ਕਾਂਡ 21
1 ਤਦ ਦਾਊਦ ਚਲਾ ਗਿਆ ਅਤੇ ਯੋਨਾਥਾਨ ਵਾਪਸ ਸ਼ਹਿਰ 'ਚ ਪਰਤ ਆਇਆ। ਦਾਊਦ ਨੌਬ ਨਾਮ ਦੇ ਸ਼ਹਿਰ ਵਿੱਚ ਅਹੀਮਲਕ ਨਾਮ ਦੇ ਜਾਜਕ ਵੱਲ ਗਿਆ।ਅਹੀਮਲਕ ਵੀ ਦਾਊਦ ਨੂੰ ਮਿਲਣ ਲਈ ਬਾਹਰ ਨਿਕਲਿਆ ਪਰ ਉਹ ਡਰ ਨਾਲ ਕੰਬ ਰਿਹਾ ਸੀ ਅਤੇ ਉਸਨੇ ਡਰਦਿਆਂ ਦਾਊਦ ਕੋਲੋਂ ਪੁਛਿਆ, "ਤੂੰ ਇਕੱਲਾ ਕਿਉਂ ਹੈਂ? ਕੀ ਤੇਰੇ ਨਾਲ ਕੋਈ ਨਹੀਂ ਆਇਆ?"
2 ਦਾਊਦ ਨੇ ਅਹੀਮਲਕ ਨੂੰ ਕਿਹਾ, "ਪਾਤਸ਼ਾਹ ਨੇ ਮੈਨੂੰ ਖਾਸ ਹੁਕਮ ਦੇਕੇ ਭੇਜਿਆ ਹੈ। ਉਸਨੇ ਮੈਨੂੰ ਕਿਹਾ ਹੈ, 'ਕਿਸੇ ਨੂੰ ਵੀ ਇਸ ਕੰਮ ਬਾਰੇ ਜੋ ਮੈਂ ਤੈਨੂੰ ਕਰਨ ਲਈ ਭੇਜਿਆ ਹੈ, ਪਤਾ ਨਾ ਲੱਗੇ।' ਅਤੇ ਆਪਣੇ ਆਦਮੀਆਂ ਨੂੰ ਮੈਂ ਮਿਲਣ ਲਈ ਥਾਂ ਦੱਸ ਦਿੱਤੀ ਹੈ ਕਿ ਕਿਥੇ ਮਿਲਣਾ ਹੈ।
3 ਹੁਣ ਤੇਰੇ ਕੋਲ ਖਾਣ ਨੂੰ ਕੀ ਹੈ? ਮੈਨੂੰ ਪੰਜ ਰੋਟੀਆਂ ਜਾਂ ਕੁਝ ਵੀ ਤੇਰੇ ਕੋਲ ਹੈ, ਮੈਨੂੰ ਖਾਣ ਲਈ ਦੇ।"
4 ਜਾਜਕ ਨੇ ਦਾਊਦ ਨੂੰ ਕਿਹਾ, "ਮੇਰੇ ਕੋਲ ਇੱਥੇ ਕੋਈ ਆਮ ਰੋਟੀ ਨਹੀਂ ਹੈ, ਪਰ ਮੇਰੇ ਕੋਲ ਇੱਥੇ ਕੁਝ ਪਵਿੱਤਰ ਰੋਟੀਆਂ ਹਨ। ਤੇਰੇ ਬੰਦੇ ਇਹ ਰੋਟੀਆਂ ਖਾ ਸਕਦੇ ਹਨ ਜੇਕਰ ਉਨ੍ਹਾਂ ਕਿਸੇ ਔਰਤ ਨਾਲ ਸੰਭੋਗ ਨਹੀਂ ਕੀਤਾ।"
5 ਦਾਊਦ ਨੇ ਜਾਜਕ ਨੂੰ ਕਿਹਾ, "ਸਾਡੇ ਨਾਲ ਕੋਈ ਇਸਤਰੀ ਨਹੀਂ ਹੈ। ਭਾਵੇਂ ਅਸੀਂ ਲੜਾਈ ਲੜਨ ਲਈ ਜਾਈਏ ਅਤੇ ਭਾਵੇਂ ਕਿਸੇ ਆਮ ਕੰਮ ਲਈ ਪਰ ਮੇਰੇ ਆਦਮੀ ਹਰ ਵਾਰ ਬਾਹਰ ਜਾਣ ਤੋਂ ਪਹਿਲਾਂ ਆਪਣਾ ਸ਼ਰੀਰ ਪਵਿੱਤਰ ਰਖਦੇ ਹਨ ਅਤੇ ਅੱਜ ਲਈ ਤਾਂ ਇਹ ਗੱਲ ਬਿਲਕੁਲ ਹੀ ਸੱਚ ਹੈ ਜਦ ਕਿ ਅੱਜ ਦਾ ਸਾਡਾ ਕਾਰਜ ਹੀ ਬੜਾ ਵਿਸ਼ੇਸ਼ ਹੈ।"
6 ਉਥੇ ਪਵਿੱਤਰ ਰੋਟੀਆਂ ਤੋਂ ਸਿਵਾਏ ਕੁਝ ਹੋਰ ਸੀ ਹੀ ਨਹੀਂ, ਇਸ ਲਈ ਜਾਜਕ ਨੇ ਉਹ ਰੋਟੀਆਂ ਦਾਊਦ ਨੂੰ ਦੇ ਦਿੱਤੀਆਂ। ਇਹ ਉਹ ਰੋਟੀ ਸੀ ਜਿਹੜੀ ਜਾਜਕ ਯਹੋਵਾਹ ਦੇ ਅੱਗੇ ਭੋਗ ਲਗਾਉਣ ਲਈ ਖਾਣਾ ਖਾਣ ਤੋਂ ਪਹਿਲਾਂ ਤੋਂ ਪਹਿਲਾਂ ਰਖਦਾ ਹੈ। ਹਰ ਰੋਜ਼ ਉਹ ਪੁਰਾਣੀ ਰੋਟੀ ਉਥੋਂ ਚੁੱਕੇ ਨਵੀਂ ਤਾਜ਼ੀ ਰੋਟੀ ਉਥੇ ਮੇਜ਼ ਉੱਤੇ ਯਹੋਵਾਹ ਅੱਗੇ ਰਖਦੇ ਹਨ।
7 ਉਸ ਦਿਨ ਸ਼ਾਊਲ ਦੇ ਸਿਪਾਹਿਆਂ ਵਿੱਚੋਂ ਇਕ ਉਥੇ ਹੀ ਸੀ। ਉਸਦਾ ਨਾਮ ਅਦੋਮੀ ਦੋਏਗ ਸੀ। ਦੋਏਗ ਸ਼ਾਊਦ ਦੇ ਅਯਾਲੀਆਂ ਦਾ ਆਗੂ ਸੀ, ਉਸਨੂੰ ਉਥੇ ਯਹੋਵਾਹ ਦੇ ਅੱਗੇ ਰੱਖਿਆ ਗਿਆ ਸੀ।
8 ਦਾਊਦ ਨੇ ਅਹੀਮਲਕ ਨੂੰ ਪੁਛਿਆ, "ਕੀ ਤੇਰੇ ਕੋਲ ਇੱਥੇ ਨੇਜਾ ਜਾਂ ਤਲਵਾਰ ਹੈ? ਮੈਨੂੰ ਜਲਦੀ ਵਿੱਚ ਤੁਰਨਾ ਪਿਆ ਕਿਉਂਕਿ ਪਾਤਸ਼ਾਹ ਦਾ ਕੰਮ ਬਹੁਤ ਜਲਦੀ ਦਾ ਸੀ ਅਤੇ ਜਲਦੀ ਵਿੱਚ ਮੈਂ ਆਪਣੇ ਨਾਲ ਆਪਣੀ ਤਲਵਾਰ ਜਾਂ ਹੋਰ ਕੋਈ ਹਥਿਆਰ ਨਹੀਂ ਲੈਕੇ ਆਇਆ।"
9 ਜਾਜਕ ਨੇ ਕਿਹਾ, "ਇੱਥੇ ਤਾਂ ਕੇਵਲ ਫ਼ਲਿਸਤੀ ਗੋਲਿਆਥ ਦੀ ਤਲਵਾਰ ਪਈ ਹੈ। ਇਹ ਉਹੀ ਤਲਵਾਰ ਹੈ ਜਿਹੜੀ ਤੂੰ ਉਸ ਕੋਲੋਂ ਲੈਕੇ ਏਲਾਹ ਦੀ ਵਾਦੀ ਵਿੱਚ ਉਸਨੂੰ ਜਾਨੋਂ ਮਾਰਿਆ ਸੀ। ਇਹ ਤਲਵਾਰ ਕੱਪੜੇ ਵਿੱਚ ਲਪੇਟੀ ਏਫ਼ੋਦ ਦੇ ਪਿਛੇ ਪਈ ਹੈ। ਜੇਕਰ ਤੈਨੂੰ ਚਾਹੀਦੀ ਹੈ ਤਾਂ ਤੂੰ ਲੈ ਜਾ ਸਕਦਾ ਹੈ।"ਦਾਊਦ ਨੇ ਕਿਹਾ, "ਇਹ ਮੈਨੂੰ ਦੇ ਦਿਉ। ਗੋਲਿਆਥ ਦੀ ਤਲਵਾਰ ਜਿਹੀ ਹੋਰ ਕੋਈ ਤਲਵਾਰ ਨਹੀਂ ਹੈ।"
10 ਉਸ ਦਿਨ ਦਾਊਦ ਸ਼ਾਊਲ ਤੋਂ ਭੱਜ ਗਿਆ ਅਤੇ ਗਥ ਦੇ ਪਾਤਸ਼ਾਹ ਆਕੀਸ਼ ਕੋਲ ਗਿਆ।
11 ਆਕੀਸ਼ ਦੇ ਅਫ਼ਸਰਾਂ ਨੂੰ ਇਹ ਚੰਗਾ ਨਾ ਲੱਗਾ। ਉਨ੍ਹਾਂ ਕਿਹਾ, "ਇਹ ਦਾਊਦ ਹੈ। ਇਸਰਾਏਲ ਦਾ ਪਾਤਸ਼ਾਹ, ਇਹ ਉਹੀ ਹੈ ਜਿਸਦਾ ਇਸਰਾਏਲੀ ਪ੍ਰਸ਼ਂਸਾ 'ਚ ਗੁਨਗਾਣ ਕਰਦੇ ਹਨ। ਅਤੇ ਉਹ, ਇਸਦੇ ਲਈ ਨੱਚਦੇ ਅਤੇ ਇਹ ਗੀਤ ਗਾਉਂਦੇ ਹਨ:"ਸ਼ਾਊਲ ਨੇ ਹਜ਼ਾਰਾ ਵੈਰੀ ਮਾਰੇ ਪਰ ਦਾਊਦ ਨੇ ਲਖਾਂ ਵੈਰੀ ਮਾਰ ਮੁਕਾਏ।"
12 ਦਾਊਦ ਨੇ ਉਨ੍ਹਾਂ ਦੀ ਗੱਲ ਵੱਲ ਖਾਸ ਧਿਆਨ ਦੇਕੇ ਸੁਣਿਆ ਕਿ ਉਹ ਕੀ ਕਹਿ ਰਹੇ ਹਨ। ਤਦ ਉਹ ਗਥ ਦੇ ਰਾਜੇ ਆਕੀਸ਼ ਕੋਲੋਂ ਬਹੁਤ ਡਰਿਆ।
13 ਤਾਂ ਦਾਊਦ ਨੇ ਪਾਤਸ਼ਾਹ ਆਕੀਸ਼ ਅਤੇ ਉਸਦੇ ਅਫ਼ਸਰਾਂ ਸਾਮ੍ਹਣੇ ਝਲ੍ਲੇ ਹੋਣ ਦਾ ਦਿਖਾਵਾ ਕੀਤਾ। ਉਸਨੇ ਦਰਵਾਜ਼ਿਆਂ ਉੱਤੇ ਥੁਕਿਆ ਅਤੇ ਆਪਣਾ ਥੁਕ੍ਕ ਆਪਣੀ ਦਾਢ਼ੀ ਉੱਤੇ ਡਿੱਗਣ ਦਿੱਤਾ।
14 ਆਕੀਸ਼ ਨੇ ਆਪਣੇ ਅਫ਼ਸਰਾਂ ਨੂੰ ਕਿਹਾ, "ਇਸ ਆਦਮੀ ਵੱਲ ਵੇਖੋ। ਇਹ ਪਾਗਲ ਹੈ। ਇਸਨੂੰ ਭਲਾ ਤੁਸੀਂ ਮੇਰੇ ਕੋਲ ਕਿਉਂ ਲਿਆਏ ਹੋ?
15 ਮੇਰੇ ਕੋਲ ਅੱਗੇ ਹੀ ਕਮਲੇ ਮਨੁਖਾਂ ਦੀ ਕਮੀ ਨਹੀਂ। ਅਤੇ ਮੈਨੂੰ ਲੋੜ ਨਹੀਂ ਕਿ ਇਸ ਕਮਲੇ ਮਨੁੱਖ ਨੂੰ ਤੁਸੀਂ ਮੇਰੇ ਘਰ ਸਾਮ੍ਹਣੇ ਲਿਆਵੋ ਜੋ ਮੇਰੇ ਸਾਮ੍ਹਣੇ ਕਮਲਿਆਂ ਵਰਗੇ ਕਰਤਬ ਕਰੇ। ਦੁਬਾਰਾ ਇਸ ਆਦਮੀ ਨੂੰ ਮੇਰੇ ਘਰ ਨਾ ਵੜਨ ਦੇਣਾ।"