ਰਸੂਲਾਂ ਦੇ ਕਰਤੱਬ

ਕਾਂਡ : 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28


ਕਾਂਡ 3

1 ਇੱਕ ਦਿਨ ਪਤਰਸ ਅਤੇ ਯੂਹੰਨਾ ਮੰਦਰ ਵਾਲੇ ਇਲਾਕੇ ਵੱਲ ਗਏ। ਇਹ ਦੁਪਿਹਰ ਦੇ ਤਿੰਨ ਵਜੇ ਦਾ ਵੇਲਾ ਸੀ, ਇਹ ਮੰਦਰ ਦੀ ਰੋਜ਼ਾਨਾ ਪ੍ਰਾਰਥਨਾ ਦੀ ਸੇਵਾ ਦਾ ਵੇਲਾ ਹੁੰਦਾ ਸੀ।
2 ਜਦੋਂ ਉਹ ਮੰਦਰ ਦੇ ਵਿਹੜੇ ਅੰਦਰ ਜਾ ਰਹੇ ਸਨ, ਉਨ੍ਹਾਂ ਨੇ ਇੱਕ ਆਦਮੀ ਨੂੰ ਵੇਖਿਆ ਜੋ ਲੰਗੜਾ ਜੰਮਿਆ ਸੀ। ਉਹ ਚੱਲ ਨਹੀਂ ਸਕਦਾ ਸੀ, ਇਸ ਲਈ ਉਸਦੇ ਕੁਝ ਮਿੱਤਰਾਂ ਨੇ ਉਸ ਨੂੰ ਚੁਕਿਆ ਹੋਇਆ ਸੀ। ਹਰ ਰੋਜ਼ ਉਸਦੇ ਮਿੱਤਰ ਉਸਨੂੰ ਲਿਆਉਂਦੇ ਅਤੇ ਉਸਨੂੰ ਭੀਖ ਮੰਗਨ ਲਈ ਮੰਦਰ ਦੇ ਬੂਹੇ ਤੇ ਛੱਡ ਜਾਂਦੇ, ਜੋ ਕਿ “ਖੂਬਸੂਰਤ ਬੂਹਾ” ਅਖਵਾਉਂਦਾ ਸੀ। ਉਹ ਆਦਮੀ ਉਨ੍ਹਾਂ, ਸਾਰੇ ਲੋਕਾਂ ਤੋਂ, ਜਿਹੜੇ ਵੀ ਮੰਦਰ ਅੰਦਰ ਜਾਂਦੇ, ਭੀਖ ਮੰਗਦਾ।
3 ਉਸ ਦਿਨ, ਉਸਨੇ ਪਤਰਸ ਅਤੇ ਯੂਹੰਨਾ ਨੂੰ ਮੰਦਰ ਦੇ ਵਿਹੜੇ ਅੰਦਰ ਜਾਂਦੇ ਵੇਖਿਆ ਅਤੇ ਉਨ੍ਹਾਂ ਕੋਲੋਂ ਪੈਸਿਆਂ ਦੀ ਭੀਖ ਮੰਗੀ।
4 ਪਤਰਸ ਅਤੇ ਯੂਹੰਨਾ ਨੇ ਉਸ ਵੱਲ ਵੇਖਿਆ ਅਤੇ ਫ਼ੇਰ ਪਤਰਸ ਨੇ ਆਖਿਆ, “ਸਾਡੇ ਵੱਲ ਵੇਖ।”
5 ਉਸ ਆਦਮੀ ਨੇ ਉਨ੍ਹਾਂ ਵੱਲ ਵੇਖਿਆ ਤੇ ਸੋਚਿਆ ਸ਼ਾਇਦ ਉਹ ਉਸਨੂੰ ਭੀਖ ਦੇਣਗੇ।
6 ਪਰ ਪਤਰਸ ਨੇ ਆਖਿਆ, “ਮੇਰੇ ਕੋਲ ਕੋਈ ਚਾਂਦੀ ਜਾਂ ਸੋਨਾ ਨਹੀਂ, ਪਰ ਜੋ ਮੇਰੇ ਕੋਲ ਹੈ ਮੈਂ ਤੈਨੂੰ ਦੇਵਾਂਗਾ। ਨਾਸਰਤ ਦੇ ਯਿਸੂ ਮਸੀਹ ਦੀ ਸ਼ਕਤੀ ਨਾਲ ਤੂੰ ਉਠਕੇ ਖੜ੍ਹਾ ਹੋ ਅਤੇ ਚੱਲ।”
7 ਤਦ ਪਤਰਸ ਨੇ ਉਸ ਲੰਗੜੇ ਦਾ ਸਜਾ ਹੱਥ ਫ਼ੜਿਆ ਅਤੇ ਉਸਨੂੰ ਉਠਾਇਆ, ਤੁਰੰਤ ਹੀ, ਉਸ ਲੰਗੜੇ ਆਦਮੀ ਦੇ ਪੈਰਾਂ ਅਤੇ ਗਿਟਿਆਂ ਵਿੱਚ ਤਾਕਤ ਆ ਗਈ।
8 ਉਹ ਝੱਟ ਆਪਣੇ ਪੈਰਾਂ ਤੇ ਕੁਦਿਆ ਅਤੇ ਚੱਲਣ ਲੱਗ ਪਿਆ ਅਤੇ ਉਨ੍ਹਾਂ ਦੇ ਨਾਲ ਮੰਦਰ ਦੇ ਵਿਹੜੇ ਅੰਦਰ ਗਿਆ। ਉਹ ਚੱਲ ਰਿਹਾ ਸੀ, ਕੁਦ ਰਿਹਾ ਸੀ, ਅਤੇ ਪਰਮੇਸ਼ੁਰ ਦੀ ਉਸਤਤਿ ਕਰ ਰਿਹਾ ਸੀ।
9 ਸਾਰੇ ਲੋਕ ਜਿਨ੍ਹਾਂ ਨੇ ਉਸਨੂੰ ਵੇਖਿਆ, ਉਸਨੂੰ ਪਛਾਣ ਗਏ। ਕਿ ਇਹ ਉਹੀ ਹੈ ਜੋ ਮੰਦਰ ਦੇ ਖੂਬਸੂਰਤ ਫ਼ਾਟਕ ਉੱਪਰ ਬੈਠਕੇ ਭੀਖ ਮੰਗਿਆ ਕਰਦਾ ਸੀ ਤਾਂ ਜਦੋਂ ਉਨ੍ਹਾਂ ਨੇ ਉਸੇ ਮਨੁੱਖ ਨੂੰ ਚੱਲਕੇ ਮੰਦਰ ਵੱਲ ਆਉਂਦੇ ਪ੍ਰਭੂ ਦੀ ਉਸਤਤਿ ਕਰਦੇ ਵੇਖਿਆ ਤਾਂ ਉਹ ਇਹ ਸਭ ਵੇਖਕੇ ਹੈਰਾਨ ਰਹਿ ਗਏ ਤੇ ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਹੀ ਸੀ ਕਿ ਭਾਣਾ ਕਿਵੇਂ ਵਾਪਰਿਆ ਸੀ?
10
11 ਉਸ ਆਦਮੀ ਨੇ ਪਤਰਸ ਅਤੇ ਯੂਹੰਨਾ ਨੂੰ ਫ਼ੜਿਆ ਹੋਇਆ ਸੀ ਤੇ ਲੋਕ ਉਸਨੂੰ ਠੀਕ ਚੱਲਦਾ ਵੇਖ ਕੇ ਹੈਰਾਨ ਸਨ ਕਿਉਂਕਿ ਹੁਣ ਉਹ ਬਿਲਕੁਲ ਠੀਕ-ਠਾਕ ਸੀ। ਤਾਂ ਲੋਕ ਵੀ ਪਤਰਸ ਅਤੇ ਯੂਹੰਨਾ ਕੋਲ ਸੁਲੇਮਾਨ ਦੇ ਦਲਾਨ ਵਿੱਚੋਂ ਦੌੜੇ ਆਏ।
12 ਇਹ ਵੇਖ ਕੇ ਪਤਰਸ ਨੇ ਲੋਕਾਂ ਨੂੰ ਆਖਿਆ, “ਮੇਰੇ ਯਹੂਦੀ ਭਰਾਵੋ, ਤੁਸੀ ਇਸ ਤੇ ਹੈਰਾਨ ਕਿਉਂ ਹੋ? ਤੁਸੀਂ ਸਾਡੇ ਵੱਲ ਇਉਂ ਕਿਉਂ ਵੇਖ ਰਹੇ ਹੋ ਜਿਵੇਂ ਅਸੀਂ ਉਸਨੂੰ ਆਪਣੀ ਤਾਕਤ ਅਤੇ ਚੰਗਿਆਈ ਨਾਲ ਠੀਕ ਕੀਤਾ ਹੈ?
13 ਨਹੀਂ। ਅਸੀਂ ਨਹੀਂ। ਪਰਮੇਸ਼ੁਰ ਨੇ ਇਹ ਸਭ ਕੀਤਾ ਹੈ। ਉਹ ਅਬਰਾਹਾਮ ਇਸਹਾਕ ਅਤੇ ਯਾਕੂਬ ਦਾ ਪਰਮੇਸ਼ੁਰ ਹੈ। ਉਹ ਸਾਡੇ ਪੁਰਖਿਆਂ ਦਾ ਪਰਮੇਸ਼ੁਰ ਹੈ। ਉਸਨੇ ਇਹ ਸਭ ਕੁਝ ਕਰਕੇ ਆਪਣੇ ਸੇਵਕ ਯਿਸੂ ਦੀ ਮਹਿਮਾ ਕੀਤੀ ਹੈ। ਪਰ ਤੁਸੀਂ ਯਿਸੂ ਨੂੰ ਮਰਵਾਉਣ ਲਈ ਦੇ ਦਿੱਤਾ, ਪਿਲਾਤੁਸ ਨੇ ਯਿਸੂ ਨੂੰ ਛੱਡ ਦੇਣਾ ਚਾਹਿਆ ਪਰ ਤੁਸੀਂ ਆਖਿਆ ਕਿ ਤੁਹਾਨੂੰ ਯਿਸੂ ਦੀ ਆਜ਼ਾਦੀ ਨਹੀਂ ਚਾਹੀਦੀ।
14 ਯਿਸੂ ਪਵਿੱਤਰ ਅਤੇ ਧਰਮੀ ਸੀ। ਪਰ ਤੁਸੀਂ ਕਿਹਾ ਕਿ ਤੁਹਾਨੂੰ ਉਸਦੀ ਜ਼ਰੂਰਤ ਨਹੀਂ ਹੈ। ਪਰ ਤੁਸੀਂ ਪਿਲਾਤੁਸ ਨੂੰ ਯਿਸੂ ਦੀ ਜਗ਼੍ਹਾ ਇੱਕ ਖੂਨੀ ਨੂੰ ਛੱਡਣ ਦੀ ਮੰਗ ਕੀਤੀ ਹੈ।
15 ਇਸ ਤਰ੍ਹਾਂ ਤੁਸੀਂ ਉਸਨੂੰ ਮਾਰਿਆ ਜੋ ਜਿੰਦਗੀ ਦਿੰਦਾ ਹੈ ਪਰ ਪਰਮੇਸ਼ੁਰ ਨੇ ਉਸਨੂੰ ਮੁਰਦੇ ਤੋਂ ਜੀਵਨ ਵੱਲ ਉਠਾਇਆ। ਅਸੀਂ ਇਸਦੇ ਗਵਾਹ ਹਾਂ ਕਿਉਂ ਕਿ ਅਸੀਂ ਇਹ ਸਭ ਕੁਝ ਆਪਣੀ ਅਖੀ ਵੇਖਿਆ।
16 “ਇਹ ਯਿਸੂ ਦੀ ਸ਼ਕਤੀ ਹੀ ਸੀ ਜਿਸਨੇ ਇਸ ਲੰਗੜੇ ਆਦਮੀ ਨੂੰ ਚੱਲਣ ਦੀ ਸ਼ਕਤੀ ਦਿੱਤੀ। ਇਹ ਇਸਲਈ ਵਾਪਰਿਆ ਕਿਉਂਕਿ ਅਸੀਂ ਯਿਸੂ ਦੀ ਸ਼ਕਤੀ ਵਿੱਚ ਯਕੀਨ ਕੀਤਾ। ਤੁਸੀਂ ਇਸ ਆਦਮੀ ਨੂੰ ਵੇਖ ਸਕਦੇ ਹੋ ਤੇ ਤੁਸੀਂ ਇਸਨੂੰ ਜਾਣਦੇ ਵੀ ਹੋ। ਇਹ ਯਿਸੂ ਵਿੱਚ ਆਪਣੇ ਵਿਸ਼ਵਾਸ ਕਾਰਣ ਚੰਗਾ ਹੋਇਆ ਹੈ ਅਤੇ ਤੁਸੀਂ ਸਭਨਾ ਨੇ ਵੇਖਿਆ ਕਿ ਇਹ ਕਿਵੇਂ ਵਾਪਰਿਆ।
17 “ਮੇਰੇ ਭਰਾਵੋ। ਮੈਂ ਜਾਣਦਾ ਹਾਂ ਕਿ ਤੁਸੀਂ ਯਿਸੂ ਨਾਲ ਉਹ ਸਭ ਕੁਝ ਇਸ ਲਈ ਕੀਤਾ ਕਿਉਂਕਿ ਤੁਸੀਂ ਆਪਣੀ ਕਰਨੀ ਤੋਂ ਅਨਜਾਣ ਸੀ ਕਿ ਤੁਸੀਂ ਇਹ ਕੀ ਕਰ ਰਹੇ ਹੋ। ਤੁਹਾਡੇ ਆਗੂ ਵੀ ਅਨਜਾਣ ਸਨ।
18 ਪਰ ਉਨ੍ਹਾਂ ਗੱਲਾਂ ਦੀ ਸੂਚਨਾ ਪਰਮੇਸ਼ੁਰ ਨੇ ਆਪਣੇ ਨਬੀਆਂ ਰਾਹੀਂ ਦਿੱਤੀ Ί ਜਿਵੇਂ ਕਿ ਉਸਦੇ ਮਸੀਹ ਨੂੰ ਦੁਖ ਝੱਲਣੇ ਪੈਣਗੇ। ਇਹ ਇਵੇਂ ਹੀ ਵਾਪਰਿਆ ਜਿਵੇਂ ਮੈਂ ਤੁਹਾਨੂੰ ਕਿਹਾ ਹੈ।
19 ਇਸੇ ਲਈ ਤੁਹਾਨੂੰ ਆਪਣੇ ਦਿਲ ਅਤੇ ਜੀਵਨ ਬਦਲਣੇ ਚਹੀਦੇ ਹਨ ਅਤੇ ਪਰਮੇਸ਼ੁਰ ਵੱਲ ਮੁੜੋ ਤਾਂ ਜੋ ਉਹ ਤੁਹਾਡੇ ਪਾਪ ਬਖਸ਼ ਸਕੇ।
20 ਤਦ ਫ਼ਿਰ ਪ੍ਰਭੂ ਤੁਹਾਨੂੰ ਆਤਮਕ ਸੁਖ ਦਾ ਸਮਾਂ ਦੇਵੇਗਾ, ਉਹ ਯਿਸੂ ਨੂੰ ਭੇਜੇਗਾ ਜਿਸਨੂੰ ਉਸਨੇ ਮਸੀਹ ਹੋਣ ਲਈ ਚੁਣਿਆ ਹੈ।
21 “ਜਿੰਨਾ ਚਿਰ ਸਾਰੀਆਂ ਚੀਜ਼ਾਂ ਮੁੜ ਸੁਧਾਰੀਆਂ ਨਹੀਂ ਜਾਂਦੀਆਂ, ਯਿਸੂ ਨੇ ਸਵਰਗ ਵਿੱਚ ਹੀ ਰਹਿਣਾ ਹੈ। ਇਸ ਬਾਰੇ ਪਰਮੇਸ਼ੁਰ ਨੇ ਆਪਣੇ ਪਵਿੱਤਰ ਨਬੀਆਂ ਦੀ ਜ਼ਬਾਨੀ ਸ਼ੁਰੂ ਤੋਂ ਹੀ ਆਖਿਆ ਸੀ।
22 ਮੂਸਾ ਨੇ ਆਖਿਆ, ‘ਪ੍ਰਭੂ, ਤੁਹਾਡਾ ਪਰਮੇਸ਼ੁਰ, ਤੁਹਾਡੇ ਆਪਣੇ ਭਰਾਵਾਂ ਵਿੱਚੋਂ ਇੱਕ ਨਬੀ ਦੇਵੇਗਾ, ਜਿਹੜਾ ਮੇਰੇ ਵਰਗਾ ਹੈ। ਜੋ ਕੁਝ ਨਬੀ ਤੁਹਾਨੂੰ ਆਖੇ ਉਸਨੂੰ ਸੁਣੋ।
23 ਜੋ ਕੋਈ ਵੀ ਉਸ ਨਬੀ ਨੂੰ ਨਹੀਂ ਮੰਨੇ ਉਹ ਮਰ ਜਾਵੇਗਾ ਅਤੇ ਪਰਮੇਸ਼ੁਰ ਦੇ ਲੋਕਾਂ ਵਿੱਚੋਂ ਕਢ ਦਿੱਤਾ ਜਾਵੇਗਾ।’
24 “ਸਮੂਏਲ ਅਤੇ ਉਸਤੋਂ ਬਾਅਦ ਸਾਰੇ ਨਬੀ, ਜੋ ਪਰਮੇਸ਼ੁਰ ਲਈ ਬੋਲੇ, ਉਨ੍ਹਾਂ ਨੇ ਵਰਤਮਾਨ ਕਾਲ ਦੀਆਂ ਗੱਲਾਂ ਨਿਸ਼ਚਿਤ ਕੀਤੀਆਂ।
25 ਤੁਸੀਂ ਨਬੀਆਂ ਦੇ ਅਤੇ ਉਸ ਨੇਮ ਦੇ ਪੁੱਤਰ ਹੋ ਜਿਸਨੂੰ ਪਰਮੇਸ਼ੁਰ ਨੇ ਤੁਹਾਡੇ ਪਿਓ ਦਾਦਿਆਂ ਨਾਲ ਬਣਾਇਆ ਸੀ। ਜਦ ਉਹ ਅਬਰਾਹਾਮ ਨੂੰ ਆਖਿਆ ਕਿ, ‘ਧਰਤੀ ਦੇ ਸਾਰੇ ਪਰਿਵਾਰ ਤੇਰੀਆਂ ਔਲਾਦਾਂ ਰਾਹੀਂ ਧੰਨ ਹੋਣਗੇ।’
26 ਪਰਮੇਸ਼ੁਰ ਨੇ ਆਪਣੇ ਖਾਸ ਸੇਵਕ ਯਿਸੂ ਨੂੰ ਤੁਹਾਡੇ ਕੋਲ ਪਹਿਲਾਂ ਭੇਜਿਆ। ਉਹ ਤੁਹਾਡੇ ਵਿੱਚੋਂ ਹਰ ਇੱਕ ਨੂੰ ਤੁਹਾਡੇ ਬਦੀ ਦੇ ਰਸਤਿਆਂ ਤੋਂ ਹਟਾ ਕੇ ਅਸੀਸਾਂ ਦੇਣ ਲਈ ਆਇਆ।