੧ ਕੁਰਿੰਥੀਆਂ

ਕਾਂਡ : 1 2 3 4 5 6 7 8 9 10 11 12 13 14 15 16


ਕਾਂਡ 10

1 ਭਰਾਵੋ ਅਤੇ ਭੈਣੋ ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਜਾਣ ਲਵੋ ਕਿ ਸਾਡੇ ਪੁਰਖਿਆਂ ਨਾਲ ਕੀ ਵਾਪਰਿਆ ਜੋ ਮੂਸਾ ਦੇ ਅਨੁਯਾਈ ਸਨ। ਉਨ੍ਹਾਂ ਵਿੱਚੋਂ ਸਾਰੇ ਬੱਦਲ ਦੇ ਹੇਠਾਂ ਸਨ ਅਤੇ ਸਾਰੇ ਸਮੁੰਦਰ ਰਾਹੀਂ ਤੁਰੇ।
2 ਉਨ੍ਹਾਂ ਲੋਕਾਂ ਨੂੰ ਮੂਸਾ ਨੇ ਬੱਦਲਾਂ ਅਤੇ ਸਮੁੰਦਰ ਵਿੱਚ ਬਪਤਿਸਮਾ ਦਿੱਤਾ।
3 ਉਨ੍ਹਾਂ ਸਭ ਨੇ ਇੱਕੋ ਜਿਹੀ ਆਤਮਕ ਖੁਰਾਕ ਖਾਧੀ।
4 ਅਤੇ ਉਨ੍ਹਾਂ ਸਭਨੇ ਇੱਕੋ ਜਿਹਾ ਆਤਮਕ ਪਾਣੀ ਪੀਤਾ। ਉਸ ਆਤਮਕ ਚੱਟਾਨ ਤੋਂ ਜਿਹੜੀ ਉਨ੍ਹਾਂ ਦੇ ਨਾਲ ਸੀ। ਉਹ ਚੱਟਾਨ ਮਸੀਹ ਸੀ।
5 ਪਰ ਪਰਮੇਸ਼ੁਰ ਇਨ੍ਹਾਂ ਵਿੱਚੋਂ ਬਹੁਤਿਆਂ ਉੱਤੇ ਪ੍ਰਸੰਨ ਨਹੀਂ ਸੀ। ਉਹ ਰੇਗਿਸਤਾਨ ਵਿੱਚ ਮਾਰੇ ਗਏ।
6 ਅਤੇ ਇਹ ਗੱਲਾਂ ਜਿਹੜੀਆਂ ਵਾਪਰੀਆਂ ਸਾਡੇ ਲਈ ਮਿਸਾਲ ਹਨ। ਇਨ੍ਹਾਂ ਮਿਸਾਲਾਂ ਤੋਂ ਸਾਨੂੰ ਸਿਖਣਾ ਚਾਹੀਦਾ ਹੈ ਕਿ ਉਨ੍ਹਾਂ ਲੋਕਾਂ ਵਾਂਗ ਬੁਰੀਆਂ ਚੀਜ਼ਾਂ ਦੀ ਤਮੰਨਾ ਨਾ ਕਰੀਏ।
7 ਤੁਹਾਨੂੰ ਮੂਰਤੀਆਂ ਦੀ ਉਪਾਸਨਾ ਨਹੀਂ ਕਰਨੀ ਚਾਹੀਦੀ, ਜਿਵੇਂ ਉਨ੍ਹਾਂ ਵਿੱਚੋਂ ਕਈਆਂ ਨੇ ਕੀਤੀ ਹੈ। ਇਹ ਪੋਥੀਆਂ ਵਿੱਚ ਲਿਖਿਆ ਹੋਇਆ ਹੈ, “ਲੋਕ ਖਾਣ-ਪੀਣ ਲਈ ਬੈਠ ਗਏ। ਉਹ ਨਚ੍ਚਣ ਲਈ ਖਲੋ ਗਏ।”
8 ਸਾਨੂੰ ਉਨ੍ਹਾਂ ਵਿੱਚੋਂ ਕੁਝ ਲੋਕਾਂ ਵਾਂਗ ਜਿਨਸੀ ਗੁਨਾਹ ਵੀ ਨਹੀਂ ਕਰਨੇ ਚਾਹੀਦੇ। ਉਨ੍ਹਾਂ ਦੇ ਗੁਨਾਹਾਂ ਕਾਰਣ ਇੱਕ ਦਿਨ ਵਿੱਚ ਉਨ੍ਹਾਂ ਵਿੱਚੋਂ
23 ,000 ਮਾਰੇ ਗਏ।
9 ਸਾਨੂੰ ਮਸੀਹ ਨੂੰ ਨਹੀਂ ਪਰੱਖਣਾ ਚਾਹੀਦਾ ਜਿਵੇਂ ਉਨ੍ਹਾਂ ਵਿੱਚੋਂ ਕਈਆਂ ਨੇ ਪਰਮੇਸ਼ੁਰ ਨੂੰ ਪਰਖਿਆ ਸੀ। ਉਹ ਸੱਪ ਦੇ ਡੰਗ ਨਾਲ ਮਰ ਗਏ, ਕਿਉਂਕਿ ਉਨ੍ਹਾਂ ਨੇ ਪਰਮੇਸ਼ੁਰ ਨੂੰ ਪਰਖਿਆ।
10 ਸ਼ਿਕਾਇਤ ਨਾ ਕਰੋ ਜਿਵੇਂ ਉਨ੍ਹਾਂ ਵਿੱਚੋਂ ਕਈਆਂ ਨੇ ਸ਼ਿਕਾਇਤਾਂ ਕੀਤੀਆਂ ਸਨ। ਇਸ ਲਈ ਉਹ ਲੋਕ ਮੌਤ ਦੇ ਦੂਤ ਦੁਆਰਾ ਨਸ਼ਟ ਕਰ ਦਿੱਤੇ ਗਏ।
11 ਜੋ ਗੱਲਾਂ ਉਨ੍ਹਾਂ ਲੋਕਾਂ ਨਾਲ ਵਾਪਰੀਆਂ ਸਾਡੇ ਲਈ ਉਦਾਹਰਣ ਹਨ। ਇਹ ਗੱਲਾਂ ਸਾਨੂੰ ਚੇਤਾਵਨੀ ਦੇਣ ਲਈ ਲਿਖੀਆਂ ਗਈਆਂ ਹਨ। ਅਸੀਂ ਇਤਹਾਸ ਦੇ ਅੰਤਿਮ ਸਮੇਂ ਵਿੱਚ ਜਿਉਂ ਰਹੇ ਹਾਂ।
12 ਇਸ ਲਈ ਜਿਹੜਾ ਇਹ ਸੋਚਦਾ ਹੈ ਕਿ ਉਹ ਦ੍ਰਿਢ਼ਤਾ ਨਾਲ ਖਲੋਤਾ ਹੈ, ਉਸਨੂੰ ਡਿੱਗਣ ਤੋਂ ਹੁਸ਼ਿਆਰ ਰਹਿਣਾ ਚਾਹੀਦਾ ਹੈ।
13 ਜਿਹੜੀਆਂ ਉਕਸਾਹਟਾਂ ਤੁਹਾਨੂੰ ਹਨ ਹਰ ਮਨੁੱਖ ਨੂੰ ਬਿਲਕੁਲ ਉਹੀ ਉਕਸਾਹਟਾਂ ਹਨ। ਪਰ ਤੁਸੀਂ ਅਰਮੇਸ਼ੁਰ ਉੱਤੇ ਵਿਸ਼ਵਾਸ ਕਰ ਸਕਦੇ ਹੋ। ਉਹ ਤੁਹਾਨੂੰ ਇਸ ਤੋਂ ਵਧ ਪਰੱਖਣ ਨਹੀਂ ਦੇਵੇਗਾ ਜਿੰਨਾ ਤੁਸੀਂ ਬਰਦਾਸ਼ਤ ਕਰ ਸਕਦੇ ਹੋ। ਪਰ ਜਦੋਂ ਤੁਸੀਂ ਉਕਸਾਏ ਜਾਵੋਂਗੇ ਪਰਮੇਸ਼ੁਰ ਤੁਹਾਨੂੰ ਇਸ ਉਕਸਾਹਟ ਤੋਂ ਬਚ ਨਿਕਲਣ ਦਾ ਰਾਹ ਵੀ ਦੇਵੇਗਾ। ਫ਼ੇਰ ਤੁਸੀਂ ਇਸਨੂੰ ਬਰਦਾਸ਼ਤ ਕਰਨ ਦੇ ਯੋਗ ਹੋ ਜਾਵੋਂਗੇ।
14 ਇਸ ਲਈ ਮੇਰੇ ਪਿਆਰੇ ਮਿੱਤਰੋ, ਮੂਰਤੀਆਂ ਦੀ ਉਪਾਸਨਾ ਤੋਂ ਦੂਰ ਰਹੋ।
15 ਮੈਂ ਤੁਹਾਡੇ ਨਾਲ ਇਸ ਤਰ੍ਹਾਂ ਗੱਲ ਕਰ ਰਿਹਾ ਹਾਂ ਜਿਵੇਂ ਤੁਸੀਂ ਬੁਧਿਮਾਨ ਲੋਕ ਹੋ; ਜੋ ਮੈਂ ਆਖਦਾ ਹਾਂ ਉਸਦਾ ਖੁਦ ਨਿਰਣਾ ਕਰੋ।
16 ਅਸੀਸਾਂ ਦਾ ਉਹ ਪਿਆਲਾ ਜਿਸ ਵਾਸਤੇ ਅਸੀਂ ਸ਼ੁਕਰਾਨਾ ਅਦਾ ਕਰਦੇ ਹਾਂ ਅਤੇ ਜਿਸ ਵਿੱਚੋਂ ਪੀਂਦੇ ਹਾਂ; ਕੀ ਇਹ ਸਾਨੂੰ ਮਸੀਹ ਦੇ ਲਹੂ ਵਿੱਚ ਸਾਂਝੀਵਾਨ ਨਹੀਂ ਬਣਾਉਂਦਾ? ਅਤੇ ਜਿਹੜੀ ਰੋਟੀ ਅਸੀਂ ਤੋੜਦੇ ਹਾਂ ਅਤੇ ਖਾਂਦੇ ਹਾਂ, ਕੀ ਇਹ ਸਾਨੂੰ ਮਸੀਹ ਦੇ ਸ਼ਰੀਰ ਵਿੱਚ ਸਾਂਝੀਵਾਨ ਨਹੀਂ ਬਣਾਉਂਦੀ?
17 ਇਥੇ ਇੱਕ ਹੀ ਰੋਟੀ ਹੈ ਅਤੇ ਹਾਲਾਂ ਕਿ ਅਸੀਂ ਬਹੁਤ ਸਾਰੇ ਹਾਂ, ਅਸੀਂ ਸਾਰੇ ਇੱਕ ਸ਼ਰੀਰ ਹਾਂ ਕਿਉਂਕਿ ਅਸੀਂ ਸਾਰੇ ਉਸ ਇੱਕ ਰੋਟੀ ਨੂੰ ਸਾਂਝਾ ਕਰਦੇ ਹਾਂ।
18 ਇਸਰਾਏਲ ਦੇ ਲੋਕਾਂ ਬਾਰੇ ਸੋਚੋ। ਜਿਹੜੇ ਲੋਕ ਬਲੀ ਦਾ ਮਾਸ ਖਾਂਦੇ ਹਨ, ਕੀ ਉਹ ਜਗਵੇਦੀ ਵਿੱਚ ਸਾਂਝੀਵਾਨ ਨਾ ਬਣਦੇ?
19 ਮੇਰਾ ਇਹ ਭਾਵ ਨਹੀਂ ਕਿ ਮੂਰਤੀਆਂ ਨੂੰ ਬਲੀ ਚਢ਼ਾਇਆ ਮਾਸ ਮਹੱਤਵਪੂਰਣ ਹੈ ਅਤੇ ਮੇਰਾ ਇਹ ਵੀ ਭਾਵ ਨਹੀਂ ਕਿ ਮੂਰਤੀਆਂ ਮਹੱਤਵਪੂਰਣ ਹਨ।
20 ਪਰ ਮੈਂ ਇਹ ਆਖਦਾ ਹਾਂ ਕਿ ਜਿਹੜੀਆਂ ਚੀਜ਼ਾਂ ਮੂਰਤੀਆਂ ਨੂੰ ਭੇਟ ਕੀਤੀਆਂ ਜਾਂਦੀਆਂ ਹਨ ਉਹ ਪਰਮੇਸ਼ੁਰ ਨੂੰ ਨਹੀਂ ਬਲਿਕ ਭੂਤਾਂ ਨੂੰ ਭੇਟ ਕੀਤੀਆਂ ਜਾਂਦੀਆਂ ਹਨ। ਅਤੇ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਭੂਤਾਂ ਨਾਲ ਭਾਗੀਦਾਰ ਹੋਵੋਂ।
21 ਤੁਸੀਂ ਇੱਕੋ ਵੇਲੇ ਪ੍ਰਭੂ ਦੇ ਪਿਆਲੇ ਵਿੱਚੋਂ ਅਤੇ, ਭੂਤਾਂ ਦੇ ਪਿਆਲੇ ਵਿੱਚੋਂ ਨਹੀਂ ਪੀ ਸਕਦੇ। ਤੁਸੀਂ ਪ੍ਰਭੂ ਦੇ ਮੇਜ਼ ਨੂੰ ਅਤੇ ਫ਼ੇਰ ਭੂਤਾਂ ਦੇ ਮੇਜ਼ ਨੂੰ ਸਾਂਝਾ ਨਹੀਂ ਕਰ ਸਕਦੇ।
22 ਕੀ ਅਸੀਂ ਪ੍ਰਭੂ ਨੂੰ ਈਰਖਾਲੂ ਬਨਾਉਣਾ ਚਾਹੁੰਦੇ ਹਾਂ। ਕੀ ਅਸੀਂ ਉਸਦੇ ਨਾਲੋਂ ਬਲਵਾਨ ਹਾਂ? ਨਹੀਂ।
23 “ਸਾਰੀਆਂ ਗੱਲਾਂ ਦੀ ਇਜਾਜ਼ਤ ਹੈ।” ਹਾਂ, ਪਰ ਸਭ ਕੁਝ ਮਦਦਗਾਰ ਨਹੀਂ ਹੈ।” “ਸਾਰੀਆਂ ਗੱਲਾਂ ਦੀ ਇਜਾਜ਼ਤ ਹੈ।” ਹਾਂ ਪਰ ਸਾਰੀਆਂ ਗੱਲਾਂ ਬਲਵਾਨ ਹੋਣ ਵਿੱਚ ਸਹਾਇਤਾ ਨਹੀਂ ਕਰਦੀਆਂ।
24 ਕਿਸੇ ਵੀ ਵਿਅਕਤੀ ਨੂੰ ਉਹੀ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਿਹੜੀਆਂ ਕੇਵਲ ਉਸ ਦੀ ਸਹਾਇਤਾ ਕਰਨ। ਉਸਨੂੰ ਵੀ ਉਹੀ ਕਰਨਾ ਚਾਹੀਦਾ ਹੈ ਜੋ ਦੂਸਰਿਆਂ ਲਈ ਮਦਦਗਾਰ ਹੈ।
25 ਗੋਸ਼ਤ ਦੇ ਬਾਜ਼ਾਰ ਵਿੱਚ ਜੋ ਵੀ ਵਿਕਦਾ ਹੈ ਉਸਨੂੰ ਖਾਉ। ਇਸ ਮਾਸ ਨੂੰ ਗਲਤ ਸਿਧ ਕਰਨ ਬਾਰੇ ਕੋਈ ਪ੍ਰਸ਼ਨ ਨਾ ਉਠਾਓ।
26 ਤੁਸੀਂ ਇਸ ਨੂੰ ਖਾ ਸਕਦੇ ਹੋ, “ਕਿਉਂਕਿ ਧਰਤੀ ਅਤੇ ਇਸ ਉਤਲੀ ਹਰ ਸ਼ੈਅ ਪ੍ਰਭੂ ਨਾਲ ਸੰਬੰਧਿਤ ਹੈ।”
27 ਜਿਹੜਾ ਵਿਅਕਤੀ ਆਸਥਾਵਾਨ ਨਹੀਂ ਹੈ ਉਹ ਵੀ ਤੁਹਾਨੂੰ ਆਪਣੇ ਨਾਲ ਭੋਜਨ ਕਰਨ ਦਾ ਨਿਉਤਾ ਦੇ ਸਕਦਾ ਹੈ। ਇਹ ਸਿਧ ਕਰਨ ਲਈ ਕੋਈ ਸਵਾਲ ਨਾ ਉਠਾਓ ਕਿ ਇਸਨੂੰ ਖਾਣਾ ਚੰਗਾ ਹੈ ਜਾਂ ਨਹੀਂ।
28 ਪਰ ਜੇ ਕੋਈ ਵਿਅਕਤੀ ਤੁਹਾਨੂੰ ਦੱਸਦਾ ਹੈ ਕਿ “ਇਹ ਭੋਜਨ ਮੂਰਤਾਂ ਨੂੰ ਭੇਟ ਕੀਤਾ ਗਿਆ ਸੀ” ਤਾਂ ਉਸ ਭੋਜਨ ਨੂੰ ਨਾ ਖਾਓ। ਉਸ ਨੂੰ ਨਾ ਖਾਓ। ਕਿਉਂਕਿ ਤੁਸੀਂ ਉਸ ਵਿਅਕਤੀ ਦੇ ਵਿਸ਼ਵਾਸ ਨੂੰ ਸੱਟ ਨਹੀਂ ਮਾਰਨਾ ਚਾਹੁੰਦੇ ਜਿਸਨੇ ਤੁਹਾਨੂੰ ਇਸ ਬਾਰੇ ਕਿਹਾ ਅਤੇ ਇਸ ਲਈ ਵੀ ਕਿਉਂਕਿ ਕੁਝ ਲੋਕ ਸਮਝਦੇ ਹਨ ਕਿ ਉਹ ਮਾਸ ਖਾਣਾ ਗਲਤ ਹੈ।
29 ਮੇਰਾ ਇਹ ਭਾਵ ਨਹੀਂ ਕਿ ਤੁਹਾਡੇ ਖਿਆਲ ਅਨੁਸਾਰ ਇਹ ਗਲਤ ਹੈ। ਪਰ ਦੂਸਰਾ ਵਿਅਕਤੀ ਸ਼ਾਇਦ ਇਹ ਸਮਝ ਜਾਵੇ ਕਿ ਇਹ ਗਲਤ ਹੈ। ਇਹੀ ਕਾਰਣ ਹੈ ਕਿ ਮੈਂ ਉਹ ਗੋਸ਼ਤ ਨਹੀਂ ਖਾਵਾਂਗਾ। ਮੇਰੀ ਆਜ਼ਾਦੀ ਦਾ ਨਿਰਣਾ ਇਸ ਗੱਲੋਂ ਨਹੀਂ ਹੋਣਾ ਚਾਹੀਦਾ ਕਿ ਦੂਸਰਾ ਕੀ ਸੋਚਦਾ ਹੈ।
30 ਮੈਂ ਭੋਜਨ ਦਾ ਸ਼ੁਕਰਾਨਾ ਕਰਨ ਤੋਂ ਬਾਦ ਖਾਂਦਾ ਹਾਂ। ਇਸ ਲਈ ਮੈਂ ਇਹ ਨਹੀਂ ਚਾਹੁੰਦਾ ਕਿ ਮੇਰੀ ਇਸ ਗੱਲੋਂ ਆਲੋਚਨਾ ਕੀਤੀ ਜਾਵੇ ਜਿਸ ਲਈ ਮੈਂ ਪਰਮੇਸ਼ੁਰ ਦਾ ਸ਼ੁਕਰਾਨਾ ਕਰਦਾ ਹਾਂ।
31 ਇਸ ਲਈ ਜੇ ਤੁਸੀਂ ਕੁਝ ਖਾਂਦੇ ਹੋ, ਜੇ ਤੁਸੀਂ ਕੁਝ ਪੀਂਦੇ ਹੋ ਜਾਂ ਜੇ ਤੁਸੀਂ ਕੁਝ ਕਰਦੇ ਹੋ, ਇਸਨੂੰ ਪਰਮੇਸ਼ੁਰ ਦੇ ਗੌਰਵ ਲਈ ਕਰੋ।
32 ਅਜਿਹਾ ਕੁਝ ਨਾ ਕਰੋ ਜੋ ਲੋਕਾਂ, ਯਹੂਦੀਆਂ, ਯੂਨਾਨੀਆਂ ਜਾਂ ਪਰਮੇਸ਼ੁਰ ਦੀ ਕਲੀਸਿਯਾ ਨੂੰ ਨਾਰਾਜ਼ ਕਰਦਾ ਹੋਵੇ।
33 ਮੈਂ ਵੀ ਇਹੀ ਕਰਦਾ ਹਾਂ। ਮੈਂ ਹਰ ਤਰ੍ਹਾਂ ਨਾਲ ਹਰ ਇੱਕ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਮੈਂ ਇਹ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਕਿ ਮੇਰੇਲਈ ਕੀ ਚੰਗਾ ਹੈ ਮੈਂ ਇਸਨੂੰ ਕਰਨ ਦੀ ਕੋਸ਼ਿਸ਼ ਕਰਦਾ ਹਾਂ ਤਾਂ ਜੋ ਉਨ੍ਹਾਂ ਦਾ ਬਚਾ ਹੋ ਸਕੇ।