਤੇ ਚੀਥੀਆਂ ਦਿਖਾਇਆਂ।
34 ਉਨ੍ਹਾਂ ਨੇ ਉਸਨੂੰ ਤੰਬੂ ਦਾ ਕੱਜਣ ਦਿਖਾਇਆ ਜਿਹੜਾ ਲਾਲ ਰੰਗ ਵਿੱਚ ਰੰਗੀਆਂ ਭੇਡੂ ਦੀਆਂ ਖੱਲਾਂ ਨਾਲ ਬਣਇਆ ਗਿਆ ਸੀ। ਅਤੇ ਉਨ੍ਹਾਂ ਨੇ ਉਸਨੂੰ ਉਹ ਕੱਜਣ ਦਿਖਾਇਆ ਜਿਹੜਾ ਸੁੰਦਰ ਚਮੜੇ ਦਾ ਬਣਿਆ ਸੀ। ਅਤੇ ਉਨ੍ਹਾਂ ਨੇ ਉਸਨੂੰ ਉਹ ਪਰਦਾ ਦਿਖਾਇਆ ਜਿਹੜਾ ਅੱਤ ਪਵਿੱਤਰ ਸਥਾਨ ਦੇ ਪ੍ਰਵੇਸ਼ ਦੁਆਰ ਨੂੰ ਕੱਜਦਾ ਸੀ।
35 ਉਨ੍ਹਾਂ ਨੇ ਇਕਰਾਰਨਾਮੇ ਵਾਲਾ ਸੰਦੂਕ, ਉਹ ਚੋਬਾਂ ਜੋ ਸੰਦੂਕ ਨੂੰ ਚੁੱਕਣ ਲਈ ਵਰਤੀਆਂ ਜਾਂਦੀਆਂ ਸਨ ਅਤੇ ਸੰਦੂਕ ਦਾ ਢੱਕਣ ਦਿਖਾਇਆ।
36 ਉਨ੍ਹਾਂ ਨੇ ਉਸਨੂੰ ਮੇਜ ਅਤੇ ਉਸ ਉੱਪਰਲੀ ਹਰ ਚੀਜ਼ ਅਤੇ ਖਾਸ ਰੋਟੀ ਦਿਖਾਈ।
37 ਉਨ੍ਹਾਂ ਨੇ ਉਸਨੂੰ ਸ਼ੁਧ ਸੋਨੇ ਦਾ ਸ਼ਮਾਦਾਨ ਅਤੇ ਇਸ ਉੱਪਰ ਦੀਵੇ ਦਿਖਾਏ। ਅਤੇ ਉਨ੍ਹਾਂ ਨੇ ਉਸਨੂੰ ਤੇਲ ਅਤੇ ਉਹ ਸਾਰੀਆਂ ਚੀਜ਼ਾਂ ਦਿਖਾਈਆਂ ਜਿਹੜੀਆਂ ਦੀਵਿਆਂ ਦੇ ਨਾਲ ਵਰਤੀਆਂ ਜਾਂਦੀਆਂ ਸਨ।
38 ਉਨ੍ਹਾਂ ਨੇ ਮੂਸਾ ਨੂੰ ਸੁਨਿਹਰੀ ਜਗਵੇਦੀ, ਮਸਹ ਵਾਲਾ ਤੇਲ, ਸੁਗੰਧਤ ਧੂਫ਼ ਅਤੇ ਉਹ ਪਰਦਾ ਦਿਖਾਇਆ ਜਿਹੜਾ ਤੰਬੂ ਦੇ ਪ੍ਰਵੇਸ਼ ਦੁਆਰ ਨੂੰ ਕੱਜਦਾ ਸੀ।
39 ਉਨ੍ਹਾਂ ਨੇ ਉਸਨੂੰ ਪਿੱਤਲ ਦੀ ਜਗਵੇਦੀ ਅਤੇ ਪਿੱਤਲ ਦੀ ਝੰਜਰੀ, ਜਗਵੇਦੀ ਚੁੱਕਣ ਵਾਲੀਆਂ ਚੋਬਾਂ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਜਗਵੇਦੀ ਉੱਤੇ ਇਸਤੇਮਾਲ ਹੁੰਦੀਆਂ ਸਨ ਅਤੇ ਤਸਲਾ ਅਤੇ ਉਸਦੇ ਹੇਠਾਂ ਵਾਲੀ ਚੌਂਕੀ ਦਿਖਾਈ।
40 ਉਨ੍ਹਾਂ ਨੇ ਮੂਸਾ ਨੂੰ ਵਿਹੜੇ ਦੇ ਆਲੇ-ਦੁਆਲੇ ਦੀ ਪਰਦਿਆਂ ਦੀ ਕੰਧ, ਚੋਬਾਂ ਅਤੇ ਚੀਥੀਆਂ ਸਮੇਤ, ਦਿਖਾਈ। ਉਨ੍ਹਾਂ ਨੇ ਉਸਨੂੰ ਉਹ ਪਰਦਾ ਦਿਖਾਇਆ ਜਿਹੜਾ ਵਿਹੜੇ ਦੇ ਪ੍ਰਵੇਸ਼ ਦੁਆਰ ਨੂੰ ਕੱਜਦਾ ਸੀ। ਉਨ੍ਹਾਂ ਨੇ ਉਸਨੂੰ ਰਸੀਆਂ ਅਤੇ ਤੰਬੂ ਦੀਆਂ ਕਿੱਲੀਆਂ ਦਿਖਾਈਆਂ। ਉਨ੍ਹਾਂ ਨੇ ਉਸਨੂੰ ਪਵਿੱਤਰ ਤੰਬੂ ਅਰਥਾਤ ਮੰਡਲੀ ਵਾਲੇ ਤੰਬੂ ਵਿਚਲੀਆਂ ਸਾਰੀਆਂ ਚੀਜ਼ਾਂ ਦਿਖਾਈਆਂ।
41 ਫ਼ੇਰ ਉਨ੍ਹਾਂ ਨੇ ਮੂਸਾ ਨੂੰ ਉਹ ਵਸਤਰ ਦਿਖਾਏ ਜਿਹੜੇ ਪਵਿੱਤਰ ਖੇਤਰ ਵਿੱਚ ਸੇਵਾ ਕਰਨ ਵਾਲੇ ਜਾਜਕਾਂ ਲਈ ਬਣਾਏ ਗਏ ਸਨ, ਉਨ੍ਹਾਂ ਨੇ ਉਸਨੂੰ ਜਾਜਕ ਹਾਰੂਨ ਅਤੇ ਉਸਦੇ ਪੁੱਤਰਾਂ ਲਈ ਬਣਾਏ ਗਏ ਖਾਸ ਵਸਤਰ ਦਿਖਾਏ। ਇਹ ਵਸਤਰ ਉਹ ਸਨ ਜਿਹੜੇ ਉਨ੍ਹਾਂ ਨੂੰ ਜਾਜਕਾਂ ਵਜੋਂ ਸੇਵਾ ਕਰਨ ਵੇਲੇ ਪਹਿਨਣੇ ਸਨ।
42 ਇਸਰਾਏਲ ਦੇ ਲੋਕਾਂ ਨੇ ਇਹ ਸਾਰਾ ਕੰਮ ਬਿਲਕੁਲ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
43 ਮੂਸਾ ਨੇ ਇਸ ਸਾਰੇ ਕੰਮ ਨੂੰ ਧਿਆਨ ਨਾਲ ਦੇਖਿਆ। ਮੂਸਾ ਨੇ ਦੇਖਿਆ ਕਿ ਸਾਰਾ ਕੰਮ ਬਿਲਕੁਲ ਉਸੇ ਤਰ੍ਹਾਂ ਕੀਤਾ ਗਿਆ ਸੀ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ। ਇਸ ਲਈ ਮੂਸਾ ਨੇ ਉਨ੍ਹਾਂ ਨੂੰ ਅਸੀਸ ਦਿੱਤੀ।