ਕਾਂਡ 1
1 ਯਹੂਦਾਹ ਵੱਲੋਂ, ਜੋ ਮਸੀਹ ਯਿਸੂ ਦਾ ਸੇਵਕ ਹੈ ਅਤੇ ਯਾਕੂਬ ਦਾ ਭਰਾ ਹੈ, ਉਨ੍ਹਾਂ ਸਮੂਹ ਲੋਕਾਂ ਨੂੰ ਸ਼ੁਭਕਾਮਨਾਵਾਂ ਜਿਨ੍ਹਾਂ ਨੂੰ ਪਰਮੇਸ਼ੁਰ ਦੁਆਰਾ ਸਦਿਆ ਗਿਆ ਹੈ।ਪਰਮੇਸ਼ੁਰ ਪਿਤਾ ਤੁਹਾਨੂੰ ਪਿਆਰ ਕਰਦਾ ਹੈ ਅਤੇ ਤੁਹਾਨੂੰ ਯਿਸੂ ਮਸੀਹ ਦੇ ਵਿੱਚ ਸੁਰਖਿਅਤ ਰੱਖਿਆ ਗਿਆ ਹੈ।
2 ਮਿਹਰ, ਸ਼ਾਂਤੀ ਅਤੇ ਪਿਆਰ ਵਧ ਤੋਂ ਵਧ ਤੁਹਾਡਾ ਹੋਵੇ।
3 ਪਿਆਰੇ ਮਿੱਤਰੋ, ਮੈਂ ਤੁਹਾਨੂੰ ਉਸ ਮੁਕਤੀ ਬਾਰੇ ਲਿਖਣ ਲਈ ਬਹੁਤ ਉਤਸੁਕ ਹਾਂ ਜਿਹੜੀ ਅਸੀਂ ਸਾਰੇ ਇਕਠੇ ਸਾਂਝੀ ਕਰਦੇ ਹਾਂ। ਪਰ ਮੈਂ ਇਸਨੂੰ ਜਰੂਰੀ ਸਮਝਿਆ ਕਿ ਤੁਹਾਨੂੰ ਕਿਸੇ ਹੋਰ ਚੀਜ਼ ਬਾਰੇ ਲਿਖਾਂ; ਮੈਂ ਤੁਹਾਨੂੰ ਉਸ ਨਿਹਚਾ ਲਈ, ਜਿਹੜੀ ਉਸਨੇ ਆਪਣੇ ਪਵਿੱਤਰ ਲੋਕਾਂ ਨੂੰ ਦਿੱਤੀ ਹੈ, ਸਖਤ ਸੰਘਰਸ਼ ਕਰਨ ਲਈ ਉਤਸਾਹਿਤ ਕਰਨਾ ਚਾਹੁੰਦਾ ਹਾਂ। ਪਰਮੇਸ਼ੁਰ ਨੇ ਇਹ ਨਿਹਚਾ ਇਕੋ ਵਾਰੀ ਪ੍ਰਦਾਨ ਕੀਤੀ ਹੈ ਅਤੇ ਇਹ ਸਦਾ ਲਈ ਦਿੱਤੀ ਗਈ ਹੈ।
4 ਕੁਝ ਲੋਕ ਚੋਰੀ ਛਿਪੇ ਤੁਹਾਡੀ ਸੰਗਤ ਵਿੱਚ ਆ ਵੜੇ ਹਨ। ਇਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਆਪਣੇ ਮੰਦੇ ਕਾਰਿਆਂ ਲਈ ਦੋਸ਼ੀ ਕਰਾਰ ਦਿੱਤਾ ਗਿਆ ਹੈ। ਬਹੁਤ ਸਮਾਂ ਪਹਿਲਾਂ, ਉਨ੍ਹਾਂ ਬਾਰੇ ਪੋਥੀਆਂ ਵਿੱਚ ਇਹ ਲਿਖਿਆ ਗਿਆ ਹੈ। ਇਹ ਲੋਕ ਪਰਮੇਸ਼ੁਰ ਦੇ ਖਿਲਾਫ਼ ਹਨ। ਉਨ੍ਹਾਂ ਨੇ ਸਾਡੇ ਪਰਮੇਸ਼ੁਰ ਦੀ ਕਿਰਪਾ ਦੀ ਭਰਿਸ਼ਟ ਕਰਨੀਆਂ ਕਰਨ ਲਈ ਕੁਵਰਤੋਂ ਕੀਤੀ ਹੈ। ਇਹ ਲੋਕ ਯਿਸੂ ਮਸੀਹ, ਸਾਡੇ ਇੱਕੋ ਮਾਲਕ ਅਤੇ ਪ੍ਰਭੂ ਨੂੰ ਕਬੂਲਣ ਤੋਂ ਇਨਕਾਰ ਕਰਦੇ ਹਨ।
5 ਮੈਂ ਉਨਾਂ ਗੱਲਾਂ ਨੂੰ ਚੇਤੇ ਕਰਨ ਵਿੱਚ ਤੁਹਾਡੀ ਸਹਾਇਤਾ ਕਰਨੀ ਚਾਹੁੰਦਾ ਹਾਂ ਜਿਨ੍ਹਾਂ ਨੂੰ ਤੁਸੀਂ ਪਹਿਲਾਂ ਹੀ ਜਾਣਦੇ ਹੋ; ਯਾਦ ਕਰੋ ਕਿ ਪ੍ਰਭੂ ਨੇ ਆਪਣੇ ਲੋਕਾਂ ਨੂੰ ਮਿਸਰ ਦੀ ਧਰਤੀ ਤੋਂ ਬਚਾਇਆ ਅਤੇ ਬਾਹਰ ਲਿਆਂਦਾ। ਪਰ ਬਾਅਦ ਵਿੱਚ ਪ੍ਰਭੂ ਨੇ ਉਨ੍ਹਾਂ ਸਮੂਹ ਲੋਕਾਂ ਨੂੰ ਤਬਾਹ ਕਰ ਦਿੱਤਾ ਜਿਨ੍ਹਾਂ ਨੂੰ ਨਿਹਚਾ ਨਹੀਂ ਸੀ।
6 ਇਹ ਵੀ ਚੇਤੇ ਰਖੋ ਕਿ, ਦੂਤਾਂ ਕੋਲ ਸ਼ਕਤੀ ਤਾਂ ਸੀ ਪਰ ਉਨ੍ਹਾਂ ਨੇ ਰਖੀ ਨਹੀਂ। ਉਨ੍ਹਾਂ ਨੇ ਆਪਣੇ ਘਰ ਛੱਡ ਦਿੱਤੇ ਅਤੇ ਇਸ ਲਈ ਪ੍ਰਭੂ ਨੇ ਉਨ੍ਹਾਂ ਨੂੰ ਹਨੇਰੇ ਵਿੱਚ ਰੱਖਿਆ। ਉਨ੍ਹਾਂ ਨੂੰ ਸਦੀਵੀ ਜੰਜ਼ੀਰਾਂ ਵਿੱਚ ਰੱਖਿਆ ਹੋਇਆ ਸੀ। ਉਸਨੇ ਉਨ੍ਹਾਂ ਨੂੰ ਉਥੇ ਮਹਾਨ ਦਿਨ ਉੱਤੇ ਉਨ੍ਹਾਂ ਦਾ ਨਿਰਣਾ ਕਰਨ ਲਈ ਰੱਖਿਆ ਹੋਇਆ ਹੈ।
7 ਸਦੂਮ ਅਤੇ ਅਮੋਰਾਹ ਦੇ ਸ਼ਹਿਰ ਨੂੰ ਵੀ ਚੇਤੇ ਕਰੋ ਅਤੇ ਉਨ੍ਹਾਂ ਦੇ ਆਲੇ ਦੁਆਲੇ ਦੇ ਬਾਕੀ ਸ਼ਹਿਰਾਂ ਨੂੰ ਵੀ। ਉਹ ਵੀ ਉਨ੍ਹਾਂ ਦੂਤਾਂ ਵਾਂਗ ਹੀ ਹਨ। ਉਹ ਸ਼ਹਿਰ ਜਿਨਸੀ ਗੁਨਾਹ ਅਤੇ ਹੋਰ ਮੰਦੇ ਕੰਮਾਂ ਨਾਲ ਭਰੇ ਹੋਏ ਸਨ। ਉਹ ਸਦੀਵੀ ਅੱਗ ਦੀ ਸਜ਼ਾ ਭੁਗਤ ਰਹੇ ਹਨ। ਉਨ੍ਹਾਂ ਦੀ ਸਜ਼ਾ ਸਾਡੇ ਲਈ ਇੱਕ ਮਿਸਾਲ ਹੈ।
8 ਜਿਹੜੇ ਤੁਹਾਡੀ ਸੰਗਤ ਵਿੱਚ ਆਏ ਹਨ ਇਨ੍ਹਾਂ ਬਾਰੇ ਵੀ ਇਵੇਂ ਹੀ ਹੈ। ਉਹ ਸੁਪਨਿਆਂ ਦੇ ਪਿਛੇ ਲੱਗੇ ਹੋਏ ਹਨ। ਉਹ ਆਪਣੇ ਆਪ ਨੂੰ ਪਾਪ ਰਾਹੀਂ ਪਲੀਤ ਕਰਦੇ ਹਨ। ਉਹ ਪਰਮੇਸ਼ੁਰ ਦੇ ਅਧਿਕਾਰ ਨੂੰ ਰੱਦ ਕਰਦੇ ਹਨ। ਅਤੇ ਸੁਰਗੀ ਦੂਤਾਂ ਬਾਰੇ ਮੰਦਾ ਬੋਲਦੇ ਹਨ।
9 ਪਰ ਮਹਾਂ ਦੂਤ ਮੀਕਾਏਲ ਨੇ ਵੀ ਇਸ ਤਰ੍ਹਾਂ ਦਾ ਵਿਹਾਰ ਨਹੀਂ ਕੀਤਾ। ਮਹਾਂ ਦੂਤ ਮੀਕਾਏਲ ਨੇ ਸ਼ੈਤਾਨ ਨਾਲ ਵਿਵਾਦ ਕੀਤਾ ਕਿ ਮੂਸਾ ਦੇ ਸ਼ਰੀਰ ਨੂੰ ਕੌਣ ਆਪਣੇ ਕੋਲ ਰਖੇਗਾ। ਪਰ ਮੀਕਾਏਲ ਨੇ ਸ਼ੈਤਾਨ ਦੇ ਖਿਲਾਫ਼ ਬਦਨਾਮੀ ਦੇ ਇਲਜ਼ਾਮ ਲਾਉਣ ਦਾ ਹੌਂਸਲਾ ਨਹੀਂ ਕੀਤਾ। ਪਰ ਮੀਕਾਏਲ ਨੇ ਆਖਿਆ, “ਪ੍ਰਭੂ ਤੈਨੂੰ ਸਜ਼ਾ ਦੇਵੇਗਾ।”
10 ਪਰ ਇਹ ਲੋਕ ਉਨ੍ਹਾਂ ਚੀਜ਼ਾਂ ਦੀ ਅਲੋਚਨਾ ਕਰਦੇ ਹਨ ਜਿਨ੍ਹਾਂ ਨੂੰ ਇਹ ਸਮਝਦੇ ਨਹੀਂ ਹਨ। ਉਹ ਸੋਚ ਕੇ ਗੱਲਾਂ ਨੂੰ ਨਹੀਂ ਸਮਝਦੇ, ਸਗੋਂ ਕੁਦਰਤੀ ਪ੍ਰਵਿਤੀ ਦੁਆਰਾ ਪਸ਼ੂਆਂ ਵਾਂਗ ਜੋ ਸੋਚ ਨਹੀਂ ਸਕਦੇ। ਇਹੀ ਗੱਲਾਂ ਹਨ ਜਿਹੜੀਆਂ ਉਨ੍ਹਾਂ ਨੂੰ ਤਬਾਹ ਕਰ ਦਿੰਦੀਆਂ ਹਨ।
11 ਇਹ ਇਨ੍ਹਾਂ ਲਈ ਬੁਰਾ ਹੋਵੇਗਾ। ਇਨ੍ਹਾਂ ਲੋਕਾਂ ਨੇ ਉਹੀ ਰਾਹ ਚੁਣਿਆ ਹੈ ਜਿਸ ਉੱਤੇ ਕਇਨ ਚਲਿਆ ਸੀ। ਪੈਸਾ ਕਮਾਉਣ ਲਈ ਉਨ੍ਹਾਂ ਨੇ ਆਪਣੇ ਆਪ ਨੂੰ ਉਸੇ ਰਾਹ ਪਾ ਲਿਆ ਹੈ ਜਿਸ ਰਾਹ ਬਿਲਆਮ ਪਿਆ ਸੀ। ਇਹ ਲੋਕ ਪਰਮੇਸ਼ੁਰ ਦੇ ਖਿਲਾਫ਼ ਕੋਰਾਹ ਵਾਂਗ ਲੜੇ ਹਨ ਅਤੇ ਕੋਰਾਹ ਵਾਂਗ ਤਬਾਹ ਹੋ ਜਾਣਗੇ।
12 ਇਹ ਲੋਕ ਤੁਹਾਡੇ ਖਾਸ ਉਤਸਵਾਂ ਵਿੱਚ ਭੱਦੇ ਦਾਗਾਂ ਵਰਗੇ ਹਨ। ਉਹ ਬੇਸ਼ਰਮ ਹੋਕੇ ਤੁਹਾਡੇ ਨਾਲ ਭੋਜਨ ਖਾਂਦੇ ਹਨ। ਉਹ ਸਿਰਫ਼ ਆਪਣਾ ਹੀ ਖਿਆਲ ਰਖਦੇ ਹਨ। ਉਹ ਬਿਨ ਵਰਖਾ ਵਾਲੇ ਬੱਦਲਾਂ ਵਾਂਗ ਅਤੇ ਹਵਾ ਦੁਆਰਾ ਉਡਾਏ ਜਾਣ ਵਰਗੇ ਹਨ। ਉਹ ਫ਼ਲ ਤੋਂ ਸਖਣੇ ਬਿਰਖ ਹਨ ਅਤੇ ਸਮਾਂ ਪੈਣ ਤੇ ਉਨ੍ਹਾਂ ਨੂੰ ਧਰਤੀ ਤੋਂ ਪੁੱਟ ਦਿੱਤਾ ਜਾਂਦਾ ਹੈ। ਇਸ ਲਈ ਉਹ ਦੁਹਰੀ ਮੌਤ ਮਰਦੇ ਹਨ।
13 ਉਹ ਸਮੁੰਦਰ ਦੀਆਂ ਤੁਫ਼ਾਨੀ ਲਹਿਰਾਂ ਵਾਂਗ ਹਨ। ਜਿਹੜੀਆਂ ਝੱਗ ਬਣਾਉਂਦੀਆਂ ਹਨ। ਉਹ ਲੋਕ ਉਸੇ ਤਰ੍ਹਾਂ ਸ਼ਰਮਸਾਰੀ ਵਾਲੀਆਂ ਗੱਲਾਂ ਕਰਦੇ ਹਨ ਜਿਵੇਂ ਲਹਿਰਾਂ ਝੱਗ ਬਣਾਉਂਦੀਆਂ ਹਨ। ਇਹ ਲੋਕ ਉਨ੍ਹਾਂ ਤਾਰਿਆਂ ਵਰਗੇ ਹਨ ਜਿਹੜੇ ਅਕਾਸ਼ ਵਿੱਚ ਘੁੰਮਦੇ ਹਨ। ਘੋਰ ਅੰਧਕਾਰ ਵਿੱਚ ਇਨ੍ਹਾਂ ਲੋਕਾਂ ਲਈ ਇੱਕ ਜਗ਼੍ਹਾ ਰਖੀ ਗਈ ਹੈ।
14 ਆਦਮੀ ਦੀ ਸੱਤਵੀਂ ਔਲਾਦ ਹਨੋਕ ਨੇ, ਉਨ੍ਹਾਂ ਬਾਰੇ ਆਖਿਆ, “ਦੇਖੋ, ਪ੍ਰਭੂ ਆਪਣੇ ਹਜ਼ਾਰਾਂ ਅਤੇ ਹਜ਼ਾਰਾਂ ਪਵਿੱਤਰ ਦੂਤਾਂ ਨਾਲ ਆ ਰਿਹਾ ਹੈ।
15 ਪ੍ਰਭੂ ਹਰ ਵਿਅਕਤੀ ਦਾ ਨਿਰਣਾ ਕਰੇਗਾ। ਪ੍ਰਭੂ ਉਨ੍ਹਾਂ ਸਾਰੇ ਲੋਕਾਂ ਦਾ, ਉਸਦੇ ਖਿਲਾਫ਼ ਕੀਤੀਆਂ ਉਨ੍ਹਾਂ ਸਾਰੀਆਂ ਦੁਸ਼ਟ ਗੱਲਾਂ ਲਈ, ਨਿਰਣਾ ਕਰਨ ਅਤੇ ਉਨ੍ਹਾਂ ਨੂੰ ਸਜ਼ਾ ਦੇਣ ਆ ਰਿਹਾ ਹੈ। ਉਹ ਇਨ੍ਹਾਂ ਪਾਪੀਆਂ ਨੂੰ ਜੋ ਉਸਦੇ ਖਿਲਾਫ਼ ਹਨ ਅਤੇ ਉਨ੍ਹਾਂ ਸਾਰੀਆਂ ਗੱਲਾਂ ਲਈ ਜੋ ਉਨ੍ਹਾਂ ਨੇ ਉਸਦੇ ਖਿਲਾਫ਼ ਕੀਤੀਆਂ ਅਤੇ ਉਨ੍ਹਾਂ ਸਾਰੀਆਂ ਗੱਲਾਂ ਲਈ ਜੋ ਉਨ੍ਹਾਂ ਉਸਦੇ ਖਿਲਾਫ਼ ਆਖੀਆਂ, ਸਜ਼ਾ ਦੇਵੇਗਾ।”
16 ਇਹ ਲੋਕ ਹਮੇਸ਼ਾ ਹੋਰਨਾਂ ਲੋਕਾਂ ਬਾਰੇ ਸ਼ਿਕਾਇਤ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਦੇ ਨੁਕਸ ਕਢਦੇ ਰਹਿੰਦੇ ਹਨ। ਉਹ ਹਮੇਸ਼ਾ ਉਹੀ ਬੁਰੀਆਂ ਗੱਲਾਂ ਕਰਦੇ ਹਨ ਜੋ ਉਹ ਚਾਹੁੰਦੇ ਹਨ। ਉਹ ਆਪਣੇ-ਆਪ ਬਾਰੇ ਸ਼ੇਖੀ ਮਾਰਦੇ ਹਨ। ਉਨ੍ਹਾਂ ਦਾ ਲੋਕਾਂ ਦੀ ਤਾਰੀਫ਼ ਕਰਨ ਦਾ ਕੇਵਲ ਇੱਕ ਕਾਰਣ ਹੁੰਦਾ ਹੈ, ਆਪਣੀ ਮਨ ਇਛਿੱਤ ਵਸਤੂ ਨੂੰ ਪ੍ਰਾਪਤ ਕਰਨਾ।
17 ਪਿਆਰੇ ਮਿੱਤਰੋ ਜੋ ਕੁਝ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਸੂਲਾਂ ਨੇ ਪਹਿਲਾਂ ਆਖਿਆ ਹੈ ਉਸ ਨੂੰ ਚੇਤੇ ਰਖੋ।
18 ਉਨ੍ਹਾਂ ਨੇ ਤੁਹਾਨੂੰ ਕਿਹਾ, “ਆਖਰੀ ਸਮਿਆਂ ਵਿੱਚ, ਕੁਝ ਲੋਕ ਅਜਿਹੇ ਹੋਣਗੇ ਜਿਹੜੇ ਪਰਮੇਸ਼ੁਰ ਦਾ ਮਜ਼ਾਕ ਉਡਾਉਣਗੇ।” ਇਹ ਲੋਕ ਮਨ ਆਈਆਂ ਕਰਦੇ ਹਨ ਉਹ ਗੱਲਾਂ ਕਰਦੇ ਹਨ ਜੋ ਪਰਮੇਸ਼ੁਰ ਦੇ ਖਿਲਾਫ਼ ਹਨ।
19 ਇਹੀ ਲੋਕ ਹਨ ਜਿਹੜੇ ਤੁਹਾਡੇ ਵਿੱਚ ਫ਼ੁੱਟ ਪਾਉਂਦੇ ਹਨ। ਇਹ ਲੋਕ ਆਪਣੇ ਪਾਪੀ ਆਪੇ ਦੀ ਇੱਛਾ ਅਨੁਸਾਰ ਹੀ ਕਰਦੇ ਹਨ। ਉਨ੍ਹਾਂ ਕੋਲ ਆਤਮਾ ਨਹੀਂ ਹੈ।
20 ਪਰ ਪਿਆਰੇ ਮਿੱਤਰੋ, ਤੁਸੀਂ ਉਸ ਅੱਤ ਪਵਿੱਤਰ ਨਿਹਚਾ ਦੀ ਵਰਤੋਂ ਕਰੋ ਜੋ ਤੁਸੀਂ ਆਪਣੇ ਆਪ ਨੂੰ ਤਾਕਤਵਰ ਬਨਾਉਣ ਲਈ ਪ੍ਰਾਪਤ ਕੀਤੀ ਹੈ। ਪਵਿੱਤਰ ਆਤਮਾ ਨਾਲ ਪ੍ਰਾਰਥਨਾ ਕਰੋ।
21 ਆਪਣੇ ਆਪ ਨੂੰ ਪਰਮੇਸ਼ੁਰ ਦੇ ਪਿਆਰ ਵਿੱਚ ਸਥਿਰ ਰਖੋ। ਪ੍ਰਭੂ ਯਿਸੂ ਮਸੀਹ ਦਾ ਇੰਤਜ਼ਾਰ ਕਰੋ ਜੋ ਤੁਹਾਨੂੰ ਆਪਣੀ ਮਿਹਰ ਵਿਖਾਵੇਗਾ ਅਤੇ ਤੁਹਾਨੂੰ ਸਦੀਵੀ ਜੀਵਨ ਦੇਵੇਗਾ।
22 ਉਨ੍ਹਾਂ ਲੋਕਾਂ ਦੀ ਸਹਾਇਤਾ ਕਰੋ ਜਿਹੜੇ ਅਨਿਸ਼ਚਤਤਾ ਵਿੱਚ ਘਿਰੇ ਹੋਏ ਹਨ।
23 ਤੁਹਾਨੂੰ ਕੁਝ ਲੋਕਾਂ ਨੂੰ ਬਚਾਉਣ ਦੀ ਲੋੜ ਹੈ। ਤੁਸੀਂ ਇਨ੍ਹਾਂ ਨੂੰ ਅੱਗ ਵਿੱਚੋਂ ਬਾਹਰ ਕਢ ਰਹੇ ਹੋਵੋਂਗੇ। ਪਰ ਤੁਹਾਨੂੰ ਉਦੋਂ ਸਾਵਧਾਨ ਰਹਿਣ ਦੀ ਲੋੜ ਹੈ ਜਦੋਂ ਤੁਸੀਂ ਹੋਰਨਾਂ ਲੋਕਾਂ ਦੀ ਸਹਾਇਤਾ ਕਰਦੇ ਹੋਵੋਂਗੇ। ਉਨ੍ਹਾਂ ਦੇ ਕੱਪੜਿਆਂ ਨੂੰ ਵੀ ਨਫ਼ਰਤ ਕਰੋ ਜੋ ਕਿ ਉਨ੍ਹਾਂ ਦੀਆਂ ਭ੍ਰਸ਼ਟ ਕਰਨੀਆਂ ਦੁਆਰਾ ਗੰਦੇ ਹਨ।
24 ਪਰਮੇਸ਼ੁਰ ਸ਼ਕਤੀਸ਼ਾਲੀ ਹੈ ਅਤੇ ਉਹ ਡਿੱਗਣ ਤੋਂ ਤੁਹਾਡੀ ਰੱਖਿਆ ਕਰ ਸਕਦਾ ਹੈ। ਉਹ ਤੁਹਾਨੂੰ ਬਿਨਾ ਕਿਸੇ ਬੁਰਾਈ ਦੇ ਆਪਣੀ ਮਹਿਮਾ ਦੇ ਸਨਮੁਖ ਲਿਆ ਸਕਦਾ ਹੈ ਅਤੇ ਤੁਹਾਨੂੰ ਵੱਡੀ ਖੁਸ਼ੀ ਪ੍ਰਦਾਨ ਕਰੇਗਾ।
25 ਕੇਵਲ ਉਹ ਹੀ ਪਰਮੇਸ਼ੁਰ ਹੈ। ਉਹੀ ਹੈ ਜਿਹੜਾ ਸਾਨੂੰ ਬਚਾਉਂਦਾ ਹੈ। ਸਾਡੇ ਪ੍ਰਭੂ ਯਿਸੂ ਮਸੀਹ ਰਾਹੀਂ ਭੂਤਕਾਲ, ਵਰਤਮਾਨ ਅਤੇ ਸਦੀਵੀ ਮਹਿਮਾ, ਮਹਾਨਤਾ, ਸ਼ਕਤੀ ਅਤੇ ਅਧਿਕਾਰ ਉਸੇ ਦਾ ਹੋਵੇ। ਆਮੀਨ।