ਕਾਂਡ 132

1 ਯਹੋਵਾਹ, ਯਾਦ ਕਰੋ ਕਿ ਦਾਊਦ ਨੇ ਕਿਵੇਂ ਦੁੱਖ ਭੋਗਿਆ ਸੀ।
2 ਦਾਊਦ ਨੇ ਯਹੋਵਾਹ ਨਾਲ ਇਕਰਾਰ ਕੀਤਾ ਸੀ। ਦਾਊਦ ਨੇ ਯਾਕੂਬ ਦੇ ਪਰਮੇਸ਼ੁਰ ਨਾਲ ਖਾਸ ਇਕਰਾਰ ਕੀਤਾ ਸੀ।
3 ਦਾਊਦ ਨੇ ਆਖਿਆ, "ਮੈਂ ਆਪਣੇ ਘਰ ਅੰਦਰ ਨਹੀਂ ਜਾਵਾਂਗਾ, ਮੈਂ ਆਪਣੇ ਬਿਸਤਰ ਉੱਤੇ ਨਹੀਂ ਲੇਟਾਗਾ।
4 ਮੈਂ ਸੌਵਾਂਗਾ ਨਹੀਂ ਮੈਂ ਆਪਣੀਆਂ ਅੱਖਾਂ ਨੂੰ ਅਰਾਮ ਨਹੀਂ ਦੇਵਾਂਗਾ।
5 ਮੈਂ ਉਨ੍ਹਾਂ ਵਿੱਚੋਂ ਕੋਈ ਵੀ ਗੱਲ ਨਹੀਂ ਕਰਾਂਗਾ ਜਦੋਂ ਤੀਕ ਮੈਂ ਯਹੋਵਾਹ ਲਈ ਘਰ ਨਹੀਂ ਲਭਦਾ। ਯਾਕੂਬ ਦੇ ਪਰਮੇਸ਼ੁਰ ਲਈ ਇੱਕ ਸ਼ਕਤੀਸ਼ਾਲੀ ਘਰ!"
6 ਅਸੀਂ ਇਸ ਬਾਰੇ ਅਫ਼ਰਾਥਾਹ ਵਿੱਚ ਸੁਣਿਆ। ਅਸੀਂ ਕਰਾਰ ਦੇ ਪਵਿੱਤਰ ਸੰਦੂਕ ਨੂੰ ਕੀਰਿਥ-ਯਾਅਰ ਦੇ ਪਹਾੜੀ ਖੇਤਾਂ ਵਿੱਚ ਲਭ ਲਿਆ।
7 ਆਓ ਅਸੀਂ ਪਵਿੱਤਰ ਤੰਬੂ ਅੰਦਰ ਚੱਲੀਏ। ਅਸੀਂ ਉਸ ਚੌਂਕੀ ਕੋਲ ਉਪਾਸਨਾ ਕਰੀਏ ਜਿਥੇ ਪਰਮੇਸ਼ੁਰ ਆਪਣੇ ਕਦਮ ਰਖਦਾ ਹੈ।
8 ਯਹੋਵਾਹ, ਆਪਣੇ ਆਸਣ ਤੋਂ ਉਠੋ! ਯਹੋਵਾਹ, ਤੁਸੀਂ ਅਤੇ ਤੁਹਾਡਾ ਸ਼ਕਤੀਸ਼ਾਲੀ ਬਕਸਾ ਉਠੋ।
9 ਹੇ ਪਰਮੇਸ਼ੁਰ, ਤੁਹਾਡੇ ਜਾਜਕ ਚੰਗਿਆਈ ਨਾਲ ਸੱਜੇ ਹੋਏ ਹੋਣ। ਤੁਹਾਡੇ ਵਫ਼ਾਦਾਰ ਚੇਲੇ ਬਹੁਤ ਪ੍ਰਸੰਨ ਹਨ।
10 ਆਪਣੇ ਸੇਵਕ ਦਾਊਦ ਦੇ ਭਲੇ ਲਈ, ਆਪਣੇ ਚੁਣੇ ਹੋਏ ਰਾਜੇ ਨੂੰ ਰਦ੍ਦ ਨਾ ਕਰੋ।
11 ਯਹੋਵਾਹ ਨੇ ਦਾਊਦ ਨਾਲ ਇਕਰਾਰ ਕੀਤਾ। ਯਹੋਵਾਹ ਨੇ ਦਾਊਦ ਨਾਲ ਵਫ਼ਾਦਾਰ ਹੋਣ ਦਾ ਇਕਰਾਰ ਕੀਤਾ। ਯਹੋਵਾਹ ਨੇ ਇਕਰਾਰ ਕੀਤਾ ਕਿ ਦਾਊਦ ਦੇ ਪਰਿਵਾਰ ਵਿੱਚੋਂ ਰਾਜੇ ਹੋਣਗੇ।
12 ਯਹੋਵਾਹ ਨੇ ਆਖਿਆ, "ਦਾਊਦ, ਜੇ ਤੇਰੇ ਬੱਚੇ ਮੇਰੇ ਕਰਾਰ ਨੂੰ ਅਤੇ ਉਨ੍ਹਾਂ ਨੇਮਾ ਨੂੰ ਮੰਨਣਗੇ ਜਿਨ੍ਹਾਂ ਦੀ ਮੈਂ ਸਿਖਿਆ ਦਿੰਦਾ ਹਾਂ। ਫ਼ੇਰ ਤੇਰੇ ਪਰਿਵਾਰ ਵਿੱਚੋਂ ਹੀ ਸਦਾ ਕੋਈ ਨਾ ਕੋਈ ਰਾਜਾ ਹੋਵੇਗਾ।"
13 ਯਹੋਵਾਹ ਨੇ ਸੀਯੋਨ ਨੂੰ ਆਪਣੇ ਮੰਦਰ ਸਥਾਨ ਵਜੋਂ ਚੁਣਿਆ। ਇਹ ਉਹੀ ਥਾਂ ਹੈ ਜਿਹੜੀ ਉਹ ਆਪਣੇ ਘਰ ਵਾਸਤੇ ਚਾਹੁੰਦਾ ਸੀ।
14 ਯਹੋਵਾਹ ਨੇ ਆਖਿਆ, "ਸਦਾ-ਸਦਾ ਲਈ ਮੇਰਾ ਇਹੀ ਸਥਾਨ ਹੋਵੇਗਾ ਮੈਂ ਇਸ ਥਾਂ ਨੂੰ ਚੁਣਦਾ ਹਾਂ ਜਿਥੇ ਮੈਂ ਹੋਵਾਂਗਾ।
15 ਮੈਂ ਇਸ ਸ਼ਹਿਰ ਨੂੰ ਚੋਖੇ ਭੋਜਨ ਦੀ ਅਸੀਸ ਦੇਵਾਂਗਾ। ਤਾਂ ਜੋ ਗਰੀਬ ਲੋਕਾਂ ਕੋਲ ਖਾਣ ਲਈ, ਚੋਖਾ ਹੋਵੇਗਾ।
16 ਮੈਂ ਜਾਜਕਾ ਨੂੰ ਮੁਕਤੀ ਦੇ ਵਸਤਰ ਪਹਿਨਾਵਾਂਗਾ। ਅਤੇ ਮੇਰੇ ਅਨੁਯਾਈ ਉਥੇ ਬਹੁਤ ਖੁਸ਼ ਹੋਣਗੇ।
17 ਇਸ ਥਾਂ ਅੰਦਰ, ਮੈਂ ਦਾਊਦ ਨੂੰ ਬਲਵਾਨ ਬਣਾਵਾਂਗਾ। ਮੈਂ ਆਪਣੇ ਚੁਣੇ ਹੋਏ ਰਾਜੇ ਨੂੰ ਇੱਕ ਦੀਪਕ ਪ੍ਰਦਾਨ ਕਰਾਂਗਾ।
18 ਮੈਂ ਦਾਊਦ ਦੇ ਦੁਸ਼ਮਣਾਂ ਨੂੰ ਸ਼ਰਮ ਨਾਲ ਢਕ ਦਿਆਂਗਾ। ਪਰ ਮੈਂ ਦਾਊਦ ਦੇ ਪਰਿਵਾਰ ਨੂੰ ਵਧਾ ਦੇਵਾਂਗਾ।