ਕਾਂਡ 13
1 ਫ਼ੇਰ ਪਰਮੇਸ਼ੁਰ ਦਾ ਇੱਕ ਬੰਦਾ, ਯਹੋਵਾਹ ਦੇ ਹੁਕਮ ਦਾ ਅਨੁਸਰਣ ਕਰਦਾ ਹੋਇਆ, ਯਹੂਦਾਹ ਤੋਂ ਬੈਤੇਲ ਨੂੰ ਆਇਆ। ਜਦੋਂ ਉਹ ਓਥੇ ਪਹੁੰਚਿਆ, ਯਾਰਾਬੁਆਮ ਧੂਪ ਧੁਖਾਉਣ ਲਈ ਜਗਵੇਦੀ ਦੇ ਅੱਗੇ ਖਲੋਤਾ ਹੋਇਆ ਸੀ।
2 ਯਹੋਵਾਹ ਦੇ ਹੁਕਮ ਨਾਲ, ਉਹ ਆਦਮੀ ਜਗਵੇਦੀ ਦੇ ਖਿਲਾਫ਼ ਉੱਚੀ ਆਵਾਜ਼ ਵਿੱਚ ਬੋਲਿਆ,"ਹੇ ਜਗਵੇਦੀ! ਯਹੋਵਾਹ ਇਉਂ ਫ਼ਰਮਾਉਂਦਾ ਹੈ, 'ਦਾਊਦ ਦੇ ਘਰਾਣੇ ਵਿੱਚੋਂ ਯੋਸੀਯਾਹ ਨਾਂ ਦਾ ਇੱਕ ਮੁੰਡਾ ਜਨਮੇਗਾ ਹੁਣ ਜਾਜਕ ਉੱਚੀਆਂ ਬਾਂਵਾਂ ਤੇ ਉਪਾਸਨਾ ਕਰ ਰਹੇ ਹਨ। ਪਰ ਹੇ ਜਗਵੇਦੀ, ਯੋਸੀਯਾਹ ਉਨ੍ਹਾਂ ਨੂੰ ਤੇਰੇ ਉੱਪਰ ਪਾਕੇ ਮਾਰ ਦੇਵੇਗਾ ਅਤੇ ਉਹ ਤੇਰੇ ਉੱਪਰ ਮਨੁੱਖਾਂ ਦੀਆਂ ਹੱਡੀਆਂ ਵੀ ਸਾੜੇਗਾ। ਫ਼ਿਰ ਤੇਰੀ ਦੁਬਾਰਾ ਵਰਤੋਂ ਨਹੀਂ ਹੋ ਸਕੇਗੀ।"
3 ਪਰਮੇਸ਼ੁਰ ਦੇ ਮਨੁੱਖ ਨੇ ਲੋਕਾਂ ਨੂੰ ਨਿਸ਼ਾਨੀ ਦੇ ਦਿੱਤੀ ਕਿ ਇਹ ਸਭ ਕੁਝ ਵਾਪਰੇਗਾ ਅਤੇ ਕਿਹਾ, "ਇਹੀ ਸਬੂਤ ਹੈ ਜਿਸ ਬਾਰੇ ਯਹੋਵਾਹ ਨੇ ਮੈਨੂੰ ਕਿਹਾ ਸੀ। ਉਸ ਨੇ ਆਖਿਆ, 'ਇਹ ਜਗਵੇਦੀ ਟੁੱਟ ਜਾਵੇਗੀ ਅਤੇ ਇਸ ਉੱਪਰਲੀ ਸੁਆਹ ਜ਼ਮੀਨ ਉੱਪਰ ਖਿਂਡ ਜਾਵੇਗੀ।"'
4 ਜਦੋਂ ਪਾਤਸ਼ਾਹ ਨੇ ਯਹੋਵਾਹ ਦੇ ਮਨੁੱਖ ਦਾ ਸੰਦੇਸ਼ ਸੁਣਿਆ ਜੋ ਉਸਨੇ ਬੈਤੇਲ ਵਿੱਚ ਜਗਵੇਦੀ ਦੇ ਵਿਰੁੱਧ ਉੱਚੀ ਆਵਾਜ਼ ਵਿੱਚ ਆਖਿਆ ਸੀ ਤਾਂ ਯਾਰਾਬੁਆਮ ਨੇ ਜਗਵੇਦੀ ਤੋਂ ਆਪਣੀ ਬਾਂਹ ਲੰਮੀ ਕਰਕੇ ਆਖਿਆ, "ਇਸ ਆਦਮੀ ਨੂੰ ਫ਼ੜ ਲਵੋ!" ਪਰ ਜਦੋਂ ਪਾਤਸ਼ਾਹ ਨੇ ਇਹ ਆਖਿਆ ਤਾਂ ਉਸਦੀ ਬਾਂਹ ਸੁੱਕ ਗਈ, ਉਹ ਉਸਨੂੰ ਹਿਲਾ ਨਾ ਸਕਿਆ।
5 ਤੇ ਜਗਵੇਦੀ ਦੇ ਵੀ ਟੁਕੜੇ-ਟੁਕੜੇ ਹੋ ਗਏ ਤੇ ਉਸਦੀ ਸਾਰੀ ਸੁਆਹ ਧਰਤੀ ਉੱਪਰ ਬਿਖਰ ਗਈ। ਇਹ ਨਿਸ਼ਾਨੀ ਸੀ ਕਿ ਜੋ ਕੁਝ ਵੀ ਪਰਮੇਸ਼ੁਰ ਦੇ ਮਨੁੱਖ ਨੇ ਕਿਹਾ ਸੀ ਉਹ ਪਰਮੇਸ਼ੁਰ ਵੱਲੋਂ ਹੀ ਸੀ।
6 ਤਦ ਰਾਜੇ ਯਾਰਾਬੁਆਮ ਨੇ ਪਰਮੇਸ਼ੁਰ ਦੇ ਮਨੁੱਖ ਨੂੰ ਆਖਿਆ, "ਕਿਰਪਾ ਕਰਕੇ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰ ਤਾਂ ਜੋ ਮੈਂ ਆਪਣੀ ਬਾਂਹ ਹਿਲਾਉਣ ਯੋਗ ਹੋ ਸਕਾਂ।" ਤਾਂ ਪਰਮੇਸ਼ੁਰ ਦੇ ਬੰਦੇ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਅਤੇ ਰਾਜਾ ਆਪਣੀ ਬਾਂਹ ਹਿਲਾਉਣ ਦੇ ਯੋਗ ਸੀ। ਇਹ ਫ਼ਿਰ ਤੋਂ ਓਵੇਂ ਦੀ ਹੋ ਗਈ ਜਿਵੇਂ ਦੀ ਇਹ ਪਹਿਲਾਂ ਸੀ।
7 ਤਦ ਪਾਤਸ਼ਾਹ ਨੇ ਪਰਮੇਸ਼ੁਰ ਦੇ ਬੰਦੇ ਨੂੰ ਆਖਿਆ, "ਕਿਰਪਾ ਕਰਕੇ ਮੇਰੇ ਘਰ ਚੱਲ ਕੇ ਮੇਰੇ ਨਾਲ ਭੋਜਨ ਕਰ, ਮੈਂ ਤੈਨੂੰ ਇੱਕ ਤੋਹਫ਼ਾ ਦਿਆਂਗਾ।"
8 ਪਰ ਪਰਮੇਸ਼ੁਰ ਦੇ ਬੰਦੇ ਨੇ ਪਾਤਸ਼ਾਹ ਨੂੰ ਕਿਹਾ, "ਮੈਂ ਤੇਰੇ ਨਾਲ ਘਰ ਨਹੀਂ ਜਾਵਾਂਗਾ ਭਾਵੇਂ ਤੂੰ ਮੈਨੂੰ ਆਪਣਾ ਅੱਧਾ ਰਾਜ ਵੀ ਦੇ ਦੇਵੇਂ ਤੱਦ ਵੀ ਨਹੀਂ ਜਾਵਾਂਗਾ। ਮੈਂ ਇਸ ਥਾਂ ਦਾ ਅਨਜਲ ਨਹੀਂ ਛਕਾਂਗਾ।
9 ਯਹੋਵਾਹ ਦਾ ਇਹ ਹੁਕਮ ਸੀ ਕਿ ਇਥੋਂ ਕੁਝ ਨਹੀਂ ਖਾਣਾ-ਪੀਣਾ ਤੇ ਮੈਨੂੰ ਯਹੋਵਾਹ ਨੇ ਇਹ ਵੀ ਹੁਕਮ ਦਿੱਤਾ ਸੀ ਕਿ ਜਿਸ ਰਾਹ ਤੋਂ ਇੱਥੇ ਪਹੁੰਚੇ ਉਸ ਰਾਹ ਤੋਂ ਵਾਪਿਸ ਵੀ ਨਹੀਂ ਜਾਣਾ।"
10 ਤਾਂ ਉਹ ਫ਼ਿਰ ਵੱਖਰੇ ਰਸਤੇ ਤੋਂ ਸਫ਼ਰ ਨੂੰ ਵਾਪਸ ਮੁੜਿਆ। ਉਹ ਉਸ ਰਸਤੇ ਤੋਂ ਵਾਪਸ ਨਾ ਮੁੜਿਆ ਜਿਸ ਰਾਹ ਤੋਂ ਉਹ ਬੈਤੇਲ ਲਈ ਆਇਆ।
11 ਓਥੇ ਬੈਤੇਲ ਵਿੱਚ ਇੱਕ ਬੁਢ੍ਢਾ ਨਬੀ ਰਹਿੰਦਾ ਸੀ। ਉਸਦੇ ਪੁੱਤਰਾਂ ਨੇ ਉਸ ਨੂੰ ਉਹ ਸਾਰੀਆਂ ਗੱਲਾਂ ਦਸੀਆਂ ਜਿਹੜੀਆਂ ਪਰਮੇਸ਼ੁਰ ਦੇ ਬੰਦੇ ਨੇ ਉਸ ਦਿਨ ਬੈਤੇਲ ਵਿੱਚ ਕੀਤੀਆਂ ਸਨ, ਅਤੇ ਉਹ ਵੀ ਜੋ ਪਰਮੇਸ਼ੁਰ ਦੇ ਮਨੁੱਖ ਨੇ ਪਾਤਸ਼ਾਹ ਨੂੰ ਆਖਿਆ ਸੀ।
12 ਬੁਢ੍ਢੇ ਨਬੀ ਨੇ ਪੁਛਿਆ, "ਜਦੋਂ ਉਹ ਇਥੋਂ ਗਿਆ ਤਾਂ ਉਸ ਨੇ ਕਿਹੜਾ ਰਾਹ ਫ਼ੜਿਆ?" ਤਾਂ ਉਸ ਦੇ ਪੁੱਤਰਾਂ ਨੇ ਉਸ ਨੂੰ ਉਹ ਰਾਹ ਵਿਖਾਇਆ ਜਿਹੜਾ ਪਰਮੇਸ਼ੁਰ ਦੇ ਬੰਦੇ ਨੇ ਯਹੂਦਾਹ ਤੋਂ ਫ਼ੜਿਆ ਸੀ।
13 ਬੁਢ੍ਢੇ ਨਬੀ ਨੇ ਆਪਣੇ ਪੁੱਤਰਾਂ ਨੂੰ ਖੋਤੇ ਤੇ ਕਾਠੀ ਪਾਉਣ ਲਈ ਆਖਿਆ। ਉਨ੍ਹਾਂ ਨੇ ਖੋਤੇ ਤੇ ਕਾਠੀ ਪਾ ਦਿੱਤੀ, ਅਤੇ ਨਬੀ ਸਵਾਰ ਹੋਕੇ ਚਲਾ ਗਿਆ।
14 ਬੁਢ੍ਢਾ ਨਬੀ ਪਰਮੇਸ਼ੁਰ ਦੇ ਬੰਦੇ ਦੇ ਪਿੱਛੇ ਚੱਲ ਪਿਆ ਤੇ ਉਸ ਨੂੰ ਇੱਕ ਬਲੂਤ ਦੇ ਰੁੱਖ ਹੇਠਾਂ ਬੈਠਿਆਂ ਵੇਖਿਆ। ਫੇਰ ਬੁਢ੍ਢੇ ਨਬੀ ਨੇ ਪੁਛਿਆ, "ਕੀ ਤੂੰ ਪਰਮੇਸ਼ੁਰ ਦਾ ਬੰਦਾ ਹੈਂ ਜੋ ਯਹੂਦਾਹ ਤੋਂ ਆਇਆ?"ਪਰਮੇਸ਼ੁਰ ਦੇ ਮਨੁੱਖ ਨੇ ਜਵਾਬ ਦਿੱਤਾ, "ਹਾਂ, ਮੈਂ ਹੀ ਹਾਂ।"
15 ਤਾਂ ਬੁਢ੍ਢੇ ਨਬੀ ਨੇ ਆਖਿਆ, "ਮਿਹਰਬਾਨੀ ਕਰਕੇ ਮੇਰੇ ਘਰ ਚਲਕੇ ਮੇਰੇ ਨਾਲ ਭੋਜਨ ਕਰੋ।"
16 ਪਰ ਉਸ ਪਰਮੇਸ਼ੁਰ ਦੇ ਮਨੁੱਖ ਨੇ ਜਵਾਬ ਦਿੱਤਾ, "ਮੈਂ ਤੇਰੇ ਨਾਲ ਘਰ ਨਹੀਂ ਚੱਲ ਸਕਦਾ ਤੇ ਨਾ ਹੀ ਇਸ ਬਾਵੇਂ ਮੈਂ ਤੇਰੇ ਨਾਲ ਜਲਪਾਨ ਕਰ ਸਕਦਾ ਹਾਂ।
17 ਯਹੋਵਾਹ ਨੇ ਮੈਨੂੰ ਆਖਿਆ ਸੀ, 'ਕਿ ਤੂੰ ਉਸ ਬਾਵੇਂ ਕੁਝ ਵੀ ਖਾਣਾ-ਪੀਣਾ ਨਹੀਂ ਤੇ ਨਾ ਹੀ ਉਸ ਰਾਹ ਤੋਂ ਵਾਪਸ ਮੁੜਨਾ ਹੈ ਜਿਸ ਰਾਹ ਤੋਂ ਤੂੰ ਗਿਆ ਸੀ।"
18 ਤਦ ਬੁਢ੍ਢੇ ਨਬੀ ਨੇ ਆਖਿਆ, "ਮੈਂ ਵੀ ਤੇਰੇ ਵਾਂਗ ਨਬੀ ਹੀ ਹਾਂ।" ਤਦ ਬੁਢ੍ਢੇ ਨਬੀ ਨੇ ਝੂਠ ਬੋਲਿਆ ਤੇ ਆਖਿਆ, "ਯਹੋਵਾਹ ਵੱਲੋਂ ਇੱਕ ਦੂਤ ਮੇਰੇ ਕੋਲ ਆਇਆ ਸੀ ਤੇ ਉਸ ਦੂਤ ਨੇ ਮੈਨੂੰ ਕਿਹਾ ਕਿ ਉਸਨੂੰ ਆਪਣੇ ਘਰ ਲੈ ਜਾਕੇ ਅੰਨ-ਪਾਣੀ ਛਕਾਅ।"
19 ਤਦ ਪਰਮੇਸ਼ੁਰ ਦਾ ਮਨੁੱਖ ਉਸ ਬੁਢ੍ਢੇ ਨਬੀ ਦੇ ਘਰ ਉਸ ਨਾਲ ਚਲਾ ਗਿਆ ਅਤੇ ਜਾਕੇ ਖਾਧਾ-ਪੀਤਾ ਵੀ।
20 ਜਦੋਂ ਉਹ ਮੇਜ਼ ਉੱਤੇ ਬੈਠੇ ਹੋਏ ਸਨ, ਯਹੋਵਾਹ ਨੇ ਬੁਢ੍ਢੇ ਨਬੀ ਨਾਲ ਗੱਲ ਕੀਤੀ, ਜੋ ਉਸ ਨੂੰ ਵਾਪਿਸ ਲਿਆਇਆ ਸੀ।
21 ਤਾਂ ਬੁਢ੍ਢੇ ਨਬੀ ਨੇ ਪਰਮੇਸੁਰ ਦੇ ਬੰਦੇ ਨੂੰ ਕਿਹਾ ਜੋ ਕਿ ਯਹੂਦਾਹ ਤੋਂ ਆਇਆ ਸੀ, "ਯਹੋਵਾਹ ਨੇ ਆਖਿਆ ਕਿ ਤੂੰ ਉਸ ਦੇ ਬਚਨ ਨੂੰ ਕਲੰਕਤ ਕੀਤਾ ਹੈ ਅਤੇ ਤੂੰ ਉਸ ਦੇ ਹੁਕਮ ਦਾ ਪਾਲਣ ਨਹੀਂ ਕੀਤਾ।
22 ਯਹੋਵਾਹ ਨੇ ਤੈਨੂੰ ਹੁਕਮ ਦਿੱਤਾ ਸੀ ਕਿ ਇਸ ਥਾਂ ਤੋਂ ਕੁਝ ਨਹੀਂ ਖਾਣਾ-ਪੀਣਾ ਪਰ ਤੂੰ ਇੱਥੇ ਵਾਪਸ ਆਕੇ ਖਾਧਾ-ਪੀਤਾ ਹੈ ਇਸ ਲ਼ਈ ਹੁਣ ਤੇਰੀ ਦੇਹ ਨੂੰ ਤੇਰੇ ਘਰਾਣੇ ਦੀ ਕਬਰ ਵਿੱਚ ਨਹੀਂ ਦਫ਼ਨਾਇਆ ਜਾਵੇਗਾ।"
23 ਜਦ ਪਰਮੇਸ਼ੁਰ ਦਾ ਮਨੁੱਖ ਖਾ-ਪੀ ਹਟਿਆ, ਤਾਂ ਬੁਢ੍ਢੇ ਨਬੀ ਨੇ ਉਸ ਲਈ ਖੋਤੇ ਤੇ ਕਾਠੀ ਪਾਈ ਤੇ ਉਸਨੂੰ ਭੇਜ ਦਿੱਤਾ।
24 ਘਰ ਵੱਲ ਪਰਤਦੇ ਹੋਏ ਸਫ਼ਰ ਵਿੱਚ ਇੱਕ ਸ਼ੇਰ ਨੇ ਪਰਮੇਸ਼ੁਰ ਦੇ ਮਨੁੱਖ ਉੱਪਰ ਵਾਰ ਕੀਤਾ ਅਤੇ ਉਸਨੂੰ ਜਾਨੋਁ ਮਾਰ ਸੁਟਿਆ। ਨ੍ਨਬੀ ਦੀ ਲੋਬ ਰਾਹ ਵਿੱਚ ਪਈ ਹੋਈ ਸੀ ਅਤੇ ਖੋਤਾ ਅਤੇ ਸ਼ੇਰ ਲੋਬ ਦੇ ਕੋਲ ਖੜੇ ਸਨ।
25 ਸੜਕ ਤੇ ਸਫ਼ਰ ਕਰ ਰਹੇ ਕੁਝ ਲੋਕਾਂ ਨੇ ਓਥੇ ਪਈ ਲੋਬ ਅਤੇ ਇਸਦੇ ਕੋਲ ਖੜੇ ਸ਼ੇਰ ਨੂੰ ਵੇਖਿਆ। ਉਹ ਉਸ ਨਗਰ ਨੂੰ ਆਏ, ਜਿੱਥੇ ਉਹ ਬੁਢ੍ਢਾ ਨਬੀ ਰਹਿੰਦਾ ਸੀ, ਅਤੇ ਸਭ ਕਾਸੇ ਦਾ ਵਰਣਨ ਕਰ ਦਿੱਤਾ।
26 ਉਸ ਬੁਢ੍ਢੇ ਨਬੀ ਨੇ ਜਿਹੜਾ ਪਰਮੇਸ਼ੁਰ ਦੇ ਆਦਮੀ ਨੂੰ ਵਾਪਿਸ ਲਿਆਇਆ ਸੀ, ਇਸਨੂੰ ਸੁਣਿਆ ਅਤੇ ਆਖਿਆ, "ਉਹ ਪਰਮੇਸ਼ੁਰ ਦਾ ਮਨੁੱਖ ਸੀ ਜਿਸਨੇ ਯਹੋਵਾਹ ਦੇ ਹੁਕਮ ਦੀ ਉਲੰਘਣਾ ਕੀਤੀ ਸੀ। ਇਸੇ ਲਈ ਯਹੋਵਾਹ ਨੇ ਉਸਨੂੰ ਮਾਰਨ ਲਈ ਸ਼ੇਰ ਘਲਿਆ। ਯਹੋਵਾਹ ਨੇ ਆਖਿਆ ਸੀ ਕਿ ਉਹ ਅਜਿਹਾ ਕਰ ਸਕਦਾ।"
27 ਤਦ ਉਸ ਨਬੀ ਨੇ ਆਪਣੇ ਪੁੱਤਰਾਂ ਨੂੰ ਕਿਹਾ, "ਮੇਰੇ ਖੋਤੇ ਤੇ ਕਾਠੀ ਚੜਾਓ।" ਤਾਂ ਉਸਦੇ ਪੁੱਤਰਾਂ ਨੇ ਉਸ ਦੇ ਖੋਤੇ ਤੇ ਕਾਠੀ ਚੜਾਈ।
28 ਫ਼ੇਰ ਉਹ ਉਸ ਜਗ੍ਹਾ ਗਿਆ ਤੇ ਰਸਤੇ ਤੇ ਪਈ ਉਸ ਦੀ ਲਾਸ਼ ਨੂੰ ਵੇਖਿਆ ਅਤੇ ਉਸ ਨੇ ਵੇਖਿਆ ਕਿ ਖੋਤਾ ਤੇ ਸ਼ੇਰ ਉਸ ਲਾਸ਼ ਦੇ ਪਾਸੇ ਖੜੋਤੇ ਹੋਏ ਸਨ। ਸ਼ੇਰ ਨੇ ਸਰੀਰ ਨੂੰ ਨਹੀਂ ਖਾਧਾ ਸੀ ਤੇ ਨਾ ਹੀ ਖੋਤੇ ਨੂੰ ਨੁਕਸਾਨ ਪਹੁੰਚਾਇਆ ਸੀ।
29 ਬੁਢ੍ਢੇ ਨਬੀ ਨੇ ਉਸਦੀ ਲਾਸ਼ ਨੂੰ ਆਪਣੇ ਖੋਤੇ ਉੱਪਰ ਰੱਖਿਆ ਤ੍ਤੇ ਉਹ ਉਸਦੀ ਲੋਬ ਵਾਪਸ ਸ਼ਹਿਰ ਵਿੱਚ ਲਿਆਇਆ ਤਾਂ ਕਿ ਉਸ ਲਈ ਰੋਇਆ-ਪਿਟਿਆ ਜਾਵੇ ਅਤੇ ਉਸਨੂੰ ਦਫ਼ਨਾਇਆ ਜਾਵੇ।
30 ਬੁਢ੍ਢੇ ਨਬੀ ਨੇ ਉਸ ਮਨੁੱਖ ਨੂੰ ਆਪਣੇ ਘਰਾਣੇ ਦੀ ਕਬਰ ਵਿੱਚ ਦਫ਼ਨਾਇਆ ਅਤੇ ਕਿਹਾ, "ਹਾਏ ਓ ਮੇਰੇ ਭਰਾਵਾ! ਮੈਨੂੰ ਤੇਰੇ ਮਰਨ ਦਾ ਬੜਾ ਅਫ਼ਸੋਸ ਹੋਇਆ।"
31 ਇਉਂ ਬੁਢ੍ਢੇ ਨਬੀ ਨੇ ਲਾਸ਼ ਨੂੰ ਦਫ਼ਨਾ ਦਿੱਤਾ। ਫ਼ਿਰ ਉਸਨੇ ਆਪਣੇ ਪੁੱਤਰਾਂ ਨੂੰ ਕਿਹਾ, "ਜਦੋਂ ਮੈਂ ਮਰਾਂ, ਮੇਰੇ ਸ਼ਰੀਰ ਨੂੰ ਵੀ ਇਸ ਕਬਰ ਵਿੱਚ ਦਫ਼ਨਾ ਦਿਓ ਅਤੇ ਮੇਰੀਆਂ ਹੱਡੀਆਂ ਉਸ ਦੀਆਂ ਹੱਡੀਆਂ ਤੋਂ ਅੱਗੇ ਪਾ ਦਿਓ।
32 ਜਿਹੜੇ ਬਚਨ ਯਹੋਵਾਹ ਨੇ ਉਸਦੇ ਮੂੰਹੋਁ ਬੁਲਵਾੇ ਸਨ ਉਹ ਜ਼ਰੂਰ ਸੱਚੇ ਅਤੇ ਪੂਰੇ ਹੋਣਗੇ। ਯਹੋਵਾਹ ਨੇ ਉਸਨੂੰ ਜਗਵੇਦੀ ਜੋ ਬੈਤੇਲ ਵਿਚ ਹੈ ਉਸਦੇ ਵਿਰੁੱਧ ਬੁਲਵਾਇਆ ਅਤੇ ਉਸਦੇ ਹੀ ਮੂੰਹੋ ਸਾਮਰਿਯਾ ਦੀਆਂ ਉੱਚੀਆਂ ਥਾਵਾਂ ਜੋ ਦੂਜਿਆਂ ਸ਼ਹਿਰਾਂ ਵਿੱਚ ਹੈ ਉਨ੍ਹਾਂ ਦੇ ਵਿਰੁੱਧ ਬੁਲਵਾਇਆ।"
33 ਇਸ ਗੱਲ ਦੇ ਬਾਵਜੂਦ ਵੀ ਯਾਰਾਬੁਆਮ ਆਪਣੇ ਬੁਰੇ ਰਾਹ ਤੋਂ ਨਾ ਟਲਿਆ। ਉਹ ਅਲਗ-ਅਲਗ ਪਰਿਵਾਰ-ਸਮੂਹਾਂ ਵਿੱਚੋਂ ਸਗੋਂ ਇੰਝ ਹੀ ਜਾਜਕ ਚੁਣਦਾ ਰਿਹਾ। ਤੇ ਉਹ ਜਾਜਕ ਉੱਚੀਆਂ ਥਾਵਾਂ ਦੀ ਸੇਵਾ ਸੰਭਾਲ ਕਰਦੇ। ਜੋ ਕੋਈ ਮਨੁੱਖ ਵੀ ਜਾਜਕ ਬਨਣਾ ਚਾਹੁੰਦਾ ਉਸਨੂੰ ਬਨਣ ਦੀ ਇਜਾਜ਼ਤ ਦੇ ਦਿੱਤੀ ਜਾਂਦੀ।
34 ਇਹ ਅਮਲ ਯਾਰਾਬੁਆਮ ਦੇ ਪਰਿਵਾਰ ਦਾ ਪਾਪ ਸੀ ਅਤੇ ਇਹ ਉਸ ਦੀ ਤਬਾਹੀ ਅਤੇ ਧਰਤੀ ਤੋਂ ਉਸ ਦੇ ਅਲੋਪ ਹੋਣ ਦਾ ਕਾਰਣ ਬਣਿਆ।