ਅਫ਼ਸੀਆਂ

ਕਾਂਡ : 1 2 3 4 5 6


ਕਾਂਡ 2

1 ਅਤੀਤ ਵਿੱਚ ਤੁਹਾਡਾ ਆਤਮਕ ਜੀਵਨ ਤੁਹਾਡੇ ਪਾਪ ਅਤੇ ਉਨ੍ਹਾਂ ਗੱਲਾਂ ਕਾਰਣ ਜਿਹੜੀਆਂ ਤੁਸੀਂ ਪਰਮੇਸ਼ੁਰ ਦੇ ਖਿਲਾਫ਼ ਕੀਤੀਆਂ, ਮੁਰਦਾ ਸਨ।
2 ਹਾਂ, ਅਤੀਤ ਵਿੱਚ ਤੁਸੀਂ ਇਹ ਪਾਪ ਕਰਦੇ ਹੋਏ ਜਿਉਂਏ। ਤੁਸੀਂ ਦੁਨੀਆਂ ਦੇ ਲੋਕਾਂ ਵਾਂਗ ਜਿਉਂਏ ਤੁਸੀਂ ਸੰਸਾਰ ਵਿੱਚ ਬਦੀ ਦਿਆਂ ਸ਼ਕਤੀਆਂ ਦੇ ਹਾਕਮ ਦੇ ਚੇਲੇ ਸੀ। ਹੁਣ ਇਹੀ ਆਤਮਾ ਉਨ੍ਹਾਂ ਲੋਕਾਂ ਵਿੱਚ ਕੰਮ ਕਰ ਰਿਹਾ ਹੈ ਜਿਹੜੇ ਪਰਮੇਸ਼ੁਰ ਨੂੰ ਅਵਗਿਆਕਾਰੀ ਹਨ।
3 ਪਿਛਲੇ ਸਮਿਆਂ ਵਿੱਚ, ਅਸੀਂ ਸਾਰੇ ਉਸੇ ਤਰ੍ਹਾਂ ਰਹੇ ਜਿਵੇਂ ਉਹ ਲੋਕ ਰਹੇ। ਅਸੀਂ ਆਪਣੇ ਪਾਪੀ ਆਪਿਆਂ ਨੂੰ ਸੰਤੁਸ਼ਟ ਕਰ ਰਹੇ ਸਾਂ। ਅਸੀਂ ਉਹ ਸਾਰੀਆਂ ਗੱਲਾਂ ਕੀਤੀਆਂ ਜਿਨ੍ਹਾਂ ਦੀ ਸਾਡੇ ਤਨਾਂ ਅਤੇ ਮਨਾਂ ਨੇ ਕਰਨ ਦੀ ਇੱਛਾ ਕੀਤੀ। ਜਦੋਂ ਅਸੀਂ ਅਜਿਹੀ ਜ਼ਿੰਦਗੀ ਜਿਉਂ ਰਹੇ ਸਾਂ, ਅਸੀਂ ਪਰਮੇਸ਼ੁਰ ਦੇ ਕ੍ਰੋਧ ਦਾ ਸਾਮ੍ਹਣਾ ਕਰਨ ਵਾਲੇ ਸਾਂ ਕਿਉਂਕਿ ਅਸੀਂ ਦੁਸ਼ਟ ਲੋਕ ਸੀ। ਅਸੀਂ ਹੋਰਨਾਂ ਸਾਰੇ ਲੋਕਾਂ ਵਰਗੇ ਸਾਂ।
4 ਪਰ ਪਰਮੇਸ਼ੁਰ ਨੇ ਜਿਹੜਾ ਇੰਨਾ ਕਿਰਪਾਲੂ ਹੈ ਸਾਨੂੰ ਮਹਾਣ ਪਿਆਰ ਵਿਖਾਇਆ।
5 ਅਸੀਂ ਆਤਮਕ ਤੌਰ ਤੇ ਮਰ ਚੁੱਕੇ ਸਾਂ। ਅਸੀਂ ਉਨ੍ਹਾਂ ਗਲਤ ਗੱਲਾਂ ਕਾਰਣ ਮਾਰੇ ਹੋਏ ਸਾਂ ਜਿਹੜੀਆਂ ਅਸੀਂ ਪਰਮੇਸ਼ੁਰ ਦੇ ਖਿਲਾਫ਼ ਕਰਦੇ ਸਾਂ। ਪਰ ਪਰਮੇਸ਼ੁਰ ਨੇ ਸਾਨੂੰ ਮਸੀਹ ਨਾਲ ਇੱਕ ਨਵਾਂ ਜੀਵਨ ਦਿੱਤਾ। ਤੁਸੀਂ ਪਰਮੇਸ਼ੁਰ ਦੀ ਕਿਰਪਾ ਕਾਰਣ ਬਚਾਏ ਗਏ।
6 ਅਤੇ ਪਰਮੇਸ਼ੁਰ ਨੇ ਸਾਨੂੰ ਮਸੀਹ ਸਮੇਤ ਉੱਪਰ ਉਠਾਇਆ ਅਤੇ ਸਾਨੂੰ ਉਸਦੇ ਨਾਲ ਸਵਰਗੀ ਥਾਵਾਂ ਵਿੱਚ ਬਿਠਾਇਆ। ਪਰਮੇਸ਼ੁਰ ਨੇ ਇਹ ਸਭ ਕੁਝ ਸਾਡੇ ਲਈ ਕੀਤਾ ਜੋ ਮਸੀਹ ਯਿਸੂ ਵਿੱਚ ਹਨ।
7 ਪਰਮੇਸ਼ੁਰ ਨੇ ਇਹ ਆਉਣ ਵਾਲੇ ਜੁਗਾਂ ਵਿੱਚ ਆਪਣੀ ਕਿਰਪਾ ਦੀ ਮਹਾਨ ਅਮੀਰੀ ਵਿਖਾਉਣ ਲਈ ਕੀਤਾ। ਪਰਮੇਸ਼ੁਰ ਸਾਡੇ ਉੱਪਰ ਇਹ ਕਿਰਪਾ ਮਸੀਹ ਯਿਸੂ ਵਿੱਚ ਆਪਣੀ ਦਯਾਲਤਾ ਰਾਹੀਂ ਵਰਤਾਉਂਦਾ ਹੈ।
8 ਮੇਰਾ ਕਹਿਣ ਦਾ ਭਾਵ ਹੈ ਕਿ ਤੁਸੀਂ ਨਿਹਚਾ ਰਾਹੀਂ ਪਰਮੇਸ਼ੁਰ ਦੀ ਕਿਰਪਾ ਦੁਆਰਾ ਬਚਾਏ ਗਏ ਹੋ। ਅਤੇ ਤੁਸੀਂ ਇਹ ਕਿਰਪਾ ਵਿਸ਼ਵਾਸ ਰਾਹੀਂ ਪ੍ਰਾਪਤ ਕੀਤੀ ਹੈ। ਤੁਸੀਂ ਆਪਣੇ ਆਪ ਨੂੰ ਨਹੀਂ ਬਚਾਇਆ ਇਹ ਤਾਂ ਪਰਮੇਸ਼ੁਰ ਵੱਲੋਂ ਦਿੱਤੀ ਦਾਤ ਸੀ।
9 ਨਹੀਂ। ਤੁਸੀਂ ਆਪਣੇ ਉਨ੍ਹਾਂ ਕੰਮਾਂ ਰਾਹੀਂ ਨਹੀਂ ਬਚੇ ਜਿਹੜੇ ਤੁਸੀਂ ਕੀਤੇ ਹਨ। ਇਸ ਤਰੀਕੇ ਨਾਲ, ਕੋਈ ਵੀ ਵਿਅਕਤੀ ਘਮੰਡ ਨਹੀਂ ਕਰ ਸਕਦਾ ਕਿ ਉਸਨੇ ਖੁਦ ਨੂੰ ਬਚਾਇਆ।
10 ਪਰਮੇਸ਼ੁਰ ਨੇ ਸਾਨੂੰ ਉਵੇਂ ਬਣਾਇਆ ਹੈ ਜਿਵੇਂ ਦੇ ਅਸੀਂ ਹਾਂ। ਪਰਮੇਸ਼ੁਰ ਨੇ ਸਾਨੂੰ ਮਸੀਹ ਯਿਸੂ ਵਿੱਚ ਨਵੇਂ ਬਣਾਇਆ ਤਾਂ ਜੋ ਅਸੀਂ ਚੰਗੇ ਕੰਮ ਕਰਨ ਯੋਗ ਹੋ ਸਕੀਏ। ਪਰਮੇਸ਼ੁਰ ਨੇ ਪਹਿਲਾਂ ਹੀ ਇਨ੍ਹਾਂ ਸਾਰੀਆਂ ਚੰਗੀਆਂ ਗੱਲਾਂ ਦੀ ਯੋਜਨਾ ਸਾਡੇ ਲਈ ਤਿਆਰ ਕੀਤੀ ਹੋਈ ਹੈ। ਤਾਂ ਕਿ ਅਸੀਂ ਆਪਣਾ ਜੀਵਨ ਚੰਗੇ ਕੰਮ ਕਰਦਿਆਂ ਬਿਤਾਈਏ।
11 ਤੁਸੀਂ ਗੈਰ ਯਹੂਦੀਆਂ ਦੇ ਤੌਰ ਤੇ ਜਨਮੇ ਸੀ। ਤੁਸੀਂ ਉਹ ਲੋਕ ਹੋ ਜਿਨ੍ਹਾਂ ਨੂੰ ਯਹੂਦੀ “ਬੇ-ਸੁੰਨਤੀਏ” ਆਖਦੇ ਹਨ। ਉਹ ਯਹੂਦੀ ਜਿਹੜੇ ਤੁਹਾਨੂੰ “ਬੇ-ਸੁੰਨਤੀਏ” ਆਖਦੇ ਹਨ ਉਹ ਆਪਣੇ ਆਪ ਨੂੰ “ਸੁੰਨਤੀ” ਅਖਵਾਉਂਦੇ ਹਨ। ਉਨ੍ਹਾਂ ਦੀ ਸੁੰਨਤ ਅਜਿਹੀ ਹੈ ਜਿਹੜੀ ਉਹ ਖੁਦ ਆਪਣੇ ਸ਼ਰੀਰਾਂ ਉੱਪਰ ਕਰਦੇ ਹਨ।
12 ਅਤੀਤ ਵਿੱਚ, ਯਾਦ ਰਖੋ ਕਿ ਤੁਸੀਂ ਮਸੀਹ ਤੋਂ ਬਿਨਾ ਸੀ। ਤੁਸੀਂ ਇਸਰਾਏਲ ਦੇ ਨਾਗਰਿਕ ਨਹੀਂ ਸੀ। ਤੁਹਾਡੇ ਕੋਲ ਵਾਦੇ ਦਾ ਉਹ ਕਰਾਰ ਨਹੀਂ ਸੀ, ਜਿਹੜਾ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਦਿੱਤਾ ਸੀ। ਤੁਹਾਨੂੰ ਕੋਈ ਉਮੀਦ ਨਹੀਂ ਸੀ ਅਤੇ ਤੁਸੀਂ ਪਰਮੇਸ਼ੁਰ ਨੂੰ ਨਹੀਂ ਜਾਣਦੇ ਸੀ।
13 ਇਸ ਤਰ੍ਹਾਂ ਇੱਕ ਸਮੇਂ ਤੁਸੀਂ ਪਰਮੇਸ਼ੁਰ ਤੋਂ ਬਹੁਤ ਦੂਰ ਸੀ। ਪਰ ਹੁਣ ਤੁਸੀਂ ਮਸੀਹ ਯਿਸੂ ਵਿੱਚ ਉਸਦੇ ਲਹੂ ਰਾਹੀਂ ਪਰਮੇਸ਼ੁਰ ਦੇ ਨੇੜੇ ਲਿਆਏ ਗਏ ਹੋ।
14 ਮਸੀਹ ਦੇ ਕਾਰਣ ਹੁਣ ਸਾਨੂੰ ਸ਼ਾਂਤੀ ਮਿਲੀ ਹੋਈ ਹੈ। ਮਸੀਹ ਨੇ ਸਾਨੂੰ ਦੋਹਾਂ ਨੂੰ ਇੱਕ ਕੌਮ ਵਾਂਗ ਇਕਠਿਆਂ ਕੀਤਾ ਹੈ। ਯਹੂਦੀ ਅਤੇ ਗੈਰ ਯਹੂਦੀ ਇਸ ਤਰ੍ਹਾਂ ਵੰਡੇ ਹੋਏ ਸਨ ਜਿਵੇਂ ਉਨ੍ਹਾਂ ਵਿਚਕਾਰ ਇੱਕ ਕੰਧ ਹੋਵੇ। ਉਹ ਇੱਕ ਦੂਸਰੇ ਨੂੰ ਨਫ਼ਰਤ ਕਰਦੇ ਸਨ। ਪਰ ਮਸੀਹ ਨੇ ਆਪਣਾ ਸ਼ਰੀਰ ਦੇਕੇ ਨਫ਼ਰਤ ਦੀ ਉਸ ਕੰਧ ਨੂੰ ਢਾਹ ਦਿੱਤਾ।
15 ਯਹੂਦੀ ਸ਼ਰ੍ਹਾ ਵਿੱਚ ਕਈ ਹੁਕਮ ਅਤੇ ਅਸੂਲ ਸਨ। ਪਰ ਮਸੀਹ ਨੇ ਉਸ ਸ਼ਰ੍ਹਾ ਦਾ ਅੰਤ ਕਰ ਦਿੱਤਾ। ਮਸੀਹ ਦਾ ਉਦੇਸ਼ ਲੋਕਾਂ ਦੇ ਦੋ ਸਮੂਹਾਂ ਨੂੰ ਆਪਣੇ ਵਿੱਚ ਇੱਕ ਕੌਮ ਬਨਾਉਣਾ ਅਤੇ ਉਥੇ ਸ਼ਾਂਤੀ ਸਥਾਪਿਤ ਕਰਨਾ ਸੀ।
16 ਮਸੀਹ ਨੇ ਸਲੀਬ ਤੇ ਮਰਕੇ ਇਨ੍ਹਾਂ ਦੋਹਾਂ ਸਮੂਹਾਂ ਵਿਚਲੀ ਨਫ਼ਰਤ ਦਾ ਅੰਤ ਕਰ ਦਿੱਤਾ ਹੈ। ਜਦੋਂ ਦੋ ਸਮੂਹ ਇੱਕ ਸ਼ਰੀਰ ਬਣ ਗਏ, ਉਹ ਵਾਪਸ ਉਨ੍ਹਾਂ ਨੂੰ ਪਰਮੇਸ਼ੁਰ ਕੋਲ ਲੈ ਆਇਆ। ਇਹ ਮਸੀਹ ਨੇ ਸਲੀਬ ਉੱਤੇ ਆਪਣੀ ਮੌਤ ਰਾਹੀਂ ਕੀਤਾ।
17 ਮਸੀਹ ਆਇਆ ਅਤੇ ਉਸਨੇ ਸ਼ਾਂਤੀ ਦਾ ਪ੍ਰਚਾਰ ਤੁਹਾਡੇ ਸਭਨਾਂ ਵਿੱਚ ਕੀਤਾ ਤੁਸੀਂ ਜੋ ਪਰਮੇਸ਼ੁਰ ਤੋਂ ਦੂਰ ਹੋ ਅਤੇ ਤੁਸੀਂ ਜਿਹੜੇ ਪਰਮੇਸ਼ੁਰ ਦੇ ਨਜ਼ਦੀਕ ਹੋ।
18 ਹਾਂ, ਮਸੀਹ ਰਾਹੀਂ, ਸਾਡੇ ਦੋਹਾਂ ਸਮੂਹਾਂ ਨੂੰ ਇੱਕ ਆਤਮਾ ਵਿੱਚ ਪਿਤਾ ਕੋਲ ਆਉਣ ਦਾ ਹੱਕ ਹੈ।
19 ਹੁਣ ਤੁਸੀਂ ਗੈਰ ਯਹੂਦੀਓ ਓਪਰੇ ਜਾਂ ਯਾਤਰੀ ਨਹੀਂ ਹੋ। ਹੁਣ ਤੁਸੀਂ, ਪਰਮੇਸ਼ੁਰ ਦੇ ਪਵਿੱਤਰ ਲੋਕਾਂ ਦੇ ਨਾਲ ਦੇ ਨਾਗਰਿਕ ਹੋ ਤੁਸੀਂ ਪਰਮੇਸ਼ੁਰ ਦੇ ਪਰਿਵਾਰ ਦੇ ਹੋਂ।
20 ਤੁਸੀਂ ਆਸਥਾਵਾਨ ਉਸ ਇਮਾਰਤ ਵਾਂਗ ਹੋ ਜਿਸਦਾ ਮਾਲਕ ਪਰਮੇਸ਼ੁਰ ਹੈ। ਇਹ ਇਮਾਰਤ ਰਸੂਲਾਂ ਅਤੇ ਨਬੀਆਂ ਦੁਆਰਾ ਬਣਾਈ ਉਸ ਬੁਨਿਯਾਦ ਉੱਪਰ ਉਸਾਰੀ ਗਈ ਸੀ। ਮਸੀਹ ਯਿਸੂ ਖੁਦ ਇਸ ਇਮਾਰਤ ਦਾ ਸਭ ਤੋਂ ਮਹੱਤਵਪੂਰਣ ਪੱਥਰ ਹੈ।
21 ਇਹ ਸਾਰੀ ਇਮਾਰਤ ਮਸੀਹ ਵਿੱਚ ਸੰਯੁਕਤ ਹੈ। ਅਤੇ ਇਸਨੂੰ ਵਧਾਕੇ, ਮਸੀਹ ਇਸਨੂੰ ਪ੍ਰਭੂ ਵਿੱਚ ਇੱਕ ਪਵਿੱਤਰ ਮੰਦਰ ਬਣਾ ਦਿੰਦਾ ਹੈ।
22 ਅਤੇ ਮਸੀਹ ਵਿੱਚ, ਤੁਸੀਂ ਲੋਕ ਹੋਰਨਾਂ ਲੋਕਾਂ ਸਮੇਤ ਉਸਾਰੇ ਜਾ ਰਹੇ ਹੋਂ। ਤੁਸੀਂ ਇੱਕ ਅਜਿਹੇ ਸਥਾਨ ਤੇ ਨਿਰਮਿਤ ਕੀਤੇ ਜਾ ਰਹੇ ਹੋ ਜਿਥੇ ਆਤਮੇ ਦੇ ਰਾਹੀਂ ਪਰਮੇਸ਼ੁਰ ਨਿਵਾਸ ਕਰਦਾ ਹੈ।