ਕਾਂਡ 3
1 ਸਮੂਏਲ ਏਲੀ ਦੇ ਅਧੀਨ ਯਹੋਵਾਹ ਦੀ ਸੇਵਾ ਕਰਦਾ ਰਿਹਾ। ਉਨ੍ਹਾਂ ਦਿਨਾਂ ਵਿੱਚ, ਯਹੋਵਾਹ ਲੋਕਾਂ ਨਾਲ ਅਕਸਰ ਸਿਧਾ ਨਹੀਂ ਬੋਲਦਾ ਸੀ, ਅਤੇ ਬਹੁਤ ਹੀ ਘੱਟ ਦਰਸ਼ਨ ਹੁੰਦੇ ਸਨ।
2 ਏਲੀ ਦੀ ਨਜ਼ਰ ਇੰਨੀ ਕਮਜ਼ੋਰ ਹੋ ਚੁੱਕੀ ਸੀ ਕਿ ਉਸਨੂੰ ਤਕਰੀਬਨ ਦਿਸਣਾ ਬੰਦ ਹੋ ਗਿਆ ਸੀ। ਇੱਕ ਰਾਤ ਉਹ ਮੰਜੇ ਉੱਤੇ ਲੰਮਾ ਪਿਆ ਅਤੇ
3 ਸਮੂਏਲ ਯਹੋਵਾਹ ਦੇ ਪਵਿੱਤਰ ਭਵਨ ਵਿੱਚ ਲੰਮਾ ਪਿਆ ਸੀ। ਯਹੋਵਾਹ ਦਾ ਪਵਿੱਤਰ ਸੰਦੂਕ ਉਸੇ ਪਵਿੱਤਰ ਘਰ ਵਿੱਚ ਸੀ। ਯਹੋਵਾਹ ਦਾ ਦੀਵਾ ਅਜੇ ਬਲ ਰਿਹਾ ਸੀ।
4 ਯਹੋਵਾਹ ਨੇ ਸਮੂਏਲ ਨੂੰ ਬੁਲਾਇਆ ਤਾਂ ਸਮੂਏਲ ਨੇ ਕਿਹਾ, "ਮੈਂ ਇੱਥੇ ਹਾਂ।"
5 ਸਮੂਏਲ ਨੇ ਸੋਚਿਆ ਕਿ ਉਸਨੂੰ ਏਲੀ ਬੁਲਾ ਰਿਹਾ ਹੈ, ਇਸ ਲਈ ਉਹ ਏਲੀ ਵੱਲ ਭੱਜਦਾ ਗਿਆ ਅਤੇ ਜਾਕੇ ਏਲੀ ਨੂੰ ਕਿਹਾ, "ਮੈਂ ਇੱਥੇ ਹਾਂ। ਕੀ ਤੂੰ ਮੈਨੂੰ ਬੁਲਾਇਆ ਹੈ?"ਪਰ ਏਲੀ ਨੇ ਕਿਹਾ, "ਮੈਂ ਤੈਨੂੰ ਨਹੀਂ ਬੁਲਾਇਆ। ਤੂੰ ਜਾਕੇ ਸੌਂ ਜਾ।"ਸਮੂਏਲ ਆਪਣੇ ਬਿਸਤਰੇ ਉੱਤੇ ਵਾਪਸ ਚਲਾ ਗਿਆ।
6 ਯਹੋਵਾਹ ਨੇ ਫ਼ਿਰ ਬੁਲਾਇਆ "ਸਮੂਏਲ!" ਸਮੂਏਲ ਫ਼ਿਰ ਏਲੀ ਵੱਲ ਦੌੜਦਾ ਗਿਆ ਅਤੇ ਆਖਿਆ, "ਤੁਸੀਂ ਮੈਨੂੰ ਬੁਲਾਇਆ, ਮੈਂ ਹਾਜ਼ਿਰ ਹਾਂ।"ਏਲੀ ਨੇ ਕਿਹਾ, "ਮੈਂ ਤੈਨੂੰ ਨਹੀਂ ਬੁਲਾਇਆ। ਜਾ ਆਪਣੇ ਮੰਜੇ ਉੱਤੇ ਵਾਪਸ ਜਾ।"
7 ਸਮੂਏਲ ਅਜੇ ਤੱਕ ਯਹੋਵਾਹ ਨੂੰ ਨਹੀਂ ਜਾਣਦਾ ਸੀ ਉਸਨੇ ਹਾਲੇ ਤੱਕ ਸਿਧਾ ਯਹੋਵਾਹ ਤੋਂ ਸ਼ਬਦ ਪ੍ਰਾਪਤ ਨਹੀਂ ਕੀਤਾ ਸੀ।
8 ਯਹੋਵਾਹ ਨੇ ਸਮੂਏਲ ਨੂੰ ਤੀਜੀ ਵਾਰ ਬੁਲਾਇਆ। ਸਮੂਏਲ ਫ਼ਿਰ ਉਠਿਆ ਅਤੇ ਏਲੀ ਵੱਲ ਗਿਆ ਅਤੇ ਕਿਹਾ, "ਮੈਂ ਹਾਜ਼ਰ ਹਾਂ, ਤੁਸੀਂ ਮੈਨੂੰ ਬੁਲਾਇਆ ਹੈ।"ਤਦ ਏਲੀ ਸਮਝ ਗਿਆ ਕਿ ਯਹੋਵਾਹ ਹੀ ਇਸ ਲੜਕੇ ਨੂੰ ਬੁਲਾ ਰਿਹਾ ਹੈ।
9 ਏਲੀ ਨੇ ਸਮੂਏਲ ਨੂੰ ਕਿਹਾ, "ਜਾ, ਆਪਣੇ ਮੰਜੇ ਉੱਤੇ ਜਾ ਜੇਕਰ ਉਹ ਤੈਨੂੰ ਫ਼ਿਰ ਬੁਲਾਵੇ ਤਾਂ ਆਖੀ, 'ਹੇ ਯਹੋਵਾਹ! ਫ਼ਰਮਾਉ, ਤੇਰਾ ਦਾਸ ਸੁਣਦਾ ਹੈ।"'ਤਾਂ ਸਮੂਏਲ ਮੰਜੇ ਉੱਤੇ ਪੈ ਗਿਆ।
10 ਯਹੋਵਾਹ ਆਇਆ ਅਤੇ ਉਸ ਕੋਲ ਆਕੇ ਖੜਾ ਹੋ ਗਿਆ ਅਤੇ ਜਿਵੇਂ ਉਸਨੇ ਪਹਿਲਾਂ ਉਸਨੂੰ ਬੁਲਾਇਆ ਸੀ ਉਵੇਂ ਹੀ ਫ਼ਿਰ ਕਿਹਾ, "ਸਮੂਏਲ, ਸਮੂਏਲ!"ਸਮੂਏਲ ਨੇ ਆਖਿਆ, "ਫ਼ਰਮਾਉ! ਮੈਂ ਤੁਹਾਡਾ ਦਾਸ ਸੁਣ ਰਿਹਾ ਹਾਂ।"
11 ਯਹੋਵਾਹ ਨੇ ਸਮੂਏਲ ਨੂੰ ਕਿਹਾ, "ਮੈਂ ਬਹੁਤ ਜਲਦੀ ਹੀ ਇਸਰਾਏਲ ਵਿੱਚ ਕੁਝ ਕਰਨ ਵਾਲਾ ਹਾਂ ਜੋ ਕੋਈ ਵੀ ਇਹ ਸੁਣੇਗਾ ਚਕਿਤ ਹੋ ਜਾਏਗਾ।
12 ਜਿਸ ਦਿਨ ਮੈਂ ਏਲੀ ਦੇ ਪਰਿਵਾਰ ਦਾ ਨਿਆਂ ਕਰਾਂਗਾ, ਮੈਂ ਪੂਰੀ ਤਰ੍ਹਾਂ ਉਸਦੇ ਪਰਿਵਾਰ ਨੂੰ ਸਜ਼ਾ ਦੇਵਾਂਗਾ। ਮੈਂ ਉਸਦੇ ਪਰਿਵਾਰ ਦੇ ਖਿਲਾਫ਼ ਬੋਲਿਆ ਸਭ ਕੁਝ ਪੂਰਾ ਕਰਾਂਗਾ - ਸ਼ੁਰੂਆਤ ਤੋਂ ਲੈਕੇ ਅੰਤ ਤੀਕ।
13 ਇਹ ਮੈਂ ਇਸ ਲਈ ਕਰਾਂਗਾ ਕਿਉਂਕਿ ਏਲੀ ਜਾਣਦਾ ਸੀ ਕਿ ਉਸਦੇ ਪੁੱਤਰ ਪਰਮੇਸ਼ੁਰ ਨੂੰ ਬੁਰਾ ਭਲਾ ਕਹਿ ਰਹੇ ਸਨ ਅਤੇ ਮੰਦੇ ਕਰਮ ਕਰ ਰਹੇ ਸਨ। ਅਤੇ ਏਲੀ ਉਨ੍ਹਾਂ ਉੱਤੇ ਕਾਬੂ ਨਾ ਪਾ ਸਕਿਆ।
14 ਇਸੇ ਲਈ ਮੈਂ ਸਹੁੰ ਖਾਧੀ ਕਿ ਬਲੀਆਂ ਅਤੇ ਅਨਾਜ਼ ਦੀਆਂ ਭੇਟਾਂ ਏਲੀ ਦੇ ਪਰਿਵਾਰ ਦੇ ਲੋਕਾਂ ਦੇ ਪਾਪ ਕਦੇ ਵੀ ਨਹੀਂ ਹਟਾ ਸਕਣਗੀਆਂ।"
15 ਸਵੇਰ ਹੋਣ ਤੀਕ ਸਮੂਏਲ ਬਿਸਤਰ ਉੱਤੇ ਲੇਟਿਆ ਰਿਹਾ। ਉਹ ਸਵੇਰ-ਸਾਰ ਉਠਿਆ ਅਤੇ ਪਰਮੇਸ਼ੁਰ ਦੇ ਘਰ ਦੇ ਸਾਰੇ ਦਰਵਾਜ਼ੇ ਖੋਲੇ। ਸਮੂਏਲ ਇਸ ਦਰਸ਼ਨ ਬਾਰੇ ਏਲੀ ਨੂੰ ਦਸ੍ਸਦਿਆਂ ਡਰਦਾ ਸੀ।
16 ਪਰ ਏਲੀ ਨੇ ਸਮੂਏਲ ਨੂੰ ਕਿਹਾ, "ਸਮੂਏਲ, ਮੇਰੇ ਪੁੱਤਰ!"ਸਮੂਏਲ ਨੇ ਆਖਿਆ, "ਹਾਂ, ਸੁਆਮੀ!"
17 ਏਲੀ ਨੇ ਪੁਛਿਆ, "ਯਹੋਵਾਹ ਨੇ ਤੈਨੂੰ ਕੀ ਆਖਿਆ ਹੈ? ਮੇਰੇ ਤੋਂ ਕੁਝ ਨਾ ਲੁਕੋ। ਜੇ ਤੂੰ ਉਹ ਜੋ ਪਰਮੇਸ਼ੁਰ ਤੇਰੇ ਨਾਲ ਬੋਲਿਆ ਮੈਥੋਂ ਛੁਪਾਵੇਂ, ਪਰਮੇਸ਼ੁਰ ਤੈਨੂੰ ਕੜੀ ਸਜ਼ਾ ਦੇਵੇ।"
18 ਤਾਂ ਸਮੂਏਲ ਨੇ ਏਲੀ ਨੂੰ ਸਭ ਕੁਝ ਦੱਸ ਦਿੱਤਾ। ਸਮੂਏਲ ਨੇ ਏਲੀ ਤੋਂ ਕੁਝ ਨਾ ਲੁਕੋਇਆ।ਏਲੀ ਨੇ ਕਿਹਾ, "ਉਹ ਯਹੋਵਾਹ ਹੈ, ਉਹ ਜੋ ਚਾਹੇ ਕਰ ਸਕਦਾ ਹੈ, ਉਸਨੂੰ ਇਹ ਹੱਕ ਹੈ।"
19 ਜਦੋਂ ਸਮੂਏਲ ਵੱਡਾ ਹੋ ਰਿਹਾ ਸੀ ਤਾਂ ਯਹੋਵਾਹ ਉਸਦੇ ਨਾਲ ਸੀ। ਯਹੋਵਾਹ ਨੇ ਸਮੂਏਲ ਦੇ ਕਿਸੇ ਵਾਕ ਨੂੰ ਝੂਠਾ ਨਾ ਹੋਣ ਦਿੱਤਾ।
20 ਫ਼ਿਰ ਦਾਨ ਤੋਂ ਲੈਕੇ ਬਏਰਸ਼ਬਾ ਤੀਕ ਸਾਰਾ ਇਸਰਾਏਲ ਜਾਣ ਗਿਆ ਕਿ ਸਮੂਏਲ ਯਹੋਵਾਹ ਦਾ ਨਬੀ ਠਹਿਰਾਇਆ ਗਿਆ ਹੈ।
21 ਅਤੇ ਯਹੋਵਾਹ ਸ਼ੀਲੋਹ ਵਿੱਚ ਸਮੂਏਲ ਨੂੰ ਅਕਸਰ ਪਰਗਟ ਹੁੰਦਾ ਰਿਹਾ। ਕਿਉਂਕਿ ਯਹੋਵਾਹ ਨੇ ਆਪਣੇ-ਆਪ ਨੂੰ ਸ਼ੀਲੋਹ ਵਿੱਚ ਸਮੂਏਲ ਉੱਤੇ ਆਪਣੇ ਬਚਨ ਨਾਲ ਪਰਗਟ ਕੀਤਾ।