ਕਾਂਡ 1
1 ਇਹ ਪੱਤਰ ਮਸੀਹ ਯਿਸੂ ਦੇ ਰਸੂਲ ਪੌਲੁਸ ਵੱਲੋਂ ਹੈ। ਮੈਂ ਰਸੂਲ ਇਸ ਲਈ ਬਣਿਆ ਹਾਂ ਕਿ ਇਹ ਪਰਮੇਸ਼ੁਰ ਦੀ ਰਜ਼ਾ ਸੀ।ਇਹ ਪੱਤਰ ਮਸੀਹ ਯਿਸੂ ਵਿੱਚ ਵਿਸ਼ਵਾਸ ਰੱਖਣ ਵਾਲੇ ਨਿਹਚਾਵਾਨਾਂ, ਅਫ਼ਸੁਸ ਵਿੱਚ ਰਹਿੰਦੇ ਪਰਮੇਸ਼ੁਰ ਦੇ ਪਵਿੱਤਰ ਲੋਕਾਂ ਨੂੰ ਲਿਖਿਆ ਹੈ।
2 ਪਰਮੇਸ਼ੁਰ ਸਾਡੇ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਵੱਲੋਂ ਤੁਹਾਡੇ ਤੇ ਕਿਰਪਾ ਅਤੇ ਸ਼ਾਂਤੀ ਹੋਵੇ।
3 ਸਾਡੇ ਪ੍ਰਭੂ ਯਿਸੂ ਮਸੀਹ ਦੇ ਪਿਤਾ ਪਰਮੇਸ਼ੁਰ ਦੀ ਉਸਤਤਿ ਕਰੋ। ਪਰਮੇਸ਼ੁਰ ਨੇ ਸਾਨੂੰ ਮਸੀਹ ਵਿੱਚ ਸਵਰਗ ਦੀ ਹਰ ਆਤਮਕ ਅਸੀਸ ਦਿੱਤੀ ਹੈ।
4 ਮਸੀਹ ਵਿੱਚ ਸਾਨੂੰ ਪਰਮੇਸ਼ੁਰ ਨੇ ਦੁਨੀਆਂ ਸਾਜਣ ਤੋਂ ਪਹਿਲਾਂ ਹੀ ਚੁਣ ਲਿਆ ਸੀ। ਪਰਮੇਸ਼ੁਰ ਨੇ ਸਾਨੂੰ ਪ੍ਰੇਮ ਨਾਲ, ਆਪਣੇ ਪਵਿੱਤਰ ਲੋਕ ਅਤੇ ਉਸ ਅੱਗੇ ਦੋਸ਼ ਰਹਿਤ ਲੋਕ ਹੋਣ ਲਈ ਚੁਣਿਆ ਹੈ।
5 ਅਤੇ ਦੁਨੀਆਂ ਦੀ ਸਾਜਨਾ ਕਰਨ ਤੋਂ ਪਹਿਲਾਂ ਹੀ ਪਰਮੇਸ਼ੁਰ ਨੇ ਯਿਸੂ ਮਸੀਹ ਰਾਹੀਂ ਸਾਨੂੰ ਆਪਣੇ ਬੱਚੇ ਬਨਾਉਣ ਦਾ ਨਿਰਣਾ ਕੀਤਾ। ਇਹ ਪਰਮੇਸ਼ੁਰ ਦੀ ਰਜ਼ਾ ਸੀ। ਇਸਨੇ ਉਸਨੂੰ ਪ੍ਰਸੰਨ ਕੀਤਾ ਹੈ।
6 ਇਹ ਪਰਮੇਸ਼ੁਰ ਨੂੰ ਉਸਤਤਿ ਦਿੰਦੀ ਹੈ ਕਿਉਂ ਜੁ ਉਸਨੇ ਕਿਰਪਾ ਦਿਖਾਈ। ਪਰਮੇਸ਼ੁਰ ਨੇ ਆਪਣੀ ਕਿਰਪਾ ਸਾਡੇ ਉੱਤੇ ਮੁਫ਼ਤ ਕੀਤੀ ਹੈ ਉਸਨੇ ਸਾਡੇ ਉੱਪਰ ਇਹ ਕਿਰਪਾ ਮਸੀਹ ਵਿੱਚ ਦਿੱਤੀ ਜਿਸਨੂੰ ਉਹ ਪਿਆਰ ਕਰਦਾ ਹੈ।
7 ਮਸੀਹ ਦੇ ਨਮਿਤ ਸਾਨੂੰ ਉਸਦੇ ਲਹੂ ਰਾਹੀਂ ਅਜ਼ਾਦੀ ਦਿੱਤੀ ਗਈ ਸੀ। ਸਾਡੇ ਕੋਲ ਪਰਮੇਸ਼ੁਰ ਦੀ ਅਪਾਰ ਕਿਰਪਾ ਦੁਆਰਾ ਆਪਣੇ ਪਾਪਾਂ ਦੀ ਮਾਫ਼ੀ ਹੈ।
8 ਪਰਮੇਸ਼ੁਰ ਨੇ ਆਪਣੀ ਪੂਰੀ ਕਿਰਪਾ ਸਿਆਣਪ ਅਤੇ ਗਿਆਨ ਸਾਡੇ ਉੱਤੇ ਮੁਫ਼ਤੀ ਛਿੜਕਿਆ ਹੈ।
9 ਉਸਨੇ ਆਪਣੀ ਗੁਪਤ ਯੋਜਨਾ ਆਪਣੀ ਇੱਛਾ ਅਨੁਸਾਰ ਸਾਨੂੰ ਪਰਗਟ ਕੀਤੀ। ਅਤੇ ਉਸਨੇ ਇਹ ਯੋਜਨਾ ਮਸੀਹ ਰਾਹੀਂ ਪੂਰਨ ਕਰਨ ਦਾ ਨਿਸ਼ਚਾ ਕੀਤਾ।
10 ਪਰਮੇਸ਼ੁਰ ਦਾ ਇਰਾਦਾ ਢੁਕਵੇਂ ਸਮੇਂ ਤੇ ਆਪਣੇ ਉਦੇਸ਼ ਨੂੰ ਪੂਰਾ ਕਰਨ ਦਾ ਸੀ। ਪਰਮੇਸ਼ੁਰ ਦੀ ਯੋਜਨਾ ਸਵਰਗ ਅਤੇ ਧਰਤੀ ਵਿਚਲੀਆਂ ਸਾਰੀਆਂ ਚੀਜ਼ਾਂ ਨੂੰ ਇਕਠਿਆਂ ਕਰਕੇ ਮਸੀਹ ਨੂੰ ਮੁਖੀ ਬਣਾਕੇ ਉਸਦੇ ਅਧੀਨ ਕਰਨ ਦੀ ਸੀ।
11 ਮਸੀਹ ਵਿੱਚ ਸਾਨੂੰ ਪਰਮੇਸ਼ੁਰ ਦੇ ਲੋਕਾਂ ਵਿੱਚੋਂ ਚੁਣਿਆ ਗਿਆ ਸੀ। ਪਰਮੇਸ਼ੁਰ ਨੇ ਪਹਿਲਾਂ ਹੀ ਸਾਨੂੰ ਆਪਣੇ ਲੋਕ ਬਨਾਉਣ ਦੀ ਯੋਜਨਾ ਬਣਾਈ ਹੋਈ ਸੀ, ਕਿਉਂ ਕਿ ਇਹ ਪਰਮੇਸ਼ੁਰ ਦੀ ਇੱਛਾ ਸੀ। ਇਹ ਪਰਮੇਸ਼ੁਰ ਹੀ ਹੈ ਜੋ ਹਰ ਚੀਜ਼ ਨੂੰ ਆਪਣੀ ਇੱਛਾ ਅਤੇ ਫ਼ੈਸਲੇ ਨਾਲ ਰਜ਼ਾਮੰਦ ਕਰਾਉਂਦਾ ਹੈ।
12 ਅਸੀਂ ਪਹਿਲੇ ਲੋਕ ਹਾਂ ਜਿਨ੍ਹਾਂ ਨੇ ਮਸੀਹ ਵਿੱਚ ਉਮੀਦ ਰਖੀ। ਅਤੇ ਸਾਨੂੰ ਇਸ ਲਈ ਚੁਣਿਆ ਗਿਆ ਸੀ ਤਾਂ ਜੋ ਅਸੀਂ ਪਰਮੇਸ਼ੁਰ ਦੀ ਮਹਿਮਾ ਦੀ ਉਸਤਤਿ ਕਰ ਸਕੀਏ।
13 ਤੁਹਾਡੇ ਨਾਲ ਵੀ ਅਜਿਹਾ ਹੀ ਹੈ। ਤੁਸੀਂ ਸੱਚੀ ਸਿਖਿਆ ਸੁਣੀ, ਉਹ ਤੁਹਾਡੀ ਮੁਕਤੀ ਦੀ ਖੁਸ਼ਖਬਰੀ ਹੈ। ਜਦੋਂ ਤੁਸੀਂ ਉਹ ਖੁਸ਼ਖਬਰੀ ਸੁਣੀ, ਤੁਸੀਂ ਮਸੀਹ ਵਿੱਚ ਵਿਸ਼ਵਾਸ ਕੀਤਾ। ਅਤੇ ਮਸੀਹ ਦੇ ਰਾਹੀਂ, ਪਰਮੇਸ਼ੁਰ ਨੇ ਤੁਹਾਨੂੰ ਉਹ ਪਵਿੱਤਰ ਆਤਮਾ ਦੇਕੇ ਜਿਸਦਾ ਉਸਨੇ ਵਾਦਾ ਕੀਤਾ ਸੀ, ਆਪਣਾ ਵਿਸ਼ੇਸ਼ ਨਿਸ਼ਾਨ ਤੁਹਾਡੇ ਉੱਪਰ ਲਗਾਇਆ।
14 ਇਹ ਪਵਿੱਤਰ ਆਤਮਾ ਸਾਖੀ ਹੈ ਕਿ ਅਸੀਂ ਉਹ ਸਾਰੀਆਂ ਚੀਜ਼ਾਂ ਪ੍ਰਾਪਤ ਕਰਾਂਗੇ ਜਿਨ੍ਹਾਂ ਦਾ ਪਰਮੇਸ਼ੁਰ ਨੇ ਆਪਣੇ ਲੋਕਾਂ ਨਾਲ ਵਾਦਾ ਕੀਤਾ ਸੀ। ਇਹ ਉਨ੍ਹਾਂ ਲੋਕਾਂ ਨੂੰ ਅਜ਼ਾਦ ਕਰ ਦੇਵੇਗਾ ਜਿਹੜੇ ਲੋਕ ਪਰਮੇਸ਼ੁਰ ਨਾਲ ਸੰਬੰਧਿਤ ਹਨ। ਇਸ ਸਭ ਕਾਸੇ ਦਾ ਉਦੇਸ਼ ਪਰਮੇਸ਼ੁਰ ਦੀ ਮਹਿਮਾ ਨੂੰ ਉਸਤਤਿ ਲਿਆਉਣਾ ਹੈ।
15 ਇਹੀ ਕਾਰਣ ਹੈ ਕਿ ਮੈਂ ਆਪਣੀਆਂ ਪ੍ਰਾਰਥਨਾਵਾਂ ਵਿੱਚ ਹਮੇਸ਼ਾ ਤੁਹਾਨੂੰ ਚੇਤੇ ਕਰਦਾ ਹਾਂ ਅਤੇ ਤੁਹਾਡੇ ਲਈ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ। ਮੈਂ ਇਹ ਹਮੇਸ਼ਾ ਤੋਂ ਕੀਤਾ ਹੈ, ਜਦੋਂ ਤੋਂ ਮੈਂ ਪ੍ਰਭੂ ਯਿਸੂ ਵਿੱਚ ਤੁਹਾਡੇ ਵਿਸ਼ਵਾਸ ਅਤੇ ਪਰਮੇਸ਼ੁਰ ਦੇ ਲੋਕਾਂ ਲਈ ਤੁਹਾਡੇ ਪਿਆਰ ਬਾਰੇ ਸੁਣਿਆ।
16
17 ਮੈਂ ਹਮੇਸ਼ਾ ਸਾਡੇ ਪ੍ਰਭੂ ਯਿਸੂ ਮਸੀਹ ਦੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦਾ ਹਾਂ, ਜੋ ਕਿ ਮਹਿਮਾਮਈ ਪਿਤਾ ਹੈ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਉਹ ਤੁਹਾਨੂੰ ਆਤਮਾ ਦੇਵੇ ਜਿਹੜਾ ਤੁਹਾਨੂੰ ਸਿਆਣਾ ਬਣਾਉਂਦਾ ਹੈ ਅਤੇ ਤੁਹਾਨੂੰ ਆਪਣੇ ਬਾਰੇ ਗਿਆਨ ਦਿੰਦਾ ਹੈ, ਜਿਸਤੋਂ ਉਸਨੇ ਤੁਹਾਨੂੰ ਜਾਣੂ ਕਰਾਇਆ ਹੈ।
18 ਮੈਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਉਹ ਤੁਹਾਨੂੰ ਤੁਹਾਡੇ ਹਿਰਦਿਆਂ ਵਿੱਚ ਸਮਝਦਾਰੀ ਦੇ ਸਕੇ। ਫ਼ੇਰ ਤੁਸੀਂ ਉਸ ਉਮੀਦ ਬਾਰੇ ਜਾਣ ਲਵੋਂਗੇ ਜਿਸ ਨੂੰ ਰੱਖਣ ਲਈ ਸਾਨੂੰ ਚੁਣਿਆ ਗਿਆ ਹੈ। ਤੁਸੀਂ ਜਾਣ ਜਾਵੋਂਗੇ ਕਿ ਜਿਹੜੀਆਂ ਅਸੀਸਾਂ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਦੇਣ ਦਾ ਵਾਦਾ ਕੀਤਾ ਸੀ ਉਹ ਅਪਾਰ ਅਤੇ ਮਹਿਮਾਮਈ ਹਨ।
19 ਅਤੇ ਤੁਸੀਂ ਜਾਣ ਜਾਵੋਂਗੇ ਕਿ ਸਾਡੇ ਆਸਥਾਵਾਨਾਂ ਲਈ, ਪਰਮੇਸ਼ੁਰ ਦੀ ਸ਼ਕਤੀ ਬਹੁਤ ਮਹਾਨ ਹੈ।
20 ਇਹ ਮਹਾਨ ਸ਼ਕਤੀ ਉਹੀ ਹੈ ਜਿਹੜੀ ਪਰਮੇਸ਼ੁਰ ਨੇ ਮਸੀਹ ਨੂੰ ਮੌਤ ਤੋਂ ਉਭਾਰਨ ਲਈ ਵਰਤੀ ਸੀ। ਪਰਮੇਸ਼ੁਰ ਨੇ ਮਸੀਹ ਨੂੰ ਸਵਰਗੀ ਥਾਵਾਂ ਵਿੱਚ ਆਪਣੇ ਸੱਜੇ ਪਾਸੇ ਬਿਠਾਇਆ।
21 ਪਰਮੇਸ਼ੁਰ ਨੇ ਮਸੀਹ ਨੂੰ, ਸਾਰੇ ਹਾਕਮਾਂ, ਅਧਿਕਾਰਾਂ, ਸ਼ਕਤੀਆਂ ਅਤੇ ਰਾਜਿਆਂ ਨਾਲੋਂ ਵਧੇਰੇ ਮਹੱਤਵਪੂਰਣ ਬਣਾਇਆ। ਮਸੀਹ ਹਰ ਚੀਜ਼ ਨਾਲੋਂ ਵੀ ਵਧੇਰੇ ਸ਼ਕਤੀਸ਼ਾਲੀ ਹੈ ਜੋ ਵੀ ਇਸ ਦੁਨੀਆਂ ਵਿੱਚ ਜਾਂ ਭਵਿਖ ਦੀ ਦੁਨੀਆਂ ਵਿੱਚ ਤਾਕਤ ਰਖਦਾ ਹੈ।
22 ਪਰਮੇਸ਼ੁਰ ਨੇ ਸਾਰੀਆਂ ਚੀਜ਼ਾਂ ਮਸੀਹ ਦੀ ਅਧੀਨਤਾ ਥੱਲੇ ਪਾ ਦਿੱਤੀਆਂ ਹਨ। ਅਤੇ ਪਰਮੇਸ਼ੁਰ ਨੇ ਉਸਨੂੰ ਕਲੀਸਿਯਾ ਦੀਆਂ ਸਮੁੱਚੀਆਂ ਚੀਜ਼ਾਂ ਦਾ ਮੁਖੀਆ ਤਾਇਨਾਤ ਕੀਤਾ ਹੈ।
23 ਕਲੀਸਿਯਾ ਮਸੀਹ ਦਾ ਸ਼ਰੀਰ ਹੈ। ਕਲੀਸਿਯਾ ਮਸੀਹ ਨਾਲ ਭਰਪੂਰ ਹੈ। ਉਹ ਹਰ ਢੰਗ ਨਾਲ ਸਾਰੀਆਂ ਚੀਜ਼ਾਂ ਸੰਪੂਰਣ ਬਨਾਉਂਦਾ ਹੈ।