ਕਾਂਡ 84

1 ਸਰਬ ਸ਼ਕਤੀਮਾਨ ਯਹੋਵਾਹ, ਤੁਹਾਡਾ ਮੰਦਰ ਸੱਚ ਮੁੱਚ ਹੀ ਪਿਆਰਾ ਹੈ।
2 ਯਹੋਵਾਹ, ਮੈਂ ਤੁਹਾਡੇ ਮੰਦਰ ਵਿੱਚ ਦਾਖਲ ਹੋਣ ਲਈ ਹੋਰ ਵਧੇਰੇ ਇੰਤਜ਼ਾਰ ਨਹੀਂ ਕਰ ਸਕਦਾ। ਮੈਂ ਇੰਨਾ ਉਤਸਾਹਿਤ ਹਾਂ। ਮੇਰੇ ਸ਼ਰੀਰ ਦਾ ਰੋਮ-ਰੋਮ ਜਿਉਂਦੇ ਪਰਮੇਸ਼ੁਰ ਦਾ ਸੰਗ ਚਾਹੁੰਦਾ ਹੈ।
3 ਯਹੋਵਾਹ ਸਰਬ ਸ਼ਕਤੀਮਾਨ, ਮੇਰੇ ਰਾਜੇ, ਮੇਰੇ ਪਰਮੇਸ਼ੁਰ, ਪੰਛੀਆਂ ਨੇ ਵੀ ਤੇਰੇ ਮੰਦਰ ਵਿੱਚ ਘਰ ਬਣਾ ਲਿਆ ਹੈ। ਉਹ ਤੁਹਾਡੀ ਜਗਵੇਦੀ ਨੇੜੇ ਆਪਣੇ ਆਲ੍ਹਣੇ ਬਣਾਉਂਦੇ ਹਨ ਅਤੇ ਉਥੇ ਹੀ ਉਹ ਆਪਣੇ ਬੱਚੇ ਪੈਦਾ ਕਰਦੇ ਹਨ।
4 ਤੁਹਾਡੇ ਮੰਦਰ ਵਿੱਚ ਰਹਿਣ ਵਾਲੇ ਲੋਕ ਬਹੁਤ ਸੁਭਾਗੇ ਹਨ। ਉਹ ਹਾਲੇ ਵੀ ਤੁਹਾਡੀ ਉਸਤਤਿ ਕਰ ਰਹੇ ਹਨ।
5 ਦਿਲਾਂ ਅੰਦਰ ਗੀਤ ਲੈਕੇ ਆਉਣ ਵਾਲੇ ਲੋਕ ਤੁਹਾਡੇ ਮੰਦਰ ਵਿੱਚ ਬਹੁਤ ਖੁਸ਼ ਹਨ।
6 ਉਹ ਬਾਕਾ ਵਾਦੀ ਵਿੱਚੋਂ ਦੀ ਸਫ਼ਰ ਕਰਦੇ ਹਨ ਜਿਹੜੀ ਪਰਮੇਸ਼ੁਰ ਨੇ ਚਸ਼ਮੇ ਵਾਂਗ ਬਣਾਈ ਹੈ। ਪਤਝੜ ਦੀ ਵਰਖਾ ਪਾਣੀ ਦੇ ਤਲਾ ਬਣਾਉਂਦੀ ਹੈ।
7 ਉਹ ਲੋਕੀਂ ਸੀਯੋਨ ਵੱਲ ਜਾਂਦੇ ਆਪਣੇ ਰਾਹ ਉੱਤੇ ਸ਼ਹਿਰੋਂ-ਸ਼ਹਿਰ ਸਫ਼ਰ ਕਰਦੇ ਹਨ ਜਿਥੇ ਉਹ ਆਪਣੇ ਪਰਮੇਸ਼ੁਰ ਨੂੰ ਮਿਲਣਗੇ।
8 ਯਹੋਵਾਹ ਸਰਬ ਸ਼ਕਤੀਮਾਨ ਮੇਰੀ ਅਰਦਾਸ ਸੁਣੋ। ਯਾਕੂਬ ਦੇ ਪਰਮੇਸ਼ੁਰ, ਮੇਰੀ ਗੱਲ ਸੁਣੋ।
9 ਹੇ ਪਰਮੇਸ਼ੁਰ ਸਾਡੇ ਰਖਿਅਕ ਦੀ ਰੱਖਿਆ ਕਰੋ। ਆਪਣੇ ਚੁਣੇ ਹੋਏ ਰਾਜੇ ਉੱਤੇ ਮਿਹਰ ਕਰੋ।
10 ਤੁਹਾਡੇ ਮੰਦਰ ਵਿਚਲਾ ਇੱਕ ਵੀ ਦਿਨ ਕਿਸੇ ਹੋਰ ਥਾਂ ਦੇ ਹਜ਼ਾਰਾਂ ਦਿਨਾ ਨਾਲੋਂ ਬਿਹਤਰ ਹੈ। ਮੇਰੇ ਪਰਮੇਸ਼ੁਰ ਦੇ ਘਰ ਦੇ ਦਰਾਂ ਉੱਤੇ ਖੜੇ ਹੋਣਾ ਦੁਸ਼ਟ ਵਿਅਕਤੀ ਦੇ ਘਰੇ ਰਹਿਣ ਨਾਲੋਂ ਬਿਹਤਰ ਹੈ।
11 ਯਹੋਵਾਹ ਹੀ ਸਾਡਾ ਰਖਿਅਕ ਅਤੇ ਗੌਰਵਮਈ ਰਾਜਾ ਹੈ। ਪਰਮੇਸ਼ੁਰ ਸਾਨੂੰ ਮਿਹਰ ਅਤੇ ਮਹਿਮਾ ਨਾਲ ਅਸੀਸ ਦਿੰਦਾ ਹੈ। ਯਹੋਵਾਹ ਉਨ੍ਹਾਂ ਲੋਕਾਂ ਨੂੰ ਹਰ ਚੰਗੀ ਸ਼ੈਅ ਦਿੰਦਾ ਹੈ ਜਿਹੜੇ ਉਸਦੇ ਪਿਛੇ ਤੁਰਦੇ ਹਨ ਅਤੇ ਉਸਦਾ ਆਖਾ ਮੰਨਦੇ ਹਨ।
12 ਯਹੋਵਾਹ ਸਰਬ ਸ਼ਕਤੀਮਾਨ ਜਿਹੜੇ ਲੋਕ ਤੁਹਾਡੇ ਉੱਤੇ ਵਿਸ਼ਵਾਸ ਕਰਦੇ ਹਨ ਉਹ ਸੱਚ ਮੁੱਚ ਪ੍ਰਸੰਨ ਹਨ।