ਰਸੂਲਾਂ ਦੇ ਕਰਤੱਬ

ਕਾਂਡ : 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28


ਕਾਂਡ 14

1 ਪੌਲੁਸ ਅਤੇ ਬਰਨਬਾਸ ਤਦ ਇਕੋਦਿਯਾਮ ਸ਼ਹਿਰ ਵਿੱਚ ਪਹੁੰਚੇ। ਉਥੇ ਉਹ ਯਹੂਦੀਆਂ ਦੇ ਪ੍ਰਾਰਥਨਾ ਸਥਾਨ ਤੇ ਪਹੁੰਚੇ ਉਹ ਹਰ ਸ਼ਹਿਰ ਵਿੱਚ ਜਾਕੇ ਇਵੇਂ ਹੀ ਕਰਦੇ ਸਨ। ਉਨ੍ਹਾਂ ਨੇ ਇੰਨਾ ਵਧੀਆ ਬਚਨ ਕੀਤਾ ਕਿ ਯਹੂਦੀਆਂ ਅਤੇ ਯੂਨਾਨੀਆਂ ਨੇ ਉਨ੍ਹਾਂ ਉੱਪਰ ਵਿਸ਼ਵਾਸ ਕੀਤਾ।
2 ਪਰ ਕੁਝ ਯਹੂਦੀ ਲੋਕਾਂ ਨੇ ਵਿਸ਼ਵਾਸ ਨਾ ਕੀਤਾ, ਅਤੇ ਇਨ੍ਹਾਂ ਲੋਕਾਂ ਨੇ ਗੈਰ-ਯਹੂਦੀਆਂ ਨੂੰ ਭੜਕਾਇਆ ਅਤੇ ਨਿਹਚਾਵਾਨਾਂ ਬਾਰੇ ਉਨ੍ਹਾਂ ਦੇ ਮਨਾਂ ਵਿੱਚ ਜ਼ਹਿਰ ਭਰ ਦਿੱਤਾ।
3 ਇਸ ਦੇ ਬਾਵਜੂਦ, ਪੌਲੁਸ ਅਤੇ ਬਰਨਬਾਸ ਬਹੁਤ ਦਿਨ ਲਈ ਇਕੋਨਿਯੁਮ ਵਿੱਚ ਰੁਕੇ ਅਤੇ ਨਿਰਭੈ ਹੋਕੇ ਪ੍ਰਭੂ ਬਾਰੇ ਬੋਲੇ। ਉਨ੍ਹਾਂ ਨੇ ਲੋਕਾਂ ਨੂੰ ਪ੍ਰਭੂ ਦੀ ਕਿਰਪਾ ਬਾਰੇ ਪ੍ਰਚਾਰ ਦਿੱਤਾ। ਪ੍ਰਭੂ ਨੇ ਉਨ੍ਹਾਂ ਦੇ ਸੰਦੇਸ਼ ਨੂੰ ਕਰਾਮਾਤੀ ਨਿਸ਼ਾਨ ਅਤੇ ਅਚੰਭੇ ਕਰਨ ਦੀ ਯੋਗਤਾ ਦੇਕੇ ਸਾਬਤ ਕੀਤਾ।
4 ਪਰ ਨਗਰ ਵਿੱਚ ਲੋਕਾਂ ਦਾ ਬਟਵਾਰਾ ਹੋ ਗਿਆ। ਕੁਝ ਲੋਕ ਯਹੂਦੀਆਂ ਨਾਲ ਸਹਿਮਤ ਹੋਣ ਲੱਗੇ ਅਤੇ ਕੁਝ ਪੌਲੁਸ ਅਤੇ ਬਰਨਬਾਸ ਨੂੰ ਮੰਨਣ ਲੱਗੇ।
5 ਕੁਝ ਗੈਰ-ਯਹੂਦੀਆਂ, ਕੁਝ ਯਹੂਦੀਆਂ ਅਤੇ ਉਨ੍ਹਾਂ ਦੇ ਆਗੂਆਂ ਨੇ ਪੌਲੁਸ ਅਤੇ ਬਰਨਬਾਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਇਹ ਲੋਕ ਇਨ੍ਹਾਂ ਨੂੰ ਪੱਥਰਾਂ ਨਾਲ ਮਾਰ ਮੁਕਾਉਣਾ ਚਾਹੁੰਦੇ ਸਨ।
6 ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ, ਉਨ੍ਹਾਂ ਨੇ ਨਗਰ ਛੱਡ ਦਿੱਤਾ ਅਤੇ ਲੁਕਾਉਨਿਯਾ ਵਿੱਚ ਲੁਸਤ੍ਰਾ ਅਤੇ ਦਰਬੇ ਸ਼ਹਿਰਾਂ ਵਿੱਚ ਅਤੇ ਉਸਦੇ ਆਸ-ਪਾਸ ਦੇ ਇਲਾਕਿਆਂ ਨੂੰ ਚਲੇ ਗਏ।
7 ਉਥੇ ਜਾਕੇ ਇਹ ਖੁਸ਼ਖਬਰੀ ਬਾਰੇ ਪਰਚਾਰ ਕਰਦੇ ਰਹੇ।
8 ਲੁਸਤ੍ਰਾ ਵਿੱਚ ਇੱਕ ਆਦਮੀ ਸੀ ਜਿਸਦੇ ਪੈਰ ਵਿੱਚ ਕੋਈ ਤਕਲੀਫ਼ ਸੀ। ਉਹ ਜਮਾਂਦਰੂ ਹੀ ਲੰਗੜਾ ਸੀ, ਉਸਨੇ ਕਦੇ ਚੱਲਕੇ ਨਹੀਂ ਸੀ ਵੇਖਿਆ।
9 ਇਹ ਆਦਮੀ ਉਥੇ ਬੈਠਾ ਪੌਲੁਸ ਦੇ ਬਚਨ ਸੁਣ ਰਿਹਾ ਸੀ ਤਾਂ ਪੌਲੁਸ ਨੇ ਉਸਨੂੰ ਵੇਖਿਆ ਤੇ ਮਹਿਸੂਸ ਕੀਤਾ ਕਿ ਉਸ ਆਦਮੀ ਨੂੰ ਵਿਸ਼ਵਾਸ ਹੈ ਕਿ ਪ੍ਰਭੂ ਉਸਨੂੰ ਰਾਜ਼ੀ ਕਰ ਸਕਦਾ ਹੈ
10 ਇਸ ਲਈ ਪੌਲੁਸ ਉੱਚੀ ਬੋਲਿਆ, “ਆਪਣੇ ਪੈਰਾਂ ਤੇ ਖਲੋ ਜਾ।” ਉਹ ਆਦਮੀ ਉਥੋਂ ਕੁਦਿਆ ਅਤੇ ਉਸਨੇ ਆਸ-ਪਾਸ ਚੱਲਣਾ ਸ਼ੁਰੂ ਕਰ ਦਿੱਤਾ।
11 ਜਦੋਂ ਲੋਕਾਂ ਨੇ ਪੌਲੁਸ ਨੂੰ ਅਜਿਹਾ ਕਰਦਿਆਂ ਵੇਖਿਆ ਤਾਂ ਉਹ ਲੁਕਾਉਣਿਯਾ ਦੀ ਆਪਣੀ ਭਾਸ਼ਾ ਵਿੱਚ ਚਿਲ੍ਲਾਉਣ ਲੱਗੇ, “ਦੇਵਤੇ ਮਾਨਵ ਦਾ ਰੂਪ ਧਾਰਕੇ ਸਾਡੇ ਕੋਲ ਆਏ ਹਨ।”
12 ਲੋਕਾਂ ਨੇ ਬਰਨਬਾਸ ਨੂੰ ਦਿਓਸ ਅਤੇ ਪੌਲੁਸ ਨੂੰ “ਹਰਮੇਸ” ਨਾਉਂ ਨਾਲ ਬੁਲਾਉਣਾ ਸ਼ੁਰੂ ਕੀਤਾ ਇਸ ਲਈ ਕਿਉਂਕਿ ਇਹ ਬਚਨ ਕਰਨ ਵਿੱਚ ਆਗੂ ਸੀ।
13 ਦਿਓਸ ਦਾ ਮੰਦਰ ਸ਼ਹਿਰ ਦੇ ਕੋਲ ਹੀ ਸੀ। ਇਸ ਮੰਦਰ ਦਾ ਜਾਜਕ ਕੁਝ ਬਲਦ ਅਤੇ ਫ਼ੁੱਲ ਸ਼ਹਿਰ ਦੇ ਫ਼ਾਟਕਾਂ ਤੇ ਲਿਆਇਆ। ਉਹ ਲੋਕ ਪੌਲੁਸ ਅਤੇ ਬਰਨਬਾਸ ਨੂੰ ਬਲੀਆਂ ਦੇਣਾ ਚਾਹੁੰਦੇ ਸਨ।
14 ਪਰ ਜਦੋਂ ਪੌਲੁਸ ਅਤੇ ਬਰਨਬਾਸ ਰਸੂਲਾਂ ਨੇ ਇਹ ਸੁਣਿਆ ਤਾਂ ਉਨ੍ਹਾਂ ਆਪਣੇ ਵਸਤਰ ਪਾੜੇ ਅਤੇ ਲੋਕਾਂ ਵਿੱਚ ਬਾਹਰ ਨੂੰ ਦੌੜ ਪਏ ਅਤੇ ਉੱਚੀ-ਉੱਚੀ ਚਿਲਾਉਣ ਲੱਗ ਪਏ,
15 “ਹੇ ਪੁਰਖੋ। ਤੁਸੀਂ ਇਹ ਕਿਉਂ ਕਰ ਰਹੇ ਹੋ? ਅਸੀਂ ਦੇਵਤੇ ਨਹੀਂ ਹਾਂ। ਅਸੀਂ ਤੁਹਾਡੇ ਹੀ ਵਰਗੇ ਮਨੁੱਖ ਹਾਂ। ਅਸੀਂ ਇਥੇ ਤੁਹਾਨੂੰ ਖੁਸ਼ ਖਬਰੀ ਦੱਸਣ ਆਏ ਹਾਂ ਕਿ ਤੁਹਾਨੂੰ ਇਨ੍ਹਾਂ ਵਿਅਰਥ ਗੱਲਾਂ ਤੋਂ ਜਿਉਂਦੇ ਸੱਚੇ ਪਰਮੇਸ਼ੁਰ ਵੱਲ ਪਰਤਣਾ ਚਾਹੀਦਾ ਹੈ। ਉਹੀ ਹੈ ਜਿਸਨੇ ਅਕਾਸ਼ ਸਿਰਜਿਆ ਹੈ, ਧਰਤੀ, ਸਮੁੰਦਰ ਅਤੇ ਉਸ ਸਾਰੀ ਸ੍ਰਿਸ਼ਟੀ ਵਿੱਚ ਜੀਵਨ ਸਿਰਜਿਆ ਹੈ।
16 “ਪਹਿਲਾਂ ਪ੍ਰਭੂ ਨੇ ਜਿਸ ਰਾਜ ਨੇ ਜੋ ਵੀ ਕੀਤਾ ਉਸਨੂੰ ਕਰ ਦਿੱਤਾ।
17 ਪਰ ਪਰਮੇਸ਼ੁਰ ਨੇ ਉਹ ਕਾਰਜ ਕੀਤੇ ਜੋ ਦਿਖਾਉਂਦੇ ਹਨ ਕਿ ਉਹ ਮੌਜੂਦ ਹੈ। ਉਸਨੇ ਤੁਹਾਡੇ ਲਈ ਹਮੇਸ਼ਾ ਚੰਗੀਆਂ ਗੱਲਾਂ ਕੀਤੀਆਂ। ਉਸਨੇ ਅਕਾਸ਼ ਤੋਂ ਤੁਹਾਡੇ ਲਈ ਬਰਖਾ ਕੀਤੀ ਅਤੇ ਸਹੀ ਵਕਤ ਤੇ ਫ਼ਸਲਾਂ ਦਿੱਤੀਆਂ। ਉਹ ਤੁਹਾਨੂੰ ਖਾਣ ਲਈ ਬੇਸ਼ੁਮਾਰ ਅਨਾਜ਼ ਦਿੰਦਾ ਹੈ ਅਤੇ ਤੁਹਾਡੇ ਦਿਲ ਖੁਸ਼ੀਆਂ ਨਾਲ ਭਰਪੂਰ ਰਖਦਾ ਹੈ।”
18 ਪੌਲੁਸ ਅਤੇ ਬਰਨਬਾਸ ਨੇ ਉਨ੍ਹਾਂ ਨੂੰ ਇਹ ਗੱਲਾਂ ਕਹੀਆਂ, ਪਰ ਉਹ ਬੜੀ ਮੁਸ਼ਕਿਲ ਨਾਲ ਉਨ੍ਹਾਂ ਲੋਕਾਂ ਨੂੰ ਉਨ੍ਹਾਂ ਲਈ ਬਲੀਆਂ ਦੇਣ ਤੋਂ ਰੋਕ ਸਕੇ।
19 ਫ਼ਿਰ ਕੁਝ ਯਹੂਦੀ ਅੰਤਾਕਿਯਾ ਅਤੇ ਇਕੁਨਿਯੁਮ ਤੋਂ ਆਏ, ਅਤੇ ਉਨ੍ਹਾਂ ਨੇ ਲੋਕਾਂ ਨੂੰ ਪੌਲੁਸ ਦੇ ਵਿਰੁੱਧ ਹੋ ਜਾਣ ਲਈ ਉਕਸਾਇਆ। ਇਸ ਲਈ ਉਨ੍ਹਾਂ ਨੇ ਪੌਲੁਸ ਤੇ ਪੱਥਰਾਵ ਕੀਤਾ ਅਤੇ ਇਹ ਸੋਚ ਕੇ ਧੂਹ ਕੇ ਸ਼ਹਿਰ ਤੋਂ ਬਾਹਰ ਸੁੱਟ ਦਿੱਤਾ, ਕਿ ਉਹ ਮਰ ਗਿਆ ਸੀ।
20 ਯਿਸੂ ਦੇ ਚੇਲੇ ਪੌਲੁਸ ਦੇ ਆਸ-ਪਾਸ ਇਕੱਤਰ ਹੋਏ, ਉਹ ਉਠਿਆ ਅਤੇ ਨਗਰ ਵਿੱਚ ਵਾਪਸ ਚਲਿਆ ਗਿਆ। ਅਗਲੇ ਦਿਨ ਉਹ ਅਤੇ ਬਰਨਬਾਸ ਦਰਬੇ ਸ਼ਹਿਰ ਵਿੱਚ ਚਲੇ ਗਏ।
21 ਪੌਲੁਸ ਅਤੇ ਬਰਨਬਾਸ ਨੇ ਦਰਬੇ ਸ਼ਹਿਰ ਵਿੱਚ ਵੀ ਖੁਸ਼ਖਬਰੀ ਦਾ ਪਰਚਾਰ ਕੀਤਾ। ਬਹੁਤ ਸਾਰੇ ਲੋਕ ਇਥੇ ਯਿਸੂ ਦੇ ਚੇਲੇ ਬਣ ਗਏ। ਉਹ ਦੋਨੋਂ ਲੁਸਤ੍ਰਾ, ਇਕੁਨਿਯੁਮ ਅਤੇ ਅੰਤਾਕਿਯਾ ਨੂੰ ਪਰਤੇ।
22 ਇਨ੍ਹਾਂ ਸ਼ਹਿਰਾਂ ਵਿੱਚ ਪੌਲੁਸ ਅਤੇ ਬਰਨਬਾਸ ਨੇ ਯਿਸੂ ਦੇ ਚੇਲਿਆਂ ਨੂੰ ਤਕੜੇ ਬਣਾਇਆ ਅਤੇ ਉਨ੍ਹਾਂ ਨੂੰ ਵਿਸ਼ਵਾਸ ਵਿੱਚ ਰਹਿਣ ਬਾਰੇ ਸਮਝਾਇਆ ਅਤੇ ਉਨ੍ਹਾਂ ਨੂੰ ਆਖਿਆ, “ਸਾਨੂੰ ਪਰਮੇਸ਼ੁਰ ਦੇ ਰਾਜ ਵਿੱਚ ਪ੍ਰਵੇਸ਼ ਕਰਨ ਲਈ ਅਨੇਕਾਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਵੇਗਾ।”
23 ਉਨ੍ਹਾਂ ਨੇ ਹਰੇਕ ਕਲੀਸਿਯਾ ਲਈ ਬਜ਼ੁਰਗਾਂ ਨੂੰ ਨਿਯੁਕਤ ਕੀਤਾ। ਵਰਤ ਅਤੇ ਪ੍ਰਾਰਥਨਾ ਨਾਲ, ਉਨ੍ਹਾਂ ਨੇ ਉਨ੍ਹਾਂ ਨੂੰ ਪ੍ਰਭੂ ਨੂੰ ਸੌਂਪ ਦਿੱਤਾ, ਜਿਸਤੇ ਉਨ੍ਹਾਂ ਨੇ ਭਰੋਸਾ ਕੀਤਾ।
24 ਤੱਦ ਉਹ ਦੋਨੋਂ ਪਿਸਿਦਿਯਾ ਦੇਸ਼ ਵਿੱਚੋਂ ਦੀ ਲੰਘੇ ਅਤੇ ਪੰਫ਼ਲਿਯਾ ਦੇਸ਼ ਵਿੱਚ ਪਹੁੰਚੇ।
25 ਫ਼ਿਰ ਉਨ੍ਹਾਂ ਨੇ ਪ੍ਰਭੂ ਦਾ ਸੰਦੇਸ਼ ਪਰਗਾ ਵਿੱਚ ਦਿੱਤਾ ਅਤੇ ਉਸਤੋਂ ਬਾਅਦ ਉਹ ਅੰਤਾਕਿਯਾ ਸ਼ਹਿਰ ਵੱਲ ਗਏ।
26 ਉਥੋਂ ਤੋਂ, ਜਹਾਜ਼ ਰਾਹੀਂ ਉਹ ਦੋਨੋਂ ਅੰਤਾਕਿਯਾ ਨੂੰ ਗਏ। ਇਹ ਉਹੀ ਸ਼ਹਿਰ ਸੀ ਜਿਥੇ ਨਿਹਚਾਵਾਨਾਂ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੀ ਕਿਰਪਾ ਨੂੰ ਸੌਂਪ ਦਿੱਤਾ ਅਤੇ ਉਨ੍ਹਾਂ ਨੂੰ ਇਹ ਕੰਮ ਕਰਨ ਲਈ ਭੇਜ ਦਿੱਤਾ। ਹੁਣ ਉਨ੍ਹਾਂ ਨੇ ਉਨ੍ਹਾਂ ਨੂੰ ਦਿੱਤਾ ਹੋਇਆ ਕੰਮ ਪੂਰਨ ਕਰ ਦਿੱਤਾ ਸੀ।
27 ਜਦੋਂ ਉਥੇ ਦੋਨੋਂ ਪਹੁੰਚੇ, ਉਨ੍ਹਾਂ ਨੇ ਕਲੀਸਿਯਾ ਨੂੰ ਇਕਤ੍ਰ੍ਰ ਕੀਤਾ ਅਤੇ ਉਨ੍ਹਾਂ ਨੂੰ ਉਹ ਗੱਲਾਂ ਦਸੀਆਂ ਜਿਹੜੀਆਂ ਪਰਮੇਸ਼ੁਰ ਨੇ ਉਨ੍ਹਾਂ ਰਾਹੀਂ ਕੀਤੀਆਂ ਸਨ। ਅਤੇ ਉਨ੍ਹਾਂ ਨੂੰ ਆਖਿਆ, “ਪਰਮੇਸ਼ੁਰ ਨੇ ਦਰਵਾਜ਼ਾ ਖੋਲ੍ਹਿਆ ਹੈ ਤਾਂ ਜੋ ਗੈਰ ਕੌਮਾਂ ਦੇ ਲੋਕ ਵੀ ਨਿਹਚਾ ਕਰ ਸਕਣ।”
28 ਉਥੇ ਪੌਲੁਸ ਅਤੇ ਬਰਨਬਾਸ ਮਸੀਹ ਦੇ ਚੇਲਿਆਂ ਨਾਲ ਬਹੁਤ ਦਿਨ ਰਹੇ।