ਕਾਂਡ 15
1 ਇੱਕ ਦਿਨ ਸਮੂਏਲ ਨੇ ਸ਼ਾਊਲ ਨੂੰ ਆਖਿਆ, "ਮੈਨੂੰ ਯਹੋਵਾਹ ਨੇ ਭੇਜਿਆ ਕਿ ਮੈਂ ਤੈਨੂੰ ਮਸਹ ਕਰਾਂ, ਉਹ ਇਸ ਲਈ ਕਿ ਤੂੰ ਉਸਦੇ ਲੋਕਾਂ ਦਾ ਪਾਤਸ਼ਾਹ ਬਣੇ। ਸੋ ਹੁਣ ਯਹੋਵਾਹ ਦਾ ਬਚਨ ਸੁਣ।
2 ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ: ਜਦੋਂ ਇਸਰਾਏਲੀ ਮਿਸਰ ਵਿੱਚੋਂ ਨਿਕਲ ਆਏ ਤਾਂ ਅਮਾਲੇਕੀਆਂ ਨੇ ਕਿਵੇਂ ਉਨ੍ਹਾਂ ਨੂੰ ਕਨਾਨ ਜਾਣ ਵਿੱਚ ਰੁਕਾਵਟ ਪਾਈ। ਮੈਨੂੰ ਚੇਤਾ ਹੈ ਅਤੇ ਮੈਂ ਵੇਖਿਆ ਹੈ ਕਿ ਕਿਵੇਂ ਅਮਾਲੇਕੀਆਂ ਨੇ ਵਤੀਰਾ ਕੀਤਾ।
3 ਹੁਣ, ਤੂੰ ਜਾ ਅਤੇ ਅਮਾਲੇਕੀਆਂ ਦੇ ਵਿਰੁੱਧ ਲੜ। ਤੂੰ ਜੋ ਕੁਝ ਵੀ ਅਮਾਲੇਕੀਆਂ ਦਾ ਹੈ ਸਣੇ ਅਮਾਲੀਕ ਦੇ ਸਭ ਕੁਝ ਤਬਾਹ ਕਰ ਦੇ। ਕੁਝ ਵੀ ਨਾ ਬਚੇ। ਤੂੰ ਉਨ੍ਹਾਂ ਦੇ ਸਾਰੇ ਮਰਦ-ਔਰਤਾਂ, ਬੱਚੇ ਅਤੇ ਨਵਜਾਤ ਬੱਚੇ ਸਭ ਨੂੰ ਮਾਰਕੇ ਖਤਮ ਕਰ ਦੇ। ਤੂੰ ਉਨ੍ਹਾਂ ਦੇ ਜਾਨਵਰ ਗਊਆਂ, ਭੇਡਾਂ, ਉਠ ਅਤੇ ਖੋਤੇ ਸਭ ਵਢ ਸੁੱਟ।"
4 ਸ਼ਾਊਲ ਨੇ ਤਲਾਇਮ ਵਿੱਚ ਆਪਣੀ ਸੈਨਾ ਇਕਠੀ ਕੀਤੀ। ਉਥੇ
2 ,00,000 ਪੈਦਲ ਸਿਪਾਹੀ ਅਤੇ
10 ,000 ਹੋਰ ਆਦਮੀ ਸਨ। ਉਨ੍ਹਾਂ ਦਰਮਿਆਨ ਯਹੂਦਾਹ ਤੋਂ ਵੀ ਆਦਮੀ ਸਨ।
5 ਤਦ ਸ਼ਾਊਲ ਅਮਾਲੇਕ ਦੇ ਇੱਕ ਸ਼ਹਿਰ ਪਹੁੰਚਕੇ ਵਾਦੀ ਵਿੱਚ ਉਡੀਕ ਕਰਨ ਲੱਗਾ।
6 ਸ਼ਾਊਲ ਨੇ ਕੇਨੀਆਂ ਦੇ ਲੋਕਾਂ ਨੂੰ ਕਿਹਾ, "ਅਮਾਲੇਕ ਨੂੰ ਛੱਡਕੇ ਇਥੋਂ ਭੱਜ ਜਾਵੋ। ਤਦ ਮੈਂ ਤੁਹਾਨੂੰ ਅਮਾਲੇਕੀਆਂ ਦੇ ਨਾਲ ਨਸ਼ਟ ਨਹੀਂ ਕਰਾਂਗਾ। ਜਦੋਂ ਇਸਰਾਲੀ ਮਿਸਰ ਵਿੱਚੋਂ ਨਿਕਲਕੇ ਆਏ ਸਨ ਤਾਂ ਤੁਸੀਂ ਉਨ੍ਹਾਂ ਉੱਪਰ ਕਿਰਪਾ ਵਿਖਾਈ ਸੀ।" ਇਸ ਲਈ ਕੇਨੀਆਂ ਦੇ ਲੋਕ ਅਮਾਲੇਕ ਨੂੰ ਛੱਡਕੇ ਚਲੇ ਗਏ।
7 ਸ਼ਾਊਲ ਨੇ ਅਮਾਲੇਕੀਆਂ ਨੂੰ ਹਰਾਇਆ। ਉਸਨੇ ਹਵੀਲਾਹ ਤੋਂ ਲੈਕੇ ਸ਼ੂਰ ਦੇ ਲਾਂਘੇ ਤੀਕ ਜੋ ਮਿਸਰ ਦੇ ਅੱਗੇ ਹੈ, ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਮਾਰਿਆ।
8 ਅਮਾਲੇਕੀਆਂ ਦਾ ਰਾਜਾ ਅਗਾਗ ਸੀ। ਸ਼ਾਊਲ ਨੇ ਉਸਨੂੰ ਜਿਉਂਦਾ ਫ਼ੜ ਲਿਆ। ਸ਼ਾਊਲ ਨੇ ਅਗਾਗ ਨੂੰ ਤਾਂ ਜਿਉਂਦੇ ਰਹਿਣ ਦਿੱਤਾ ਪਰ ਉਸਨੇ ਉਸਦੀ ਸੈਨਾ ਦੇ ਸਾਰੇ ਸਿਪਾਹੀ ਮਾਰ ਸੁੱਟੇ।
9 ਪਰ ਸ਼ਾਊਲ ਅਤੇ ਲੋਕਾਂ ਨੇ ਅਗਾਗ ਨੂੰ ਅਤੇ ਹੋਰ ਚੰਗੀਆਂ ਵਸਤਾਂ ਨੂੰ ਖਤਮ ਕਰਨਾ ਚੰਗਾ ਨਾ ਸਮਝਿਆ, ਸੋ ਉਨ੍ਹਾਂ ਨੇ ਅਗਾਗ ਨੂੰ ਅਤੇ ਮੋਟੀਆਂ-ਮੋਟੀਆਂ ਗਊਆਂ ਵਧੀਆਂ ਭੇਡਾਂ ਅਤੇ ਮੇਮਨਿਆਂ ਨੂੰ ਨਾ ਮਾਰਿਆ। ਉਨ੍ਹਾਂ ਨੇ ਹਰ ਰੱਖਣ ਯੋਗ ਚੀਜ਼ ਨੂੰ ਰੱਖ ਲਿਆ ਕਿਉਂਕਿ ਉਹ ਉਨ੍ਹਾਂ ਨੂੰ ਨਸ਼ਟ ਨਹੀਂ ਸੀ ਕਰਨਾ ਚਾਹੁੰਦੇ। ਉਨ੍ਹਾਂ ਨੇ ਸਿਰਫ਼ ਖਤਮ ਕਰਨ ਯੋਗ ਚੀਜ਼ਾਂ ਨੂੰ ਹੀ ਖਤਮ ਕੀਤਾ।
10 ਤਦ ਸਮੂਏਲ ਨੂੰ ਯਹੋਵਾਹ ਵੱਲੋਂ ਬਚਨ ਸੁਨਣ ਦਾ ਹੁਕਮ ਹੋਇਆ।
11 ਯਹੋਵਾਹ ਨੇ ਕਿਹਾ, "ਸ਼ਾਊਲ ਨੇ ਮੈਨੂੰ ਮੰਨਣਾ ਛੱਡ ਦਿੱਤਾ ਹੈ, ਸੋ ਮੇਰੇ ਕੋਲੋਂ ਗਲਤੀ ਹੋ ਗਈ ਕਿ ਮੈਂ ਉਸਨੂੰ ਪਾਤਸ਼ਾਹ ਠਹਿਰਾਇਆ। ਉਹ ਆਪਣੀ ਮਨ-ਮਰਜ਼ੀ ਕਰਦਾ ਹੈ ਉਹ ਨਹੀਂ ਕਰਦਾ ਜੋ ਮੈਂ ਕਹਿੰਦਾ ਹਾਂ।" ਸਮੂਏਲ ਗੁੱਸੇ ਹੋਇਆ ਅਤੇ ਸਾਰੀ ਰਾਤ ਯਹੋਵਾਹ ਅੱਗੇ ਰੋਂਦਾ ਤਰਲੇ ਲੈਂਦਾ ਰਿਹਾ।
12 ਸਮੂਏਲ ਅਗਲੀ ਸਵੇਰ ਜਲਦੀ-ਜਲਦੀ ਉਠਿਆ ਅਤੇ ਸ਼ਾਊਲ ਨੂੰ ਮਿਲਣ ਲਈ ਗਿਆ। ਪਰ ਲੋਕਾਂ ਨੇ ਸਮੂਏਲ ਨੂੰ ਕਹਿ ਦਿੱਤਾ ਕਿ, "ਸ਼ਾਊਲ ਕਰਮਲ ਨੂੰ ਗਿਆ ਹੈ ਜੋ ਯਹੂਦਾਹ ਵਿੱਚ ਹੈ। ਸ਼ਾਊਲ ਆਪਣੇ ਸਂਮਾਨ ਲਈ ਉਥੇ ਯਾਦਗਾਰੀ ਪੱਥਰ ਰਖਵਾਉਣ ਲਈ ਗਿਆ। ਉਹ ਕਈ ਜਗ਼੍ਹਾ ਉੱਤੇ ਘੁੰਮਦਾ ਗਿਆ ਅਤੇ ਅਖੀਰ ਵਿੱਚ ਗਿਲਗਾਲ ਵੱਲ ਚਲਾ ਗਿਆ।"ਤਾਂ ਸਮੂਏਲ ਅਖੀਰ ਉਥੇ ਗਿਆ ਜਿਥੇ ਸ਼ਾਊਲ ਉਸ ਵਕਤ ਸੀ। ਸ਼ਾਊਲ ਨੇ ਅਮਾਲੇਕ ਵਿੱਚੋਂ ਜੋ ਕੁਝ ਲਿਆਂਦਾ ਸੀ ਉਸਦਾ ਅਜੇ ਇੱਕ ਹਿੱਸਾ ਹੀ ਚੁੱਕੇ ਭੇਂਟ ਕੀਤਾ ਸੀ, ਉਹ ਯਹੋਵਾਹ ਅੱਗੇ ਹੋਮ ਦੀ ਭੇਟ ਚੜਾ ਰਿਹਾ ਸੀ ਕਿ,
13 ਸਮੂਏਲ ਸ਼ਾਊਲ ਕੋਲ ਪਹੁੰਚ ਗਿਆ ਅਤੇ ਸ਼ਾਊਲ ਨੇ ਉਸਨੂੰ ਸੁਖ-ਸਾਂਦ ਪੁਛੀ। ਸ਼ਾਊਲ ਨੇ ਕਿਹਾ, "ਯਹੋਵਾਹ ਤੇਰੇ ਉੱਤੇ ਕਿਰਪਾ ਕਰੇ। ਮੈਂ ਯਹੋਵਾਹ ਦੇ ਹੁਕਮ ਦੀ ਪਾਲਣਾ ਕੀਤੀ ਹੈ।"
14 ਪਰ ਸਮੂਏਲ ਨੇ ਕਿਹਾ, "ਅਤੇ ਫ਼ਿਰ ਉਹ ਕੀ ਹੈ ਜੋ ਮੈਂ ਸੁਣਿਆ ਹੈ? ਤਾਂ ਫ਼ਿਰ ਭੇਡਾਂ ਦੀ ਮੈਂ-ਮੈਂ ਅਤੇ ਪਸ਼ੂਆਂ ਦਾ ਅੜਾਉਣਾ ਕੀ ਹੈ ਜੋ ਮੈਂ ਸੁਣ ਰਿਹਾ ਹਾਂ?"
15 ਸ਼ਾਊਲ ਨੇ ਕਿਹਾ, "ਸਿਪਾਹੀ ਉਨ੍ਹਾਂ ਨੂੰ ਅਮਾਲੇਕ ਤੋਂ ਫ਼ੜਕੇ ਲਿਆਏ ਸਨ। ਸਿਪਾਹੀਆਂ ਨੇ ਵਧਿਆਂ ਭੇਡਾਂ ਅਤੇ ਪਸ਼ੂ ਹੋਮ ਦੀਆਂ ਬਲੀਆਂ ਲਈ ਰੱਖ ਲਈ ਤਾਂ ਜੋ ਯਹੋਵਾਹ ਤੇਰੇ ਪਰਮੇਸ਼ੁਰ ਨੂੰ ਭੇਟ ਕਰ ਸਕਣ। ਪਰ ਅਸੀਂ ਬਾਕੀ ਸਭ ਕੁਝ ਨਸ਼ਟ ਕਰ ਦਿੱਤਾ।"
16 ਸਮੂਏਲ ਨੇ ਸ਼ਾਊਲ ਨੂੰ ਆਖਿਆ, "ਰੁਕ ਜਾ! ਹੁਣ ਮੈਨੂੰ ਆਖ ਲੈਣ ਦੇ ਕਿ ਮੈਨੂੰ ਕਲ੍ਹ੍ਹ ਰਾਤ ਯਹੋਵਾਹ ਨੇ ਕੀ ਆਖਿਆ ਹੈ।" ਸ਼ਾਊਲ ਨੇ ਕਿਹਾ, "ਠੀਕ ਹੈ! ਪਹਿਲਾਂ ਦੱਸ ਕਿ ਉਸਨੇ ਤੈਨੂੰ ਕੀ ਕਿਹਾ।"
17 ਸਮੂਏਲ ਨੇ ਕਿਹਾ, "ਜਿਸ ਵੇਲੇ ਪਹਿਲਾਂ ਤੂੰ ਆਪਣੀ ਨਜ਼ਰ ਵਿੱਚ ਤੁਛ ਸੀ, ਉਸ ਵਕਤ ਤੂੰ ਇਸਰਾਏਲ ਦੇ ਗੋਤ ਦੇ ਲੋਕਾਂ ਉੱਪਰ ਆਗੂ ਠਹਿਰਾਇਆ ਗਿਆ। ਯਹੋਵਾਹ ਨੇ ਇਸਰਾਏਲ ਉੱਪਰ ਤੈਨੂੰ ਪਾਤਸ਼ਾਹ ਠਹਿਰਾਇਆ।
18 ਯਹੋਵਾਹ ਨੇ ਤੈਨੂੰ ਖਾਸ ਕੰਮ ਲਈ ਭੇਜਿਆ ਅਤੇ ਕਿਹਾ, 'ਜਾ ਅਤੇ ਜਾਕੇ ਅਮਾਲੇਕੀਆਂ ਨੂੰ ਨਸ਼ਟ ਕਰਦੇ, ਉਹ ਸਭ ਪਾਪੀ ਜੀਵ ਹਨ। ਉਨ੍ਹਾਂ ਸਭਨਾ ਨੂੰ ਖਤਮ ਕਰਦੇ। ਜਦ ਤੱਕ ਉਹ ਪੂਰੇ ਨਾ ਖਤਮ ਹੋ ਜਾਣ ਉਨ੍ਹਾਂ ਨਾਲ ਲੜਦਾ ਰਹਿ।'
19 ਤੂੰ ਯਹੋਵਾਹ ਦੀ ਗੱਲ ਕਿਉਂ ਨਹੀਂ ਮੰਨੀ? ਤੂੰ ਲੁੱਟ ਲੈਣ ਦੀ ਜਦਲੀ ਕਿਉਂ ਕੀਤੀ, ਜਿਸਨੂੰ ਕਰਨਾ ਪਰਮੇਸ਼ੁਰ ਬਦੀ ਸਮਝਦਾ ਹੈ।"
20 ਸ਼ਾਊਲ ਨੇ ਕਿਹਾ, "ਪਰ ਮੈਂ ਤਾਂ ਯਹੋਵਾਹ ਦਾ ਹੁਕਮ ਮੰਨਿਆ ਹੈ। ਮੈਂ ਤਾਂ ਉਥੇ-ਉਥੇ ਗਿਆ ਹਾਂ ਜਿਥੇ ਯਹੋਵਾਹ ਨੇ ਮੈਨੂੰ ਭੇਜਿਆ। ਮੈਂ ਸਾਰੇ ਅਮਾਲੇਕੀਆਂ ਨੂੰ ਖਤਮ ਕੀਤਾ। ਮੈਂ ਸਿਰਫ਼ ਇੱਕ ਆਦਮੀ ਅਗਾਗ ਜੋ ਕਿ ਉਨ੍ਹਾਂ ਦਾ ਪਾਤਸ਼ਾਹ ਸੀ, ਉਸਨੂੰ ਵਾਪਸ ਜਿਉਂਦਾ ਲਿਆਇਆ ਹਾਂ।
21 ਸਿਪਾਹੀ ਲੁੱਟ ਦੇ ਵਿੱਚੋਂ ਭੇਡਾਂ ਅਤੇ ਚੰਗੇ ਪਸ਼ੂ ਜੋ ਚੰਗੀਆਂ ਚੀਜ਼ਾਂ ਸਨ ਉਨ੍ਹਾਂ ਨੂੰ ਲਿਆਏ ਹਨ ਅਤੇ ਯਹੋਵਾਹ ਤੇਰੇ ਪਰਮੇਸ਼ੁਰ ਨੂੰ ਗਿਲਗਾਲ ਵਿੱਚ ਚੜਾਉਣ ਲਈ ਲਿਆਏ ਹਨ।"
22 ਪਰ ਸਮੂਏਲ ਨੇ ਆਖਿਆ, "ਭਲਾ ਇਹ ਦੱਸ ਕਿ ਯਹੋਵਾਹ ਹੋਮ ਦੀਆਂ ਭੇਟਾਂ ਦੀਆਂ ਬਲਿਆਂ ਨਾਲ ਪ੍ਰਸੰਨ ਹੁੰਦਾ ਹੈ ਜਾਂ ਇਸ ਗੱਲ ਉੱਪਰ ਕਿ ਉਸਦਾ ਹੁਕਮ ਮੰਨਿਆ ਜਾਵੇ? ਵੇਖ! ਮੰਨਣਾ ਭੇਟਾ ਚੜਾਉਣ ਨਾਲੋਂ ਅਤੇ ਸਰੋਤਾ ਬਨਣਾ ਭੇਡੇ ਦੀ ਚਰਬੀ ਚੜਾਉਣ ਨਾਲੋਂ ਕਿਤੇ ਵਧ ਚੰਗਾ ਹੈ।
23 ਹੁਕਮ ਨਾ ਮੰਨਣਾ ਮਾਂਦਰੀ ਦੇ ਪਾਪ ਜਿੰਨਾ ਹੀ ਬੁਰਾ ਹੈ। ਢੀਠ ਹੋਣਾ ਅਤੇ ਮਨ-ਮਰਜ਼ੀ ਕਰਨਾ ਬੁੱਤ ਉਪਾਸਨਾ ਕਰਨ ਜਿੰਨਾ ਹੀ ਬੁਰਾ ਹੈ। ਤੂੰ ਯਹੋਵਾਹ ਦੇ ਹੁਕਮ ਨੂੰ ਮੰਨਣ ਤੋਂ ਇਨਕਾਰ ਕੀਤਾ ਇਸ ਲਈ ਯਹੋਵਾਹ ਨੇ ਤੈਨੂੰ ਪਾਤਸ਼ਾਹ ਮੰਨਣ ਤੋਂ ਇਨਕਾਰ ਕੀਤਾ ਹੈ।"
24 ਤਦ ਸ਼ਾਊਲ ਨੇ ਸਮੂਏਲ ਨੂੰ ਕਿਹਾ, "ਮੈਂ ਪਾਪੀ ਹਾਂ ਕਿਉਂ ਜੁ ਮੈਂ ਯਹੋਵਾਹ ਦੀ ਆਗਿਆ ਨੂੰ ਅਤੇ ਤੇਰੀਆਂ ਗੱਲਾਂ ਮੋੜ ਦਿੱਤਾ। ਮੈਂ ਲੋਕਾਂ ਕੋਲੋਂ ਡਰਕੇ ਉਹ ਕੁਝ ਕੀਤਾ ਜੋ ਉਨ੍ਹਾਂ ਨੇ ਕਿਹਾ।
25 ਹੁਣ ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ, ਮਿੰਨਤ ਕਰਦਾ ਹਾਂ ਮੈਨੂੰ ਇਸ ਪਾਪ ਲਈ ਖਿਮਾ ਕਰ। ਤੂੰ ਮੇਰੇ ਨਾਲ ਮੁੜ ਚੱਲ ਤਾਂ ਜੋ ਮੈਂ ਯਹੋਵਾਹ ਦੀ ਉਪਾਸਨਾ ਕਰਾਂ।"
26 ਪਰ ਸਮੂਏਲ ਨੇ ਸ਼ਾਊਲ ਨੂੰ ਕਿਹਾ, "ਹੁਣ ਮੈਂ ਤੇਰੇ ਨਾਲ ਵਾਪਸ ਨਹੀਂ ਜਾਵਾਂਗਾ। ਤੂੰ ਯਹੋਵਾਹ ਦੇ ਹੁਕਮ ਦੀ ਉਲੰਘਣਾ ਕੀਤੀ ਅਤੇ ਇਨਕਾਰ ਕੀਤਾ ਹੁਣ ਯਹੋਵਾਹ ਤੈਨੂੰ ਇਸਰਾਏਲ ਦਾ ਪਾਤਸ਼ਾਹ ਬਨਾਉਣ ਤੋਂ ਇਨਕਾਰੀ ਹੈ।
27 ਜਦੋਂ ਸਮੂਏਲ ਜਾਣ ਲਈ ਵਾਪਸ ਮੁੜਿਆ, ਸ਼ਾਊਲ ਨੇ ਸਮੂਏਲ ਦਾ ਚੋਗਾ ਫ਼ੜ ਲਿਆ। ਅਤੇ ਉਹ ਪਾਟ ਗਿਆ।
28 ਸਮੂਏਲ ਨੇ ਸ਼ਾਊਲ ਨੂੰ ਕਿਹਾ, "ਤੂੰ ਮੇਰਾ ਚੋਲਾ ਪਾੜ ਦਿੱਤਾ, ਤਾਂ ਇੰਝ ਹੀ, ਅੱਜ ਯਹੋਵਾਹ ਨੇ ਇਸਰਾਏਲ ਦਾ ਰਾਜ ਤੈਥੋਂ ਪਾੜ ਦਿੱਤਾ ਹੈ। ਉਸਨੇ ਇਹ ਰਾਜ ਤੇਰੇ ਦੋਸਤਾਂ ਵਿੱਚੋਂ ਇੱਕ ਨੂੰ ਸੌਂਪ ਦਿੱਤਾ ਹੈ ਜਿਹੜਾ ਤੈਥੋਂ ਜ਼ਿਆਦੇ ਬਿਹਤਰ ਹੈ।
29 ਯਹੋਵਾਹ ਹੀ ਇਸਰਾਏਲ ਦਾ ਪਰਮੇਸ਼ੁਰ ਹੈ। ਉਹ ਸਦੀਪਕ ਹੈ। ਉਹ ਨਾ ਤਾਂ ਰੋਜ਼ ਆਪਣਾ ਮਨ ਬਦਲਦਾ ਹੈ ਨਾ ਝੂਠ ਬੋਲਦਾ ਹੈ। ਉਹ ਮਨੁਖਾਂ ਵਾਂਗ ਰੋਜ਼ ਆਪਣੀ ਜ਼ੁਬਾਣ ਤੋਂ ਨਹੀਂ ਫ਼ਿਰਦਾ ਅਤੇ ਨਾ ਹੀ ਮਨ ਬਦਲਦਾ ਫ਼ਿਰਦਾ ਹੈ।"
30 ਸ਼ਾਊਲ ਨੇ ਜਵਾਬ 'ਚ ਕਿਹਾ, "ਠੀਕ ਹੈ! ਮੈਂ ਪਾਪ ਕੀਤੇ! ਪਰ ਕਿਰਪਾ ਕਰਕੇ ਤੂੰ ਮੇਰੇ ਕੋਲ ਪਰਤ ਆ ਅਤੇ ਮੇਰੇ ਲੋਕਾਂ ਦੇ ਬਜ਼ੁਰਗਾਂ ਅਤੇ ਇਸਰਾਏਲ ਦੇ ਅੱਗੇ ਮੇਰਾ ਆਦਰ ਕਰ। ਮੇਰੇ ਨਾਲ ਮੁੜ ਚੱਲ ਤਾਂ ਜੋ ਮੈਂ ਯਹੋਵਾਹ ਤੇਰੇ ਪਰਮੇਸ਼ੁਰ ਦੀ ਉਪਾਸਨਾ ਕਰਾਂ।"
31 ਸਮੂਏਲ ਸ਼ਾਊਲ ਦੇ ਨਾਲ ਤੁਰ ਪਿਆ ਅਤੇ ਸ਼ਾਊਲ ਨੇ ਯਹੋਵਾਹ ਦੀ ਉਪਾਸਨਾ ਕੀਤੀ।
32 ਸਮੂਏਲ ਨੇ ਕਿਹਾ, "ਅਮਾਲੇਕੀਆਂ ਦੇ ਪਾਤਸ਼ਾਹ ਅਗਾਗ ਨੂੰ ਇੱਥੇ ਮੇਰੇ ਕੋਲ ਲੈ ਆਉ।" ਅਗਾਗ ਸਮੂਏਲ ਕੋਲ ਆਇਆ। ਉਸਨੂੰ ਜ਼ੰਜ਼ੀਰਾਂ ਨਾਲ ਬੰਨ੍ਹਿਆ ਹੋਇਆ ਸੀ। ਅਗਾਗ ਨੇ ਸੋਚਿਆ, "ਹੁਣ ਤੱਕ ਜ਼ਰੂਰ ਮੌਤ ਦੀ ਕੁੜੱਤਣ ਲੰਗ ਗਈ ਹੋਵੇਗੀ।
33 ਪਰ ਸਮੂਏਲ ਨੇ ਅਗਾਗ ਨੂੰ ਆਖਿਆ, "ਤੇਰੀ ਤਲਵਾਰ ਨੇ ਮਾਵਾਂ ਦੇ ਲਾਲ ਖੋਹ ਲਈ। ਇਸ ਲਈ ਹੁਣ ਤੇਰੀ ਮਾਂ ਦੇ ਵੀ ਕੋਈ ਔਲਾਦ ਨਾ ਹੋਵੇਗੀ।" ਸਮੂਏਲ ਨੇ ਗਿਲਗਾਲ ਦੇ ਯਹੋਵਾਹ ਦੇ ਅੱਗੇ ਅਗਾਗ ਦੇ ਟੁਕੜੇ-ਟੁਕੜੇ ਕਰਕੇ ਰੱਖ ਦਿੱਤੇ।
34 ਤਦ ਸਮੂਏਲ ਉਥੋਂ ਰਾਮਾਹ ਵੱਲ ਗਿਆ ਅਤੇ ਸ਼ਾਊਲ ਆਪਣੇ ਘਰ ਗਿਬਆਹ ਵੱਲ ਮੁੜ ਗਿਆ।
35 ਉਸਤੋਂ ਬਾਦ ਸਮੂਏਲ ਆਪਣੀ ਸਾਰੀ ਜ਼ਿੰਦਗੀ ਸ਼ਾਊਲ ਨੂੰ ਮੁੜ ਨਹੀਂ ਮਿਲਿਆ। ਸਮੂਏਲ ਨੂੰ ਸ਼ਾਊਲ ਲਈ ਬੜਾ ਦੁੱਖ ਸੀ ਅਤੇ ਯਹੋਵਾਹ ਨੂੰ ਬੜਾ ਅਫ਼ਸੋਸ ਸੀ ਕਿ ਉਸਨੇ ਸ਼ਾਊਲ ਨੂੰ ਇਸਰਾਏਲ ਦਾ ਪਾਤਸ਼ਾਹ ਠਹਿਰਾਇਆ।