ਕਾਂਡ 17
1 ਇਸਰਾਏਲ ਦੇ ਸਾਰੇ ਲੋਕ ਸੀਨ ਮਾਰੂਥਲ ਤੋਂ ਇਕਠੇ ਸਫ਼ਰ ਤੇ ਚਲੇ। ਉਹ ਯਹੋਵਾਹ ਦੇ ਹੁਕਮ ਅਨੁਸਾਰ ਇੱਕ ਥਾਂ ਤੋਂ ਦੂਸਰੀ ਥਾਂ ਸਫ਼ਰ ਕਰਦੇ ਰਹੇ। ਲੋਕਾਂ ਨੇ ਰਫ਼ੀਦੀਮ ਤੱਕ ਸਫ਼ਰ ਕੀਤਾ ਅਤੇ ਓਥੇ ਡੇਰਾ ਲਾ ਲਿਆ। ਓਥੇ ਲੋਕਾਂ ਦੇ ਪੀਣ ਲਈ ਪਾਣੀ ਨਹੀਂ ਸੀ।
2 ਇਸ ਲਈ ਲੋਕ ਮੂਸਾ ਦੇ ਵਿਰੁੱਧ ਹੋ ਗਏ ਅਤੇ ਉਸ ਨਾਲ ਝਗੜਨ ਲੱਗੇ। ਲੋਕਾਂ ਨੇ ਆਖਿਆ, “ਸਾਨੂੰ ਪੀਣ ਲਈ ਪਾਣੀ ਦਿਉ।”ਮੂਸਾ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਮੇਰੇ ਵਿਰੁੱਧ ਕਿਉਂ ਹੋ ਗਏ ਹੋ? ਤੁਸੀਂ ਯਹੋਵਾਹ ਦੀ ਪਰਖ ਕਿਉਂ ਕਰ ਰਹੇ ਹੋ? ਕੀ ਤੁਸੀਂ ਇਹ ਸੋਚਦੇ ਹੋ ਕਿ ਯਹੋਵਾਹ ਸਾਡੇ ਨਾਲ ਨਹੀਂ ਹੈ?”
3 ਪਰ ਲੋਕ ਪਾਣੀ ਦੇ ਬਹੁਤ ਪਿਆਸੇ ਸਨ। ਇਸ ਲਈ ਉਨ੍ਹਾਂ ਨੇ ਮੂਸਾ ਨੂੰ ਸ਼ਿਕਾਇਤਾਂ ਕਰਨੀਆਂ ਜਾਰੀ ਰਖੀਆਂ। ਲੋਕਾਂ ਨੇ ਆਖਿਆ, “ਤੁਸੀਂ ਸਾਨੂੰ ਮਿਸਰ ਤੋਂ ਬਾਹਰ ਕਿਉਂ ਲਿਆਏ? ਕੀ ਤੁਸੀਂ ਸਾਨੂੰ ਇੱਥੇ ਇਸ ਲਈ ਲਿਆਏ ਸੀ ਕਿ ਅਸੀਂ ਅਤੇ ਸਾਡੇ ਬੱਚੇ ਅਤੇ ਸਾਡੇ ਪਸ਼ੂ ਸਾਰੇ ਹੀ ਪਾਣੀ ਤੋਂ ਬਿਨਾ ਮਰ ਜਾਣ?”
4 ਇਸ ਲਈ ਮੂਸਾ ਨੇ ਯਹੋਵਾਹ ਅੱਗੇ ਪੁਕਾਰ ਕੀਤੀ, “ਮੈਂ ਇਨ੍ਹਾਂ ਲੋਕਾਂ ਨਾਲ ਕੀ ਕਰ ਸਕਦਾ ਹਾਂ? ਇਹ ਮੈਨੂੰ ਪੱਥਰ ਮਾਰਨ ਲਈ ਤਿਆਰ ਹਨ।”
5 ਯਹੋਵਾਹ ਨੇ ਮੂਸਾ ਨੂੰ ਆਖਿਆ, “ਇਸਰਾਏਲ ਦੇ ਲੋਕਾਂ ਦੇ ਸਾਮ੍ਹਣੇ ਜਾ। ਆਪਣੇ ਨਾਲ ਲੋਕਾਂ ਦੇ ਕੁਝ ਬਜ਼ੁਰਗਾਂ ਨੂੰ ਲੈ ਜਾਵੀਂ। ਆਪਣੇ ਨਾਲ ਆਪਣੀ ਸੋਟੀ ਲੈ। ਇਹੀ ਸੋਟੀ ਹੈ ਜਿਹੜੀ ਤੂੰ ਨੀਲ ਨਦੀ ਉੱਤੇ ਮਾਰਨ ਲਈ ਵਰਤੀ ਸੀ।
6 ਮੈਂ ਤੇਰੇ ਸਾਮ੍ਹਣੇ ਹੋਰੇਬ ਚੱਟਾਨ ਉੱਤੇ ਖੜਾ ਹੋਵਾਂਗਾ। ਆਪਣੀ ਸੋਟੀ ਉਸ ਚੱਟਾਨ ਉੱਪਰ ਮਾਰੀ। ਅਤੇ ਇਸ ਵਿੱਚੋਂ ਪਾਣੀ ਨਿਕਲ ਆਵੇਗਾ। ਫ਼ੇਰ ਲੋਕ ਪਾਣੀ ਪੀ ਸਕਣਗੇ।”ਮੂਸਾ ਨੇ ਇਹੀ ਗੱਲਾਂ ਕੀਤੀਆਂ ਅਤੇ ਇਸਰਾਏਲ ਦੇ ਬਜ਼ੁਰਗਾਂ ਨੇ ਇਸਨੂੰ ਦੇਖਿਆ।
7 ਮੂਸਾ ਨੇ ਉਸ ਥਾਂ ਦਾ ਨਾਮ ਮਰੀਬਾਹ ਅਤੇ ਮਸ੍ਸਾਹ ਰੱਖਿਆ, ਕਿਉਂਕਿ ਇਹੀ ਥਾਂ ਸੀ ਜਿਥੇ ਇਸਰਾਏਲ ਦੇ ਲੋਕ ਉਸਦੇ ਵਿਰੁੱਧ ਹੋ ਗਏ ਸਨ ਅਤੇ ਯਹੋਵਾਹ ਦੀ ਪਰਖ ਕੀਤੀ ਸੀ। ਲੋਕ ਜਾਨਣਾ ਚਾਹੁੰਦੇ ਸਨ ਕਿ ਯਹੋਵਾਹ ਉਨ੍ਹਾਂ ਦੇ ਨਾਲ ਸੀ ਜਾਂ ਨਹੀਂ।
8 ਰਫ਼ੀਦੀਮ ਵਿਖੇ ਅਮਾਲੇਕੀ ਲੋਕ ਆਏ ਅਤੇ ਇਸਰਾਏਲ ਦੇ ਲੋਕਾਂ ਨਾਲ ਲੜੇ।
9 ਇਸ ਲਈ ਮੂਸਾ ਨੇ ਯਹੋਸ਼ੁਆ ਨੂੰ ਆਖਿਆ, “ਕੁਝ ਆਦਮੀ ਚੁਣੋ ਅਤੇ ਜਾਕੇ ਕਲ ਨੂੰ ਅਮਾਲੇਕੀਆਂ ਨਾਲ ਯੁਧ ਕਰੋ। ਮੈਂ ਪਹਾੜੀ ਦੀ ਚੋਟੀ ਉੱਤੇ ਖੜਾ ਹੋਵਾਂਗਾ ਅਤੇ ਤੁਹਾਨੂੰ ਦੇਖਾਂਗਾ। ਮੈਂ ਉਹ ਸੋਟੀ ਫ਼ੜੀ ਹੋਵੇਗੀ ਜੋ ਮੈਨੂੰ ਪਰਮਾਤਮਾ ਨੇ ਦਿੱਤੀ ਸੀ।”
10 ਯਹੋਸ਼ੁਆ ਨੇ ਮੂਸਾ ਦੀ ਗੱਲ ਮੰਨ ਲਈ ਅਤੇ ਅਗਲੇ ਦਿਨ ਅਮਾਲੇਕੀ ਲੋਕਾਂ ਨਾਲ ਲੜਨ ਲਈ ਗਿਆ। ਉਸ ਵੇਲੇ, ਮੂਸਾ, ਹਾਰੂਨ ਅਤੇ ਹੂਰ ਪਹਾੜੀ ਦੀ ਚੋਟੀ ਉੱਤੇ ਗਏ।
11 ਜਦੋਂ ਵੀ ਕਦੇ ਮੂਸਾ ਨੇ ਆਪਣੇ ਹੱਥ ਹਵਾ ਵਿੱਚ ਕਰਦਾ, ਤਾਂ ਇਸਰਾਏਲ ਦੇ ਲੋਕ ਜੰਗ ਜਿੱਤ ਜਾਂਦੇ। ਪਰ ਜਦੋਂ ਮੂਸਾ ਆਪਣੇ ਹੱਥ ਹੇਠਾਂ ਕਰਦਾ ਇਸਰਾਏਲ ਦੇ ਲੋਕ ਲੜਾਈ ਹਾਰ ਜਾਂਦੇ।
12 ਕੁਝ ਸਮੇਂ ਬਾਦ, ਮੂਸਾ ਦੇ ਹੱਥ ਥੱਕ ਗਏ। ਮੂਸਾ ਦੇ ਨਾਲ ਦੇ ਬੰਦੇ ਕੋਈ ਤਰਕੀਬ ਲੱਭਣਾ ਚਾਹੁੰਦੇ ਸਨ ਤਾਂ ਜੋ ਮੂਸਾ ਦੇ ਹੱਥ ਹਵਾ ਵਿੱਚ ਰਹਿਣ। ਇਸ ਲਈ ਉਨ੍ਹਾਂ ਨੇ ਮੂਸਾ ਦੇ ਬੈਠਣ ਲਈ ਇੱਕ ਵੱਡੀ ਚੱਟਾਨ ਉਸਦੇ ਹੇਠਾਂ ਰੱਖ ਦਿੱਤੀ। ਫ਼ੇਰ ਹਾਰੂਨ ਅਤੇ ਹੂਰ ਨੇ ਮੂਸਾ ਦੇ ਹੱਥ ਹਵਾ ਵਿੱਚ ਰਖੇ। ਹਾਰੂਨ ਮੂਸਾ ਦੇ ਇੱਕ ਪਾਸੇ ਸੀ ਅਤੇ ਹੂਰ ਦੂਸਰੇ ਪਾਸੇ ਸੀ। ਉਨ੍ਹਾਂ ਨੇ ਉਸਦੇ ਹੱਥ ਇਸੇ ਤਰ੍ਹਾਂ ਉੱਪਰ ਚੁੱਕੀ ਰਖੇ ਜਦੋਂ ਤੱਕ ਕਿ ਸੂਰਜ ਛੁਪ ਨਹੀਂ ਗਿਆ।
13 ਇਸ ਲਈ ਯਹੋਸ਼ੁਆ ਅਤੇ ਉਸਦੇ ਬੰਦਿਆਂ ਨੇ ਇਸ ਲੜਾਈ ਵਿੱਚ ਅਮਾਲੇਕੀਆਂ ਨੂੰ ਹਰਾਇਆ।
14 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ “ਇਸ ਲੜਾਈ ਬਾਰੇ ਲੋਕਾਂ ਦੇ ਯਾਦ ਰੱਖਣ ਲਈ ਇੱਕ ਪੁਸਤਕ ਵਿੱਚ ਲਿਖ ਕਿ ਇੱਥੇ ਕੀ ਵਾਪਰਿਆ ਸੀ ਅਤੇ ਯਹੋਸ਼ੁਆ ਨੂੰ ਕਹਿ ਕਿ ਮੈਂ ਅਮਾਲੇਕੀਆਂ ਨੂੰ ਇਸ ਦੁਨੀਆਂ ਤੋਂ ਪੂਰੀ ਤਰ੍ਹਾਂ ਤਬਾਹ ਕਰ ਦਿਆਂਗਾ।”
15 ਫ਼ੇਰ ਮੂਸਾ ਨੇ ਇੱਕ ਜਗਵੇਦੀ ਬਣਾਈ। ਮੂਸਾ ਨੇ ਜਗਵੇਦੀ ਦਾ ਨਾਮ ਰੱਖਿਆ, “ਯਹੋਵਾਹ ਮੇਰਾ ਝੰਡਾ ਹੈ।”
16 ਮੂਸਾ ਨੇ ਆਖਿਆ, “ਮੈਂ ਆਪਣੇ ਹੱਥ ਯਹੋਵਾਹ ਦੇ ਤਖਤ ਵੱਲ ਉਠਾਏ। ਇਸ ਲਈ ਯਹੋਵਾਹ ਅਮਾਲੇਕੀਆਂ ਦੇ ਵਿਰੁੱਧ ਲੜਿਆ, ਜਿਵੇਂ ਕਿ ਉਸਨੇ ਹਮੇਸ਼ਾ ਕੀਤਾ ਹੈ।”