ਕਾਂਡ 26
1 “ਪਵਿੱਤਰ ਤੰਬੂ ਦਸ ਪਰਦਿਆਂ ਤੋਂ ਬਣਿਆ ਹੋਣਾ ਚਾਹੀਦਾ ਹੈ। ਇਹ ਪਰਦੇ ਗੁੰਦੇ ਹੋਏ ਮਹੀਨ ਲਿਨਨ ਅਤੇ ਨੀਲੇ, ਜਾਮਨੀ ਅਤੇ ਲਾਲ ਧਾਗਿਆਂ ਤੋਂ ਬਣੇ ਹੋਣੇ ਚਾਹੀਦੇ ਹਨ ਅਤੇ ਕਿਸੇ ਮਾਹਰ ਕਾਰੀਗਰ ਦੁਆਰਾ ਇਨ੍ਹਾਂ ਉੱਤੇ ਖੰਭਾਂ ਵਾਲੇ ਕਰੂਬੀ ਫ਼ਰਿਸ਼ਤਿਆਂ ਦੀਆਂ ਸ਼ਕਲਾਂ ਸਿਉਂਤੀਆਂ ਹੋਣੀਆਂ ਚਾਹੀਦੀਆਂ ਹਨ।
2 ਹਰੇਕ ਪਰਦੇ ਨੂੰ ਇੱਕੋ ਨਾਪ ਦੇ ਬਣਾਉ। ਹਰੇਕ ਪਰਦਾ
28 ਹੱਥ ਲੰਬਾ ਅਤੇ ਚਾਰ ਹੱਥ ਚੌੜਾ ਹੋਣਾ ਚਾਹੀਦਾ ਹੈ।
3 ਪਰਦਿਆਂ ਨੂੰ ਦੋ ਸਮੂਹਾਂ ਵਿੱਚ ਜੋੜੋ। ਪੰਜ ਪਰਦੇ ਜੋੜਕੇ ਇੱਕ ਸਮੂਹ ਬਣਾਉ ਅਤੇ ਪੰਜ ਪਰਦੇ ਜੋੜਕੇ ਦੂਸਰਾ ਸਮੂਹ ਬਣਾਉ।
4 ਇੱਕ ਸਮੂਹ ਦੇ ਆਖਰੀ ਪਰਦੇ ਦੇ ਕਿਨਾਰੇ ਉੱਤੇ ਨੀਲੇ ਕੱਪੜੇ ਦੀ ਝਾਲਰ ਬਣਾਉ। ਦੂਸਰੇ ਸਮੂਹ ਦੇ ਆਖਰੀ ਪਰਦੇ ਉੱਤੇ ਵੀ ਇਵੇਂ ਹੀ ਕਰੋ।
5 ਪਹਿਲੇ ਸਮੂਹ ਦੇ ਆਖਰੀ ਪਰਦੇ ਉੱਤੇ 50 ਬੀੜੇ ਹੋਣੇ ਚਾਹੀਦੇ ਹਨ। ਅਤੇ ਦੂਸਰੇ ਸਮੂਹ ਦੇ ਆਖਰੀ ਪਰਦੇ ਉੱਤੇ ਵੀ 50 ਬੀੜੇ ਹੋਣੇ ਚਾਹੀਦੇ ਹਨ।
6 ਫ਼ੇਰ ਦੋਹਾਂ ਪਰਦਿਆਂ ਨੂੰ ਜੋੜਨ ਲਈ ਸੋਨੇ ਦੀਆਂ 50 ਕੁੰਡੀਆਂ ਬਣਾਉ। ਇਹ ਪਵਿੱਤਰ ਤੰਬੂ ਨੂੰ ਜੋੜਕੇ ਇੱਕ ਕਰ ਦੇਣਗੀਆਂ।
7 “ਬੱਕਰੀ ਦੇ ਵਾਲਾਂ ਤੋਂ ਪਵਿੱਤਰ ਤੰਬੂ ਵਾਸਤੇ ਇੱਕ ਕੱਜਣ ਬਨਾਉਣ ਲਈ, ਪਰਦਿਆਂ ਦੀ ਇੱਕ ਹੋਰ ਜੋੜੀ ਬਣਾਉ।
8 ਇਹ ਸਾਰੇ ਪਰਦੇ ਇੱਕੋ ਨਾਪ ਦੇ ਹੋਣੇ ਚਾਹੀਦੇ ਹਨ। ਇਹ
30 ਹੱਥ ਲੰਬੇ ਅਤੇ
4 ਹੱਥ ਚੌੜੇ ਹੋਣੇ ਚਾਹੀਦੇ ਹਨ।
9 ਪੰਜ ਪਰਦਿਆਂ ਨੂੰ ਜੋੜਕੇ ਇੱਕ ਸਮੂਹ ਬਣਾਉ। ਛੇਵੇਂ ਪਰਦੇ ਨੂੰ ਤੰਬੂ ਦੇ ਸਾਮ੍ਹਣੇ ਵਾਲੇ ਪਾਸੇ ਅਧਾ ਮੋੜ ਦਿਉ।
10 ਇੱਕ ਸਮੂਹ ਦੇ ਆਖਰੀ ਪਰਦੇ ਦੇ ਕਿਨਾਰੇ ਉੱਤੇ 50 ਬੀੜੇ ਬਣਾਉ ਦੂਸਰੇ ਸਮੂਹ ਦੇ ਆਖਰੀ ਪਰਦੇ ਉੱਤੇ ਵੀ ਇਸੇ ਤਰ੍ਹਾਂ ਕਰੋ।
11 ਫ਼ੇਰ ਪਰਦਿਆਂ ਨੂੰ ਜੋੜਨ ਲਈ ਪਿੱਤਲ ਦੀਆਂ 50 ਕੁੰਡੀਆਂ ਬਣਾਉ। ਇਹ ਤੰਬੂ ਨੂੰ ਜੋੜਕੇ ਇੱਕ ਕਰ ਦੇਣਗੀਆਂ।
12 ਇਸ ਤੰਬੂ ਦੇ ਆਖਰੀ ਪਰਦੇ ਦਾ ਅਧਾ ਹਿੱਸਾ ਪਵਿੱਤਰ ਤੰਬੂ ਦੇ ਪਿਛਲੇ ਕਿਨਾਰੇ ਦੇ ਹੇਠਾਂ ਕਰਕੇ ਲਟਕੇਗਾ।
13 ਦੋਹਾਂ ਪਾਸਿਆਂ ਦੇ ਇਸ ਤੰਬੂ ਦੇ ਪਰਦੇ ਪਵਿੱਤਰ ਤੰਬੂ ਦੇ ਹੇਠਲੇ ਕਿਨਾਰਿਆਂ ਉੱਤੇ ਇੱਕ ਹੱਥ ਹੇਠਾਂ ਲਟਕਣਗੇ। ਇਸ ਤਰ੍ਹਾਂ ਇਹ ਤੰਬੂ ਪਵਿੱਤਰ ਤੰਬੂ ਨੂੰ ਪੂਰੀ ਤਰ੍ਹਾਂ ਕੱਜ ਲਵੇਗਾ।
14 ਬਾਹਰਲੇ ਤੰਬੂ ਉੱਪਰ ਪਾਉਣ ਲਈ ਦੇ ਪਰਦੇ ਬਣਾਉ। ਇੱਕ ਪਰਦਾ ਲਾਲ ਰੰਗ ਦੇ ਭੇਡੂ ਦੇ ਚਮੜੇ ਦਾ ਬਣਿਆ ਹੋਣਾ ਚਾਹੀਦਾ ਹੈ। ਦੂਸਰਾ ਪਰਦਾ ਮਹੀਨ ਚਮੜੇ ਦਾ ਹੋਣਾ ਚਾਹੀਦਾ ਹੈ।
15 “ਪਵਿੱਤਰ ਤੰਬੂ ਨੂੰ ਆਸਰਾ ਦੇਣ ਲਈ ਸ਼ਿਟੀਮ ਦੀ ਲੱਕੜ ਦੀਆਂ ਤਖਤੀਆਂ ਬਣਾਉ।
16 ਇਹ ਤਖਤੀਆਂ
10 ਕਿਊਬਿਟ ਉੱਚੀਆਂ ਅਤੇ ਡੇਢ ਕਿਊਬਿਟ ਚੌੜੀਆਂ ਹੋਣੀਆਂ ਚਾਹੀਦੀਆਂ ਹਨ।
17 ਹਰੇਕ ਫ਼ੱਟੀ ਨੂੰ ਜੋੜਨ ਲਈ, ਹਰ ਫ਼ੱਟੀ ਤੇ ਦੋ ਚੀਥੀਆਂ ਹੋਣੀਆਂ ਚਾਹੀਦੀਆਂ ਜੋ ਹੇਠਾਂ ਚੂਲਾਂ ਵਿੱਚ ਫ਼ਿਟ ਬੈਠ ਜਾਣ। ਪਵਿੱਤਰ ਤੰਬੂ ਦੀਆਂ ਸਾਰੀਆਂ ਫ਼ੱਟੀਆਂ ਇਸੇ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਹਨ।
18 ਪਵਿੱਤਰ ਤੰਬੂ ਦੇ ਦਖਣੀ ਪਾਸੇ ਲਈ
20 ਤਖਤੀਆਂ ਬਣਾਉ।
19 ਫ਼ੱਟੀਆਂ ਲਈ ਚਾਂਦੀ ਦੀਆਂ 40 ਚੀਥੀਆਂ ਬਣਾਉ। ਹਰੇਕ ਫ਼ੱਟੀ ਦੇ ਹੇਠਾਂ ਰੱਖਣ ਲਈ ਦੋ ਚਾਂਦੀ ਦੀਆਂ ਚੀਥੀਆਂ ਹੋਣੀਆਂ ਚਹੀਦੀਆਂ ਹਨ - ਹਰੇਕ ਪਾਸੇ ਦੀ ਫ਼ੱਟੀ ਲਈ ਇੱਕ ਚੀਥੀ।
20 ਪਵਿੱਤਰ ਤੰਬੂ ਦੇ ਦੂਸਰੇ ਪਾਸੇ (ਉੱਤਰੀ ਪਾਸੇ) ਲਈ
20 ਫ਼ੱਟੀਆਂ ਬਣਾਉ।
21 ਅਤੇ ਇਨ੍ਹਾਂ ਫ਼ੱਟੀਆਂ ਲਈ ਚਾਂਦੀ ਦੀਆਂ 40 ਚੀਥੀਆਂ ਬਣਾਉ - ਹਰੇਕ ਫ਼ੱਟੀ ਹੇਠਾਂ ਦੋ ਚੀਥਿਆਂ।
22 ਪਵਿੱਤਰ ਤੰਬੂ ਦੇ ਪਿਛਲੇ ਪਾਸੇ (ਪਛਮੀ ਪਾਸੇ) ਲਈ ਛੇ ਹੋਰ ਫ਼ੱਟੀਆਂ ਬਣਾਉ।
23 ਪਵਿੱਤਰ ਤੰਬੂ ਦੇ ਪਿਛਲੇ ਪਾਸੇ ਦੋ ਕੋਨਿਆਂ ਲਈ ਦੋ ਫ਼ੱਟੀਆਂ ਬਣਾਉ।
24 ਫ਼ੱਟੀਆਂ ਦੇ ਕੋਨੇ ਹੇਠੋ ਇੱਕ ਦੂਜੇ ਨਾਲ ਜੁੜੇ ਹੋਣੇ ਚਾਹੀਦੇ ਹਨ। ਇੱਕ ਕੜਾ ਇਨ੍ਹਾਂ ਫ਼ੱਟੀਆਂ ਨੂੰ ਉੱਪਰੋਂ ਬੰਨ੍ਹੀ ਰੱਖੇਗਾ। ਦੋਹਾਂ ਕੋਨਿਆਂ ਲਈ ਇਸੇ ਤਰ੍ਹਾਂ ਕਰੋ।
25 ਤੰਬੂ ਦੇ ਪੱਛਮੀ ਸਿਰ ਲਈ ਕੁੱਲ ਅੱਠ ਫ਼ੱਟੀਆਂ ਹੋਣਗੀਆਂ ਅਤੇ ਚਾਂਦੀ ਦੀਆਂ
16 ਚੀਥੀਆਂ ਹੋਣਗੀਆਂ - ਹਰੇਕ ਫ਼ੱਟੀ ਹੇਠਾਂ ਦੋ ਚੀਥੀਆਂ।
26 “ਪਵਿੱਤਰ ਤੰਬੂ ਦੇ ਪਾਸਿਆਂ ਲਈ ਸ਼ਿਟੀਮ ਦੀ ਲੱਕੜੀ ਦੀਆਂ ਟੇਕਾਂ ਬਣਾਉ। ਪਵਿੱਤਰ ਤੰਬੂ ਦੇ ਪਹਿਲੇ ਪਾਸੇ ਲਈ ਪੰਜ ਟੇਕਾਂ ਹੋਣੀਆਂ ਚਾਹੀਦੀਆਂ ਹਨ।
27 ਪਵਿੱਤਰ ਤੰਬੂ ਦੇ ਦੂਸਰੇ ਪਾਸੇ ਦੀਆਂ ਫ਼ੱਟੀਆਂ ਲਈ ਪੰਜ ਟੇਕਾਂ ਹੋਣੀਆਂ ਚਾਹੀਦੀਆਂ ਹਨ। ਪਵਿੱਤਰ ਤੰਬੂ ਦੇ ਪਿਛਲੇ ਪਾਸੇ (ਪੱਛਮ ਵਾਲੇ ਪਾਸੇ) ਦੀਆਂ ਫ਼ੱਟੀਆਂ ਲਈ ਪੰਜ ਟੇਕਾਂ ਹੋਣੀਆਂ ਚਾਹੀਦੀਆਂ ਹਨ।
28 ਵਿਚਕਾਰਲੀ ਟੇਕ ਫ਼ੱਟੀਆਂ ਵਿੱਚੋਂ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਗੁਜਰਨੀ ਚਾਹੀਦੀ ਹੈ।
29 “ਤਖਤਿਆਂ ਉੱਪਰ ਸੋਨਾ ਮਢ਼ੋ ਅਤੇ ਛੜਾਂ ਨੂੰ ਫ਼ੜੀ ਰੱਖਣ ਲਈ ਫ਼ੱਟੀਆਂ ਵਾਸਤੇ ਸੋਨੇ ਦੇ ਕੜੇ ਬਣਾਉ। ਛੜਾਂ ਨੂੰ ਵੀ ਸੋਨੇ ਨਾਲ ਮਢ਼ੋ।
30 ਪਵਿੱਤਰ ਤੰਬੂ ਨੂੰ ਉਸੇ ਤਰ੍ਹਾਂ ਬਣਾਉ ਜਿਵੇਂ ਮੈਂ ਤੁਹਾਨੂੰ ਪਰਬਤ ਉੱਤੇ ਦਰਸ਼ਾਇਆ ਸੀ।
31 “ਗੁੰਦੇ ਹੋਏ ਮਹੀਨ ਲਿਨਨ ਅਤੇ ਨੀਲੇ, ਜਾਮਨੀ ਅਤੇ ਲਾਲ ਧਾਗੇ ਨਾਲ ਇੱਕ ਪਰਦਾ ਬਣਾਉ। ਕਿਸੇ ਮਾਹਰ ਕਾਰੀਗਰ ਦੁਆਰਾ ਇਸ ਉੱਤੇ ਖੰਭਾਂ ਵਾਲੇ ਕਰੂਬੀ ਫ਼ਰਿਸ਼ਤਿਆਂ ਦੀਆਂ ਸ਼ਕਲਾਂ ਸਿਉਂਤੀਆਂ ਹੋਣੀਆਂ ਚਾਹੀਦੀਆਂ ਹਨ।
32 ਸ਼ਿਟੀਮ ਦੀ ਲੱਕੜ ਦੀਆਂ ਚਾਰ ਥੰਮੀਆਂ ਬਣਾਉ ਅਤੇ ਇਨ੍ਹਾਂ ਥੰਮੀਆਂ ਨੂੰ ਸੋਨੇ ਨਾਲ ਮੜੋ। ਚਾਰਾਂ ਥੰਮੀਆਂ ਉੱਤੇ ਸੋਨੇ ਦੀਆਂ ਹੁੱਕਾਂ ਲਗਾਉ। ਸੁਨਿਹਰੀ ਹੁੱਕਾਂ ਉੱਤੇ ਪਰਦੇ ਲਟਕਾਉ।
33 ਪਰਦੇ ਨੂੰ ਸੋਨੇ ਦੀਆਂ ਕੁੰਡੀਆਂ ਹੇਠਾਂ ਲਮਕਾਉ। ਫ਼ੇਰ ਇਕਰਾਰਨਾਮੇ ਵਾਲੇ ਸੰਦੂਕ ਨੂੰ ਪਰਦੇ ਦੇ ਪਿਛੇ ਰੱਖ ਦੇਣਾ। ਇਹ ਪਰਦਾ ਪਵਿੱਤਰ ਸਥਾਨ ਨੂੰ ਸਭ ਤੋਂ ਪਵਿੱਤਰ ਸਥਾਨ ਤੋਂ ਵੱਖ ਕਰੇਗਾ।
34 ਅੱਤ ਪਵਿੱਤਰ ਸਥਾਨ ਤੇ ਰਖੇ ਇਕਰਾਰਨਾਮੇ ਵਾਲੇ ਸੰਦੂਕ ਉੱਤੇ ਕੱਜਣ ਰੱਖ ਦਿਉ।
35 “ਪਵਿੱਤਰ ਸਥਾਨ ਉੱਤੇ ਪਰਦੇ ਦੇ ਦੂਸਰੇ ਪਾਸੇ ਉਹ ਖਾਸ ਮੇਜ ਰਖੋ ਜਿਹੜਾ ਤੁਸੀਂ ਬਣਾਇਆ ਸੀ। ਮੇਜ ਪਵਿੱਤਰ ਤੰਬੂ ਦੇ ਉੱਤਰ ਵਾਲੇ ਪਾਸੇ ਹੋਣਾ ਚਾਹੀਦਾ ਹੈ। ਫ਼ੇਰ ਦਖਣ ਵਾਲੇ ਪਾਸੇ ਸ਼ਮਾਦਾਨ ਰਖੋ। ਇਹ ਮੇਜ ਦੇ ਸਾਮ੍ਹਣੇ ਹੋਵੇਗਾ।
36 “ਫ਼ੇਰ ਪਵਿੱਤਰ ਤੰਬੂ ਦੇ ਦਰਵਾਜ਼ੇ ਲਈ ਪਰਦਾ ਬਣਾਉ। ਇਸ ਪਰਦੇ ਨੂੰ ਬਨਾਉਣ ਲਈ ਨੀਲੇ, ਬੈਂਗਣੀ ਅਤੇ ਲਾਲ ਧਾਗੇ ਅਤੇ ਗੁੰਦੇ ਹੋਏ ਮਹੀਨ ਲਿਨਨ ਦੀ ਵਰਤੋਂ ਕਰੋ।
37 ਇਸ ਪਰਦੇ ਲਈ ਸੋਨੇ ਦੀਆਂ ਕੁੰਡੀਆਂ ਬਣਾਉ। ਅਤੇ ਸੋਨੇ ਨਾਲ ਮੜੀ ਹੋਈ ਸ਼ਿਟੀਮ ਦੀ ਲੱਕੜੀ ਦੀਆਂ ਪੰਜ ਬੱਲੀਆਂ ਬਣਾਉ। ਅਤੇ ਇਨ੍ਹਾਂ ਪੰਜ ਬੱਲੀਆਂ ਲਈ ਪਿੱਤਲ ਦੀਆਂ ਪੰਜ ਚੀਥੀਆਂ ਬਣਾਉ।”