੧ ਕੁਰਿੰਥੀਆਂ

ਕਾਂਡ : 1 2 3 4 5 6 7 8 9 10 11 12 13 14 15 16


ਕਾਂਡ 3

1 ਭਰਾਵੋ ਅਤੇ ਭੈਣੋ ਪਹਿਲਾਂ ਮੈਂ ਤੁਹਾਡੇ ਨਾਲ ਇਸ ਤਰ੍ਹਾਂ ਗੱਲਾਂ ਨਹੀਂ ਸੀ ਕਰ ਸਕਦਾ ਜਿਵੇਂ ਮੈਂ ਆਤਮਕ ਲੋਕਾਂ ਨਾਲ ਗੱਲਾਂ ਕਰਦਾ ਹਾਂ। ਮੈਨੂੰ ਤੁਹਾਡੇ ਨਾਲ ਇਵੇਂ ਗੱਲ ਕਰਨੀ ਪੈਂਦੀ ਸੀ ਜਿਵੇਂ ਮੈਂ ਦੁਨਿਆਵੀ ਲੋਕਾਂ ਨਾਲ ਗੱਲ ਕਰ ਰਿਹਾ ਹੋਵਾਂ - ਜਿਵੇਂ ਕਿ ਮਸੀਹ ਦੇ ਰਾਹ ਉੱਤੇ ਤੁਸੀਂ ਨਿਆਣੇ ਹੋਵੋ।
2 ਜਿਹੜੀ ਸਿਖਿਆ ਮੈਂ ਤੁਹਾਨੂੰ ਦਿੱਤੀ ਉਹ ਦੁਧ ਵਰਗੀ ਸੀ, ਠੋਸ ਆਹਾਰ ਵਰਗੀ ਨਹੀਂ। ਮੈਂ ਇਉਂ ਉਸ ਲਈ ਕੀਤਾ ਕਿਉਂ ਜੁ ਹਾਲੇ ਤੁਸੀਂ ਠੋਸ ਭੋਜਨ ਖਾਣ ਲਈ ਤਿਆਰ ਨਹੀਂ ਸੀ ਅਤੇ ਅਜੇ ਵੀ ਤੁਸੀਂ ਤਿਆਰ ਨਹੀਂ ਹੋ।
3 ਤੁਸੀਂ ਹਾਲੇ ਵੀ ਆਤਮਕ ਲੋਕ ਨਹੀਂ ਹੋ। ਤੁਹਾਡੇ ਅੰਦਰ ਈਰਖਾ ਅਤੇ ਝਗੜੇ ਹਨ। ਇਹ ਦਰਸ਼ਾਉਂਦਾ ਹੈ ਕਿ ਤੁਸੀਂ ਆਤਮਕ ਨਹੀਂ ਹੋ। ਤੁਸੀਂ ਦੁਨਿਆਵੀ ਲੋਕਾਂ ਵਰਗਾ ਹੀ ਵਿਹਾਰ ਕਰਦੇ ਹੋ।
4 ਤੁਹਾਡੇ ਵਿੱਚੋਂ ਇੱਕ ਆਖਦਾ, “ਮੈਂ ਪੌਲੁਸ ਦਾ ਚੇਲਾ ਹਾਂ” ਦੂਜਾ ਆਖਦਾ, “ਮੈਂ ਅਪੁਲੋਸ ਦਾ ਚੇਲਾ ਹਾਂ” ਜਦੋਂ ਤੁਸੀਂ ਇਹੋ ਜਿਹੀਆਂ ਗੱਲਾਂ ਕਰਦੇ ਹੋ ਤਾਂ ਤੁਸੀਂ ਦੁਨਿਆਵੀ ਲੋਕਾਂ ਵਰਗਾ ਵਿਹਾਰ ਕਰਦੇ ਹੋ।
5 ਕੀ ਅਪੁਲੋਸ ਮਹੱਤਵਪੂਰਣ ਹੈ? ਨਹੀਂ। ਕੀ ਪੌਲੁਸ ਮਹਤਵਪੂਰਣ ਹੈ? ਨਹੀਂ। ਅਸੀਂ ਸਿਰਫ਼ ਪਰਮੇਸ਼ੁਰ ਦੇ ਸੇਵਕ ਹਾਂ ਜਿਨ੍ਹਾਂ ਨੇ ਵਿਸ਼ਵਾਸ ਕਰਨ ਵਿੱਚ ਤੁਹਾਡੀ ਸਹਾਇਤਾ ਕੀਤੀ ਹੈ। ਸਾਡੇ ਵਿੱਚੋਂ ਹਰੇਕ ਨੇ ਓਹੀ ਕਾਰਜ਼ ਕੀਤਾ ਹੈ ਜੋ ਵੀ ਕੋਈ ਕੰਮ ਪਰਮੇਸ਼ੁਰ ਨੇ ਸਾਨੂੰ ਸੌਂਪਿਆ ਸੀ।
6 ਮੈਂ ਬੀਜ਼ ਬੀਜਿਆ ਸੀ ਅਤੇ ਅਪੁਲੋਸ ਨੇ ਇਸਨੂੰ ਪਾਣੀ ਨਾਲ ਸਿੰਜਿਆ। ਪਰ ਇਹ ਤਾਂ ਪਰਮੇਸ਼ੁਰ ਹੀ ਸੀ ਜਿਸਨੇ ਬੀਜ਼ ਨੂੰ ਉਗਾਇਆ।
7 ਇਸ ਲਈ ਨਾ ਹੀ ਜਿਹੜਾ ਬੰਦਾ ਬੀਜਦਾ ਹੈ ਅਤੇ ਨਾ ਹੀ ਜਿਹੜਾ ਇਸਨੂੰ ਸਿੰਜਦਾ ਹੈ, ਮਹੱਤਵਪੂਰਣ ਹੈ। ਸਿਰਫ਼ ਪਰਮੇਸ਼ੁਰ ਹੀ ਮਹੱਤਵਪੂਰਣ ਹੈ ਕਿਉਂਕਿ ਉਹੀ ਬੀਜ ਨੂੰ ਉਗਾਉਂਦਾ ਹੈ।
8 ਜਿਹੜਾ ਵਿਅਕਤੀ ਬੀਜ ਬੀਜਦਾ ਹੈ ਅਤੇ ਜਿਹੜਾ ਇਸਨੂੰ ਸਿੰਜਦਾ ਹੈ, ਦੋਹਾਂ ਦਾ ਇੱਕ ਮਕਸਦ ਹੈ। ਅਤੇ ਹਰੇਕ ਉਸਦੇ ਅਨੁਸਾਰ ਫ਼ਲ ਪ੍ਰਾਪਤ ਕਰੇਗਾ।
9 ਅਸੀਂ ਰੱਬ ਦੇ ਸਾਂਝੇ ਕਾਮੇ ਹਾਂ। ਅਤੇ ਤੁਸੀਂ ਉਸ ਖੇਤ ਵਾਂਗ ਹੋ ਜਿਸਦਾ ਮਾਲਕ ਪਰਮੇਸ਼ੁਰ ਹੈ।ਅਤੇ ਤੁਸੀਂ ਉਸ ਘਰ ਵਰਗੇ ਹੋ ਜਿਸਦਾ ਮਾਲਿਕ ਪਰਮੇਸ਼ੁਰ ਹੈ।
10 ਮਾਹਰ ਨਿਰਮਾਤਾ ਵਾਂਗ ਮੈਂ ਉਸ ਘਰ ਦੀ ਬੁਨਿਆਦ ਰੱਖੀ ਹੈ। ਇਸ ਲਈ ਮੈਂ ਉਸ ਦਾਤ ਦੀ ਵਰਤੋਂ ਕੀਤੀ ਹੈ ਜਿਹੜੀ ਮੈਨੂੰ ਪਰਮੇਸ਼ੁਰ ਨੇ ਇਸ ਮੰਤਵ ਲਈ ਦਿੱਤੀ ਸੀ। ਹੋਰ ਲੋਕ ਇਸ ਬੁਨਿਆਦ ਉੱਤੇ ਉਸਾਰ ਕਰ ਰਹੇ ਹਨ। ਪਰ ਵਿਅਕਤੀ ਨੂੰ ਉਸਾਰੀ ਕਰਨ ਵਿੱਚ ਸਾਵਧਾਨੀ ਵਰਤਨੀ ਚਾਹੀਦੀ ਹੈ।
11 ਬੁਨਿਆਦ ਪਹਿਲਾਂ ਹੀ ਰੱਖੀ ਜਾ ਚੁੱਕੀ ਹੈ। ਕੋਈ ਵੀ ਵਿਅਕਤੀ ਹੋਰ ਬੁਨਿਆਦ ਨਹੀਂ ਰੱਖ ਸਕਦਾ। ਜਿਹੜੀ ਬੁਨਿਆਦ ਰੱਖੀ ਜਾ ਚੁੱਕੀ ਹੈ ਉਹ ਯਿਸੂ ਮਸੀਹ ਹੈ।
12 ਕੋਈ ਵੀ ਵਿਅਕਤੀ ਉਸ ਬੁਨਿਆਦ ਉੱਪਰ ਸੋਨੇ, ਚਾਂਦੀ, ਹੀਰੇ ਲੱਕੜੀ, ਘਾਹਫ਼ੂਸ ਜਾਂ ਤਿਨਕੇ ਲਾਕੇ ਉਸਾਰੀ ਕਰ ਸਕਦਾ ਹੈ।
13 ਪਰ ਹਰ ਇੱਕ ਵਿਅਕਤੀ ਦਾ ਕੰਮ ਸਪਸ਼ਟ ਵੇਖਿਆ ਜਾਵੇਗਾ। ਕਿਉਂਕਿ ਨਿਰਣੇ ਦਾ ਦਿਨ ਇਸਨੂੰ ਬਹੁਤ ਸਪਸ਼ਟ ਕਰ ਦੇਵੇਗਾ। ਉਹ ਦਿਨ ਅਗਨੀ ਨਾਲ ਆਵੇਗਾ ਅਤੇ ਅਗਨੀ ਹਰ ਵਿਅਕਤੀ ਦੇ ਕੰਮ ਦੀ ਪਰਖ ਕਰੇਗੀ।
14 ਜੇ ਕਿਸੇ ਵਿਅਕਤੀ ਵੱਲੋਂ ਬੁਨਿਆਦ ਉੱਤੇ ਉਸਾਰੀ ਗਈ ਇਮਾਰਤ ਖਲੋਤੀ ਰਹਿੰਦੀ ਹੈ ਤਾਂ ਉਹ ਵਿਅਕਤੀ ਆਪਣਾ ਇਨਾਮ ਹਾਸਿਲ ਕਰੇਗਾ।
15 ਜੇ ਕਿਸੇ ਵਿਅਕਤੀ ਦੀ ਇਮਾਰਤ ਜਲਕੇ ਰਾਖ ਹੋ ਜਾਂਦੀ ਹੈ, ਤਾਂ ਉਸ ਨੂੰ ਨੁਕਸਾਨ ਭੁਗਤਨਾ ਪਵੇਗਾ। ਉਹ ਵਿਅਕਤੀ ਬਚਾਇਆ ਜਾਵੇਗਾ ਪਰ ਉਹ ਉਸ ਇੱਕ ਵਰਗਾ ਹੋਵੇਗਾ ਜੋ ਕਿ ਅੱਗ ਤੋਂ ਬਚਾਇਆ ਗਿਆ ਹੋਵੇ।
16 ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਖੁਦ ਪਰਮੇਸ਼ੁਰ ਦਾ ਮੰਦਰ ਹੋ। ਪਰਮੇਸ਼ੁਰ ਦਾ ਆਤਮਾ ਤੁਹਾਡੇ ਵਿੱਚ ਵਸਦਾ ਹੈ।
17 ਜੇ ਕੋਈ ਵਿਅਕਤੀ ਪਰਮੇਸ਼ੁਰ ਦੇ ਮੰਦਰ ਨੂੰ ਤਬਾਹ ਕਰਦਾ ਹੈ ਤਾਂ ਪਰਮੇਸ਼ੁਰ ਉਸ ਵਿਅਕਤੀ ਨੂੰ ਤਬਾਹ ਕਰ ਦੇਵੇਗਾ। ਕਿਉਂ? ਕਿਉਂਕਿ ਪਰਮੇਸ਼ੁਰ ਦਾ ਮੰਦਰ ਪਵਿੱਤਰ ਹੈ। ਤੁਸੀਂ ਖੁਦ ਉਸ ਪਰਮੇਸ਼ੁਰ ਦਾ ਮੰਦਰ ਹੋ।
18 ਆਪਣੇ-ਆਪ ਨੂੰ ਮੂਰਖ ਨਾ ਬਣਾਉ। ਜੇ ਤੁਹਾਡੇ ਵਿੱਚੋਂ ਕੋਈ ਵਿਅਕਤੀ ਇਹ ਸੋਚਦਾ ਹੈ ਕਿ ਉਹ ਦੁਨੀਆਂ ਵਿੱਚ ਸਿਆਣਾ ਮਨੁੱਖ ਹੈ, ਤਾਂ ਉਸਨੂੰ ਮੂਰਖ ਬਣ ਜਾਣਾ ਚਾਹੀਦਾ ਹੈ। ਫ਼ੇਰ ਉਹ ਵਿਅਕਤੀ ਸੱਚਮੁੱਚ ਦਾ ਸਿਆਣਾ ਬਣ ਸਕਦਾ ਹੈ।
19 ਕਿਉਂ? ਕਿਉਂਕਿ ਇਸ ਦੁਨੀਆਂ ਦੀ ਸਿਆਣਪ ਪਰਮੇਸ਼ੁਰ ਲਈ ਮੂਰਖਤਾ ਹੈ। ਪੋਥੀਆਂ ਵਿੱਚ ਇਹ ਲਿਖਿਆ ਹੋਇਆ ਹੈ, “ਉਹ ਸਿਆਣੇ ਲੋਕਾਂ ਨੂੰ ਉਨ੍ਹਾਂ ਦੇ ਚੁਸਤ ਚਲਾਕੀਆਂ ਵਾਲੇ ਅਮਲਾਂ ਤੋਂ ਫ਼ੜਦਾ ਹੈ।”
20 ਪੋਥੀਆਂ ਵਿੱਚ, ਇਹ ਵੀ ਲਿਖਿਆ ਹੈ, “ਪਰਮੇਸ਼ੁਰ ਨੂੰ ਸਿਆਣੇ ਲੋਕਾਂ ਦੀਆਂ ਸੋਚਾਂ ਦਾ ਪਤਾ ਹੈ। ਉਹ ਜਾਣਦਾ ਹੈ ਕਿ ਉਨ੍ਹਾਂ ਦੇ ਵਿਚਾਰ ਨਿਰਾਰਥਕ ਹਨ।”
21 ਇਸ ਲਈ ਤੁਹਾਨੂੰ ਮਨੁੱਖਾਂ ਬਾਰੇ ਘਮੰਡ ਨਹੀਂ ਕਰਨਾ ਚਾਹੀਦਾ। ਸਾਰੀਆਂ ਚੀਜ਼ਾਂ ਤੁਹਾਡੀਆਂ ਹਨ।
22 ਪੌਲੁਸ, ਅਪੁਲੋਸ ਅਤੇ ਕੇਫ਼ਸ, ਦੁਨੀਆਂ, ਜੀਵਨ, ਮੌਤ, ਵਰਤਮਾਨ ਅਤੇ ਭਵਿਖ੍ਖ ਇਹ ਸਾਰੀਆਂ ਚੀਜ਼ਾਂ ਤੁਹਾਡੀਆਂ ਹਨ।
23 ਅਤੇ ਤੁਸੀਂ ਮਸੀਹ ਦੇ ਹੋ ਅਤੇ ਮਸੀਹ ਪਰਮੇਸ਼ੁਰ ਦਾ ਹੈ।