ਕਾਂਡ 14
1 ਉਸ ਵੇਲੇ ਯਾਰਾਬੁਆਮ ਦਾ ਪੁੱਤਰ ਅਬੀਯਾਮ ਬਹੁਤ ਬਿਮਾਰ ਪੈ ਗਿਆ।
2 ਯਾਰਾਬੁਆਮ ਨੇ ਆਪਣੀ ਪਤਨੀ ਨੂੰ ਕਿਹਾ, "ਤੂੰ ਸ਼ੀਲੋਹ ਨੂੰ ਜਾ। ਅਤੇ ਵੇਖ ਉੱਥੇ ਅਹੀਯਾਹ ਨਾਂ ਦਾ ਇੱਕ ਨਬੀ ਹੈ ਜਿਸਨੇ ਮੈਨੂੰ ਆਖਿਆ ਸੀ ਕਿ ਤੂੰ ਇਸਰਾਏਲ ਦਾ ਪਾਤਸ਼ਾਹ ਹੋਵੇਂਗਾ। ਤੇ ਤੂੰ ਇੰਝ ਆਪਣਾ ਭੇਸ ਬਦਲ ਕੇ ਜਾਵੀਂ ਤਾਂ ਜੋ ਕੋਈ ਇਹ ਨਾ ਪਛਾਣੇ ਕਿ ਤੂੰ ਪਾਤਸ਼ਾਹ ਦੀ ਰਾਣੀ ਹੈਂ।
3 ਜਾਕੇ ਨਬੀ ਨੂੰ ਦਸ ਰੋਟੀਆਂ, ਕੁਝ ਕੇਕ ਤੇ ਸ਼ਹਿਦ ਦਾ ਇੱਕ ਬਿਆਮ ਭੇਟ ਕਰੀਂ ਤੇ ਉਸਨੂੰ ਜਾਕੇ ਆਪਣੇ ਮੁੰਡੇ ਬਾਰੇ ਪੁੱਛੀ ਤਾਂ ਉਹ ਦੱਸੇਗਾ ਕਿ ਇਸਦਾ ਕੀ ਬਣੇਗਾ!"
4 ਇਉਂ ਪਾਤਸ਼ਾਹ ਦੀ ਰਾਣੀ ਨੇ ਉਹੀ ਕੀਤਾ ਜਿਵੇਂ ਉਸਨੇ ਕਿਹਾ। ਉਹ ਸ਼ੀਲੋਹ ਨੂੰ ਗਈ। ਉੱਥੇ ਅਹੀਯਾਹ ਨਬੀ ਦੇ ਘਰ ਗਈ। ਅਹੀਯਾਹ ਬਹੁਤ ਬੁਢ੍ਢਾ ਹੋ ਚੁੱਕਾ ਸੀ ਤੇ ਉਸਨੂੰ ਦਿਖਾਈ ਵੀ ਹੁਣ ਕੁਝ ਨਹੀਂ ਸੀ ਦਿੰਦਾ।
5 ਪਰ ਯਹੋਵਾਹ ਨੇ ਉਸਨੂੰ ਕਿਹਾ, "ਯਾਰਾਬੁਆਮ ਦੀ ਰਾਣੀ ਤੇਰੇ ਕੋਲ ਆਪਣੇ ਮੁੰਡੇ ਬਾਰੇ ਪੁੱਛਣ ਲਈ ਆ ਰਹੀ ਹੈ ਜੋ ਕਿ ਬੜਾ ਬੀਮਾਰ ਹੈ।" ਤੇ ਯਹੋਵਾਹ ਨੇ ਉਸਨੂੰ ਕੀ ਆਖਣਾ ਚਾਹੀਦਾ ਹੈ ਇਹ ਵੀ ਅਹੀਯਾਹ ਨੂੰ ਦੱਸ ਦਿੱਤਾ ਸੀ।ਯਾਰਾਬੁਆਮ ਦੀ ਰਾਣੀ ਅਹੀਯਾਹ ਦੇ ਘਰ ਪਹੁੰਚੀ। ਉਸਨੇ ਪੂਰੀ ਕੋਸ਼ਿਸ਼ ਕੀਤੀ ਕਿ ਲੋਕਾਂ ਨੂੰ ਇਹ ਪਤਾ ਨਾ ਲੱਗੇ ਕਿ ਉਹ ਕੌਣ ਹੈ।
6 ਅਹੀਯਾਹ ਨੇ ਦਰਵਾਜ਼ੇ ਤੇ ਉਸਦੇ ਪੈਰਾਂ ਦਾ ਖੜਾਕ ਸੁਣਿਆ ਅਤੇ ਆਖਿਆ, "ਯਾਰਾਬੁਆਮ ਦੀ ਪਤਨੀ, ਅੰਦਰ ਲੰਘ ਆ! ਤੂੰ ਆਪਣਾ ਭੇਸ ਕਿਉਂ ਵਟਾਇਆ ਹੋਇਆ ਹੈ? ਮੇਰੇ ਕੋਲ ਤੇਰੇ ਲਈ ਇੱਕ ਕਠੋਰ ਸੰਦੇਸ਼ ਹੈ।
7 ਜਾ ਵਾਪਸ ਜਾਕੇ ਯਾਰਾਬੁਆਮ ਨੂੰ ਕਹਿ ਦੇ ਕਿ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਨੇ ਇਹ ਆਖਿਆ ਹੈ, 'ਹੇ ਯਾਰਾਬੁਆਮ, ਤੈਨੂੰ ਮੈਂ ਸਾਰੇ ਇਸਰਾਏਲ ਦੇ ਲੋਕਾਂ ਵਿੱਚੋਂ ਚੁਣਿਆ, ਅਤੇ ਤੈਨੂੰ ਆਪਣੇ, ਇਸਰਾਏਲ ਦੇ ਲੋਕਾਂ ਉੱਤੇ ਸ਼ਾਸਕ ਬਣਾਇਆ।
8 ਇਸਤੋਂ ਪਹਿਲਾਂ ਦਾਊਦ ਦਾ ਘਰਾਣਾ ਇਸਰਾਏਲ ਉੱਪਰ ਰਾਜ ਕਰਦਾ ਸੀ ਪਰ ਮੈਂ ਉਨ੍ਹਾਂ ਕੋਲੋਂ ਰਾਜ ਖੋਹ ਕੇ ਤੈਨੂੰ ਸੌਂਪਿਆ ਸੀ ਪਰ ਤੂੰ ਮੇਰੇ ਸੇਵਕ ਦਾਊਦ ਵਰਗਾ ਨਹੀਂ ਨਿਕਲਿਆ ਉਸਨੇ ਹਮੇਸ਼ਾ ਮੇਰੇ ਹੁਕਮ ਦੀ ਪਾਲਣਾ ਕੀਤੀ ਤੇ ਪੂਰੇ ਤਹਿ ਦਿਲੋਂ ਮੇਰੀ ਆਗਿਆ ਮੰਨੀ ਤੇ ਹਮੇਸ਼ਾ ਉਹੀ ਕੰਮ ਕੀਤੇ ਜਿਨ੍ਹਾਂ ਦੀ ਮੈਂ ਸਵੀਕ੍ਰੀਤੀ ਦਿੱਤੀ।
9 ਪਰ ਤੂੰ ਅਨੇਕਾਂ ਭਿਆਨਕ ਪਾਪ ਕੀਤੇ ਹਨ ਅਤੇ ਪਰ ਤੂੰ ਉਨ੍ਹਾਂ ਸਾਰਿਆਂ ਨਾਲੋਂ ਵਧੇਰੇ ਮਾੜਾ ਵਿਹਾਰ ਕੀਤਾ ਹੈ ਜਿਹੜੇ ਤੈਬਁੋ ਪਹਿਲਾਂ ਸਨ। ਤੂੰ ਮੇਰਾ ਕਹਿਣਾ ਮੰਨਣਾ ਛੱਡ ਦਿੱਤਾ। ਅਤੇ ਮੈਨੂੰ ਤੰਗ ਕਰਨ ਲਈ ਆਪਣੀ ਖਾਤਿਰ ਹੋਰ ਦੇਵਤੇ ਅਤੇ ਬੁੱਤ ਬਣਾਉਣੇ ਸ਼ੁਰੂ ਕਰ ਦਿੱਤੇ।
10 ਇਸ ਲਈ, ਯਾਰਾਬੁਆਮ, ਮੈਂ ਤੇਰੇ ਪਰਿਵਾਰ ਉੱਤੇ ਸੰਕਟ ਲਿਆਵਾਂਗਾ ਅਤੇ ਤੇਰੇ ਪਰਿਵਾਰ ਦੇ ਸਾਰੇ ਆਦਮੀਆਂ ਨੂੰ ਮਾਰ ਸੁੱਟਾਂਗਾ। ਮੈਂ ਪੂਰੀ ਤਰ੍ਹਾਂ ਤੇਰਾ ਪਰਿਵਾਰ ਨਸ਼ਟ ਕਰ ਦੇਵਾਂਗਾ ਜਿਵੇਂ ਅੱਗ ਵਿੱਚ ਗੋਹਾ ਸੜਦਾ ਹੈ।
11 ਜੇਕਰ ਤੇਰੇ ਘਰਾਣੇ ਦਾ ਕੋਈ ਵੀ ਸਦੱਸ ਸ਼ਹਿਰ ਵਿੱਚ ਮਰੇਗਾ ਕੁੱਤੇ ਉਸਦੀ ਲਾਸ਼ ਨੂੰ ਖਾਣਗੇ। ਅਤੇ ਜੇ ਕੋਈ ਉਨ੍ਹਾਂ ਵਿੱਚੋਂ ਖੇਤਾਂ ਵਿੱਚ ਮਰੇਗਾ ਆਕਾਸ਼ ਦੇ ਪੰਛੀ ਉਸ ਦੇ ਸਰੀਰ ਨੂੰ ਖਾਣਗੇ। ਇਹ ਯਹੋਵਾਹ ਦਾ ਕਹਿਣਾ ਹੈ।"'
12 ਫ਼ਿਰ ਅਹੀਯਾਹ ਨਬੀ ਲਗਾਤਾਰ ਯਾਰਾਬੁਆਮ ਦੀ ਰਾਣੀ ਨੂੰ ਇੰਝ ਬੋਲਦਾ ਗਿਆ ਅਤੇ ਆਖਿਆ, "ਹੁਣ ਘਰ ਚਲੀ ਜਾ। ਜਦ ਹੀ ਤੂੰ ਆਪਣੇ ਸ਼ਹਿਰ 'ਚ ਪ੍ਰਵੇਸ਼ ਕਰੇਗੀ, ਤੇਰਾ ਪੁੱਤਰ ਮਰ ਜਾਵੇਗਾ।
13 ਸਾਰਾ ਇਸਰਾਏਲ ਉਸ ਦੀ ਮੌਤ ਤੇ ਵਿਰਲਾਪ ਕਰੇਗਾ ਅਤੇ ਉਸਨੂੰ ਦਫ਼ਨਾ ਦੇਵੇਗਾ। ਸਿਰਫ਼ ਇੱਕ ਤੇਰਾ ਪੁੱਤਰ ਹੀ ਹੈ ਦਫ਼ਨਾਇਆ ਜਾਵੇਗਾ ਕਿਉਂ ਕਿ ਯਾਰਾਬੁਆਮ ਦੇ ਪਰਿਵਾਰ ਵਿੱਚ, ਸਿਰਫ਼ ਉਹੀ ਇੱਕ ਸੀ, ਜਿਸ ਵਿੱਚ ਇਸਰਾਏਲ ਦਾ ਯਹੋਵਾਹ ਪਰਮੇਸ਼ੁਰ, ਕੁਝ ਚੰਗਾ ਲੱਭ ਸਕਦਾ ਸੀ।
14 ਯਹੋਵਾਹ ਇਸਰਾਏਲ ਉੱਪਰ ਨਵਾਂ ਪਾਤਸ਼ਾਹ ਬਾਪੇਗਾ ਅਤੇ ਉਹ ਨਵਾਂ ਪਾਤਸ਼ਾਹ ਯਾਰਾਬੁਆਮ ਦੇ ਘਰਾਣੇ ਨੂੰ ਤਬਾਹ ਕਰ ਦੇਵੇਗਾ। ਇਹ ਸਭ ਕੁਝ ਬਹੁਤ ਜਲਦੀ ਵਾਪਰਨ ਵਾਲਾ ਹੈ।
15 ਯਹੋਵਾਹ ਇਸਰਾਏਲ ਨੂੰ ਮਾਰੇਗਾ ਅਤੇ ਇਹ ਪਾਣੀ ਵਿੱਚ ਝੂਲਦੀ ਲੰਬੀ ਘਾਹ ਵਾਂਗ ਹੋਵੇਗਾ। ਉਹ ਇਸਰਾਏਲ ਨੂੰ ਚੰਗੀ ਜ਼ਮੀਨ ਵਿੱਚੋਂ ਉਖਾੜ ਦੇਵੇਗਾ ਜਿਹੜੀ ਉਸ ਨੇ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤੀ ਸੀ। ਅਤੇ ਉਨ੍ਹਾਂ ਨੂੰ ਫ਼ਰਾਤ ਦਰਿਆ ਦੇ ਪਾਰ ਬਿਖੇਰ ਦੇਵੇਗਾ ਕਿਉਂ ਕਿ ਉਨ੍ਹਾਂ ਨੇ ਅਸ਼ੇਰਾਹ ਲਈ ਥੰਮ੍ਹ ਬਣਾਕੇੇ ਯਹੋਵਾਹ ਨੂੰ ਨਾਰਾਜ਼ ਕਰ ਦਿੱਤਾ।
16 ਯਾਰਾਬੁਆਮ ਨੇ ਪਾਪ ਕੀਤੇ ਤੇ ਫ਼ਿਰ ਉਸਨੇ ਆਪਣੇ ਪਾਪਾਂ ਦੇ ਕਾਰਣ ਇਸਰਾਏਲ ਨੂੰ ਪਾਪੀ ਬਣਾਇਆ। ਇਸ ਲਈ ਯਹੋਵਾਹ ਇਸਰਾਏਲ ਦੇ ਲੋਕਾਂ ਨੂੰ ਹਾਰ ਦੇੇਵੇਂਗਾ।"
17 ਤਦ ਯਾਰਾਬੁਆਮ ਦੀ ਵਹੁਟੀ ਉੱਠੀ ਅਤੇ ਤਿਰਜ਼ਾਹ ਨੂੰ ਵਾਪਸ ਚਲੀ ਗਈ। ਜਦੋਂ ਹੀ ਘਰ ਅੰਦਰ ਦਾਖਲ ਹੋਈ ਉਸਦਾ ਪੁੱਤਰ ਮਰ ਗਿਆ।
18 ਸਾਰੇ ਇਸਰਾਏਲੀ ਉਸ ਲਈ ਕੁਰਲਾਏ ਅਤੇ ਉਸਨੂੰ ਦਫ਼ਨਾਅ ਆਏ। ਇਹ ਸਭ ਕੁਝ ਉਵੇਂ ਹੀ ਹੋਇਆ ਜਿਵੇਂ ਯਹੋਵਾਹ ਨੇ ਫ਼ੁਰਮਾਇਆ ਸੀ। ਯਹੋਵਾਹ ਨੇ ਆਪਣੇ ਸੇਵਕ ਨਬੀ ਅਹੀਯਾਹ ਦੇ ਮੂੰਹੋਁ ਇਹ ਬਚਨ ਬੁਲਵਾੇ ਸਨ।
19 ਰਾਜਾ ਯਾਰਾਬੁਆਮ ਨੇ ਹੋਰ ਵੀ ਅਜਿਹਾ ਬਹੁਤ ਕੁਝ ਕੀਤਾ ਸੀ। ਉਸਨੇ ਜੰਗਾਂ ਲੜੀਆਂ ਅਤੇ ਲਗਾਤਾਰ ਲੋਕਾਂ ਤੇ ਰਾਜ ਕਰਦਾ ਰਿਹਾ। ਉਸਦੇ ਕਾਰਨਾਮੇ 'ਇਸਰਾਏਲੀ ਪਾਤਸ਼ਾਹਾਂ ਦੇ ਇਤਹਾਸ ਦੀ ਪੁਸਤਕ' ਵਿੱਚ ਲਿਖੇ ਹੋਏ ਹਨ।
20 ਯਾਰਾਬੁਆਮ ਨੇ ਪਾਤਸ਼ਾਹ ਦੇ ਤੌਰ ਤੇ
22 ਵਰ੍ਹੇ ਰਾਜ ਕੀਤਾ ਉਸ ਤੋਂ ਉਪਰੰਤ ਉਸਦੀ ਮੌਤ ਹੋ ਗਈ ਅਤੇ ਉਹ ਆਪਣੇ ਪੁਰਖਿਆਂ ਕੋਲ ਦਫ਼ਨਾਇਆ ਗਿਆ। ਉਸਤੋਂ ਬਾਅਦ ਉਸਦਾ ਪੁੱਤਰ ਨਾਦਾਬ ਰਾਜਾ ਬਣਿਆ।
21 ਸੁਲੇਮਾਨ ਦਾ ਪੁੱਤਰ ਰਹਬੁਆਮ ਯਹੂਦਾਹ ਵਿੱਚ ਪਾਤਸ਼ਾਹ ਸੀ। ਜਦੋਂ ਉਹ
41 ਸਾਲਾਂ ਦਾ ਸੀ ਉਸਨੇ ਰਾਜ ਕਰਨਾ ਸ਼ੁਰੂ ਕੀਤਾ ਅਤੇ
17 ਸਾਲ ਯਰੂਸ਼ਲਮ ਵਿੱਚ ਰਾਜ ਕੀਤਾ, ਜਿਸ ਸਹਿਰ ਨੂੰ ਯਹੋਵਾਹ ਨੇ ਆਪਣਾ ਨਾਮ ਰੱਖਣ ਲਈ ਇਸਰਾਏਲ ਦੇ ਸਾਰੇ ਘਰਾਣਿਆਂ ਵਿੱਚੋਂ ਚੁਣਿਆ ਸੀ। ਉਸਦੀ ਮਾਂ ਦਾ ਨਾਂ ਨਆਮਾਹ ਸੀ ਜੋ ਅੰਮੋਨਣ ਸੀ।
22 ਯਹੂਦਾਹ ਦੇ ਲੋਕਾਂ ਨੇ ਉਹ ਕੁਝ ਕੀਤਾ ਜੋ ਯਹੋਵਾਹ ਦੀ ਨਜ਼ਰ ਵਿੱਚ ਬੁਰਾ ਸੀ ਇਹੀ ਨਹੀਂ ਸਗੋਂ ਉਨ੍ਹਾਂ ਨੇ ਯਹੋਵਾਹ ਨੂੰ ਭੜਕਾਉਣ ਲਈ ਹੋਰ ਵੀ ਇਸ ਤੋਂ ਵਧ ਬੁਰੇ ਕੰਮ ਕੀਤੇ। ਇਹ ਲੋਕ ਆਪਣੇ ਪੁਰਖਿਆਂ ਤੋਂ ਵੀ ਵਧ ਭੈੜੇ ਸਨ।
23 ਲੋਕਾਂ ਨੇ ਆਪਣੇ ਲਈ ਉਚਿਆਂ ਬ੍ਥਾਵਾਂ ਨੂੰ ਬਣਾਇਆ ਅਤੇ ਹਰ ਉੱਚੇ ਪਹਾੜ ਉੱਤੇ ਹਰ ਬਿਰਖ ਦੇ ਹੇਠਾਂ ਉੱਚੇ ਥਾਵਾਂ ਨੂੰ ਅਤੇ ਯਾਦਗਾਰੀ ਬੁੱਤ ਅਤੇ ਝੂਠੇ ਪੂਜਨੀਕ ਥੰਮ ਖੜੇ ਕੀਤੇ।
24 ਓਥੇ ਕੁਝ ਅਜਿਹੇ ਆਦਮੀ ਵੀ ਸਨ ਜਿਨ੍ਹਾਂ ਨੇ ਆਪਣੇ ਸਰੀਰ ਕਾਮ ਵਾਸਨਾ ਲਈ ਵੇਚ ਕੇ ਦੂਸਰੇ ਦੇਵਤਿਆਂ ਦੀ ਸੇਵਾ ਕੀਤੀ। ਸੋ ਯਹੂਦਾਹ ਦੇ ਲੋਕਾਂ ਨੇ ਅਨੇਕਾਂ ਬੁਰੇ ਕੰਮ ਕੀਤੇ। ਜਿਹੜੇ ਲੋਕ ਪਹਿਲਾਂ ਇਸ ਧਰਤੀ ਤੇ ਰਹਿ ਚੁੱਕੇ ਸਨ, ਉਨ੍ਹਾਂ ਨੇ ਵੀ ਅਜਿਹੇ ਹੀ ਕੁਕਰਮ ਕੀਤੇ ਸਨ, ਇਸ ਲਈ ਪਰਮੇਸ਼ੁਰ ਨੇ ਉਨ੍ਹਾਂ ਕੋਲੋਂ ਉਨ੍ਹਾਂ ਦੀ ਜ਼ਮੀਨ ਖੋਹਕੇ ਇਸਰਾਏਲੀਆਂ ਨੂੰ ਦੇ ਦਿੱਤੀ।
25 ਰਹਬੁਆਮ ਦੇ ਰਾਜ ਦੇ ਪੰਜ ਸਾਲ ਮਿਸਰ ਦੇ ਪਾਤਸ਼ਾਹ ਸ਼ੀਸਕ ਨੇ ਯਰੂਸ਼ਲਮ ਉੱਪਰ ਹਮਲਾ ਕਰ ਦਿੱਤਾ।
26 ਉਸਨੇ ਯਹੋਵਾਹ ਦੇ ਮੰਦਰ ਅਤੇ ਪਾਤਸ਼ਾਹ ਦੇ ਮਹਿਲ ਦਾ ਖਜ਼ਾਨਾ ਲੁੱਟ ਲਿਆ। ਉਸਨੇ ਸੁਲੇਮਾਨ ਦੀਆਂ ਬਣਵਾਈਆਂ ਸੋਨੇ ਦੀਆਂ ਢਾਲਾਂ ਵੀ ਲੈ ਲਈਆਂ।
27 ਤਾਂ ਰਹਬੁਆਮ ਪਾਤਸ਼ਾਹ ਨੇ ਉਸ ਥਾਂ ਤੇ ਹੋਰ ਨਵੀਆਂ ਢਾਲਾਂ ਬਣਵਾ ਕੇ ਰੱਖੀਆਂ ਪਰ ਹੁਣ ਇਹ ਢਾਲਾਂ ਤਾਂਬੇ ਦੀਆਂ ਬਣਵਾਈਆਂ ਗਈਆਂ ਸਨ ਨਾ ਕਿ ਸੋਨੇ ਦੀਆਂ। ਉਸਨੇ ਇਹ ਢਾਲਾਂ ਉਨ੍ਹਾਂ ਦਰਬਾਨਾਂ ਨੂੰ ਦਿੱਤੀਆਂ ਜਿਹੜੇ ਕਿ ਮਹਿਲ ਦੇ ਦਰਵਾਜ਼ਿਆਂ ਦੀ ਰੱਖਿਆ ਕਰਦੇ ਸਨ।
28 ਜਦ ਵੀ ਪਾਤਸ਼ਾਹ ਯਹੋਵਾਹ ਦੇ ਮੰਦਰ ਨੂੰ ਜਾਂਦਾ ਦਰਬਾਨ ਉਸਦੇ ਨਾਲ ਜਾਂਦੇ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਢਾਲਾਂ ਹੁੰਦੀਆਂ। ਤੇ ਜਦੋਂ ਵਾਪਸ ਪਰਤਦੇ ਤਾਂ ਉਨ੍ਹਾਂ ਢਾਲਾਂ ਨੂੰ ਫ਼ਿਰ ਨਿਗਾਹਬਾਨਾਂ ਦੀ ਕੋਠੜੀ ਵਿੱਚ ਰੱਖ ਦਿੰਦੇ ਸਨ।
29 ਇਹ ਸਭ ਕਾਰਨਾਮੇ ਜੋ ਰਹਬੁਆਮ ਪਾਤਸ਼ਾਹ ਨੇ ਕੀਤੇ। 'ਯਹੂਦਾਹ ਦੇ ਰਾਜਿਆਂ ਦੇ ਇਤਹਾਸ ਦੀ ਪੋਥੀ' ਵਿੱਚ ਲਿਖੇ ਹੋਏ ਹਨ।
30 ਰਹਬੁਆਮ ਅਤੇ ਯਾਰਾਬੁਆਮ ਸਾਰੀ ਉਮਰ ਇੱਕ ਦੂਜੇ ਨਾਲ ਲੜਾਈ ਲੜਦੇ ਰਹੇ।
31 ਰਹਬੁਆਮ ਦੇ ਮਰਨ ਤੋਂ ਬਾਅਦ ਉਸਨੂੰ ਉਸਦੇ ਪੁਰਖਿਆਂ ਕੋਲ ਦਫ਼ਨਾਇਆ ਗਿਆ। ਉਸਨੂੰ ਆਪਣੇ ਪੁਰਖਿਆਂ ਦੇ ਸ਼ਹਿਰ 'ਦਾਊਦ ਦੇ ਸ਼ਹਿਰ' ਵਿੱਚ ਦਫ਼ਨਾਇਆ ਗਿਆ। (ਉਸਦੀ ਮਾਂ ਨਾਅਮਾਹ ਸੀ ਜੋ ਕਿ ਅੰਮੋਨਣ ਸੀ) ਰਹਬੁਆਮ ਦਾ ਪੁੱਤਰ ਅਬੀਯਾਮ ਉਸਦੇ ਉਪਰੰਤ ਪਾਤਸ਼ਾਹ ਬਣਿਆ।