ਕਾਂਡ 3
1 ਇਉਂ, ਮੈਂ, ਪੌਲੁਸ, ਮਸੀਹ ਯਿਸੂ ਦਾ ਇੱਕ ਕੈਦੀ ਹਾਂ। ਮੈਂ ਤੁਹਾਡੇ ਲੋਕਾਂ ਲਈ, ਜਿਹੜੇ ਯਹੂਦੀ ਨਹੀਂ ਹਨ, ਇੱਕ ਕੈਦੀ ਹਾਂ।
2 ਤੁਹਾਨੂੰ ਨਿਸ਼ਚਿਤ ਹੀ ਪਤਾ ਹੈ ਕਿ ਮੈਨੂੰ ਇਹ ਕੰਮ ਪਰਮੇਸ਼ੁਰ ਦੀ ਕਿਰਪਾ ਦੁਆਰਾ ਦਿੱਤਾ ਗਿਆ ਸੀ। ਪਰਮੇਸ਼ੁਰ ਨੇ ਮੈਨੂੰ ਇਹ ਕੰਮ ਤੁਹਾਡੀ ਸਹਾਇਤਾ ਕਰਨ ਲਈ ਸੌਂਪਿਆ ਸੀ।
3 ਪਰਮੇਸ਼ੁਰ ਨੇ ਆਪਣੀ ਗੁਪਤ ਯੋਜਨਾ ਮੇਰੇ ਤੇ ਪਰਗਟ ਕੀਤੀ। ਉਸਨੇ ਮੈਨੂੰ ਇਹ ਦਰਸਾ ਦਿੱਤਾ। ਇਸ ਬਾਰੇ ਮੈਂ ਪਹਿਲਾਂ ਵੀ ਕੁਝ ਲਿਖ ਚੁਕਿਆ ਹਾਂ।
4 ਅਤੇ ਜੇਕਰ ਤੁਸੀਂ ਮੇਰੀਆਂ ਲਿਖਤਾਂ ਪੜ੍ਹੋ, ਤੁਸੀਂ ਜਾਣ ਜਾਵੋਂਗੇ ਕਿ ਸੱਚਮੁੱਚ ਮੈਂ ਮਸੀਹ ਬਾਰੇ ਸੱਚ ਨੂੰ ਸਮਝਦਾ ਹਾਂ।
5 ਹੋਰਨਾਂ ਸਮਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਉਸ ਗੁਪਤ ਸੱਚਾਈ ਬਾਰੇ ਨਹੀਂ ਦਸਿਆ ਗਿਆ ਸੀ। ਪਰ ਹੁਣ ਪਵਿੱਤਰ ਆਤਮੇ ਦੇ ਰਾਹੀਂ, ਪਰਮੇਸ਼ੁਰ ਨੇ ਇਹ ਗੁਪਤ ਸੱਚ ਆਪਣੇ ਪਵਿੱਤਰ ਰਸੂਲਾਂ ਅਤੇ ਨਬੀਂ ਨੂੰ ਪ੍ਰਗਟ ਕੀਤਾ ਹੈ।
6 ਗੁਪਤ ਸੱਚ ਇਹ ਹੈ ਕਿ ਗੈਰ ਯਹੂਦੀ ਵੀ ਉਹ ਚੀਜ਼ਾਂ ਨੂੰ ਪ੍ਰਾਪਤ ਕਰਨਗੇ ਜੋ ਪਰਮੇਸ਼ੁਰ ਕੋਲ ਉਸਦੇ ਆਪਣੇ ਲੋਕਾਂ ਲਈ ਹਨ। ਗੈਰ ਯਹੂਦੀ ਅਤੇ ਯਹੂਦੀ ਇਕਠੇ ਇੱਕੋ ਸ਼ਰੀਰ ਨਾਲ ਸੰਬੰਧਿਤ ਹਨ। ਅਤੇ ਉਹ ਇਕਠੇ ਪਰਮੇਸ਼ੁਰ ਦੇ ਯਿਸੂ ਵਿੱਚ ਦਿੱਤੇ ਵਾਦੇ ਨੂੰ ਸਾਂਝਾ ਕਰਦੇ ਹਨ। ਗੈਰ ਯਹੂਦੀਆਂ ਕੋਲ ਇਹ ਸਭ ਚੀਜ਼ਾਂ ਖੁਸ਼ਖਬਰੀ ਦੇ ਕਾਰਣ ਹਨ।
7 ਪਰਮੇਸ਼ੁਰ ਦੀ ਕਿਰਪਾ ਦੀ ਦਾਤ ਕਾਰਣ ਮੈਂ ਖੁਸ਼ਖਬਰੀ ਬਾਰੇ ਦੱਸਣ ਵਾਲਾ ਸੇਵਕ ਬਣ ਗਿਆ ਹਾਂ। ਪਰਮੇਸ਼ੁਰ ਨੇ ਆਪਣੀ ਸ਼ਕਤੀ ਰਾਹੀਂ ਕਿਰਪਾ ਦਿੱਤੀ।
8 ਮੈਂ ਪਰਮੇਸ਼ੁਰ ਦੇ ਸਮੂਹ ਲੋਕਾਂ ਵਿੱਚੋਂ ਸਭ ਤੋਂ ਘੱਟ ਮਹੱਤਵਪੂਰਣ ਹਾਂ। ਪਰਮੇਸ਼ੁਰ ਨੇ ਮੈਨੂੰ ਗੈਰ ਯਹੂਦਿਆਂ ਨੂੰ ਮਸੀਹ ਵਿੱਚ ਅਮੀਰੀ ਬਾਰੇ ਖੁਸ਼ਖਬਰੀ ਦੇਣ ਦੀ ਦਾਤ ਦਿੱਤੀ। ਇਹ ਅਮੀਰੀ ਸਾਡੀ ਸਮਝ ਵਿੱਚ ਆਉਣ ਤੋਂ ਬਾਹਰ ਹੈ।
9 ਅਤੇ ਪਰਮੇਸ਼ੁਰ ਨੇ ਮੈਨੂੰ ਸਮੂਹ ਲੋਕਾਂ ਨੂੰ ਆਪਣੇ ਗੁਪਤ ਸੱਚ ਦੀ ਯੋਜਨਾ ਦੱਸਣ ਦਾ ਕੰਮ ਦਿੱਤਾ। ਇਹ ਗੁਪਤ ਸੱਚ ਆਦਿਕਾਲ ਤੋਂ ਪਰਮੇਸ਼ੁਰ ਵਿੱਚ ਛੁਪਿਆ ਹੋਇਆ ਸੀ। ਇਹ ਪਰਮੇਸ਼ੁਰ ਹੀ ਹੈ ਜਿਸਨੇ ਹਰ ਸ਼ੈਅ ਦੀ ਸਿਰਜਣਾ ਕੀਤੀ ਹੈ।
10 ਪਰਮੇਸ਼ੁਰ ਦਾ ਮਨੋਰਥ ਸੀ ਕਿ ਸਮੂਹ ਹਾਕਮਾਂ ਅਤੇ ਸਵਰਗੀ ਥਾਵਾਂ ਦੇ ਅਧਿਕਾਰਾਂ ਨੂੰ ਵਖ-ਵਖ ਰਾਹਾਂ ਦਾ ਪਤਾ ਹੋਣਾ ਚਾਹੀਦਾ ਹੈ ਜਿਸ ਰਾਹੀਂ ਪਰਮੇਸ਼ੁਰ ਆਪਣੀ ਸਿਆਣਪ ਵਿਖਾਉਂਦਾ ਹੈ। ਉਹ ਇਸਨੂੰ ਕਲੀਸਿਯਾ ਦੇ ਕਾਰਣ ਜਾਨਣਗੇ।
11 ਇਹ ਉਹ ਯੋਜਨਾ ਸੀ ਜੋ ਪਰਮੇਸ਼ੁਰ ਨੇ ਆਦਿਕਾਲ ਤੋਂ ਬਣਾਈ ਸੀ। ਪਰਮੇਸ਼ੁਰ ਨੇ ਆਪਣੀ ਯੋਜਨਾ ਅਨੁਸਾਰ ਹੀ ਕੀਤਾ ਜਿਹੜੀ ਉਸਨੇ ਸਾਡੇ ਪ੍ਰਭੂ ਮਸੀਹ ਯਿਸੂ ਰਾਹੀਂ ਬਣਾਈ ਸੀ।
12 ਮਸੀਹ ਵਿੱਚ, ਅਸੀਂ ਅਜ਼ਾਦੀ ਨਾਲ ਪਰਮੇਸ਼ੁਰ ਸਾਮ੍ਹਣੇ ਨਿਰਭੈ ਹੋਕੇ ਆ ਸਕਦੇ ਹਾਂ। ਇਹ ਗੱਲ ਅਸੀਂ ਮਸੀਹ ਵਿੱਚ ਆਪਣੇ ਵਿਸ਼ਵਾਸ ਰਾਹੀਂ ਕਰ ਸਕਦੇ ਹਾਂ।
13 ਇਸ ਲਈ ਮੈਂ ਤੁਹਾਨੂੰ ਦੱਸਦਾ ਹਾਂ ਕਿ ਜਿਹੜੇ ਦੁਖ ਮੈਂ ਤੁਹਾਡੀ ਖਾਤਰ ਸਹਾਰ ਰਿਹਾ ਹਾਂ ਉਨ੍ਹਾਂ ਕਾਰਣ ਹੌਂਸਲਾ ਨਾ ਗੁਆਓ। ਮੇਰੀਆਂ ਤਕਲੀਫ਼ਾਂ ਤੁਹਾਡੇ ਲਈ ਸਤਿਕਾਰ ਲਿਆਉਂਦੀਆਂ ਹਨ।
14 ਇਸ ਲਈ ਮੈਂ ਪ੍ਰਾਰਥਨਾ ਵਿੱਚ ਪਿਤਾ ਅੱਗੇ ਝੁਕਦਾ ਹਾਂ।
15 ਧਰਤੀ ਅਤੇ ਸਵਰਗ ਉੱਤੇ ਹਰ ਪਰਿਵਾਰ ਆਪਣਾ ਅਸਲੀ ਨਾਮ ਉਸਤੋਂ ਪ੍ਰਾਪਤ ਕਰਦਾ ਹੈ।
16 ਮੈਂ ਪਿਤਾ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਉਹ ਆਪਣੀ ਅਸੀਮ ਮਹਿਮਾ ਦੁਆਰਾ ਤੁਹਾਨੂੰ ਤੁਹਾਡੇ ਆਤਮਿਆਂ ਵਿੱਚ ਮਜਬੂਤ ਹੋਣ ਲਈ ਸ਼ਕਤੀ ਦੇਵੇ। ਉਹ ਤੁਹਾਨੂੰ ਇਹ ਤਾਕਤ ਆਪਣੇ ਆਤਮੇ ਰਾਹੀਂ ਦੇਵੇਗਾ।
17 ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਹਾਡੇ ਵਿਸ਼ਵਾਸ ਰਾਹੀਂ ਮਸੀਹ ਤੁਹਾਡੇ ਦਿਲਾਂ ਵਿੱਚ ਰਹੇਗਾ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਹਾਡਾ ਜੀਵਨ ਜੋੜਿਆ ਜਾਵੇ ਅਤੇ ਪ੍ਰੇਮ ਉੱਪਰ ਉਸਾਰਿਆ ਜਾਵੇ।
18 ਅਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਅਤੇ ਪਰਮੇਸ਼ੁਰ ਦੇ ਪਵਿੱਤਰ ਲੋਕ ਮਸੀਹ ਦੇ ਪ੍ਰੇਮ ਦੀ ਮਹਾਨਤਾ ਨੂੰ ਸਮਝ ਸਕਣ ਦੀ ਸ਼ਕਤੀ ਰਖੋਂਗੇ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਇਹ ਸਮਝ ਸਕੋ ਕਿ ਇਹ ਪਿਆਰ ਕਿੰਨਾ ਲੰਮਾ, ਕਿੰਨਾ ਵਿਸ਼ਾਲ ਕਿੰਨਾ ਉੱਚਾ ਅਤੇ ਕਿੰਨਾ ਗਹਿਰਾ ਹੈ।
19 ਮਸੀਹ ਦਾ ਪਿਆਰ ਕਿਸੇ ਵੀ ਵਿਅਕਤੀ ਦੇ ਗਿਆਨ ਦੀ ਸੰਭਾਵਨਾ ਨਾਲੋਂ ਕਿਤੇ ਸਮਰਥ ਨਾਲੋਂ ਵਡੇਰਾ ਹੈ। ਪਰ ਮੇਰੀ ਪ੍ਰਾਰਥਨਾ ਹੈ ਕਿ ਤੁਸੀਂ ਇਸਨੂੰ ਜਾਨਣ ਵਿੱਚ ਸਮਰਥ ਹੋਵੋਂ। ਤਾਂ ਤੁਸੀਂ ਪਰਮੇਸ਼ੁਰ ਦੀ ਭਰਪੂਰਤਾ ਨਾਲ ਭਰੇ ਜਾ ਸਕੋਂਗੇ।
20 ਪਰਮੇਸ਼ੁਰ ਆਪਣੀ ਸ਼ਕਤੀ ਨਾਲ, ਜੋ ਸਾਡੇ ਵਿੱਚ ਕੰਮ ਕਰਦੀ ਹੈ ਨਾਲੋਂ ਕਿਤੇ ਵਧੇਰੇ ਜ਼ਿਆਦਾ ਕਰ ਸਕਦਾ ਹੈ ਜੋ ਕਿ ਅਸੀਂ ਉਸ ਪਾਸੋਂ ਮੰਗ ਸਕਦੇ ਹਾਂ ਜਾਂ ਉਸ ਬਾਰੇ ਸੋਚ ਸਕਦੇ ਹਾਂ।
21 ਪਰਮੇਸ਼ੁਰ ਦੀ ਕਲੀਸਿਯਾ ਵਿੱਚ ਅਤੇ ਯਿਸੂ ਮਸੀਹ ਵਿੱਚ ਸਦਾ ਸਦਾ ਲਈ ਮਹਿਮਾ ਹੋਵੇ। ਆਮੀਨ