ਕਾਂਡ 44

1 ਹੇ ਪਰਮੇਸ਼ੁਰ। ਅਸੀਂ ਤੁਹਾਡੇ ਬਾਰੇ ਸੁਣਿਆ ਹੈ। ਸਾਡੇ ਪੁਰਖਿਆਂ ਨੇ ਜੋ ਵੀ ਤੁਸੀਂ ਉਨ੍ਹਾਂ ਦੇ ਜੀਵਨ ਕਾਲ ਵਿੱਚ ਕੀਤਾ ਸਾਨੂੰ ਦੱਸਿਆ। ਉਨ੍ਹ੍ਹਾਂ ਨੇ ਉਸ ਬਾਰੇ ਵੀ ਦੱਸਿਆ ਜੋ ਤੁਸੀਂ ਬਹੁਤ ਪਹਿਲਾਂ ਕੀਤਾ ਸੀ।
2 ਹੇ ਪਰਮੇਸ਼ੁਰ, ਇਹ ਧਰਤੀ ਤੁਸਾਂ ਹੋਰਾਂ ਪਾਸੋਂ ਆਪਣੀ ਮਹਾਨ ਸ਼ਕਤੀ ਰਾਹੀਂ ਜਿੱਤ ਲਈ ਸੀ। ਅਤੇ ਇਹ ਅਸਾਂ ਨੂੰ ਸੌਂਪ ਦਿੱਤੀ ਸੀ। ਤੁਸਾਂ ਉਨ੍ਹਾਂ ਵਿਦੇਸ਼ੀਆਂ ਨੂੰ ਕੁਚਲ ਦਿੱਤਾ ਸੀ। ਤੁਸੀਂ ਉਨ੍ਹਾਂ ਨੂੰ ਇਸ ਧਰਤੀ ਵਿੱਚੋਂ ਬਾਹਰ ਕਢ ਦਿੱਤਾ।
3 ਇਹ ਸਾਡੇ ਪੁਰਖਿਆਂ ਦੀਆਂ ਤਲਵਾਰਾਂ ਨਹੀਂ ਸਨ ਜਿਨ੍ਹਾਂ ਨੇ ਇਹ ਜ਼ਮੀਨ ਦਿੱਤੀ ਸੀ। ਇਹ ਉਨ੍ਹਾਂ ਦਾ ਬਾਹੂਬਲ ਨਹੀਂ ਸੀ ਜਿਸਨੇ ਉਨ੍ਹਾਂ ਨੂੰ ਜੇਤੂ ਬਣਾਇਆ। ਇਹ ਇਸ ਲਈ ਸੀ ਕਿਉਂਕਿ ਤੁਸੀਂ ਸਾਡੇ ਪੁਰਖਿਆਂ ਦੀ ਰਖਵਾਲੀ ਕਰ ਰਹੇ ਸੀ। ਹੇ ਪਰਮੇਸ਼ੁਰ, ਤੁਹਾਡੀ ਮਹਾਂ ਸ਼ਕਤੀ ਨੇ ਸਾਡੇ ਪੁਰਖਿਆਂ ਨੂੰ ਬਚਾਇਆ। ਕਿਉਂ? ਕਿਉਂਕਿ ਤੁਸਾਂ ਉਨ੍ਹਾਂ ਨੂੰ ਪਸੰਦ ਕੀਤਾ।
4 ਮੇਰੇ ਪਰਮੇਸ਼ੁਰ, ਤੁਸੀਂ ਮੇਰੇ ਪਾਤਸ਼ਾਹ ਹੋ। ਆਦੇਸ਼ ਦਿਉ ਅਤੇ ਯਾਕੂਬ ਦੇ ਲੋਕਾਂ ਦੀ ਜਿੱਤ ਵੱਲ ਅਗਵਾਈ ਕਰੋ।
5 ਹੇ ਪਰਮੇਸ਼ੁਰ ਤੁਹਾਡੀ ਮਦਦ ਨਾਲ, ਅਸੀਂ ਆਪਣੇ ਦੁਸ਼ਮਣਾਂ ਨੂੰ ਪਿਛਾਂਹ ਧੱਕ ਦੇਵਾਂਗੇ। ਤੁਹਾਡਾ ਨਾਮ ਲੈਕੇ ਅਸੀਂ ਆਪਣੇ ਦੁਸ਼ਮਣਾਂ ਨੂੰ ਕਚੁਲ ਦਿਆਂਗੇ।
6 ਮੈਨੂੰ ਆਪਣੇ ਤੀਰਾਂ ਅਤੇ ਕਮਾਣ ਉੱਤੇ ਇਤਬਾਰ ਨਹੀਂ ਮੇਰੀ ਤਲਵਾਰ ਮੈਨੂੰ ਨਹੀਂ ਬਚਾ ਸਕਦੀ।
7 ਹੇ ਪਰਮੇਸ਼ੁਰ ਤੁਸਾਂ ਸਾਨੂੰ ਮਿਸਰ ਕੋਲੋਂ ਬਚਾਇਆ ਤੁਸੀਂ ਸਾਡੇ ਦੁਸ਼ਮਣਾਂ ਨੂੰ ਸ਼ਰਮਸਾਰ ਕਰ ਦਿੱਤਾ ਸੀ।
8 ਅਸੀਂ ਪਰਮੇਸ਼ੁਰ ਦੀ ਦਿਨ ਭਰ ਉਸਤਤਿ ਕੀਤੀ ਹੈ। ਅਤੇ ਅਸੀਂ ਤੁਹਾਡੇ ਨਾਮ ਦੀ ਸਦਾ-ਸਦਾ ਉਸਤਤਿ ਕਰਾਂਗੇ।
9 ਪਰ, ਹੇ ਪਰਮੇਸ਼ੁਰ, ਤੁਸਾਂ ਸਾਨੂੰ ਛੱਡ ਦਿੱਤਾ ਅਤੇ ਸਾਨੂੰ ਸ਼ਰਮਸਾਰ ਕਰ ਦਿੱਤਾ। ਤੁਸੀਂ ਸਾਡੇ ਸੰਗ ਮੈਦਾਨੇ ਜੰਗ ਵਿੱਚ ਨਹੀਂ ਆਏ।
10 ਤੁਸਾਂ ਸਾਡੇ ਦੁਸ਼ਮਣਾਂ ਨੂੰ ਸਾਨੂੰ ਪਿਛਾਂਹ ਧੱਕਣ ਦਿੱਤਾ। ਸਾਡੇ ਦੁਸ਼ਮਣਾਂ ਨੇ ਸਾਡੀ ਦੌਲਤ ਲੈ ਲਈ।
11 ਤੁਸੀਂ ਸਾਨੂੰ ਭੇਡਾਂ ਵਾਂਗ ਰੋਟੀ ਦੀ ਤਰ੍ਹਾਂ ਦੇ ਦਿੱਤਾ। ਤੁਸੀਂ ਸਾਨੂੰ ਕੌਮਾਂ ਵਿੱਚ ਖਿਲ੍ਲਰਨ ਲਈ ਮਜਬੂਰ ਕੀਤਾ।
12 ਹੇ ਪਰਮੇਸ਼ੁਰ, ਤੁਸੀਂ ਆਪਣੇ ਲੋਕਾਂ ਨੂੰ ਬਿਨਾ ਮੁੱਲ ਤੋਂ ਵੇਚ ਦਿੱਤਾ ਸੀ।
13 ਸਾਡੇ ਗੁਆਂਢੀ ਦੇਸ਼ਾਂ ਲਈ ਤੁਸਾਂ ਸਾਨੂੰ ਇੱਕ ਮਜ਼ਾਕ ਬਣਾ ਦਿੱਤਾ। ਉਹ ਸਾਡੇ ਉੱਪਰ ਹੱਸਦੇ ਹਨ ਅਤੇ ਸਾਡਾ ਮਜ਼ਾ ਉਡਾਉਂਦੇ ਹਨ।
14 ਅਸੀਂ ਲੋਕਾਂ ਵੱਲੋਂ ਸੁਣਾਏ ਜਾਂਦੇ ਕਿਸੇ ਚੁਟਕਲੇ ਵਰਗੇ ਹਾਂ। ਬਿਨ ਕੌਮਾਂ ਦੇ ਲੋਕ ਵੀ ਸਾਡੇ ਉੱਤੇ ਹੱਸਦੇ ਹਨ ਅਤੇ ਸਿਰ ਹਿਲਾਉਂਦੇ ਹਨ।
15 ਮੈਂ ਸ਼ਰਮ ਵਿੱਚ ਡੁਬਿਆ ਹ੍ਹਾਂ। ਮੈਂ ਸਾਰਾ ਦਿਨ ਆਪਣੀ ਸ਼ਰਮਿਂਦਗੀ ਨੂੰ ਤੱਕਦਾ ਹਾਂ।
16 ਮੈਂ ਸ਼ਰਮ ਨਾਲ ਮੂੰਹ ਛੁਪਾਉਂਦਾ ਹਾਂ, ਉਨ੍ਹਾਂ ਮਖੌਲਾਂ ਅਤੇ ਚੋਭਾਂ ਤੋਂ ਜੋ ਮੇਰੇ ਦੁਸ਼ਮਣਾਂ ਵੱਲੋਂ ਮੇਰੇ ਉੱਤੇ ਲਾਈਆਂ ਜਾਂਦੀਆਂ ਹਨ। ਜੋ ਮੇਰੇ ਨਾਲ ਹਿਸਾਬ ਬਰਾਬਰ ਕਰਨਾ ਚਾਹੁੰਦੇ ਹਨ।
17 ਹੇ ਪਰਮੇਸ਼ੁਰ ਅਸੀਂ ਤੁਹਾਨੂੰ ਨਹੀਂ ਭੁੱਲੇ ਹਾਂ ਫ਼ੇਰ ਵੀ ਤੁਸੀਂ ਇਹ ਗੱਲਾਂ ਸਾਡੇ ਨਾਲ ਕਰਦੇ ਹੋ। ਅਸੀਂ ਉਦੋਂ ਝੂਠੇ ਨਹੀਂ ਸਾਂ ਜਦੋਂ ਅਸੀਂ ਉਸ ਇਕਰਾਰਨਾਮੇ ਉੱਤੇ ਹਸਤਾਖਰ ਕੀਤੇ ਸਨ ਜੋ ਅਸੀਂ ਤੁਹਾਡੇ ਨਾਲ ਕੀਤਾ ਸੀ।
18 ਹੇ ਪਰਮੇਸ਼ੁਰ, ਅਸੀਂ ਤੁਹਾਨੂੰ ਪਿਠ ਨਹੀਂ ਦਿੱਤੀ ਹੈ ਅਸੀਂ ਤੁਹਾਡੀ ਅਗਵਾਈ ਨੂੰ ਨਹੀਂ ਛੱਡਿਆ ਹੈ।
19 ਪਰ ਹੇ ਪਰਮੇਸ਼ੁਰ, ਤੁਸੀਂ ਸਾਨੂੰ ਇਸ ਥਾਵੇਂ ਕੁਚਲ ਦਿੱਤਾ ਹੈ ਜਿਥੇ ਗਿੱਦੜ ਰਹਿੰਦੇ ਹਨ। ਤੁਸੀਂ ਸਨੂੰ ਉਸ ਥਾਵੇਂ ਛੱਡ ਦਿੱਤਾ ਹੈ ਜੋ ਮੌਤ ਵਰਗੀ ਹਨੇਰੀ ਹੈ।
20 ਕੀ ਅਸੀਂ ਸਾਡੇ ਪਰਮੇਸ਼ੁਰ ਦਾ ਨਾਮ ਭੁੱਲ ਗਏ ਸੀ। ਕੀ ਅਸਾਂ ਵਿਦੇਸ਼ੀ ਦੇਵਤਿਆਂ ਨੂੰ ਪ੍ਰਾਰਥਨਾ ਕੀਤੀ? ਨਹੀਂ?
21 ਅਵਸ਼ ਹੀ, ਪਰਮੇਸ਼ੁਰ ਇਨ੍ਹਾਂ ਗੱਲਾਂ ਨੂੰ ਜਾਣਦਾ ਹੈ। ਉਹ ਸਾਡੇ ਡੂੰਘੇ ਭੇਤਾਂ ਨੂੰ ਵੀ ਜਾਣਦਾ ਹੈ।
22 ਹੇ ਪਰਮੇਸ਼ੁਰ, ਹਰ ਰੋਜ਼ ਅਸੀਂ ਤੁਹਾਡੇ ਲਈ ਮਰਦੇ ਹਾਂ। ਅਸੀਂ ਉਨ੍ਹਾਂ ਭੇਡਾਂ ਵਰਗੇ ਸਾਂ ਜਿਨ੍ਹਾਂ ਨੂੰ ਮਾਰਨ ਵਾਸਤੇ ਲਿਜਾਇਆ ਜਾਣ ਵਾਲਾ ਹੁੰਦਾ ਹੈ।
23 ਉਠੋ, ਮੇਰੇ ਮਾਲਿਕ। ਤੁਸੀਂ ਕਿਉਂ ਸੌਂ ਰਹੇ ਹੋ? ਉਠ ਪਵੋ। ਸਾਨੂੰ ਸਦਾ ਲਈ ਛੱਡਕੇ ਨਾ ਜਾਵੋ।
24 ਹੇ ਪਰਮੇਸ਼ੁਰ, ਤੁਸੀਂ ਸਾਡੇ ਕੋਲੋਂ ਕਿਉਂ ਲੁਕ ਗਏ ਹੋਂ? ਕੀ ਤੁਸੀਂ ਸਾਡੇ ਦੁੱਖਾਂ ਅਤੇ ਮੁਸੀਬਤਾਂ ਨੂੰ ਭੁੱਲ ਗਏ ਹੋ?
25 ਸਾਨੂੰ ਖਾਕ ਅੰਦਰ ਧੱਕ ਦਿੱਤਾ ਹੈ। ਅਸੀਂ ਮੂਧੇ ਊਁਹ ਖਾਕ ਵਿੱਚ ਪਏ ਹਾਂ।
26 ਹੇ ਪਰਮੇਸ਼ੁਰ ਉਠੋ ਅਤੇ ਸਾਡੀ ਸਹਾਇਤਾ ਕਰੋ। ਸਾਨੂੰ ਆਪਣੇ ਸੱਚੇ ਪਿਆਰ ਸਦਕਾ ਬਚਾ ਲਵੋ।