ਰਸੂਲਾਂ ਦੇ ਕਰਤੱਬ

ਕਾਂਡ : 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28


ਕਾਂਡ 10

1 ਕੈਸਰਿਯਾ ਨਾਂ ਦੇ ਸ਼ਹਿਰ ਵਿੱਚ ਕੁਰਨੇਲਿਯੁਸ ਨਾਂ ਦਾ ਇੱਕ ਆਦਮੀ ਸੀ। ਉਹ ਰੋਮ ਦੀ ਸੈਨਾ ਦੇ ਸਮੂਹ ‘ਇਤਾਲਿਯਾਨੀ’ ਵਿੱਚ ਇੱਕ ਅਧਿਕਾਰੀ ਸੀ।
2 ਉਹ ਇੱਕ ਧਰਮੀ ਮਨੁੱਖ ਸੀ। ਉਹ ਅਤੇ ਜਿੰਨੇ ਵੀ ਲੋਕ ਉਸਦੇ ਘਰ ਵਿੱਚ ਰਹਿੰਦੇ ਸਨ, ਸਭ ਸੱਚੇ ਪ੍ਰਭੂ ਦੀ ਉਪਾਸਨਾ ਕਰਦੇ ਸਨ। ਉਹ ਲੋਕਾਂ ਨੂੰ ਦਾਨ-ਪੁੰਨ ਬਹੁਤ ਕਰਦਾ ਸੀ ਕੁਰਨੇਲਿਯੁਸ ਹਮੇਸ਼ਾ ਪ੍ਰਭੂ ਅੱਗੇ ਪ੍ਰਾਰਥਨਾ ਕਰਦਾ ਸੀ।
3 ਇੱਕ ਦੁਪਹਿਰ ਤਿੰਨ ਵਜੇ ਦੇ ਆਸ-ਪਾਸ ਉਸਨੇ ਇੱਕ ਦਰਸ਼ਨ ਦੇਖਿਆ। ਦਰਸ਼ਨ ਵਿੱਚ ਪ੍ਰਭੂ ਵੱਲੋਂ ਇੱਕ ਦੂਤ ਉਸ ਕੋਲ ਆਇਆ ਅਤੇ ਆਖਣ ਲੱਗਾ, “ਕੁਰਨੇਲਿਯੁਸ।”
4 ਕੁਰਨੇਲਿਯੁਸ ਨੇ ਦੂਤ ਵੱਲ ਵੇਖਿਆ, ਉਹ ਡਰ ਕੇ ਆਖਣ ਲੱਗਾ, “ਮੇਰੇ ਮਾਲਿਕ। ਤੁਸੀਂ ਕੀ ਚਾਹੁੰਦੇ ਹੋ?”ਦੂਤ ਨੇ ਉਸਨੂੰ ਕਿਹਾ, “ਪ੍ਰਭੂ ਨੇ ਤੇਰੀਆਂ ਪ੍ਰਾਰਥਨਾਵਾਂ ਸੁਣ ਲਈਆਂ ਹਨ। ਉਸਨੇ ਉਹ ਸਭ ਗੱਲਾਂ ਵੇਖੀਆਂ ਹਨ ਜੋ ਤੂੰ ਗਰੀਬ ਲੋਕਾਂ ਲਈ ਕਰਦਾ ਹੈਂ। ਇਸ ਲਈ ਉਹ ਤੈਨੂੰ ਨਹੀਂ ਭੁਲਿਆ।
5 ਹੁਣ ਤੂੰ ਯੱਪਾ ਸ਼ਹਿਰ ਵੱਲ ਕੁਝ ਆਦਮੀਆਂ ਨੂੰ ਭੇਜ ਅਤੇ ਉਥੋਂ ਸ਼ਮਊਨ ਨਾਂ ਦੇ ਆਦਮੀ ਨੂੰ, ਜਿਹੜਾ ਪਤਰਸ ਵੀ ਸਦੀਂਦਾ ਹੈ, ਸੱਦਾ ਭੇਜ।
6 ਸ਼ਮਊਨ ਕਿਸੇ ਸ਼ਮਊਨ ਖਟੀਕ ਚਮੜੇ ਦਾ ਕੰਮ ਕਰਨ ਵਾਲੇ ਦੇ ਘਰ ਹੀ ਠਹਿਰਿਆ ਹੋਇਆ ਹੈ। ਉਸ ਦਾ ਘਰ ਸਮੁੰਦਰ ਦੇ ਨੇੜੇ ਹੈ।”
7 ਜਿਹੜਾ ਦੂਤ ਕੁਰਨੇਲਿਯੁਸ ਨਾਲ ਗੱਲ ਕਰ ਰਿਹਾ ਸੀ, ਚਲਾ ਗਿਆ। ਉਸਤੋਂ ਬਾਅਦ ਕੁਰਨੇਲਿਯੁਸ ਨੇ ਆਪਣੇ ਦੋ ਨੌਕਰਾਂ ਤੇ ਇੱਕ ਸਿਪਾਹੀ ਨੂੰ ਬੁਲਵਾਇਆ। ਇਹ ਸਿਪਾਹੀ ਵੀ ਧਰਮੀ ਮਨੁੱਖ ਸੀ।
8 ਇਹ ਸਿਪਾਹੀ ਉਸਦੇ ਖਾਸ ਮਦਦਗਾਰਾਂ ਵਿੱਚੋਂ ਇੱਕ ਸੀ। ਉਸਨੇ ਇਹ ਸਾਰੀ ਗੱਲ ਤਿੰਨਾਂ ਆਦਮੀਆਂ ਨੂੰ ਸਮਝਾ ਕੇ ਉਨ੍ਹਾਂ ਨੂੰ ਯੱਪਾ ਵੱਲ ਭੇਜ ਦਿੱਤਾ।
9 ਅਗਲੇ ਦਿਨ ਇਹ ਤਿੰਨੋ ਆਦਮੀ ਯੱਪਾ ਦੇ ਨੇੜੇ ਪਹੁੰਚੇ। ਪਤਰਸ ਪ੍ਰਾਰਥਨਾ ਕਰਨ ਲਈ ਛੱਤ ਉੱਤੇ ਗਿਆ। ਇਹ ਦੁਪਿਹਰ ਦਾ ਵੇਲਾ ਸੀ।
10 ਪਤਰਸ ਨੂੰ ਭੁਖ ਲੱਗੀ ਹੋਈ ਸੀ ਅਤੇ ਉਹ ਕੁਝ ਖਾਣਾ ਚਾਹੁੰਦਾ ਸੀ। ਪਰ ਜਦੋਂ ਉਹ ਪਤਰਸ ਦੇ ਖਾਣ ਲਈ ਭੋਜਨ ਤਿਆਰ ਕਰ ਰਹੇ ਸਨ ਤਾਂ ਉਸਨੇ ਇੱਕ ਦਰਸ਼ਨ ਵੇਖਿਆ।
11 ਉਸਨੇ ਖੁਲ੍ਹੇ ਆਕਾਸ਼ ਨੂੰ ਵੇਖਿਆ ਅਤੇ ਉਸ ਵਿੱਚੋਂ ਚਾਦਰ ਵਾਂਗ ਕੋਈ ਚੀਜ਼ ਥੱਲੇ ਆਉਂਦੀ ਵੇਖੀ ਜੋ ਕਿ ਚਹੁੰ ਪਾਸਿਆਂ ਤੋਂ ਧਰਤੀ ਦੇ ਵੱਲ ਲਮਕਾਈ ਹੋਈ ਹੇਠਾਂ ਉਤਰ ਰਹੀ ਸੀ।
12 ਸਭ ਪ੍ਰਕਾਰ ਦੇ ਜਾਨਵਰ ਇਸ ਵਿੱਚ ਸਨ। ਉਹ ਜੀਵ ਜਿਹੜੇ ਕਿ ਚੱਲ ਸਕਦੇ ਹਨ, ਜਿਹੜੇ ਰੀਂਗਣ ਵਾਲੇ ਸਨ ਜ਼ਮੀਨ ਉੱਪਰ ਅਤੇ ਉਹ ਪੰਛੀ ਜਿਹੜੇ ਕਿ ਹਵਾ ‘ਚ ਉੱਡਦੇ ਹਨ।
13 ਫ਼ੇਰ ਇੱਕ ਅਵਾਜ਼ ਨੇ ਪਤਰਸ ਨੂੰ ਆਖਿਆ, “ਪਤਰਸ। ਉਠ ਅਤੇ ਇਨ੍ਹਾਂ ਵਿੱਚੋਂ ਕਿਸ ਵੀ ਇੱਕ ਜੀਵ ਨੂੰ ਮਾਰ ਅਤੇ ਖਾ ਲੈ।”
14 ਪਰ ਪਤਰਸ ਨੇ ਕਿਹਾ, “ਪ੍ਰਭੂ। ਅਜਿਹਾ ਮੈਂ ਕਦੇ ਨਹੀਂ ਕੀਤਾ, ਮੈਂ ਕਦੇ ਅਪਵਿੱਤਰ ਜਾਂ ਅਸ਼ੁਧ ਚੀਜ਼ ਨਹੀਂ ਖਾਧੀ।”
15 ਪਰ ਉਸ ਅਵਾਜ਼ ਨੇ ਦੋਬਾਰਾ ਉਸਨੂੰ ਕਿਹਾ, “ਪਰਮੇਸ਼ੁਰ ਨੇ ਇਹ ਸਭ ਵਸਤਾਂ ਸ਼ੁਧ ਬਣਾਈਆਂ ਹਨ। ਇਸ ਲਈ ਇਨ੍ਹਾਂ ਨੂੰ ‘ਅਪਵਿੱਤਰ’ ਨਾ ਕਹਿ।”
16 ਜਿਹਾ ਤਿੰਨ ਵਾਰ ਵਾਪਰਿਆ ਅਤੇ ਫ਼ੇਰ ਉਹ ਸਭ ਚੀਜ਼ਾਂ ਵਾਪਸ ਅਕਾਸ਼ ਵੱਲ ਚੁੱਕੀਆਂ ਗਈਆਂ।
17 ਪਤਰਸ ਦਰਸ਼ਨ ਦੇ ਅਰਥ ਬਾਰੇ ਸੋਚ ਹੈਰਾਨ ਹੋ ਰਿਹਾ ਸੀ।ਇਸ ਵਿਚਕਾਰ ਕੁਰਨੇਲਿਯੁਸ ਦੇ ਭੇਜੇ ਬੰਦਿਆਂ ਨੇ ਸ਼ਮਊਨ ਦਾ ਘਰ ਲਭ ਲਿਆ। ਉਹ ਫ਼ਾਟਕ ਤੇ ਖੜ੍ਹੇ ਸਨ।
18 ਉਨ੍ਹਾਂ ਨੇ ਪੁੱਛਿਆ, “ਕੀ ਪਤਰਸ ਸ਼ਮਊਨ ਇਥੇ ਰਹਿੰਦਾ ਹੈ।”
19 ਪਤਰਸ ਅਜੇ ਵੀ ਉਸ ਦਰਸ਼ਨ ਬਾਰੇ ਹੀ ਸੋਚ ਰਿਹਾ ਸੀ ਪਰ ਆਤਮਾ ਨੇ ਉਸਨੂੰ ਕਿਹਾ, “ਵੇਖ। ਤਿੰਨ ਆਦਮੀ ਬਾਹਰ ਤੈਨੂੰ ਲਭ ਰਹੇ ਹਨ।
20 ਉਠ ਅਤੇ ਹੇਠਾਂ ਜਾ। ਉਨ੍ਹਾਂ ਨਾਲ ਬਿਨਾ ਕਿਸੇ ਝਿਜਕ ਚਲਾ ਜਾ। ਮੈਂ ਹੀ ਉਨ੍ਹਾਂ ਨੂੰ ਤੇਰੇ ਕੋਲ ਭੇਜਿਆ ਹੈ।”
21 ਫ਼ੇਰ ਪਤਰਸ ਹੇਠਾਂ ਉਤਰਿਆ ਅਤੇ ਆਦਮੀਆਂ ਨੂੰ ਆਖਿਆ, “ਮੈਂ ਹੀ ਉਹ ਆਦਮੀ ਹਾਂ ਜਿਸਨੂੰ ਤੁਸੀਂ ਲਭਣ ਆਏ ਹੋ। ਤੁਸੀਂ ਇਥੇ ਕਿਸ ਵਾਸਤੇ ਆਏ ਹੋ?”
22 ਉਹ ਬੋਲੇ, “ਇੱਕ ਪਵਿੱਤਰ ਦੂਤ ਨੇ ਕੁਰਨੇਲਿਯੁਸ ਨੂੰ ਤੈਨੂੰ ਆਪਣੇ ਘਰ ਸੱਦਾ ਦੇਣ ਲਈ ਆਖਿਆ ਹੈ। ਉਹ ਇੱਕ ਸੈਨਾ ਦਾ ਅਫ਼ਸਰ ਅਤੇ ਭਲਾ ਆਦਮੀ ਹੈ। ਉਹ ਪ੍ਰਭੂ ਦੀ ਉਪਾਸਨਾ ਕਰਦਾ ਹੈ ਅਤੇ ਸਾਰੇ ਯਹੂਦੀ ਉਸਦਾ ਸਤਿਕਾਰ ਕਰਦੇ ਹਨ। ਦੂਤ ਨੇ ਉਸਨੂੰ ਤੈਨੂੰ ਆਪਣੇ ਘਰ ਬੁਲਾਉਣ ਲਈ ਆਖਿਆ ਹੈ ਤਾਂ ਕਿ ਜੋ ਕੁਝ ਗੱਲਾਂ ਤੂੰ ਆਖਣਾ ਚਾਹੁੰਦਾ ਹੈ ਉਹ ਸੁਣ ਲਵੇਂ।”
23 ਪਤਰਸ ਨੇ ਉਨ੍ਹਾਂ ਆਦਮੀਆਂ ਨੂੰ ਅੰਦਰ ਆਉਣ ਅਤੇ ਰਾਤ ਠਹਿਰਣ ਲਈ ਆਖਿਆ।ਅਗਲੀ ਸਵੇਰ ਪਤਰਸ ਉਠਿਆ, ਤਿਆਰ ਹੋਇਆ ਅਤੇ ਉਨ੍ਹਾਂ ਤਿੰਨਾਂ ਆਦਮੀਆਂ ਨਾਲ ਚਲਾ ਗਿਆ। ਯੱਪਾ ਚੋਂ ਕੁਝ ਭਰਾ ਪਤਰਸ ਨਾਲ ਗਏ।
24 ਅਗਲੇ ਦਿਨ ਉਹ ਕੈਸਰਿਯਾ ਵਿੱਚ ਪਹੁੰਚੇ, ਜਿਥੇ ਕੁਰਨੇਲਿਯੁਸ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ। ਉਸਨੇ ਪਹਿਲਾਂ ਤੋਂ ਹੀ ਆਪਣੇ ਘਰ ਵਿੱਚ ਰਿਸ਼ਤੇਦਾਰਾਂ ਅਤੇ ਨੇੜੇ ਦੇ ਮਿੱਤਰਾਂ ਨੂੰ ਸੱਦਾ ਦੇਕੇ ਇਕੱਠਾ ਕੀਤਾ ਹੋਇਆ ਸੀ।
25 ਜਦੋਂ ਪਤਰਸ ਨੇ ਘਰ ਅੰਦਰ ਪ੍ਰਵੇਸ਼ ਕੀਤਾ ਤਾਂ ਪਤਰਸ ਨੂੰ ਕੁਰਨੇਲਿਯੁਸ ਮਿਲਿਆ ਅਤੇ ਉਸਦੇ ਪੈਰਾਂ ਤੇ ਮਥਾ ਟੇਕਿਆ।
26 ਪਰ ਪਤਰਸ ਨੇ ਉਸਨੂੰ ਉਠਾਇਆ ਅਤੇ ਆਖਿਆ, “ਉਠ ਖਲੋ। ਕਿਉਂਕਿ ਮੈਂ ਵੀ ਤੇਰੇ ਵਾਂਗ ਇੱਕ ਸਾਧਾਰਣ ਮਨੁੱਖ ਹੀ ਹਾਂ।”
27 ਉਸਦੇ ਨਾਲ ਗੱਲਾਂ ਕਰਦਿਆਂ, ਪਤਰਸ ਨੇ ਘਰ ਵਿੱਚ ਪ੍ਰਵੇਸ਼ ਕੀਤਾ। ਉਥੇ ਉਸਨੇ ਬਹੁਤ ਸਰਿਆਂ ਨੂੰ ਇਕਠੇ ਹੋਏ ਵੇਖਿਆ।
28 ਤਾਂ ਉਸਨੇ ਲੋਕਾਂ ਨੂੰ ਕਿਹਾ, “ਕਿ ਤੁਹਾਨੂੰ ਪਤਾ ਹੈ ਕਿ ਯਹੂਦੀਆਂ ਦੀ ਸ਼ਰ੍ਹਾ ਅਨੁਸਾਰ ਇੱਕ ਯਹੂਦੀ ਨੂੰ ਦੂਜੀ ਜਾਤ ਦੇ ਮਨੁੱਖ ਨਾਲ ਸਹਯੋਗੀ ਹੋਣ ਜਾਂ ਮੇਲ-ਮਿਲਾਪ ਕਰਨ ਦੀ ਆਗਿਆ ਨਹੀਂ ਹੈ। ਪਰ ਪਰਮੇਸ਼ੁਰ ਨੇ ਮੈਨੂੰ ਖੁਦ ਇਹ ਪ੍ਰਗਟ ਕੀਤਾ ਹੈ ਕਿ ਮੈਂ ਕਿਸੇ ਵੀ ਮਨੁੱਖ ਨੂੰ ‘ਅਪਵਿੱਤਰ’ ਜਾਂ ‘ਅਸ਼ੁਧ’ ਨਾ ਸਮਝਾ।
29 ਇਸੇ ਲਈ ਜਦੋਂ ਇਨ੍ਹਾਂ ਆਦਮੀਆਂ ਨੇ ਮੈਨੂੰ ਇਥੇ ਆਉਣ ਲਈ ਕਿਹਾ ਮੈਂ ਆਉਣ ਲਈ ਸਹਿਮਤ ਹੋ ਗਿਆ। ਸੋ ਹੁਣ ਤੁਸੀਂ ਕਿਰਪਾ ਕਰਕੇ ਇਹ ਦੱਸੋ ਕਿ ਤੁਸੀਂ ਮੈਨੂੰ ਇਥੇ ਕਾਹਦੇ ਲਈ ਬੁਲਾਇਆ ਹੈ?”
30 ਕੁਰਨੇਲਿਯੁਸ ਨੇ ਕਿਹਾ, “ਚਾਰ ਦਿਨ ਪਹਿਲਾਂ ਮੈਂ ਆਪਣੇ ਘਰ ਵਿੱਚ ਪ੍ਰਾਰਥਨਾ ਕਰ ਰਿਹਾ ਸਾਂ, ਇਹ ਦੁਪਹਿਰੇ ਤਿੰਨ ਕੁ ਵਜੇ ਦੇ ਆਸ-ਪਾਸ ਦਾ ਵਕਤ ਸੀ। ਅਚਾਨਕ ਇੱਕ ਦੂਤ ਮੇਰੇ ਅੱਗੇ ਆਕੇ ਖੜੋ ਗਿਆ, ਉਸਨੇ ਬੜੇ ਚਮਕੀਲੇ ਕੱਪੜੇ ਪਾਏ ਹੋਏ ਸਨ।
31 ਉਸ ਆਦਮੀ ਨੇ ਕਿਹਾ, ‘ਕੁਰਨੇਲਿਯੁਸ, ਪਰਮੇਸ਼ੁਰ ਨੇ ਤੇਰੀ ਪ੍ਰਾਰਥਨਾ ਸੁਣ ਲਈ ਹੈ ਅਤੇ ਗਰੀਬਾਂ ਨੂੰ ਦਿੱਤੀਆਂ ਤੇਰੀਆਂ ਦਾਤਾਂ ਵੇਖ ਲਈਆਂ ਹਨ।
32 ਇਸ ਲਈ ਯੱਪਾ ਵਿੱਚ ਕੁਝ ਆਦਮੀਆਂ ਨੂੰ ਭੇਜ ਅਤੇ ਪਤਰਸ ਸ਼ਮਊਨ ਨੂੰ ਇਥੇ ਆਉਣ ਲਈ ਆਖ। ਪਤਰਸ ਉਸ ਘਰ ਵਿੱਚ ਰਹਿ ਰਿਹਾ ਹੈ ਜਿਸ ਘਰ ਦੇ ਆਦਮੀ ਦਾ ਨਾਂ ਵੀ ਸ਼ਮਊਨ ਹੈ ਜੋ ਚਮੜੇ ਦਾ ਕੰਮ ਕਰਦਾ ਹੈ। ਅਤੇ ਉਸਦਾ ਘਰ ਸਮੁੰਦਰ ਕੰਢੇ ਹੈ।’
33 ਤਾਂ ਮੈਂ ਉਸੇ ਵਕਤ ਤੈਨੂੰ ਬੁਲਾਉਣ ਲਈ ਇਨ੍ਹਾਂ ਆਦਮੀਆਂ ਨੂੰ ਭੇਜ ਦਿੱਤਾ। ਆਪਣੀ ਮਿਹਰਬਾਨੀ ਸਦਕਾ ਤੂੰ ਇਥੇ ਆਇਆ ਹੈਂ। ਹੁਣ ਅਸੀਂ ਸਭ ਇਥੇ ਉਹ ਸਭ ਕੁਝ ਸੁਣਨ ਲਈ ਪਰਮੇਸ਼ੁਰ ਦੀ ਹਾਜਰੀ ਵਿੱਚ ਹਾਂ, ਜੋ ਪ੍ਰਭੂ ਨੇ ਤੈਨੂੰ ਆਖਣ ਦਾ ਹੁਕਮ ਦਿੱਤਾ ਹੈ।”
34 ਤਦ ਪਤਰਸ ਨੇ ਬੋਲਣਾ ਸ਼ੁਰੂ ਕੀਤਾ, “ਮੈਂ ਸੱਚਮੁੱਚ ਹੁਣ ਸਮਝਿਆ ਹਾਂ ਕਿ ਪਰਮੇਸ਼ੁਰ ਦੀ ਨਜ਼ਰ ਵਿੱਚ ਸਭ ਜੀਅ ਬਰਾਬਰ ਹਨ।
35 ਸਗੋਂ ਹਰੇਕ ਕੌਮ ਵਿੱਚੋਂ ਜੋ ਕੋਈ ਵੀ ਉਸ ਤੋਂ ਡਰਦਾ ਹੈ ਅਤੇ ਭਲੇ ਕੰਮ ਕਰਦਾ ਹੈ ਉਹ ਪਰਮੇਸ਼ੁਰ ਨੂੰ ਸਵੀਕਾਰ ਹੁੰਦਾ ਹੈ।
36 ਇਹ ਉਹ ਸੁਨੇਹਾ ਹੈ ਜੋ ਉਸਨੇ ਯਹੂਦੀ ਲੋਕਾਂ ਨੂੰ ਭੇਜਿਆ ਸੀ ਪ੍ਰਭੂ ਨੇ ਉਨ੍ਹਾਂ ਨੂੰ ਖੁਸ਼ ਖਬਰੀ ਭੇਜੀ ਸੀ ਕਿ ਯਿਸੂ ਮਸੀਹ ਦੁਆਰਾ ਸ਼ਾਂਤੀ ਆਈ ਹੈ ਅਤੇ ਯਿਸੂ ਸਭ ਲੋਕਾਂ ਦਾ ਪ੍ਰਭੂ ਹੈ।
37 “ਤੁਹਾਨੂੰ ਪਤਾ ਹੈ ਕਿ ਸਾਰੇ ਯਹੂਦਿਯਾ ਵਿੱਚ ਕੀ ਹੋਇਆ ਸੀ। ਇਸ ਦੀ ਸ਼ੁਰੂਆਤ ਗਲੀਲ ਵਿੱਚ ਯੂਹੰਨਾ ਦੇ ਬਪਤਿਸਮੇ ਬਾਰੇ ਪ੍ਰਚਾਰ ਤੋਂ ਬਾਅਦ ਹੋਈ ਅਤੇ ਇਹ ਸਾਰੇ ਯਹੂਦਿਯਾ ਵਿੱਚ ਫ਼ੈਲ ਗਈ ਸੀ।
38 ਤੁਸੀਂ ਯਿਸੂ ਨਾਸਰੀ ਬਾਰੇ ਜਾਣਦੇ ਹੋ। ਪ੍ਰਭੂ ਪਰਮੇਸ਼ੁਰ ਨੇ ਉਸਨੂੰ ਪਵਿੱਤਰ ਆਤਮਾ ਤੇ ਸ਼ਕਤੀ ਦੇਕੇ ਮਸੀਹ ਕੀਤਾ ਸੀ ਅਤੇ ਉਹ ਸਭ ਜਗ਼੍ਹਾ ਜਾਕੇ ਲੋਕਾਂ ਦਾ ਭਲਾ ਕਰਦਾ ਰਿਹਾ। ਯਿਸੂ ਨੇ ਉਨ੍ਹਾਂ ਲੋਕਾਂ ਨੂੰ ਚੰਗਿਆਂ ਕੀਤਾ ਜੋ ਸ਼ੈਤਾਨ ਦੁਆਰਾ ਸਤਾਏ ਹੋਏ ਸਨ। ਇਥੋਂ ਪਤਾ ਚੱਲਦਾ ਹੈ ਕਿ ਪਰਮੇਸ਼ੁਰ ਉਸ ਦੇ ਵੱਲ ਸੀ।
39 “ਅਸੀਂ ਉਨ੍ਹਾਂ ਸਬਨਾਂ ਕੰਮਾਂ ਦੇ ਗਵਾਹ ਹਾਂ ਜਿਹੜੇ ਉਸਨੇ ਯਹੂਦਿਯਾ ਅਤੇ ਯਰੂਸ਼ਲਮ ਵਿੱਚ ਕੀਤੇ। ਪਰ ਉਨ੍ਹਾਂ ਨੇ ਉਸਨੂੰ ਲਕੜੀ ਦੀ ਬਣੀ ਸਲੀਬ ਤੇ ਮੇਖਾਂ ਨਾਲ ਠੋਕ ਦਿੱਤਾ।
40 ਪਰ ਪਰਮੇਸ਼ੁਰ ਨੇ ਉਸਦੀ ਮੌਤ ਤੋਂ ਤੀਜੇ ਦਿਨ ਬਾਅਦ ਉਸਦਾ ਪੁਨਰ ਉਥਾਨ ਕੀਤਾ ਅਤੇ ਉਸਨੂੰ ਲੋਕਾਂ ਨੂੰ ਪ੍ਰਗਟਾਇਆ।
41 ਪਰ ਯਿਸੂ ਸਭ ਲੋਕਾਂ ਨੂੰ ਪਰਗਟ ਨਾ ਹੋਇਆ, ਸਿਰਫ਼ ਜਿਹੜੇ ਗਵਾਹ ਸਨ ਜਿਨ੍ਹਾਂ ਨੂੰ ਕਿ ਪ੍ਰਭੂ ਨੇ ਪਹਿਲਾਂ ਤੋਂ ਹੀ ਚੁਣਿਆ ਹੋਇਆ ਸੀ, ਸਿਰਫ਼ ਉਹੀ ਉਸਨੂੰ ਵੇਖਣ ਦੇ ਸਮਰਥ ਹੋਏ। ਅਸੀਂ ਹੀ ਉਹ ਗਵਾਹ ਹਾਂ। ਜਦੋਂ ਉਹ ਮੁਰਦੇ ਤੋਂ ਜੀਵਾਲਿਆ ਗਿਆ ਸੀ ਤਾਂ ਅਸੀਂ ਉਸ ਨਾਲ ਮਿਲ ਬੈਠਕੇ ਖਾਧਾ ਅਤੇ ਪੀਤਾ।
42 “ਯਿਸੂ ਨੇ ਸਾਨੂੰ ਲੋਕਾਂ ਵਿੱਚ ਪ੍ਰਚਾਰ ਕਰਨ ਨੂੰ ਕਿਹਾ। ਉਸਨੇ ਸਾਨੂੰ ਲੋਕਾਂ ਨੂੰ ਇਹ ਦੱਸਣ ਲਈ ਕਿਹਾ ਕਿ ਉਸਨੂੰ ਪਰਮੇਸ਼ੁਰ ਦੁਆਰਾ ਉਨ੍ਹਾਂ ਸਾਰਿਆਂ ਲੋਕਾਂ ਉੱਤੇ ਮੁਨਸਫ਼ ਹੋਣ ਲਈ ਚੁਣਿਆ ਗਿਆ ਹੈ, ਭਾਵੇਂ ਉਹ ਲੋਕ ਜਿਉਂਦੇ ਹਨ ਜਾਂ ਮੁਰਦਾ।
43 ਹਰ ਉਹ ਮਨੁੱਖ ਜਿਹੜਾ ਯਿਸੂ ਵਿੱਚ ਨਿਹਚਾ ਰਖਦਾ ਹੈ ਉਸਨੂੰ ਮੁਆਫ਼ ਕੀਤਾ ਜਾਵੇਗਾ। ਯਿਸੂ ਦੇ ਨਾਂ ਤੇ ਉਸਦੇ ਪਾਪ ਖਿਮਾ ਕੀਤੇ ਜਾਣਗੇ। ਸਭ ਨਬੀ ਇਸ ਗੱਲ ਦੀ ਸਾਖੀ ਦਿੰਦੇ ਹਨ।”
44 ਜਦੋਂ ਪਤਰਸ ਅਜੇ ਬੋਲ ਕਰ ਰਿਹਾ ਸੀ, ਪਵਿੱਤਰ ਆਤਮਾ ਉਨ੍ਹਾਂ ਸਾਰੇ ਲੋਕਾਂ ਉੱਪਰ ਆਇਆ, ਜੋ ਸੰਦੇਸ਼ ਨੂੰ ਸੁਣ ਰਹੇ ਸਨ।
45 ਯਹੂਦੀ ਚੇਲੇ ਜਿਹੜੇ ਪਤਰਸ ਦੇ ਨਾਲ ਆਏ ਸਨ ਇਹ ਵੇਖਕੇ ਹੈਰਾਨ ਹੋ ਗਏ। ਉਹ ਹੈਰਾਨ ਸਨ ਕਿ ਪਵਿੱਤਰ ਆਤਮਾ ਗੈਰ ਯਹੂਦੀਆਂ ਉੱਪਰ ਵੀ ਵਗਾਇਆ ਗਿਆ ਸੀ।
46 ਕਿਉਂਕਿ ਉਨ੍ਹਾਂ ਨੂੰ ਉਨ੍ਹਾਂ ਨੂੰ ਵਖਰੀਆਂ ਭਾਸ਼ਾਵਾਂ ਵਿੱਚ ਬੋਲਦਿਆਂ ਅਤੇ ਪਰਮੇਸ਼ੁਰ ਦੀ ਉਸਤਤਿ ਕਰਦਿਆਂ ਸੁਣਿਆ ਸੀ। ਤੱਦ ਪਤਰਸ ਨੇ ਆਖਿਆ,
47 “ਕੀ ਕੋਈ ਵੀ ਇਨ੍ਹਾਂ ਲੋਕਾਂ ਨੂੰ ਪਾਣੀ ਅੰਦਰ ਜਾਣ ਅਤੇ ਬਪਤਿਸਮਾ ਲੈਣ ਤੋਂ ਰੋਕ ਸਕਦਾ ਹੈ? ਕਿਉਂ ਕਿ ਉਨ੍ਹਾਂ ਨੇ ਉਵੇਂ ਹੀ ਪਵਿੱਤਰ ਆਤਮਾ ਪ੍ਰਾਪਤ ਕੀਤਾ ਹੈ ਜਿਵੇਂ ਕਿ ਅਸੀਂ ਪ੍ਰਾਪਤ ਕੀਤਾ ਸੀ।”
48 ਇਸ ਲਈ ਪਤਰਸ ਨੇ ਕੁਰਨੇਲਿਯੁਸ ਨੂੰ ਉਸਦੇ ਸਾਕ-ਸੰਬੰਧੀਆਂ ਨੂੰ ਉਸਦੇ ਦੋਸਤਾਂ ਨੂੰ ਯਿਸੂ ਮਸੀਹ ਦੇ ਨਾਂ ਤੇ ਬਪਤਿਸਮਾ ਲੈਣ ਦਾ ਹੁਕਮ ਦਿੱਤਾ। ਉਸਤੋਂ ਬਾਅਦ ਉਥੋਂ ਦੇ ਲੋਕਾਂ ਨੇ ਪਤਰਸ ਨੂੰ ਉਥੇ ਕੁਝ ਦਿਨ ਹੋਰ ਰਹਿਣ ਲਈ ਮਿੰਨਤ ਕੀਤੀ।